ਸੇਠ ਦੌਲਤ ਰਾਮ ਭੰਡਾਰੀ ਨੂੰ ਮੁੰਡੇ ਦੀ ਲੋੜ ਸੀ, ਜੋ ਵੱਡਾ ਹੋਕੇ ਉਸ ਦੇ ਕਰੋੜਾਂ ਦੇ ਕਾਰੋਬਾਰ ਦਾ ਵਾਰਸ ਬਣ ਸਕੇ। ਉਸ ਦੇ ਦੋ ਕੁੜੀਆਂ ਪਹਿਲਾਂ ਹੀ ਹੋ ਚੁੱਕੀਆਂ ਸਨ ਅਤੇ ਦੋ ਵਾਰੀ ਟੈਸਟ ਕਰਵਾ ਕੇ ਸਫਾਈ ਕੀਤੀ ਜਾ ਚੁੱਕੀ ਸੀ। ਪਤਨੀ ਨੇ ਤੀਜੀ ਵਾਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਭਰੂਣ-ਹੱਤਿਆ ਦਾ ਹੋਰ ਭਾਰ ਆਪਣੇ ਸਿਰ ਨਹੀਂ ਲੈਣਾ ਚਾਹੁੰਦੀ ਸੀ। ਸੌਹਰਿਆਂ, ਪੇਕਿਆਂ ਅਤੇ ਰਿਸਤੇਦਾਰਾਂ ਦੇ ਦਬਾ ਹੇਠ ਉਸਨੇ ਅਣਚਾਹੇ ਮਨ ਨਾਲ ਸਹਿਮਤੀ ਦੇ ਦਿੱਤੀ ਸੀ। ਇਸ ਵਾਰ ਟੈਸਟ ਦਾ ਰਿਜਲਟ ਪਤੀ ਦੀ ਆਸ਼ਾ ਦੇ ਅਨਕੂਲ ਸੀ।
ਨਵੇਂ ਬੱਚੇ ਲਈ ਘਰ ਵਿੱਚ ਸਭ ਤਿਆਰੀਆਂ ਹੋ ਚੁੱਕੀਆਂ ਸਨ। ਉਂਗਲਾਂ ਉੱਤੇ ਦਿਨ ਗਿਣੇ ਜਾ ਰਹੇ ਸਨ। ਜੱਚਾਂ ਨੂੰ ਇਕ ਹਫਤਾ ਪਹਿਲਾਂ ਹੀ ਸ਼ਹਿਰ ਦੇ ਚੰਗੇ ਨਰਸਿੰਗ ਹੋਮ ਵਿੱਚ ਦਾਖਲ ਕਰਵਾ ਦਿੱਤਾ ਸੀ। ਸਾਰਾ ਪਰਿਵਾਰ ਖੁਸ਼ ਸੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ।
ਅੱਧੀ ਰਾਤ ਪਿੱਛੋਂ ਪ੍ਰਸੂਤ-ਪੀੜਾਂ ਅਰੰਭ ਹੋ ਚੁੱਕੀਆਂ ਸਨ। ਭੰਡਾਰੀ ਸਾਹਿਬ । ਅਤੇ ਬਹੁਤ ਸਾਰੇ ਰਿਸਤੇਦਾਰ ਵਰਾਂਡੇ ਵਿੱਚ ਬੈਠੇ ਖੁਸ਼ਖਬਰੀ ਸੁਨਣ ਲਈ ਉਤਾਵਲੇ ਹੋ ਰਹੇ ਸਨ। ਜੱਚ ਦੀਆਂ ਚੀਕਾਂ ਕਾਫੀ ਸਮੇਂ ਤੋਂ ਬੰਦ ਸਨ। ਆਖਰ ਸਜਾਏ ਬਚੇ ਦੇ ਰੋਣ ਦੀ ਆਵਾਜ ਆਉਂਦਿਆਂ ਹੀ ਸਾਰੇ ਪਰਿਵਾਰ ਦੇ ਚਿਹਰਿਆਂ ਉੱਤੇ ਖੁਸ਼ੀ ਪਰਤ ਆਈ ਸੀ। ਕੁਝ ਦੇਰ ਬਾਅਦ ਲੇਡੀ ਡਾਕਟਰ ਬਾਹਰ ਆਈ। ਅਫਸੋਸ ਭੰਡਾਰੀ ਸਾਹਿਬ ਅਸੀਂ ਬੱਚੇ ਨਾਲ ਜੱਚਾ ਨੂੰ ਨਹੀਂ ਬਚਾ ਸਕੇ। ਮੂੰਹ ਲਟਕਾਈ ਉਹ ਅੱਗੇ ਲੰਘ ਗਈ।
ਭੰਡਾਰੀ ਸਾਹਿਬ ਹੰਝੂਆਂ ਵਿੱਚ ਹੱਸ ਰਹੇ ਸਨ।
Short Stories Short Stories
ਅਸੀਂ ਮੁਹੱਲੇ `ਚ ਆਉਂਦੇ ਹਰੇਕ ਦੋਧੀ ਤੋਂ ਦੁੱਧ ਲੈਕੇ ਦੇਖ ਪਰਖ ਲਿਆ ਹੈ ਪਰ ਕੋਈ ਵੀ ਦੁੱਧ ‘ਚ ਪਾਣੀ ਨਹੀਂ ਪਾਉਂਦਾ, ਬਲਕਿ ਸਾਰੇ ਦੇ ਸਾਰੇ ਪਾਣੀ ‘ਚ ਦੁੱਧ ਪਾਕੇ ਵੇਚਦੇ ਹਨ। ਬਹੁਤ ਦੁਖੀ ਹੋ ਗਏ ਹਾਂ, ਚੜਦੇ ਮਹੀਨੇ ਦੋਧੀ ਨੂੰ ਨੋਟ ਨਵੇਂ ਤੇ ਖ਼ਾਲਸ ਦਿੰਦੇ ਹਾਂ ਤੇ ਪਾਣੀ ਪੈਂਦੀ ਹੈ ਸਾਰਾ ਮਹੀਨਾ, ਕੱਚੀ ਲੱਸੀ।
