“ਮੰਮੀ ਜੀ , ਮੰਮੀ ਜੀ , ਵੇਖੋ , ਮੈਂ ਇਨਾਮ ਜਿੱਤਿਆ ।” ਜੋਤੀ ਨੇ ਸਕੂਲ ਤੋਂ ਵਾਪਸ ਆਉਂਦਿਆਂ ਟਰਾਫੀ ਮਾਂ ਨੂੰ ਦਿਖਾਉਂਦੇ ਹੋਏ ਬਹੁਤ ਹੀ ਖੁਸ਼ੀ ਵਿਚ ਕਿਹਾ ।
“ਪਰ ,ਮੰਮੀ ਤੁਸੀਂ ਮੇਰੀ ਟਰਾਫੀ ਵੇਖ ਕੇ ਖੁਸ਼ ਕਿਉਂ ਨਹੀਂ ਹੁੰਦੇ ? ਮੈਂ ‘ਬੇਟੀ ਬਚਾਉ ,ਬੇਟੀ ਪੜ੍ਹਾਉ ‘ ਮੁਕਾਬਲੇ ਵਿਚੋਂ ਪਹਿਲੇ ਨੰਬਰ ‘ਤੇ ਆਈ ਹਾਂ ।”
ਮਾਂ ਨੇ ਹਾਂ ਵਿਚ ਸਿਰ ਹਿਲਾ ਦਿੱਤਾ । ਮਾਂ ਨੂੰ ਉਦਾਸ ਵੇਖ ਕੇ ਨੰਨ੍ਹੀ ਜੋਤੀ ਬੋਲੀ ,” ਮੈਨੂੰ ਪਤਾ ਹੈ ਤੁਸੀਂ ਵੀ ਬੇਟਾ ਚਾਹੁੰਦੇ ਹੋ । ਮੈਂ ਰਾਤ ਨੂੰ ਤੁਹਾਡੀਆਂ ਗੱਲਾਂ ਸੁੰਣੀਆਂ ਸਨ ।”
“ਮੰਮੀ ਜੀ , ਜੇ ਤੁਹਾਡੀ ਮੰਮੀ ਵੀ ਬੇਟੀ ਹੋਣ ਸਦਕਾ ਤੁਹਾਨੂੰ ਜਨਮ ਨਾ ਦਿੰਦੇ ਤਾਂ ਫਿਰ ਤੁਸੀਂ ਵੀ ਨਾ ਹੁੰਦੇ । ਮੈਡਮ ਦੱਸ ਰਹੇ ਸਨ ਕਿ ਬੇਟਾ-ਬੇਟੀ ਇਕ ਸਮਾਨ ਹੋਣ ਤਾਂ ਹੀ ਸਮਾਜ ਚਲਦਾ ਹੈ । ਮੰਮੀ ਜੀ , ਅਸੀਂ ਤੁਹਾਨੂੰ ਤੰਗ ਨਹੀਂ ਕਰਾਂਗੀਆਂ । ਮੰਮੀ ਪਲੀਜ਼ ਮੇਰੀ ਭੈਣ ਨੂੰ ਬਚਾਅ ਲਉ ।” ਨੰਨੀ ਜੋਤੀ ਦੀਆਂ ਪਿਆਰ ਭਰੀਆਂ ਗੱਲਾਂ ਸੁਣ ਕੇ ਮਾਂ ਪਿਘਲ ਗਈ ਤੇ ਉਸ ਨੇ ਪਿਆਰ ਨਾਲ ਜੋਤੀ ਨੂੰ ਗਲਵਕੜੀ ਵਿਚ ਲੈ ਲਿਆ ।