ਅਗਰ ਕੋਈ ਪੱਥਰ ਜਾਂ ਕੰਡੇ ਇਕੱਠੇ ਕਰ ਕੇ ਗੁਰੂ ਜਾਂ ਮੰਦਰ ਵਿਚ ਮੂਰਤੀ ਅੱਗੇ ਭੇਟ ਕਰੇ ਤਾਂ ਉਸ ਨੂੰ ਬੇਅਦਬ ਤੇ ਪਾਗ਼ਲ ਸਮਝਿਆ ਜਾਵੇਗਾ। ਪਰ ਜੇ ਓਹੋ ਤਰਕ ਖੜੀ ਕਰ ਦੇਵੇ ਕਿ ਫੁੱਲ ਭੇਟ ਹੋ ਸਕਦੇ ਹਨ,ਕੰਕਰ ਤੇ ਪੱਥਰ ਕਿਉਂ ਭੇਟ ਨਹੀਂ ਹੋ ਸਕਦੇ?
ਤਾਂ ਸਮਝਾਣਾ ਪਵੇਗਾ ਕਿ ਫੁੱਲ ਕੋਮਲ ਹੈ, ਸੁਗੰਧਿਤ ਹੈ, ਸੁੰਦਰ ਹੈ।ਪੱਥਰ ਕਰੂਪ ਹੈ, ਠੋਸ ਹੈ ਤੇ ਨਿਰਗੰਧ ਹੈ। ਸੋ ਜੇਕਰ ਪੱਥਰਾਂ ਵਾਸਤੇ ਗੁਰੂ ਦੇ ਚਰਨਾਂ ਵਿਚ ਕੋਈ ਥਾਂ ਨਹੀਂ ਤਾਂ ਪੱਥਰ ਵਾਸਤੇ ਦਿਲਾਂ ਵਿੱਚ ਵੀ ਕੋੲੀ ਜਗ੍ਹਾ ਨਹੀਂ। ਫੁੱਲਾਂ ਨੂੰ ਅਸੀਂ ਭੇਟ ਕਰਨ ਲਈ ਧਰਮ ਮੰਦਰਾਂ ਵਿਚ ਲੈ ਜਾਂਦੇ ਹਾਂ। ਪਰ ਜੇਕਰ ਕਿਸੇ ਦੀ ਜ਼ਿੰਦਗੀ ਹੀ ਫੁੱਲਾਂ ਵਰਗੀ ਹੋ ਗਈ ਹੈ ਤਾਂ ਗੁਰੂ ਆਪ ਆ ਕੇ ਦੁਆਰ ਤੇ ਦਸਤਕ ਦੇਦਾ ਹੈ।
ਇਕ ਬਹੁਤ ਪਿਆਰੀ ਕਥਾ ਹੈ—
ਅੰਮ੍ਰਿਤ ਵੇਲੇ ਤ੍ਰੇਤੇ ਯੁਗ ਦੇ ਅਵਤਾਰੀ ਪੁਰਸ਼ ਘਣੇ ਜੰਗਲ ਵਿਚੋਂ ਲੰਘੇ ਜਾ ਰਹੇ ਸਨ ਪਰ ਜਿਸ ਪਗਡੰਡੀ ਤੇ ਉਹ ਚਲ ਰਹੇ ਸਨ, ਉਸ ਤੇ ਫੁੱਲ ਵਿਛੇ ਹੋਏ ਸਨ।
ਲਛਮਣ ਕਹਿਣ ਲੱਗਾ,
“ਭਗਵਾਨ! ਜਿਸ ਨਗਰੀ ਅਸੀ ਜਾ ਰਹੇ ਹਾਂ, ਇਹ ਲੋਕ ਤਾਂ ਬਹੁਤ ਹੀ ਚੰਗੇ ਹਨ–ਵੇਖੋ ਸਾਡੇ ਰਸਤੇ ਵਿਚ ਫੁੱਲ ਵਿਛਾਏ ਹਨ।”
ਤਾਂ ਸ੍ਰੀ ਰਾਮ ਕਹਿਣ ਲੱਗੇ,
“ਨਹੀਂ ਲਛਮਣ! ਇਸ ਨਗਰੀ ਦੇ ਵਾਸੀਆਂ ਨੇ ਫੁੱਲ ਨਹੀਂ ਵਿਛਾਏ, ਉਨ੍ਹਾਂ ਦਾ ਵਸ ਚਲਦਾ ਤਾਂ ਕੰਡੇ ਹੀ ਵਿਛਾਂਦੇ, ਇਹ ਤਾਂ ਕਿਸੇ ਉਸ ਪ੍ਰੇਮ-ਭਿੱਜੀ ਆਤਮਾ ਨੇ ਵਿਛਾਏ ਹਨ, ਜਿਸ ਦਾ ਜੀਵਨ ਫੁੱਲਾਂ ਦਾ ਬਗ਼ੀਚਾ ਬਣ ਚੁੱਕਿਅਾ ਹੈ।”
“ਉਹ ਕੌਣ ਹੈ ਭਗਵਾਨ?”