ਕੁਝ ਦਿਨ ਹੋਏ ਦਫਤਰੋਂ ਆਉਂਦੇ ਨੂੰ ਹੀ ਮੇਰੀ ਪਤਨੀ ਨੇ ਜਿਵੇਂ ਖੁਸ਼ਖਬਰੀ ਸੁਣਾਈ, ਮੈਂ ਕਿਹਾ, ਜਮੇਰ ਦੀਆਂ ਬੈਠਕਾਂ ’ਚ ਡਾਕਟਰ ਕਿਰਾਏਦਾਰ ਆਇਐ।” ਚਲੋ ਚੰਗਾ ਹੋਇਆ ਵੇ ਲੇ ਕੁਵੇਲੇ ਦਾਰੂ ਦੱਪਾ ਹੋ ਜਿਆ ਕਰੂ।” ਮੈਂ ਗੱਲ ਨੂੰ ਅਨਗੌਲਿਆਂ ਜਿਹਾ ਕਰ ਦਿੱਤਾ। ਅੱਗੋਂ ਪਤਨੀ ਕਹਿਣ ਲੱਗੀ, “ਨਾ, ਜੀ ਨਾ। ਇਹ ਤਾਂ ਸੈਂਪਲ ਭਰਨ ਵਾਲਾ ਡਾਕਟਰ ਐ। ਮਾੜੇ ਦੁੱਧ ਵਾਲੇ ਦੋਧੀ ਤਾਂ ਹੁਣ ਇਸ ਮੁਹੱਲੇ ਨੂੰ ਮੂੰਹ ਵੀ ਨਹੀਂ ਕਰਨਗੇ। ਉਸ ਦੀਆਂ ਅੱਖਾਂ ‘ਚ ਖਾਲਸ ਦੁੱਧ ਪੀਣ ਤੇ ਵਰਤਣ ਦੀ ਸਿੱਕ ਉਮੜ ਆਈ ਸੀ।
ਅਗਲੀ ਸਵੇਰ ਦੁੱਧ ਲੈਣ ਵੇਲੇ, ਮੈਂ ਆਪਣੇ ਦੋਧੀ ਭਾਗੇ ਗੁੱਜਰ ਨੂੰ, ਰੋਅਬ ਜਿਹਾ ਮਾਰ ਦਿੱਤਾ, ‘‘ਭਾਗੇ ਡਾਕਟਰ ਆ ਗਿਐ ਹੁਣ ਇਸ ਮੁਹੱਲੇ ’ਚ ਪੁੱਤਰਾ! ਦੁੱਧ ਖਾਲਸ ਲਿਆਇਆ ਕਰ ਹੁਣ।” ਭਾਗੋ ਨੇ ਦੁੱਧ ਵਾਲੇ ਬੱਟੇ ਨੂੰ ਡਰੰਮੀ ਦੇ ਨਾਲ ਟੰਗ ਕੇ ਹੱਥ ਤੇ ਹੱਥ ਮਾਰ ਸ਼ਰਾਰਤ ਭਰੀਆਂ ਅੱਖਾਂ ਨਾਲ ਜੁਆਬ ਦਿੱਤਾ, ਉਸ ਕਾ ਤਾਂ, ਸਰਦਾਰ ਜੀ ਰਾਤ ਹੀ ਹੋ ਲਿਆ ਕੰਮ।ਪੁਰਾਣੀ ਪੰਜਾਹ ਲੇਵੇ ਥਾ ਮੀਨੇ ਕੇ ਯੋ ਸੱਤਰ ਮੇਂ ਹੋ ਗਿਆ ਸੈਂਟ।
ਦਹੇਜ
ਵਹੁਟੀ ਦੇ ਰੂਪ ਵਿੱਚ ਲਕਸ਼ਮੀ ਦੇ ਪੈਰ ਪੈਂਦਿਆਂ ਹੀ ਘਰ ਵਿੱਚ ਖੁਸ਼ੀਆਂ ਅਤੇ ਹਾਸੇ ਪਰਤ ਆਏ ਸਨ। ਸੌਹਰਿਆਂ ਦੇ ਨਾਲ ਰਿਸ਼ਤੇਦਾਰਾਂ ਅਤੇ ਗਵਾਂਢੀਆਂ ਨੇ ਵੀ ਬਹੂ ਦੇ ਖੁਲ੍ਹੇ ਅਤੇ ਕੀਮਤੀ ਦਹੇਜ ਦੀ ਸਲਾਘਾ ਕੀਤੀ ਸੀ।
ਸੌਹਰਿਆਂ ਅਤੇ ਮਾਪਿਆਂ ਨੇ ਸਭ ਕੁਝ ਇੰਨਾਂ ਜਲਦੀ ਕੀਤਾ ਕਿ ਉਹ ਬਹੁਤ ਕੁਝ ਕਰਨਾਂ ਚਾਹੁੰਦੀ ਵੀ ਆਪਣੇ ਪਿਆਰ ਲਈ ਕੁਝ ਨਹੀਂ ਕਰ ਸਕੀ ਸੀ। ਬਦਲੇ ਦੀ ਅੱਗ ਉਸ ਦੇ ਸੀਨੇ ਵਿੱਚ ਮੱਚ ਰਹੀ ਸੀ ਅਤੇ ਉਹ ਯੋਗ ਸਮੇਂ ਦੀ ਉਡੀਕ ਵਿੱਚ ਸੀ।
ਲਕਸ਼ਮੀ ਰਾਤ ਨੂੰ ਉੱਚੀ ਉੱਚੀ ਰੋਣ ਅਤੇ ਚੀਕਾਂ ਮਾਰਨ ਲੱਗ ਜਾਇਆ ਕਰਦੀ ਸੀ ਤਾਂ ਜੋ ਗਵਾਂਢੀਆਂ ਨੂੰ ਉਸ ਦੇ ਕੁੱਟੇ ਜਾਣ ਦਾ ਭੁਲੇਖਾ ਪੈ ਸਕੇ। ਦਿਨੇ ਉਹ ਦੁਹਾਈਆਂ ਪਾਉਣੀਆਂ ਅਰੰਭ ਕਰ ਦਿੰਦੀ ਸੀ ਜਿਵੇਂ ਧੱਕੇ ਦੇਕੇ ਕੋਈ ਉਸ ਨੂੰ ਘਰ ਤੋਂ ਬਾਹਰ ਕੱਢ ਰਿਹਾ ਹੋਵੇ।
ਸੌਹਰੇ ਪਰਵਾਰ ਦੇ ਤਾਂ ਹੱਥਾਂ ਦੇ ਤੋਤੇ ਹੀ ਉੱਡ ਗਏ ਜਦ ਇੱਕ ਦਿਨ ਮੂੰਹ ਹਨੇਰੇ ਬਹੂ ਘਰ ਤੋਂ ਅਲੋਪ ਹੋ ਗਈ। ਉਹ ਹਾਲੀ ਸੰਭਲੇ ਵੀ ਨਹੀਂ ਸਨ ਕਿ ਦਿਨ ਚੜ੍ਹਦੇ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਆ ਛਾਪਾ ਮਾਰਿਆ। ਪੁਲਿਸ ਨੇ ਸੌਹਰੇ ਸੱਸ, ਪਤੀ ਅਤੇ ਕੰਵਾਰੀ ਨਨਦ ਨੂੰ ਹਿਰਾਸਤ ਵਿੱਚ ਲੈ ਕੇ ਦੱਸਿਆ, “ਤੁਹਾਡੀ ਨੂੰਹ ਨੇ ਸ਼ਕਾਇਤ ਕੀਤੀ ਕਿ ਉਸ ਨੂੰ ਘੱਟ ਦਹੇਜ ਲਿਆਉਣ ਕਰਕੇ ਰੋਜ਼ ਕੁੱਟਿਆ ਜਾਂਦਾ ਸੀ ਅਤੇ ਅੱਜ ਬੁਰੀ ਤਰ੍ਹਾਂ ਕੁੱਟਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਡਾਕਟਰੀ ਰਿਪੋਰਟ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਪੁਲਿਸ ਦੀ ਜੀਪ ਦਹੇਜ ਦੇ ਦੋਸ਼ੀਆਂ ਨੂੰ ਨਾਲ ਲੈ ਕੇ ਥਾਨੇ ਵੱਲ ਚੱਲ ਪਈ।
