ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ
ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ
ਜਾਨ ਜਿਹੜੀ ਵੀ
ਦੇਸ਼ ਦੇ ਲੇਖੇ ਲੱਗਦੀ ਹੈ
ਉਹ ਗਗਨਾਂ ਵਿਚ
ਸੂਰਜ ਬਣ ਕੇ ਦਘਦੀ ਹੈ
ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ ।
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।ਧਰਤੀ ਉੱਪਰ ਜਿੰਨੇ ਵੀ ਨੇ
ਫੁੱਲ ਖਿੜਦੇ
ਉਹ ਨੇ ਸਾਰੇ ਖ਼ਾਬ
ਸ਼ਹੀਦਾਂ ਦੇ ਦਿਲ ਦੇ
ਫੁੱਲ ਉਹਨਾਂ ਦੇ ਲਹੂਆਂ ਨੂੰ ਹੀ ਲੱਗਦੇ ਨੇ
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।ਕੋਈ ਵੀ ਵੱਡਾ ਸੂਰਾ ਨਹੀਂ
ਸ਼ਹੀਦਾਂ ਤੋਂ
ਕੋਈ ਵੀ ਵੱਡਾ ਵਲੀ ਨਹੀਂ
ਸ਼ਹੀਦਾਂ ਤੋਂ
ਸ਼ਾਹ, ਗੁਣੀ ਵਿਦਵਾਨ ਉਹਨਾਂ ਦੇ ਬਰਦੇ ਨੇ ।
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।
Shiv Kumar Batalvi shayari in Punjabi Punjabi poetry
ਚੜ੍ਹ ਆ, ਚੜ੍ਹ ਆ, ਚੜ੍ਹ ਆ
ਧਰਤੀ ‘ਤੇ ਧਰਤੀ ਧਰ ਆ
ਅੱਜ ਸਾਰਾ ਅੰਬਰ ਤੇਰਾ
ਤੈਨੂੰ ਰੋਕਣ ਵਾਲਾ ਕਿਹੜਾਛੱਡ ਦਹਿਲੀਜਾਂ
ਛੱਡ ਪੌੜੀਆਂ
ਛੱਡ ਪਰ੍ਹਾਂ ਇਹ ਵਿਹੜਾ
ਤੇਰੇ ਦਿਲ ਵਿੱਚ ਚਿਰ ਤੋਂ ‘ਨ੍ਹੇਰਾ
ਇਹ ਚੰਨ ਸ਼ੁਦਾਈਆ ਤੇਰਾ
ਇਹ ਸੂਰਜ ਵੀ ਹੈ ਤੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ
ਤੈਨੂੰ ਪੁੱਛਣ ਵਾਲਾ ਕਿਹੜਾ ?ਸੂਰਜ ਦਾ ਨਾਂ ਤੇਰਾ ਨਾਂ ਹੈ
ਚੰਨ ਦਾ ਨਾਂ ਵੀ ਤੇਰਾ
ਦਸੇ ਦਿਸ਼ਾਵਾਂ ਤੇਰਾ ਨਾਂ ਹੈ
ਅੰਬਰ ਦਾ ਨਾਂ ਤੇਰਾ
ਤੂੰ ਧੁੱਪਾਂ ਨੂੰ ਧੁੱਪਾਂ ਕਹਿ ਦੇ
ਤੇਰੇ ਨਾਲ ਸਵੇਰਾ
ਫ਼ਿਕਰ ਰਤਾ ਨਾ ਕਰ ਤੂੰ ਇਹਦਾ
ਗਾਹਲਾਂ ਕੱਢਦੈ ਨ੍ਹੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ
ਤੇ ਪਾ ਅੰਬਰ ਵਿੱਚ ਫੇਰਾਧਰਤੀ ਛੱਡਣੀ ਮੁਸ਼ਕਿਲ ਨਾਹੀਂ
