ੲਿੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਪੁੱਛਿਆ ਕੇ ਮੇਰੀ ਧੀ ਅੱਜ ਕੱਲ ਗੁਰੂਦੁਆਰੇ ਕਿਓਂ ਨੀ ਜਾਂਦੀ?
ਆਖਣ ਲੱਗੀ ਕੇ ਦਾਦਾ ਜੀ..ਜੀ ਜਿਹਾ ਨਹੀਂ ਕਰਦਾ..ਓਥੇ ਅੱਜਕੱਲ ਗੁਰੂ ਦੇ ਸਿਧਾਂਤ ਦੀ ਗੱਲ ਘੱਟ ਤੇ ਪਾਲੀਟਿਕਸ ਜਿਆਦਾ ਡਿਸਕਸ ਹੁੰਦੀ ਏ…ਘਰੇਲੂ ਝਗੜੇ ਚੁਗਲੀਆਂ ਲੜਾਈਆਂ ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਸ਼ ਹੋਈ ਜਾਂਦਾ..
ਏਦਾਂ ਲੱਗਦਾ ਏ ਜਿਦਾਂ ਗੁਰੂ ਘਰ ਬੱਸ ਏਹੀ ਸਭ ਕੁਝ ਲਈ ਹੀ ਰਹਿ ਗਿਆ ਹੋਏ..ਤੁਸੀਂ ਹੀ ਦੱਸੋ ਏਦਾਂ ਕਿਓਂ ਹੁੰਦਾ ਹੈ?
ਗਹਿਰ ਗੰਭੀਰ ਅਵਸਥਾ ਵਿਚ ਚਲੇ ਗਏ ਬਜ਼ੁਰਗ ਅਗਲੇ ਦਿਨ ਆਪਣੀ ਪੋਤਰੀ ਨੂੰ ਇਹ ਕਹਿ ਕੇ ਗੁਰੂਦੁਵਾਰੇ ਲੈ ਗਏ ਕੇ ਚੱਲ ਬੀਬਾ ਅੱਜ ਤੇਰੇ ਸੁਆਲਾਂ ਦਾ ਜੁਆਬ ਲੱਭਦੇ ਹਾਂ..ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ !*
ਬਜ਼ੁਰਗ ਨੇ ਉਸਨੂੰ ਪਾਣੀ ਨਾਲ ਨੱਕੋ ਨੱਕ ਭਰਿਆ ਗਲਾਸ ਫੜਾ ਦਿੱਤਾ ਤੇ ਆਖਿਆ ਕੇ ਪੁੱਤ ਇਹ ਫੜ ਤੇ ਦੀਵਾਨ ਹਾਲ ਵਿਚ ਬੈਠੀ ਸੰਗਤ ਦੁਆਲੇ ਦੋ ਚੱਕਰ ਕੱਟ ਕੇ ਆ…ਪਰ ਇੱਕ ਚੀਜ ਦਾ ਖਿਆਲ ਰੱਖੀਂ ਕੇ ਜੇ ਇੱਕ ਵੀ ਤੁਬਕਾ ਭਰੇ ਹੋਏ ਗਲਾਸ ਵਿਚੋਂ ਥੱਲੇ ਡੁੱਲਿਆ ਤਾਂ ਮੈਥੋਂ ਤੇਰੇ ਸੁਆਲਾਂ ਦਾ ਜੁਆਬ ਨੀ ਦਿੱਤਾ ਜਾਣਾ….
“ਠੀਕ ਹੈ ਦਾਦਾ ਜੀ” ਆਖ ਕੁੜੀ ਨੇ ਬੜੇ ਹੀ ਧਿਆਨ ਨਾਲ ਗਿਲਾਸ ਫੜ ਤੁਰਨਾ ਸ਼ੁਰੂ ਕਰ ਦਿੱਤਾ…
ਕੁਝ ਚਿਰ ਮਗਰੋਂ ਚੱਕਰ ਪੂਰੇ ਕਰ ਖੂਸ਼ੀ ਖੂਸ਼ੀ ਕੋਲ ਆ ਕੇ ਦੱਸਣ ਲੱਗੀ ਕੇ ਦੇਖ ਲਵੋ ਇੱਕ ਵੀ ਤਰੁਬਕਾ ਡੁੱਲਣ ਨੀ ਦਿੱਤਾ..ਹੁਣ ਦਿਓ ਮੇਰੇ ਸੁਆਲਾਂ ਦਾ ਜੁਆਬ..