ਸੁਖਜੀਤ ਸਿੰਘ ਅੱਜ ਰਾਤ ਫਿਰ ਲੇਟ ਹੋ ਗਿਆ ਸੀ। ਜਦ ਉਹ ਘਰ ਪੁੱਜਿਆ ਉਹ ਬੈਂਡ-ਰੂਮ ਵਿੱਚ ਸੁੱਤੀ ਪਈ ਸੀ। ਉਸ ਦਾ ਕਮਲਾਇਆ ਚਿਹਰਾ ਦਸ ਰਿਹਾ ਸੀ ਉਹ ਬਹੁਤ ਉਡੀਕ ਕੇ ਸੁੱਤੀ ਸੀ। ਉਸ ਦਾ ਭਲਾ ਮੂੰਹ ਅਤੇ ਗੋਰਾ ਤਨ ਬੜੇ ਪਿਆਰੇ ਲੱਗ ਰਹੇ ਸਨ। ਉਸ ਦੇ ਵਾਲਾਂ ਦੀ ਇੱਕ ਲਿੱਟ ਪੱਖੇ ਦੀ ਹਵਾ ਨਾਲ ਉਸ ਦੀਆਂ ਗੱਲਾਂ ਉੱਤੇ ਖੇਡ ਰਹੀ ਸੀ।
ਉਹ ਕੁਝ ਦੇਰ ਤੱਕ ਖੜਾ ਉਸ ਦੇ ਮੂੰਹ ਨੂੰ ਨਿਹਾਰਦਾ ਰਿਹਾ। ਉਹ ਚਾਹੁੰਦਾ ਸੀ ਉਸ ਨੂੰ ਉਠਾ ਕੇ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ ਅਤੇ ਰਜ ਕੇ ਪਿਆਰ ਕਰੇ। ਪਰ ਉਸ ਦੀ ਗੂੜੀ ਨੀਂਦ ਨੂੰ ਉਹ ਕਿਸੇ ਵੀ ਕੀਮਤ ਉੱਤੇ ਭੰਗ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਝੁਕਕੇ ਵਾਲਾਂ ਦੀ ਲੁੱਟ ਨੂੰ ਹੱਥ ਨਾਲ ਇੱਕ ਪਾਸੇ ਟੰਗ ਦਿੱਤਾ। ਸਖਤ ਹੱਥ ਦੇ ਸਪਰਸ਼ ਨੇ ਉਸ ਨੂੰ ਕੁਝ ਕੁ ਸੁਚੇਤ ਕੀਤਾ ਪਰ ਪਾਸਾ ਲੈ ਕੇ ਉਹ ਫਿਰ ਸੌਂ ਗਈ।
ਉਸ ਨੇ ਕਮਰੇ ਤੋਂ ਬਾਹਰ ਜਾਣ ਦਾ ਫੈਸਲਾ ਕਰ ਲਿਆ ਸੀ ਪਰ ਉਸ ਦਾ ਦਿਲ ਹਾਲੀ ਵੀ ਉਸ ਦੀ ਸੁੰਦਰਤਾ ਵਿੱਚ ਉਲਝਿਆ ਹੋਇਆ ਸੀ। ਉਸ ਨੇ ਉੱਠ ਰਹੀਆਂ ਭਾਵਨਾਵਾਂ ਨੂੰ ਕਾਬੂ ਕੀਤਾ ਅਤੇ ਕਮਰੇ ਵਿੱਚੋਂ ਬਾਹਰ ਜਾਣ ਲਈ ਪਰਤ ਪਿਆ। ਹਾਲੀ ਉਸ ਨੇ ਬੂਹਾ ਪਾਰ ਵੀ ਨਹੀਂ ਸੀ ਕੀਤਾ ਕਿ ਪਿੱਛੋਂ ਆਵਾਜ਼ ਆਈ, “ਪਾਪਾ ਜੀ
ਉਸ ਨੇ ਆਪਣੇ ਪਿਆਰ ਦੇ ਪਿਆਰ ਨੂੰ ਚੁੰਮ ਕੇ ਹਿੱਕ ਨਾਲ ਲਾ ਲਿਆ।
ਪਰਮਾਤਮਾ ਸਿੰਘ ਨੂੰ ਹੈਰਾਨੀ ਸੀ ਕਿ ਉਸ ਨੂੰ ਏਡਜ਼ ਦੀ ਬਿਮਾਰੀ ਕਿਵੇਂ ਹੋ ਗਈ ਏ। ਉਸ ਨੇ ਆਪਣੀ ਸਾਰੀ ਜ਼ਿੰਦਗੀ ਪਤਨੀ-ਵਰਤ ਮਨੁੱਖ ਵਜੋਂ ਗੁਜਾਰੀ, ਕਦੀ ਖੂਨ ਵੀ ਨਹੀਂ ਚੜਾਇਆ ਅਤੇ ਨਾ ਹੀ ਕਦੀ ਨਵੀਂ ਸੂਈ ਤੋਂ ਬਿਨਾਂ ਟੀਕਾ ਹੀ ਲਗਵਾਇਆ ਸੀ।