ਰੱਖ ਥੋਹੜਾ ਕੁ ਜੇਰਾ।
ਅੰਬਰ ਮੱਲਣਾ ਮੁਸ਼ਕਿਲ ਨਾਹੀਂ
ਜੇ ਨਾਂ ਲੈ ਦਏਂ ਮੇਰਾ
ਚੜ੍ਹ ਆ, ਚੜ੍ਹ ਆ, ਚੜ੍ਹ ਆ।
ਤੂੰ ਲੈ ਕੇ ਨਾਂ ਅੱਜ ਮੇਰਾਇਹ ਚੰਨ ਸ਼ੁਦਾਈਆ ਤੇਰਾ।
ਇਹ ਸੂਰਜ ਵੀ ਹੈ ਤੇਰਾ।
ਚੜ੍ਹ ਆ, ਚੜ੍ਹ ਆ, ਚੜ੍ਹ ਆ।
ਧਰਤੀ ਤੇ ਧਰਤੀ ‘ਧਰ ਆ।ਸ਼ਿਵ ਕੁਮਾਰ ਬਟਾਲਵੀ
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ ।
ਸਾਦ-ਮੁਰਾਦੀ ਸੋਹਣੀ ਫੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ ।ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ ।ਗੁੰਮਿਆਂ ਜਨਮ ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ
ਹੁਣ ਤਾਂ ਮੇਰੇ ਕੋਲ ਖੜੀ ਸੀ
ਹੁਣ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਨਜ਼ਰ ਮੇਰੀ ਹੈਰਾਨ ਬੜੀ ਹੈ
ਚਿਹਰੇ ਦਾ ਰੰਗ ਫੋਲ ਰਹੀ ਹੈ
ਓਸ ਕੁੜੀ ਨੂੰ ਟੋਲ ਰਹੀ ਹੈ ।ਸ਼ਾਮ ਢਲੇ ਬਾਜ਼ਾਰਾਂ ਦੇ ਜਦ
ਮੋੜਾਂ ‘ਤੇ ਖ਼ੁਸ਼ਬੂ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ‘ਤੇ ਆ ਜੁੜਦੀ ਹੈ
ਰੌਲੇ ਲਿੱਪੀ ਤਨਹਾਈ ਵਿਚ
ਓਸ ਕੁੜੀ ਦੀ ਥੁੜ ਖਾਂਦੀ ਹੈ
ਓਸ ਕੁੜੀ ਦੀ ਥੁੜ ਦਿਸਦੀ ਹੈਹਰ ਛਿਣ ਮੈਨੂੰ ਇਉਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਤੇ ਭੀੜਾਂ ਵਿਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦਵੇਗੀ
ਮੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲੇ ਦੇ ਹੜ੍ਹ ਵਿਚੋਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿੰਹਦਾ
ਪਰ ਖ਼ੌਰੇ ਕਿਉਂ ਟਪਲਾ ਲੱਗਦਾ
ਪਰ ਖ਼ੌਰੇ ਕਿਉਂ ਝਉਲਾ ਪੈਂਦਾ
ਹਰ ਦਿਨ ਹਰ ਇਕ ਭੀੜ ਜੁੜੀ ‘ਚੋਂ,