“ਲਛਮਣ,ਅਸੀਂ ਉਥੇ ਹੀ ਚਲੇ ਹਾਂ।”
ਵਾਕਈ ਰਾਮ ਉਥੇ ਹੀ ਜਾ ਸਕਦੇ ਹਨ, ਜੋ ਮਨੁੱਖਾਂ ਦੇ ਰਸਤੇ ਦਾ ਫੁੱਲ ਬਣੇ। ਜੋ ਮਨੁੱਖ ਦੇ ਰਸਤੇ ਦਾ ਕੰਡਾ ਬਣੇ, ਉਥੋਂ ਤਾਂ ਸ਼ੈਤਾਣ ਵੀ ਡਰਦਾ ਹੈ।
ਰਸਤੇ ਨੂੰ ਫੁੱਲਾਂ ਨਾਲ ਸਜਾਵਣ ਵਾਲੀ ਇਹ ਭੀਲਣੀ ਸੀ, ਜੋ ਸਾਰੀ ਰਾਤ ਫੁੱਲ ਤੋੜ ਕੇ ਰਸਤੇ ਵਿਚ ਵਿਛਾਂਦੀ ਰਹੀ। ਇਸ ਗ਼ਰੀਬ ਅਛੂਤ ਨੇ ਝੁੱਗੀ ਸ਼ਹਿਰੋਂ ਬਾਹਰ ਬਣਾਈ ਹੋਈ ਸੀ। ਰਾਮ ਨੇ ਦੁਆਰ ਤੇ ਦਸਤਕ ਦਿੱਤੀ। ਦਸਤਕ ਸੁਣ, ਜਦ ਦੁਆਰ ਖੋਲੵਿਆ ਤਾਂ ਆਪਣੀ ਦ੍ਰਿਸ਼ਟੀ ਤੇ ਯਕੀਨ ਨਾ ਆਇਆ। ਫੇਰ ਸੰਭਲ ਕੇ ਸੋਚਣ ਲੱਗੀ ਜੇ ਦੁਆਰ ਤੇ ਰਾਮ ਹੀ ਆਏ ਹਨ ਤਾਂ ਕੀ ਭੇਟ ਕਰਾਂ? ਰਾਤ ਦੇ ਜੰਗਲ ਵਿਚੋਂ ਤੋੜੇ ਬੇਰ ਭੇਟ ਕਰਣ ਲੱਗੀ। ਫਿਰ ਖ਼ਿਆਲ ਆਇਆ ਕਿਧਰੇ ਖੱਟੇ ਨਾ ਹੋਣ ਤਾਂ ਇਕ ਚੱਖਿਆ, ਖੱਟਾ ਸੀ, ਆਪ ਖਾ ਗਈ। ਦੂਜਾ ਚੱਖਿਆ ਮਿੱਠਾ ਸੀ, ਰਾਮ ਨੂੰ ਭੇਟ ਕੀਤਾ। ਦਰਅਸਲ ਭਗਤ ਆਪਣੇ ਕੋਲ ਖਟਾਸ ਰੱਖ ਲੈਂਦਾ ਹੈ, ਮਿਠਾਸ ਦੂਜੇ ਨੂੰ ਭੇਟ ਕਰਦਾ ਹੈ। ਦੁਖ ਆਪਣੀ ਝੋਲੀ ਵਿਚ ਪਾ ਲੈਂਦਾ ਹੈ, ਸੁਖ ਜਗਤ ਦੀ ਝੋਲੀ ਭੇਟ ਕਰ ਦੇਂਦਾ ਹੈ।
ਜੇਕਰ ਮਨੁੱਖ ਕਿਸੇ ਦੇ ਰਸਤੇ ਵਿਚ ਫੁੱਲ ਨਾ ਵਿਛਾ ਸਕੇ ਤਾਂ ਕਮ-ਸੇ-ਕਮ ਕੰਡੇ ਤਾਂ ਬਿਲਕੁਲ ਨਹੀਂ ਵਿਛਾਣੇ ਚਾਹੀਦੇ। ਬਲਕਿ ਵਿਛੇ ਹੋਏ ਕੰਡਿਆਂ ਨੂੰ ਚੁਣਨ ਦੀ ਕੋਸ਼ਿਸ਼ ਕਰੇ :
‘ਮਾਨਾ ਕਿ ਇਸ ਜ਼ਮੀਂ ਕੋ ਨ ਗੁਲਜ਼ਾਰ ਕਰ ਸਕੇ,
ਕੁਛ ਖ਼ਾਰ ਕਮ ਹੀ ਕਰ ਗਏ ਗੁਜ਼ਰੇ ਜਿਧਰ ਸੇ ਹਮ।’
ਗਿਅਾਨੀ ਸੰਤ ਸਿੰਘ ਜੀ ਮਸਕੀਨ