ਇੱਕ ਹੋਰ ਵੱਡੀ ਅਣਹੋਣੀ ਇਹ ਵੀ ਸੀ ਕਿ ਉਸ ਦੀ ਪਤਨੀ ਹਾਲੀ ਵੀ ਇਸ ਬਿਮਾਰੀ ਤੋਂ ਸੁਰੱਖਿਅਤ ਸੀ। ਡਾਕਟਰ ਦੀ ਰਿਪੋਰਟ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ ਸੀ ਅਤੇ ਬਿਮਾਰੀ ਨੂੰ ਸਵੀਕਾਰ ਕਰਨਾ ਅਸੰਭਵ ਨੂੰ ਸੰਭਵ ਸਮਾਨ ਸਮਝਣ ਦੇ ਬਰਾਬਰ ਸੀ। ਉਸ ਲਈ ਇਹ ਨਮੋਸ਼ੀ ਦੇ ਨਾਲ ਇੱਕ ਵੱਡਾ ਸਦਮਾ ਵੀ ਸੀ। ਉਹ ਦਾਗੀ ਜਿੰਦਗੀ ਜੀਣ ਨਾਲੋਂ ਇਸ ਦਾਗ ਨੂੰ ਸਦਾ ਲਈ ਧੋ ਦੇਣਾ ਚਾਹੁੰਦਾ ਸੀ। ਉਸ ਨੇ ਇਸ ਨਰਕ ਦੀ ਜਿੰਦਗੀ ‘ਚੋਂ ਨਿਕਲ ਕੇ ਕਿਸੇ ਨਵੀਂ ਸਵਰਗ ਦੀ ਜਿੰਦਗੀ ਵਿੱਚ ਜਾਣ ਦਾ ਫੈਸਲਾ ਕਰ ਲਿਆ ਸੀ। ਉਹ ਆਪਣੀ ਸੋਚ ਨੂੰ ਅਮਲੀ ਜਾਮਾ ਪਹਿਣਾਉਣ ਲਈ ਕਿਸੇ ਯੋਗ ਸਾਧਨ ਨੂੰ ਲੱਭ ਰਿਹਾ ਸੀ।
ਡਾਕਟਰ ਨੇ ਉਸ ਦੀ ਸੋਚ ਨਾਲ ਸਹਿਮਤੀ ਰਲਾ ਦਿੱਤੀ ਸੀ। ਉਸ ਨੇ ਮਰੀਜ ਦੀ ਇੱਕ ਉਂਗਲ ਉੱਤੇ ਕਰੀਮ ਵਰਗੀ ਦਵਾਈ ਲਾ ਦਿੱਤੀ ਸੀ, ਜਿਸ ਦੇ ਚੱਟਣ ਨਾਲ ਉਸ ਦੀ ਮਨੋਕਾਮਨਾ ਝੱਟ ਹੀ ਪੂਰੀ ਹੋ ਜਾਣ ਦਾ ਭਰੋਸਾ ਦਵਾ ਦਿੱਤਾ ਸੀ।
ਡਾਕਟਰ ਦੇ ਚਿਹਰੇ ਦੇ ਹਾਵ ਭਾਵ ਦੁਚਿੱਤੀ ਵਿੱਚ ਸਨ। ਮਰੀਜ ਦੀ ਸੋਚ ਨੇ ਅੰਤਮ ਫੈਸਲਾ ਕਰਕੇ ਦਵਾਈ ਮੂੰਹ ਅੰਦਰ ਲੰਘਾ ਲਈ ਸੀ। ਉਸ ਦੀ ਜੀਭ ਉੱਤੇ ਦਵਾਈ ਦਾ ਸੁਆਦ ਤਰ ਰਿਹਾ ਸੀ ਅਤੇ ਉਹ ਮੌਤ ਦਾ ਅਨੁਭਵ ਮਾਨਣ ਲਈ ਆਪਣੇ ਆਪ ਨੂੰ ਤਿਆਰ ਕਰ ਹੀ ਰਿਹਾ ਸੀ ਕਿ ਅਚਾਨਕ ਸੁਪਨਾ ਟੁੱਟ ਗਿਆ।
ਰਾਜਸਥਾਨ ਦਾ ਪੱਛਮੀ ਹਿੱਸਾ ਭਿਆਣਕ ਕਾਲ ਦੀ ਲਪੇਟ ਵਿੱਚ ਸੀ। ਪਿੰਡ ਵਿੱਚ ਸੋਕਾ ਅਤੇ ਗਰਮੀ ਕਹਿਰ ਵਹਾ ਰਹੀ ਸੀ। ਅੱਤ ਦੀ ਗਰਮੀ ਕਈ ਬੱਚਿਆਂ ਅਤੇ ਬੁੱਢਿਆਂ ਦੀਆਂ ਜਾਨਾਂ ਲੈ ਚੁੱਕੀ ਸੀ। ਮੌਤ ਦਾ ਦੂਜਾ ਹੂੰਝਾ, ਸੋਕੇ ਕਾਰਨ ਭੁੱਖ ਫੇਰ ਚੁੱਕੀ ਸੀ। ਹੁਣ ਪਾਣੀ ਦੀ ਅਣਹੋਂਦ ਕਾਰਨ ਪੰਜ, ਚਾਰ ਸਿਵੇ ਰੋਜ ਹੀ ਬਲਦੇ ਰਹਿੰਦੇ ਸਨ।
ਸਰਕਾਰ ਵਲੋਂ ਹਰ ਕਿਸਮ ਦੀ ਖਾਣ ਸਮੱਗਰੀ ਪੁੱਜ ਗਈ ਸੀ ਅਤੇ ਹਰ ਦੂਜੇ ਦਿਨ ਪਾਣੀ ਦਾ ਟੈਂਕਰ ਖਾਲੀ ਘੜੇ ਭਰ ਜਾਂਦਾ ਸੀ। ਲੋਕਾਂ ਦੇ ਸਾਹ ਵਿੱਚ ਸਾਹ ਆ ਗਿਆ ਸੀ। ਸਰਕਾਰ ਵਲੋਂ ਚਲਾਏ ਜਾ ਰਹੇ ਕੰਮਾਂ ਵਿੱਚ ਉਹ ਹਿੱਸਾ ਲੈਣ ਲੱਗ ਗਏ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਭਾਵੇਂ ਖੁਸ਼ੀ ਤਾਂ ਹਾਲੀ ਨਹੀਂ ਪਰਤੀ ਸੀ ਪਰ ਗ਼ਮ ਦੀਆਂ ਲਕੀਰਾਂ ਮਿਟਣੀਆਂ ਆਰੰਭ ਹੋ ਗਈਆਂ ਸਨ।
ਇੱਕ ਦਿਨ ਪਿੰਡ ਉੱਤੇ ਫਿਰ ਅਚਾਨਕ ਗਮ ਦੇ ਕਹਿਰ ਟੁੱਟ ਪਏ ਸਨ। ਸ਼ਾਮ ਤੱਕ ਪਿੰਡ ਵਿੱਚ ਮੌਤਾਂ ਦੀ ਗਿਣਤੀ ਤੀਹ ਤੋਂ ਉਪਰ ਟੱਪ ਗਈ ਸੀ। ਬਲਦੇ ਸਿਵਿਆਂ ਨੂੰ ਵੇਖ ਕੇ ਲੋਕ ਰੋਹ ਵਿੱਚ ਆ ਗਏ ਸਨ। ਉਹ ਸਰਕਾਰ ਵਿਰੁੱਧ ਨਾਹਰੇ ਲਾ ਰਹੇ ਸਨ। ਇਹ ਮੌਤਾਂ ਪਾਣੀ ਦੀ ਥੁੜ ਕਰਕੇ ਨਹੀਂ ਸਗੋਂ ਸਰਕਾਰੀ ਟੈਂਕਰ ਦਾ ਗੰਦਾ ਪਾਣੀ ਪੀਣ ਕਰਕੇ ਹੋਈਆਂ ਸਨ। ਲੋਕ ਇਸ ਨੂੰ ਰੱਬ ਦੀ ਕਰੋਪੀ ਦੀ ਥਾਂ ਸਰਕਾਰੀ-ਹੱਤਿਆ ਗਰਦਾਨ ਰਹੇ ਸਨ।