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਓਸ ਕੁੜੀ ਦੇ
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ
ਉਸ ਦੇ ਗ਼ਮ ਵਿਚ ਘੁਲਦਾ ਰਹਿੰਦਾ
ਉਸ ਦੇ ਗ਼ਮ ਵਿਚ ਖੁਰਦਾ ਜਾਂਦਾ ।ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ਼ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ
ਸਾਦ-ਮੁਰਾਦੀ ਸੋਹਣੀ ਫੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ ।ਸ਼ਿਵ ਕੁਮਾਰ ਬਟਾਲਵੀ
ਮੇਰੇ ‘ਤੇ ਮੇਰੇ ਦੋਸਤ
ਤੂੰ ਇਲਜ਼ਾਮ ਲਗਾਇਐ
ਤੇਰੇ ਸ਼ਹਿਰ ਦੀ ਇਕ ਤਿਤਲੀ ਦਾ
ਮੈਂ ਰੰਗ ਚੁਰਾਇਐ
ਪੁੱਟ ਕੇ ਮੈਂ ਕਿਸੇ ਬਾਗ਼ ‘ਚੋਂ
ਗੁਲਮੋਹਰ ਦਾ ਬੂਟਾ
ਸੁੰਨਸਾਨ ਬੀਆਬਾਨ
ਮੈਂ ਮੜ੍ਹੀਆਂ ‘ਚ ਲਗਾਇਐ ।ਹੁੰਦੀ ਹੈ ਸੁਆਂਝਣੇ ਦੀ
ਜਿਵੇਂ ਜੜ੍ਹ ‘ਚ ਕੁੜਿੱਤਣ
ਓਨਾ ਹੀ ਮੇਰੇ ਦਿਲ ਦੇ ਜੜ੍ਹੀਂ
ਪਾਪ ਸਮਾਇਐ ।
ਬਦਕਾਰ ਹਾਂ ਬਦਚਲਣ ਹਾਂ
ਪੁੱਜ ਕੇ ਹਾਂ ਕਮੀਨਾ
ਹਰ ਗ਼ਮ ਦਾ ਅਰਜ਼ ਜਾਣ ਕੇ
ਮੈਂ ਤੂਲ ਬਣਾਇਐ ।ਮੈਂ ਸ਼ਿਕਰਾ ਹਾਂ ਮੈਨੂੰ ਚਿੜੀਆਂ ਦੀ
ਸੋਂਹਦੀ ਨੀ ਯਾਰੀ
ਖੋਟੇ ਨੇ ਮੇਰੇ ਰੰਗ
ਮੈਂ ਝੂਠਾ ਹਾਂ ਲਲਾਰੀ
ਸ਼ੁਹਰਤ ਦਾ ਸਿਆਹ ਸੱਪ
ਮੇਰੇ ਗਲ ‘ਚ ਪਲਮਦੈ
ਡੱਸ ਜਾਏਗਾ ਮੇਰੇ ਗੀਤਾਂ ਸਣੇ
ਦਿਲ ਦੀ ਪਟਾਰੀ ।ਮੇਰੀ ਪੀੜ ਅਸ਼ਵਥਾਮਾ ਦੇ
ਵਾਕਣ ਹੀ ਅਮਰ ਹੈ
ਢਹਿ ਜਾਏਗੀ ਪਰ ਜਿਸਮ ਦੀ
ਛੇਤੀ ਹੀ ਅਟਾਰੀ
ਗੀਤਾਂ ਦੀ ਮਹਿਕ ਬਦਲੇ
ਮੈਂ ਕੁੱਖਾਂ ਦਾ ਵਣਜ ਕਰਦਾਂ
ਤੂੰ ਲਿਖਿਆ ਹੈ ਮੈਂ ਬਹੁਤ ਹੀ
ਅੱਲੜ੍ਹ ਹਾਂ ਵਪਾਰੀ ।ਤੂੰ ਲਿਖਿਐ ਕਿ ਪੁੱਤ ਕਿਰਨਾਂ ਦੇ
ਹੁੰਦੇ ਨੇ ਸਦਾ ਸਾਏ
ਸਾਇਆਂ ਦਾ ਨਹੀਂ ਫ਼ਰਜ਼
ਕਿ ਹੋ ਜਾਣ ਪਰਾਏ
ਸਾਏ ਦਾ ਫ਼ਰਜ਼ ਬਣਦਾ ਹੈ
ਚਾਨਣ ਦੀ ਵਫ਼ਾਦਾਰੀ
ਚਾਨਣ ‘ਚ ਸਦਾ ਉੱਗੇ
ਤੇ ਚਾਨਣ ‘ਚ ਹੀ ਮਰ ਜਾਏ ।ਦੁੱਖ ਹੁੰਦੈ ਜੇ ਪਿੰਜਰੇ ਦਾ ਵੀ
ਉੱਡ ਜਾਏ ਪੰਖੇਰੂ
ਪਰ ਮੈਂ ਤੇ ਨਵੇਂ ਰੋਜ਼ ਨੇ
