“ਹੈਂਅ ਦੇਖ ਲੈ ਕਹਿੰਦੇ ਆਥਣ ਨੂੰ ਏ ਪੂਰੀ ਹੋਗੀ ਤੀ ਮਹਿੰਦਰ ਕੁਰ ਦੀ ਭਤੀਜੀ”,”ਖਬਨੀਂ ਆਪਾਂ ਨੂੰ ਏ ਉਡੀਕਦੀ ਸੀ” ਬਲਤੇਜ ਦੀ ਪਤਨੀ ਜਸਵੀਰ ਨੇ ਉਹਨੂੰ ਚਾਹ ਫੜਾਉਦਿਆਂ ਆਖਿਆ।
“ਅੱਛਿਆ” ਇੰਨਾਂ ਕਹਿ ਉਹ ਅੰਦਰ ਚਲਾ ਗਿਆ ਸੀ ।
ਬੀਤੇ ਕੱਲ ਜਦ ਉਹ ਦੋਵੇਂ ਜੀਅ ਪਟਿਆਲੇ ਤੋਂ ਵਾਪਿਸ ਆਉਂਦੇ ਵਖਤ ਰਾਹ ਵਿੱਚ ਗੱਡੀ ਦਾ ਪੈਂਚਰ ਲਵਾ ਰਹੇ ਸਨ ਤਾਂ ਉਥੇ ਖੜੇ
ਇਕ ਨੌਜਵਾਨ ਮੁੰਡੇ ਨਾਲ ਰਸਮੀ ਗੱਲਬਾਤ ਸ਼ੁਰੂ ਹੋਈ
“ਜੀ ਪਿੰਡ ਕਿਹੜਾ ਆਪਣਾ” ਦੱਸਣ ਤੇ
“ਥੋਡੇ ਪਿੰਡ ਜੀ ਮੇਰੀ ਮਾਂ ਦੀ ਭੂਆ ਐ,ਪ੍ਰਧਾਨ ਜੀਤ ਸਿਓਂ ਦੇ ਘਰੋਂ ਮਹਿੰਦਰ ਕੁਰ,ਮੈਂ ਉਹਨਾਂ ਦੀ ਭਤੀਜੀ ਦਾ ਬੇਟਾ ਆਂ”ਮੁੰਡੇ ਨੇ ਦੱਸਿਆ ਨਾਲੇ ਦੋਵਾਂ ਦੇ ਗੋਡੀਂ ਹੱਥ ਲਾਏ।
“ਜਿਉਂਦਾ ਰਹਿ ਪੁੱਤ,ਉਹਨਾਂ ਨੇ ਤਾਂ ਬਹੁਤ ਸਾਲ ਪਹਿਲਾਂ ਘਰ ਖੇਤ ਚ ਪਾ ਲਿਆ ਸੀ,ਤਾਂ ਕਰਕੇ ਤੈਂਨੂੰ ਸਿਆਣਿਆ ਨੀਂ”ਜਸਬੀਰ ਕੌਰ ਨੇ ਦੱਸਿਆ
” ਹਾਂ ਪੱਚੀ-ਛੱਬੀ ਸਾਲ ਹੋ ਗਏ”ਬਲਤੇਜ ਨੂੰ ਜਿਵੇਂ ਸਭ ਯਾਦ ਸੀ।
“ਆਹ ਨਾਲ ਵਾਲਾ ਪਿੰਡ ਆਪਣਾ ਈ ਆ ਜੀ ਘਰੇਂ ਚੱਲੋ;ਐਨੇ ਚਾਹ ਪਾਣੀ ਪੀ ਲਿਓ,ਮੈਂ ਆਪ ਆਕੇ ਗੱਡੀ ਲੈ ਜਾਊਂ”,ਨਾਲੇ ਮੰਮੀ ਬਹੁਤ ਬਿਮਾਰ ਐ,ਪਤਾ ਨਹੀਂ ਕਿੰਨੇ ਕੁ ਸਮਾਂ ਐ ਉਹਦੇ ਕੋਲ,ਡਾਕਟਰ ਨੇ ਜਵਾਬ ਦੇ ਦਿੱਤੈ,ਮਿਲ ਜਾਇਓ” ਆਖ ਉਹਨੇ ਅੱਖਾਂ ਭਰ ਲਈਆਂ ।
ਇਹ ਗੱਲ ਸੁਣ ਬਲਤੇਜ ਦਾ ਦਿਲ ਜ਼ੋਰ ਨਾਲ ਧੜਕਿਆ ਸੀ।
ਮੁੰਡੇ ਦੇ ਬਹੁਤਾ ਜ਼ੋਰ ਦੇਣ ਤੇ ਨਾ ਚਾਹੁੰਦੇ ਹੋਏ ਵੀ ਉਹ ਮੰਨ ਗਏ ਸਨ ਤੇ ਉਸਦੀ ਕਾਰ ਵਿੱਚ ਬੈਠ ਗਏ।
ਬਲਤੇਜ ਦੀ ਸੋਚਾਂ ਦੀ ਸੂਈ ਤੀਹ ਸਾਲ ਪਿੱਛੇ ਘੁੰਮਦੀ ਹੈ, ਜਦੋਂ ਪਰਮ ਆਪਣੀ ਭੂਆ ਕੋਲ ਦਸਵੀਂ ਕਰਨ ਤੋਂ ਬਾਅਦ ਅੱਗੇ ਪੜਨ ਆਈ ਸੀ। ਉਹਨਾਂ ਦੇ ਪਿੰਡ ਦਾ ਸਰਕਾਰੀ ਸਕੂਲ ਬਾਰਵੀਂ ਤੱਕ ਸੀ। ਉਹ ਆਪ ਦਸਵੀਂ ਕਰਕੇ ਪੜਨੋਂ ਹਟ ਗਿਆ ਸੀ। ਦੋਵੇਂ ਘਰ ਨੇੜੇ ਨੇੜੇ ਈ ਸਨ। ਪਰਮ ਦੇ ਸਕੂਲੋਂ ਆਉਂਦੇ ਜਾਂਦੇ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ ਸਨ। ਦੋਵੇਂ ਮਨ ਈ ਮਨ ਇੱਕ ਦੂਜੇ ਨੂੰ ਚਾਹੁਣ ਲੱਗੇ ਸਨ,ਪਰ ਦਿਲ ਦੀ ਗੱਲ ਕਹਿ ਨਾ ਸਕੇ। ਬਲਤੇਜ ਨੇ ਕਈ ਵਾਰ ਚਿੱਠੀ ਲਿਖਕੇ ਮੁਹੱਬਤ ਦਾ ਇਜ਼ਹਾਰ ਕਰਨਾ ਚਾਹਿਆ ਸੀ,ਪਰ ਹਿੰਮਤ ਨਾ ਕਰ ਸਕਿਆ,ਨਾਲੇ ਜਾਣਦੇ ਤਾਂ ਦੋਵੇਂ ਈ ਸਨ,ਫੇਰ ਹੋਰ ਕੀ ਕਹਿਣਾ ਵੀ ਕੀ ਸੀ? ਜਜ਼ਬਾਤਾਂ ਉੱਪਰ ਪਰਿਵਾਰ ਤੇ ਸਮਾਜ ਦਾ ਡਰ ਭਾਰੀ ਪੈ ਗਿਆ ਸੀ। ਪਰਮ ਵੀ ਆਪਣੀ ਤੇ ਮਾਪਿਆਂ ਦੀ ਬਦਨਾਮੀ ਦੇ ਡਰੋਂ ਚੁੱਪ ਈ ਰਹੀ।
ਬਾਰਵੀਂ ਦੀ ਪੜਾਈ ਪੂਰੀ ਕਰਕੇ ਪਰਮ ਵਾਪਿਸ ਚਲੀ ਗਈ ਸੀ ਤੇ ਦੋ ਕੁ ਸਾਲਾਂ ਬਾਅਦ ਉਹਦਾ ਵਿਆਹ ਹੋ ਗਿਆ ਸੀ। ਬਲਤੇਜ ਵੀ ਘਰ ਗ੍ਰਹਿਸਥੀ ਚ ਰਮ ਗਿਆ ਸੀ।
ਸੋਚਾਂ ਚ ਗੁੰਮ ਹੋਏ ਨੂੰ ਜਸਵੀਰ ਨੇ ਹਲੂਣ ਕੇ ਕਾਰ ਚੋਂ ਉਤਰਨ ਲਈ ਕਿਹਾ ਸੀ।
ਅੱਜ ਜ਼ਿੰਦਗੀ ਦੇ ਇਸ ਮੋੜ ਤੇ ਉਹ ਇੱਕ ਦੂਜੇ ਦੇ ਆਹਮੋ ਸਾਹਮਣੇ ਸਨ।
ਪਰਮ ਹੱਡੀਆਂ ਦੀ ਮੁੱਠ ਬਣੀ ਬੈੱਡਤੇ ਪਈ ਸੀ। ਉਹ ਕੋਲ ਪਈਆਂ ਕੁਰਸੀਆਂ ਤੇ ਬੈਠ ਗਏ ਸਨ। ਇੱਕ ਪਲ ਲਈ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਸਨ। ਉਹਦੀਆਂ ਅੱਖਾਂ ਚੋਂ ਪਾਣੀ ਸਿੰਮ ਆਇਆ,ਪਰ ਉਹ ਕੁੱਝ ਬੋਲ ਨਾ ਸਕੀ।
“ਦਿਲ ਰੱਖ ਭੈਣੇ ਕੋਈ ਨਾ ਹੋ ਜੇਂਗੀ ਠੀਕ”ਜਸਬੀਰ ਨੇ ਹੌਂਸਲਾ ਦਿੱਤਾ। ਉਹਦੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਸਨ।
ਚਾਹ ਦੀ ਘੁੱਟ ਪੀ ਉਹ ਵਾਪਿਸ ਮੁੜ ਆਏ ਸਨ।
“ਅੱਜ ਬਾਹਰ ਆਏ ਈ ਨਹੀ,ਰੋਟੀ ਨਹੀਂ ਖਾਣੀ”ਜਸਬੀਰ ਨੇ ਬਾਹਰੋਂ ਈ ਆਵਾਜ਼ ਮਾਰੀ,ਕੁੱਝ ਸਮੇਂ ਬਾਅਦ ਜਦੋਂ ਅੰਦਰ ਜਾਕੇ ਦੇਖਿਆ ਤਾਂ ਬਲਤੇਜ ਦੇ ਸਾਹਾਂ ਦਾ ਪੰਖੇਰੂ ਉੱਡ ਚੁੱਕਾ ਸੀ।
ਕਦੇ ਨਾ ਵਿਛੜਨ ਲਈ ਦੋ ਰੂਹਾਂ ਇੱਕ ਹੋ ਗਈਆਂ ਸਨ।
ਖਤਮ
ਹਰਿੰਦਰ ਕੌਰ ਸਿੱਧੂ