ਲੋਕ ਨਿਰਦਈ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਦਿਲਾਂ ਵਿੱਚ ਕਿਸੇ ਦੀ ਸਹਾਇਤਾ ਕਰਨ ਦਾ ਅਹਿਸਾਸ ਹੀ ਖਤਮ ਹੋਇਆ ਸੀ। ਬਦਲਦੇ ਹਾਲਾਤ ਮਾੜੇ, ਬਹੁਤ ਮਾੜੇ ਅਤੇ ਅੱਤ ਮਾੜਿਆਂ ਨੂੰ ਛੱਡਕੇ ਭਿਆਣਕ ਸਥਿਤੀ ਤੋਂ ਵੀ ਅੱਗੇ ਲੰਘ ਗਏ ਸਨ।
ਕੁਝ ਲੋਕ ਭੁੱਖ ਕਾਰਨ ਪਹਿਲਾਂ ਹੀ ਮਰ ਚੁੱਕੇ ਸਨ ਅਤੇ ਬਾਕੀ ਪਾਣੀ ਦੀ ਅਣਹੋਂਦ ਕਾਰਨ ਤੜਫ ਰਹੇ ਸਨ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਦ ਤੱਕ ਜਿੰਦਾ ਰਹਿ ਸਕੇਗਾ। ਰਿਸ਼ਤਿਆਂ ਦੀ ਪਕੜ ਕੇ ਖਤਮ ਨਹੀਂ ਹੋਈ ਸੀ ਤਾਂ ਖਤਮ ਹੋਣ ਦੀ ਸੀਮਾ ਤਕ ਜਰੂਰ ਪੁੱਜ ਗਈ ਸੀ।
ਇੱਕ ਸਾਰਾ ਪਰਿਵਾਰ ਇਸ ਭਿਆਣਕ ਕਾਲ ਨੇ ਨਿਗਲ ਲਿਆ ਸੀ। ਇੱਕ ਔਰਤ ਅਤੇ ਉਸ ਦਾ ਦੁੱਧ ਚੁੰਘਦਾ ਬੱਚਾ ਇੱਕ ਦੂਜੇ ਲਈ ਜੀਣ ਦੀ ਹਾਲੀ ਵੀ ਜਦੋ ਜਹਿਦ ਕਰ ਰਹੇ ਸਨ।
ਮਾਂ ਰਾਤ ਸਮੇਂ ਪਰਾਣ ਛੱਡ ਗਈ ਸੀ। ਬੱਚਾ ਹਾਲੀ ਵੀ ਉਸ ਨੂੰ ਚੁੰਘ ਰਿਹਾ ਸੀ। ਦਿਨ ਚੜ੍ਹਦੇ ਨੂੰ ਹਰ ਕਿਸਮ ਦੀ ਸਰਕਾਰੀ ਸਹਾਇਤਾ ਪੁੱਜ ਗਈ ਸੀ। ਬੱਚੇ ਨੂੰ ਖਾਣ ਲਈ ਬਿਸਕੁਟ ਦਿੱਤਾ ਗਿਆ। ਉਸਨੇ ਪਹਿਲਾਂ ਇਹ ਆਪਣੀ ਮਾਂ ਦੇ ਮੂੰਹ ਵਿੱਚ ਪਾਉਣਾ ਚਾਹਿਆ ਪਰ ਜਦ ਉਸ ਦੀ ਮਾਂ ਨੇ ਖਾਣ ਲਈ ਮੂੰਹ ਨਾ ਖੋਲਿਆ ਤਾਂ ਬੱਚੇ ਨੇ ਦਿਲ ਚੀਰਵੀਂ ਆਖਰੀ ਚੀਕ ਮਾਰੀ।
ਸਾਹਾ
ਪਤੀ ਦੀ ਕਾਰਗਿਲ ਵਿੱਚ ਹੋਈ ਅਚਾਨਕ ਮੌਤ ਨੇ ਗੁਰਨਾਮੀ ਨੂੰ ਪੱਥਰ ਹੀ ਤਾਂ ਕਰ ਦਿੱਤਾ ਸੀ। ਕੱਲ੍ਹ ਜਿਹੜੀ ਹਿੰਮਤੀ ਔਰਤ ਪਤੀ ਦੀ ਗੈਰ ਹਾਜਰੀ ਵਿੱਚ ਆਪਣੀ ਧੀ ਦੇ ਧੁਰੇ ਵਿਆਹ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਭੱਜੀ ਫਿਰ ਰਹੀ ਸੀ, ਅੱਜ ਚੁੱਪ ਦੀ ਗੰਢੜੀ ਬਣਕੇ ਰਹਿ ਗਈ ਸੀ। ਉਸ ਦੀਆਂ ਅੱਖਾਂ ਵਿੱਚ ਨਾ ਕੋਈ ਹੰਝੂ ਸੀ ਅਤੇ ਨਾ ਹੀ ਜੀਭ ਉੱਤੇ ਕੋਈ ਸ਼ਬਦ। ਇਸ ਹਿਰਦੇ ਵੇਧਕ ਸਦਮੇ ਨੇ ਉਸ ਨੂੰ ਜਿੰਦਾ ਲੋਥ ਬਣਾ ਦਿੱਤਾ ਸੀ।
ਅਰਥੀ ਨੂੰ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਗੁਰਨਾਮੀ ਇੱਕ ਦਮ ਖੜੀ ਹੋ ਗਈ, ਜਿਵੇਂ ਉਸ ਨੂੰ ਕੁਝ ਯਾਦ ਆ ਗਿਆ ਹੋਵੇ। ਜਨਾਨੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਹੀਂ।