ਡੱਕੇ ‘ਤੇ ਉਡਾਏ
ਕਾਰਨ ਹੈ ਹਵਸ ਇਕੋ
ਮੇਰੇ ਦਿਲ ਦੀ ਉਦਾਸੀ
ਜੋ ਗੀਤ ਵੀ ਮੈਂ ਗਾਏ ਨੇ
ਮਾਯੂਸ ਨੇ ਗਾਏ ।ਤੂੰ ਹੋਰ ਵੀ ਇਕ ਲਿਖਿਐ
ਕਿਸੇ ਤਿਤਲੀ ਦੇ ਬਾਰੇ
ਜਿਸ ਤਿਤਲੀ ਨੇ ਮੇਰੇ ਬਾਗ਼ ‘ਚ
ਕੁਝ ਦਿਨ ਸੀ ਗੁਜ਼ਾਰੇ
ਜਿਸ ਤਿਤਲੀ ਨੂੰ ਕੁਝ ਚਾਂਦੀ ਦੇ
ਫੁੱਲਾਂ ਦਾ ਠਰਕ ਸੀ
ਜਿਸ ਤਿਤਲੀ ਨੂੰ ਚਾਹੀਦੇ ਸੀ
ਸੋਨੇ ਦੇ ਸਿਤਾਰੇ ।ਪਿਆਰਾ ਸੀ ਉਹਦਾ ਮੁੱਖੜਾ
ਜਿਉਂ ਚੰਨ ਚੜ੍ਹਿਆ ਉਜਾੜੀਂ
ਮੇਰੇ ਗੀਤ ਜਿਦ੍ਹੀ ਨਜ਼ਰ ਨੂੰ
ਸਨ ਬਹੁਤ ਪਿਆਰੇ
ਮੰਨਦਾ ਸੈਂ ਤੂੰ ਮੈਨੂੰ ਪੁੱਤ
ਕਿਸੇ ਸਰਸਵਤੀ ਦਾ
ਅੱਜ ਰਾਏ ਬਦਲ ਗਈ ਤੇਰੀ
ਮੇਰੇ ਹੈ ਬਾਰੇ ।ਆਖ਼ਿਰ ‘ਚ ਤੂੰ ਲਿਖਿਐ
ਕੁਝ ਸ਼ਰਮ ਕਰਾਂ ਮੈਂ
ਤੇਜ਼ਾਬ ਦੇ ਇਜ ਹੌਜ ‘ਚ
ਅੱਜ ਡੁੱਬ ਮਰਾਂ ਮੈਂ
ਬਿਮਾਰ ਜਿਹੇ ਜਿਸਮ
ਤੇ ਗੀਤਾਂ ਦੇ ਸਣੇ ਮੈਂ
ਟੁਰ ਜਾਵਾਂ ਤੇਰੇ ਦੋਸ਼ ਦੀ
ਅੱਜ ਜੂਹ ‘ਚੋਂ ਪਰ੍ਹਾਂ ਮੈਂ ।ਮੇਰੀ ਕੌਮ ਨੂੰ ਮੇਰੇ ਥੋਥੇ ਜਿਹੇ
ਗ਼ਮ ਨਹੀਂ ਲੋੜੀਂਦੇ
ਮੈਨੂੰ ਚਾਹੀਦੈ ਮਜ਼ਦੂਰ ਦੇ
ਹੱਕਾਂ ਲਈ ਲੜਾਂ ਮੈਂ
ਮਹਿਬੂਬ ਦਾ ਰੰਗ ਵੰਡ ਦਿਆਂ
ਕਣਕਾਂ ਨੂੰ ਸਾਰਾ
ਕੁੱਲ ਦੁਨੀਆਂ ਦਾ ਗ਼ਮ
ਗੀਤਾਂ ਦੀ ਮੁੰਦਰੀ ‘ਚ ਜੜਾਂ ਮੈਂ ।ਸ਼ਿਵ ਕੁਮਾਰ ਬਟਾਲਵੀ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਕ
ਨਾਲ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।ਸੱਜਣ ਜੀ
ਭਲਾ ਕਿਸ ਲਈ ਜਾਣਾ
ਸਾਡੇ ਜਿਹਾ ਨਿਕਰਮਾ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਕੇ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।ਸੱਜਣ ਜੀ
ਦਿਸੇ ਸਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜਿਊ ਕੇ ਕੀ ਕਰਨਾ ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।ਸ਼ਿਵ ਕੁਮਾਰ ਬਟਾਲਵੀ