ਬਜ਼ੁਰਗ ਆਖਣ ਲੱਗੇ ਕੇ ਬੇਟਾ ਜਦੋਂ ਗਲਾਸ ਫੜ ਕੇ ਤੁਰੀ ਜਾ ਰਹੀ ਸੈਂ ਤਾਂ ਤੈਨੂੰ ਬੈਠੀ ਸੰਗਤ ਵਿਚੋਂ ਕੋਈ ਇਨਸਾਨ ਪਾਲੀਟਿਕਸ…ਚੁਗਲੀਆਂ ਜਾਂ ਫੇਰ ਹੋਰ ਕੋਈ ਗੱਲ ਕਰਦਾ ਸੁਣਾਈ ਦਿੱਤਾ?
ਕਹਿੰਦੀ ਨਹੀਂ ਦਾਦਾ ਜੀ ਬਿਲਕੁਲ ਵੀ ਨਹੀਂ…ਕਿਓੰਕੇ ਤੁਰੀ ਜਾਂਦੀ ਦਾ ਮੇਰਾ ਸਾਰਾ ਹੀ ਧਿਆਨ ਤਾਂ ਗਿਲਾਸ ਵਿਚਲੇ ਪਾਣੀ ਵੱਲ ਹੀ ਸੀ ਕੇ ਕਿਤੇ ਕੋਈ ਪਾਣੀ ਦਾ ਤੁਬਕਾ ਥੱਲੇ ਹੀ ਨਾ ਡਿੱਗ ਜਾਵੇ …!
ਬਜ਼ੁਰਗ ਆਖਣ ਲੱਗੇ ਕੇ ਪੁੱਤ ਇਸੇ ਤਰਾਂ ਹੀ ਕੁਝ ਇਨਸਾਨਾਂ ਨੇ ਆਪਣੇ ਫਾਇਦਿਆਂ ਲਈ ਗੁਰੂਦੁਵਾਰੇ ਨੂੰ ਪਾਲਟਿਕਸ..ਬਿਜਨਸ…ਨਿੱਜੀ ਫਾਇਦਿਆਂ…ਚੁਗਲੀਆਂ ਤੇ ਆਪਸੀ ਵੈਰ ਵਿਰੋਧ ਦਾ ਅਖਾੜਾ ਬਣਾ ਧਰਿਆ ਏ..ਇਹ ਵਰਤਾਰਾ ਕੋਈ ਨਵਾਂ ਨਹੀਂ..ਸਗੋਂ ਸਦੀਆਂ ਤੋਂ ਇੰਝ ਹੀ ਹੁੰਦਾ ਆਇਆ ਏ ਤੇ ਸ਼ਾਇਦ ਅੱਗੇ ਵੀ ਹੁੰਦਾ ਹੀ ਰਹੇਗਾ..
ਪਰ ਮਨੁੱਖ ਨੂੰ ਸਾਰਾ ਧਿਆਨ ਓਹਨਾ ਚੀਜਾਂ ਵੱਲੋਂ ਹਟਾ ਕੇ ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਿੱਕਲਦੀ ਇਲਾਹੀ ਬਾਣੀ ਦੇ ਵਡਮੁੱਲੇ ਪ੍ਰਵਾਹ ਵੱਲ ਲਾਉਣਾ ਚਾਹੀਦਾ ਏ ਤੇ ਇਹ ਵੀ ਬੇਹੱਦ ਜਰੂਰੀ ਹੈ ਕੇ ਚੱਲਦੀ ਹੋਈ ਇਸ ਪਵਿੱਤਰ ਵਿਚਾਰਧਾਰਾ ਦਾ ਇੱਕ ਵੀ ਤਰੁਬਕਾ ਸਾਡੇ ਮਨ ਵਿਚ ਵੱਸਣੋਂ ਨਾ ਰਹਿ ਜਾਵੇ..
ਏਦਾਂ ਸੋਚ ਗੁਰੂ ਘਰ ਜਾਵੇਂਗੀ ਤਾਂ ਮੈਨੂੰ ਪੂਰਾ ਯਕੀਨ ਹੈ ਕੇ ਤੇਰਾ ਮਨ ਕਦੀ ਵੀ ਗੁਰੂਦੁਵਾਰੇ ਤੋਂ ਬੇਮੁਖ ਨਹੀਂ ਹੋਵੇਗਾ..!
ਸ਼ਾਇਦ ਬਜ਼ੁਰਗਾਂ ਵੱਲੋਂ ਦਿੱਤੇ ਗਏ ਇਸ ਕੀਮਤੀ ਤਰਕ ਦੀ ਅੱਜ ਸਮੁੱਚੀ ਇਨਸਾਨੀਅਤ ਨੂੰ ਸ਼ਿੱਦਤ ਨਾਲ ਅਪਨਾਉਣ ਦੀ ਲੋੜ ਹੈ