‘ਤੁਸੀਂ ਆਪਣੇ ਮੁਰਦੇ ਨੂੰ ਬਿੱਲੇ ਲਾਓ, ਮੈਂ ਆਪਣੀ ਧੀ ਦੀਆਂ ਟੂਮਾਂ ਬਾਰੇ ਸੁਨਿਆਰੇ ਨੂੰ ਤਕੀਦ ਕਰ ਆਵਾਂ, ਹੁਣ ਸਾਹੇ ਵਿੱਚ ਦਿਨ ਵੀ ਕਿਹੜੇ ਰਹਿ ਗਏ ਨੇ। ਉਹ ਜਨਾਨੀਆਂ ਨੂੰ ਪਾਸੇ ਧੱਕਦੀ ਪਾਗਲਾਂ ਵਾਂਗ ਭੱਜੀ ਜਾਂਦੀ ਘਰ ਦਾ ਬੂਹਾ ਪਾਰ ਕਰ ਗਈ।
ਤਿੰਨ ਸਾਲ ਦਾ ਬੱਚਾ ਆਪਣੀ ਬੰਦੂਕ ਮੋਢੇ ਉੱਤੇ ਰੱਖੀ ਸ਼ਹੀਦ ਦੇ ਬਕਸੇ ਸਰਹਾਣੇ ਖੜਾ ਕਹਿ ਰਿਹਾ ਸੀ, “ਮੈਂ ਵੱਡਾ ਹੋ ਕੇ ਫੌਜੀ ਬਨੂੰਗਾ ਦੁਸ਼ਮਣਾਂ ਨੂੰ ਮਾਰਕੇ ਦੇ ਸ਼ ਬਚਾਵਾਂਗਾ……
ਬੱਚੇ ਨੂੰ ਜੋ ਕੁਝ ਵੱਡੇ ਬੋਲਣ ਲਈ ਕਹਿ ਰਹੇ ਸਨ, ਉਹ ਉਸੇ ਤਰ੍ਹਾਂ ਬੋਲਦਾ ਜਾ ਰਿਹਾ ਸੀ।ਇਹ ਸਭ ਕੁਝ ਕੀ ਹੋ ਰਿਹਾ ਸੀ, ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਤਾਂ ਖੁਸ਼ ਸੀ ਕਿਉਂਕਿ ਉਹ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਹੋਇਆ ਸੀ। ਸਾਰੇ ਉਸ ਨੂੰ ਪਿਆਰ ਕਰਨ ਦੇ ਨਾਲ ਨਾਲ ਸ਼ਾਬਾਸ਼ ਵੀ ਦੇ ਰਹੇ ਸਨ।
ਚਿਤਾ ਤਿਆਰ ਹੋ ਗਈ ਸੀ। ਬਿਗਲ ਦੀ ਮਾਤਮੀ ਧੁਨ ਵੱਜਣ ਨਾਲ ਬੱਚੇ ਨੂੰ ਅੱਗ ਦੇਣ ਲਈ ਕਿਹਾ ਗਿਆ।
ਮੈਂ ਕਿਉਂ ਅੱਗ ਲਾਵਾਂ??? ਬੱਚਾ ਠਠੰਬਰ ਗਿਆ।
“ਇਸ ਵਿੱਚ ਤੇਰਾ ਬਾਪੂ ਏ…ਮਰੇ ਬਾਪੂ ਨੂੰ ਪੁੱਤ ਹੀ ਅੱਗ ਲਾਉਂਦੇ ਨੇ ਕਿਸੇ ਸਿਆਣੇ ਨੇ ਕਿਹਾ।
“ਹਾਏ! ਬਾਪੂ… ਬੱਚੇ ਨੇ ਬੰਦੂਕ ਸੁੱਟਕੇ ਚੀਕ ਮਾਰੀ ਅਤੇ ਧਾਹਾਂ ਮਾਰ ਕੇ ਰੋਣ ਲੱਗ ਗਿਆ।
ਆਪਣੇ ਪਿਤਾ ਦੀ ਅਚਾਨਕ ਮੌਤ ਪਿੱਛੋਂ ਘਰ ਦੀ ਕਬੀਲਦਾਰੀ ਦਾ ਸਾਰਾ ਬੋਝ ਹੁਣ ਗਰੀਬ ਸਿੰਘ ਦੇ ਮੋਢਿਆਂ ਉੱਤੇ ਆਣ ਪਿਆ ਸੀ। ਉਸਨੇ ਪਰਿਵਾਰ ਦੀ ਪੇਟ ਪੂਰਤੀ ਲਈ ਕਈ ਪਾਪੜ ਬੇਲੇ ਪਰ ਕਮਾਈ ਅਤੇ ਖਰਚੇ ਨੂੰ ਉਹ ਕਦੇ ਵੀ ਬਰਾਬਰ ਨਾ ਕਰ ਸਕਿਆ। ਹਰ ਸਾਲ ਕਰਜ਼ੇ ਵਿੱਚ ਵਾਧਾ ਹੋ ਜਾਂਦਾ ਸੀ। ਤੰਗ ਆ ਕੇ ਉਹ ਫੌਜ ਵਿੱਚ ਭਰਤੀ ਹੋ ਗਿਆ। ਘਰ ਦਾ ਗੁਜਾਰਾ ਤਾਂ ਹੋ ਰਿਹਾ ਸੀ, ਹੁਣ ਉਸ ਨੂੰ ਵਧੇਰੇ ਫਿਕਰ ਆਪਣੀਆਂ ਦੋਵੇਂ ਭੈਣਾਂ ਦੇ ਵਿਆਹ ਦਾ ਸੀ।
ਕਾਰਗਿਲ ਦੇ ਸ਼ਹੀਦ ਗਰੀਬ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਚਲ ਰਿਹਾ ਸੀ। ਉਸ ਦੀ ਮਾਤਾ ਨੂੰ ਦੋ ਲੱਖ ਦਾ ਚੈੱਕ ਤਾਂ ਦਿੱਤਾ ਹੀ ਜਾਣਾ ਸੀ ਨਾਲ ਹੋਰ ਮਿਲਣ ਵਾਲੀਆਂ ਸਹੂਲਤਾਂ ਦਾ ਐਲਾਣ ਕੀਤੇ ਜਾਣ ਦੀ ਵੀ ਸੰਭਾਵਨਾ ਸੀ।
