ਕਹਿੰਦੇ ਕਿਸੇ ਬੰਦੇ ਨੇ ਮਠਿਆਈ ਦੀ ਦੁਕਾਨ ਪਾਈ ਅਤੇ ਦੁਕਾਨ ਦੇ ਬਾਹਰ ਬੋਰਡ ਲਾ ਦਿੱਤਾ, “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।”
ਇੱਕ ਮੁਫ਼ਤ ਦਾ ਸਲਾਹਕਾਰ ਆ ਕੇ ਕਹਿੰਦਾ, “ਜਦੋਂ ਬੋਰਡ ਦੁਕਾਨ ‘ਤੇ ਹੀ ਲੱਗਾ ਹੈ ਤਾਂ ਫੇਰ ਲਫਜ਼ “ ਇੱਥੇ “ ਲਿਖਣ ਦੀ ਕੀ ਲੋੜ ਹੈ?”
ਦੁਕਾਨ ਵਾਲੇ ਨੇ ਲਫਜ਼ “ਇੱਥੇ” ਕੱਟ ਦਿੱਤਾ ਤੇ ਬੋਰਡ ‘ਤੇ ਲਿੱਖ ਦਿੱਤਾ “ਤਾਜ਼ੀ ਮਠਿਆਈ ਮਿਲਦੀ ਹੈ।“
ਫਿਰ ਦੂਜੇ ਦਿਨ ਆ ਕੇ ਇੱਕ ਹੋਰ ਮੁਫ਼ਤ ਦਾ ਸਲਾਹਕਾਰ ਕਹਿਣ ਲੱਗਾ, “ਕੀ ਤੂੰ ਬਾਸੀ ਮਠਿਆਈ ਵੀ ਵੇਚਦਾ ਏਂ?”
ਦੁਕਾਨਦਾਰ :- ਜੀ ਨਹੀਂ।
ਸਲਾਹਕਾਰ :- ਫੇਰ ਤਾਜ਼ੀ ਲਿਖਣ ਦਾ ਕੀ ਮਤਲਬ ?
ਦੁਕਾਨਦਾਰ ਨੇ ਲਫ਼ਜ ‘ਤਾਜ਼ੀ’ ਵੀ ਕੱਟ ਦਿੱਤਾ ਅਤੇ ਸਿਰਫ ਇੰਨਾ ਹੀ ਲਿਖ ਦਿੱਤਾ, “ਮਠਿਆਈ ਮਿਲਦੀ ਹੈ।”
ਅਗਲੇ ਦਿਨ ਇੱਕ ਹੋਰ ਸਲਾਹਕਾਰ ਆਕੇ ਕਹਿੰਦਾ, “ਤੁਸੀਂ ਗੱਡੀਆਂ ਦੇ ਸਪੇਅਰ ਪਾਰਟ ਵੀ ਵੇਚਦੇ ਹੋ?”
ਦੁਕਾਨਦਾਰ :- ਜੀ ਨਹੀਂ।
ਸਲਾਹਕਾਰ :- “”ਫੇਰ ਲਫਜ਼ ਮਠਿਆਈ ਲਿਖਣ ਦਾ ਕੀ ਮਤਲਬ?”
ਦੁਕਾਨਦਾਰ ਨੇ ਕੱਟ ਕੇ ਸਿਰਫ ਏਨਾ ਹੀ ਲਿੱਖ ਦਿੱਤਾ, “ਮਿਲਦੀ ਹੈ।“
ਅਗਲੇ ਦਿਨ ਇੱਕ ਹੋਰ ਸਲਾਹਕਾਰ ਆ ਕੇ ਕਹਿੰਦਾ “” ਜਦੋਂ ਮਠਿਆਈ ਸਜਾ ਕੇ ਰੱਖੀ ਹੋਈ ਹੈ, ਦੁਕਾਨ ਦਾ ਸ਼ਟਰ ਖੁੱਲਾ ਹੈ ਤਾਂ ਫਿਰ ਲਿਖਣ ਦੀ ਕੀ ਫਾਇਦਾ ਕਿ “ਮਿਲਦੀ ਹੈ” ਸਭ ਨੂੰ ਪਤਾ ਹੀ ਹੈ ਕਿ ਮਿਲਦੀ ਹੈ।
ਇਹ ਸੁਣਕੇ ਦੁਕਾਨਦਾਰ ਨੇ ਬੋਰਡ ਉਤਾਰ ਦਿੱਤਾ।
ਥੋੜੇ ਦਿਨਾਂ ਬਾਦ ਇੱਕ ਹੋਰ ਮੁਫ਼ਤ ਦਾ ਸਲਾਹਕਾਰ ਆ ਕੇ ਦੁਕਾਨਦਾਰ ਨੂੰ ਕਹਿੰਦਾ “” ਯਾਰ ਏਨੀ ਸੋਹਣੀ ਤੇਰੀ ਦੁਕਾਨ ਹੈ, ਤਾਜੀ ਮਠਿਆਈ ਦੀ ਖੁਸ਼ਬੋ ਆ ਰਹੀ ਹੈ, ਤੂੰ ਇੱਕ ਬੋਰਡ ਵੀ ਲਿਖ ਕੇ ਲਾ ਦੇ ਕਿ “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।