Sikhi Quotes
ਸਲੋਕ
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥
ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।
ਅੰਗ: 709 | 30-09-2021
ਧਨਾਸਰੀ ਮਹਲਾ ੪
ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? (ਉੱਤਰ—) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਰਹਾਉ।
ਅੰਗ: 668 | 29-09-2021
ਸੋਰਠਿ ਮਹਲਾ ੫
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥
ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ।
ਅੰਗ: 624 | 28-09-2021