ਉਸ ਦੀ ਮਾਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਆਪਣੇ ਪੁੱਤਰ ਦੀ ਫੋਟੋ ਅੱਗੇ ਪੰਜ ਦਾ ਨੋਟ ਰੱਖਕੇ ਮੱਥਾ ਟੇਕਿਆ। ਗੋਡਿਆਂ ਪਰਨੇ ਹੋਕੇ ਪੁੱਤਰ ਨੂੰ ਅਸੀਸ ਦਿੱਤੀ, “ਸ਼ਾਬਾਸ਼ੇ ਪੁੱਤਰਾ ਦੇਸ਼ ਉੱਤੋਂ ਤੇਰਾ ਤਨ, ਮਨ ਵਾਰਿਆ ਅਜਾਂਈ ਨਹੀਂ ਗਿਆ ਵੇਖ ਤੇਰੇ ਧੰਨ ਨਾਲ ਹੁਣ ਤੇਰੀਆਂ ਭੈਣਾਂ ਦੇ ਹੱਥ ਪੀਲੇ ਵੀ ਹੋ ਜਾਣਗੇ।
ਮੇਰੇ ਗੁਆਂਢੀ ਤੇ ਵਾਕਿਫ ਘੜੀ-ਸਾਜ਼ ਦੀ ਦੁਕਾਨ ਦੇ ਖੁੱਲਣ ਦਾ ਕੋਈ ਵੇਲਾ ਨਹੀਂ ਸੀਬਸ, ਜਦੋਂ ਸਾਡੇ ਗੁਆਂਢਲੇ ਗੁਰਦੁਆਰੇ ਭੋਗ ਪੈਂਦਾ, ਉਹ ਦੇਗ ਵਾਲੇ ਹੱਥ ਦਾਹੜੀ ਨਾਲ ਸਾਫ ਕਰਦਾ, “ਵਾਹਿਗੁਰੂ, ਵਾਹਿਗੁਰੂ ਕਹਿੰਦਾ ਦੁਕਾਨ ਖੋਦਾ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦਿੰਦਾ, ਆਪਣੇ ਸੰਦ ਝਾੜਦਾ ਤੇ ਆਪਣਾ ਕੰਮ ਸ਼ੁਰੂ ਕਰ ਦੇਦਾ।
ਰਾਤੀਂ ਮੇਰੀ ਘੜੀ ਖਲੋ ਗਈ ਸੀ। ਜਿਉਂ ਹੀ ਸਵੇਰੇ ਉਸ ਦੀ ਦੁਕਾਨ ਖੁੱਲੀ ਤੇ ਮੈਂ ਸਿਰ ਤੇ ਪੱਗ ਧਰਦਿਆਂ ਓਧਰ ਚੱਲ ਪਿਆ। ਅਜੇ ਉਹ ਦੁਕਾਨ ਵਿਚ ਧੂਪ ਹੀ ਦੇ ਰਿਹਾ ਸੀ ਕਿ ਮੈਂ ਉਸਦੀ ਦੁਕਾਨ ਤੇ ਪੁੱਜ ਗਿਆ। ਉਸ ਨੇ ਮਿਸ਼ਰੀ ਘੁਲੀ ਜ਼ੁਬਾਨ ਨਾਲ ਮੈਨੂੰ ਕਈ ਵਾਰ ‘‘ਆਓ ਜੀ, ਆਉ ਜੀ…. ਕਿਹਾ। ਮੈਂ ‘ਆਏ ਜੀ ਕਹਿੰਦਿਆਂ, ਹੱਥ ਮਿਲਾਂਦਿਆਂ, ਸੋਫੇ ਤੇ ਬਹਿੰਦਿਆਂ, ਗੁੱਟ ਤੋਂ ਘੜੀ ਲਾਹ ਕੇ ਦੇਦਿਆਂ ਕਿਹਾ, “ਭਾਈ ਸਾਹਿਬ! ਇਹਨੂੰ ਵੇਖਣਾ ਜ਼ਰਾ। ਉਸ ਨੇ ਘੜੀ ਫੜੀ ਤੇ ਆਈ ਗਲਾਸ ਅੱਖ ਤੇ ਚਾਦਿਆਂ ਚਮਟੀ ਨਾਲ ਉਸ ਦੀ ਇੱਕ ਨਾੜ ਵੇਖੀ। ਅੰਤ ਉਹ ਬੋਲਿਆ, “ਪੰਜ ਸੱਤ ਮਿੰਟ ਲੱਗਣਗੇ, ਹੁਣੇ ਠੀਕ ਕਰ ਦੇਨਾਂ।
ਮੈਂ ਉਥੇ ਹੀ ਬੈਠ ਗਿਆ। ਉਸ ਨੇ ਅੱਖ ਦੀ ਝਮਕੇ ਵਿਚ ਘੜੀ ਚੱਲਦੀ ਕਰਕੇ ਮੇਰੇ ਹੱਥ ਤੇ ਰੱਖ ਦਿੱਤੀ। “ਸੇਵਾ ਪੁੱਛਣ ਤੇ ਉਹ ਬੋਲਿਆ, ‘ਸਿਰਫ ਪੰਜ ਰੁਪੈ। |
ਪੰਜ ਰੁਪਏ ਮੈਂ ਦੇ ਦਿੱਤੇ, ਪਰ ਮੈਨੂੰ ਦੁੱਖ ਬਹੁਤ ਹੋਇਆ। ਮੈਂ ਆਪਣਾ ਦੁੱਖ ਜ਼ਾਹਰ ਜਰੂਰ ਕਰਨਾ ਚਾਹੁੰਦਾ ਸਾਂ ਪਰ ਸੋਚ ਰਿਹਾ ਸਾਂ ਕਿ ਆਖਾਂ ਤਾਂ ਕਿਸ ਤਰ੍ਹਾਂਆਖਾਂ ਤਾਂ ਕਿ ਗੱਲ ਇਸ ਨੂੰ ਚੁਭੇ ਨਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਸ ਨੇ ਸਾਹਮਣੀ ਦੁਕਾਨ ਤੇ ਚਾਹ ਦਾ ਆਰਡਰ ਦੇ ਦਿੱਤਾ ਭਾਵੇਂ ਮੈਂ ਘਰੋਂ ਚਾਹ ਪੀਕੇ ਹੀ ਗਿਆ ਸਾਂ ਪਰ ਮੈਂ ਮੌਕਾ ਦੇਖ ਕੇ ਬੈਠ ਗਿਆ। ਚਾਹ ਆ ਗਈ। ਉਸ ਨੇ ਗੱਲ ਤੋਰੀ, “ਤੁਸੀਂ ਕਦੇ ਗੁਰਦੁਆਰੇ ਨਹੀਂ ਆਏ ਪ੍ਰੋਫੈਸਰ ਸਾਹਿਬ?”
ਮੇਰਾ ਦਾਅ ਲੱਗ ਗਿਆ, ‘ਨੇਕ ਕਮਾਈ ਕਰਦੇ ਹਾਂ- ਭੁੱਲ ਬਖਸ਼ਾਉਣ ਦੀ ਲੋੜ ਹੀ ਨਹੀਂ ਪੈਂਦੀ।
ਘੜੀ-ਸਾਜ਼ ਨੇ “ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੱਥ ਫੜ ਲਏ। ਮੈਨੂੰ ਦੋ ਰੁਪਏ ਵਾਪਸ ਦੇਦਿਆਂ ਉਹ ਬੋਲਿਆ, “ਮੁਆਫ ਕਰਨਾ ਗੁਰ ਦੇਵ- ਮੇਰੇ ਦਿਮਾਗ ਦੇ ਕਪਾਟ ਤਾਂ ਅੱਜ ਖੁੱਲੇ ਹਨ।”
ਅਜੇ ਦੋ ਮਹੀਨੇ ਪਹਿਲਾਂ ਉਹ ਅਰਥ-ਵਿਗਿਆਨ ਦੀ ਐਮ.ਏ. ਵਿਚ ਯੂਨੀਵਰਸਿਟੀ ਭਰ `ਚੋਂ ਫਸਟ ਆਈ ਸੀ। ਉਸ ਨੂੰ ਗੋਲਡ ਮੈਡਲ ਮਿਲਿਆ ਸੀ। ਪੜੇ-ਲਿਖੇ ਲੋਕਾਂ ਵਿਚ ਉਸਦੀ ਚਰਚਾ ਸੀ। ਉਸ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸੂਝ-ਬੂਝ ਹੈਰਾਨ ਕਰਨ ਵਾਲੀ ਸੀ। ਮੁਹੱਲੇ ਭਰ ਵਿਚ ਉਨ੍ਹਾਂ ਦੀ ਕੋਠੀ ਸਭ ਤੋਂ ਸੁਹਣੀ ਸੀ, ਉਹ ਆਪ ਵੀ ਤਾਂ ਕਿੰਨੀ ਖੂਬਸੂਰਤ ਸੀ, ਰੋਜ਼ ਕਾਰ ਵਿਚ ਪੜ੍ਹਨ ਜਾਂਦੀ, ਕਾਰ ਵਿਚ ਵਾਪਸ ਆਉਂਦੀ। ਉਸ ਦਾ ਪਿਤਾ ਮੰਨਿਆ ਹੋਇਆ ਬਿਜ਼ਨੈਸ-ਮੈਨ ਸੀ। ਉਸ ਦਾ ਕਈ ਰਾਜਨੀਤਿਕ ਪਾਰਟੀਆਂ ਨਾਲ ਬੜੇ ਨੇੜ ਦਾ ਰਿਸ਼ਤਾ ਸੀ। ਸੁਣਿਆਂ, ਉਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਉਪਰ ਪੁਲਿਟੀਕਲ-ਪ੍ਰੈਸ਼ਰ ਪਵਾ ਕੇ ਕੁੜੀ ਨੂੰ ਫਸਟ ਲਿਆਂਦਾ ਸੀ, ਰੱਬ ਜਾਣੇ।
ਅਜ, ਜਦ ਉਸ ਨੇ ਆਪਣੇ ਵੱਡੇ ਵੀਰ ਜੀ ਦੇ ਸੁਹਣੇ ਸੁਹਣੇ ਨਿੱਕੇ ਨਿੱਕੇ ਬੱਚਿਆਂ ਨੂੰ ਸਾਹਮਣੇ ਖੋਲੀਆਂ ਵਿਚ ਵਸਦੇ ਧੋਬੀਆਂ ਦੇ ਬੱਚਿਆਂ ਨਾਲ ਖੇਡਦੇ ਤੱਕਿਆ ਤਾਂ ਬੜੇ ਗੁੱਸੇ ਨਾਲ ਅਵਾਜ਼ ਲਗਾਈ, ਬੰਟੂ, ਮੋਹਣੀ ਕੀ ਗੰਦੇ-ਗੰਦੇ ਬੱਚਿਆਂ ਨਾਲ ਖੇਡਣ ਬਹਿ ਜਾਂਦੇ ਹੋ, ਚਲੋ ਇਧਰ ਆਓ, ਨਹੀਂ ਤਾਂ ਮਾਰਾਂਗੀ।” ਆਖਰ ਫੈਮਿਲੀ ਦੀ ਕੋਈ ਰੈਪੂਟੇਸ਼ਨ ਹੁੰਦੀ ਹੈ।
ਬੰਟੂ ਮੋਹਣੀ ਟੱਪਦੇ ਵਾਪਸ ਆ ਗਏ। ਧੋਬੀਆਂ ਦੇ ਦੋ ਕੁ ਸਾਲ ਦੇ ਮੁੰਡੇ ਨੂੰ ਮਗਰ ਆਉਂਦਾ ਦੇਖ ਕੇ ਉਸ ਦਬਕਾ ਮਾਰਿਆ, “ਕਿਧਰ ਮੂੰਹ ਚੁੱਕੀ ਆਉਨਾ ਏਂ, ਚਲ ਭਜ ਇੱਥੋਂ ਧੋਬੀਆਂ ਦਾ ਮੁੰਡਾ ਸਹਿਮ ਕੇ ਖੜ੍ਹ ਗਿਆ, ਆਂਟੀ ਅਸੀਂ ਗੰਦੇ ਨਹੀਂ ਗਰੀਬ ਹਾਂ ਸੁਣ ਕੇ ਉਸ ਨੂੰ ਇਵੇਂ ਲੱਗਾ ਜਿਵੇਂ ਉਸਦਾ ਅਰਥ-ਵਿਗਿਆਨ ਵਿਅਰਥ ਹੋ ਗਿਆ ਹੋਵੇ।