ਮੈ ਪਟਿਆਲੇ ਤੋ ਵਾਪਸ ਪਿੰਡ ਪਰਤ ਰਿਹਾ ਸੀ,ਇਸ ਪਾਸੇ ਮੇਰਾ ਆਉਣਾ ਜਾਣਾ ਜਿਆਦਾ ਨਹੀ, ਇਸ ਲਈ ਮੈ ਬਾਹਰ ਦਿਲਚਸਪੀ ਨਾਲ ਦੇਖ ਰਿਹਾ ਸੀ ,ਕਿ ਮੇਰੇ ਨਾਲ ਦੀਆਂ ਖਾਲੀ ਪਈਆ ਸੀਟਾ ਤੇ ਇੱਕ ਜੋੜਾ ਆਣ ਬੈਠਾ ਜਿੰਨਾ ਦੀ ਉਮਰ ਲਗਭਗ 45-50 ਕੁ ਸਾਲ ਦੀ ਹੋਵੇਗੀ। ਉਹ ਦੋਵੇ ਪਤੀ ਪਤਨੀ ਸਨ । ਸਾਦਾ ਪਹਿਰਾਵਾ ਸੀ ਤੇ ਪੂਰਨ ਪਿੰਡ ਦੇ ਵਸਨੀਕ ਸੀ। ਉਹ ਬੈਠੇ ਕਿ ਨਾਲ ਹੀ ਕੰਡਕਟਰ ਆ ਗਿਆ ਤੇ ਉਹਨਾ ਦੀ ਟਿਕਟ ਕੱਟ ਗਿਆ। ਟਿਕਟ ਲੈਣ ਦੇ ਬਾਅਦ ਉਹ ਦੋਵੇ ਚੁੱਪ ਕਰਕੇ ਬੈਠ ਗਏ ,ਤੇ ਉਹਨਾ ਦੀ ਚੁੱਪ ਦੱਸ ਰਹੀ ਸੀ ,ਕਿ ਉਹ ਮੂੰਹੋ ਤਾਂ ਦੋਵੇ ਚੁੱਪ ਨੇ ਪਰ ਅੰਦਰ ਬਹੁਤ ਕੁਝ ਚੱਲ ਰਿਹਾ ਹੈ। ਮੈ ਵੀ ਚੁੱਪ ਚਾਪ ਬੈਠਾ ਸੀ ਕਿ ਅਚਾਨਕ ਉਸ ਔਰਤ ਨੇ ਚੁੱਪੀ ਤੋੜੀ ਤੇ ਆਪਣੇ ਪਤੀ ਨੂੰ ਕਿਹਾ ,”ਜੇ ਬਿੰਦਰ ਨੇ ਰੱਖੜੀ ਨਾ ਬੰਨੀ ਤਾਂ ਫੇਰ ਆਪਾ ਕੀ ਕਰਾਗੇ ?”
ਕੁਝ ਸੈਕਿੰਡ ਚੁੱਪ ਰਹਿਣ ਦੇ ਬਾਅਦ ਉਹ ਬੰਦਾ ਬੋਲਿਆ ,”ਆਏ ਕਿਵੇ ਨਾ ਬੰਨੂੰ ? ਇੱਡੀ ਕਿਹੜੀ ਡਾਂਗ ਚੱਲੀ ਏ ਆਪਣੀ ਕਿ ਉਹ ਇੱਕ ਰੱਖੜੀ ਵੀ ਨਾ ਬੰਨੁ,ਥੋੜੇ ਬਹੁਤ ਮਨ-ਮਟਾਵ ਤਾਂ ਕਿਤੇ ਕਿਤੇ ਹੋ ਹੀ ਜਾਂਦੇ ਨੇ ।”
ਬੇਸ਼ੱਕ ਉਸ ਬੰਦੇ ਨੇ ਇਹ ਗੱਲ ਆਪਣੇ ਘਰ ਵਾਲੀ ਨੂੰ ਕਹੀ ਸੀ ,ਪਰ ਉਸਦੇ ਕਹਿਣ ਦੇ ਅੰਦਾਜ ਵਿੱਚ ਮੈਨੂੰ ਉਸਦਾ ਪੂਰਾ ਵਿਸ਼ਵਾਸ ਨਹੀ ਸੀ ਦਿਸ ਰਿਹਾ। ਸ਼ਾਇਦ ਉਸਨੂੰ ਵੀ ਡਰ ਸੀ ਕਿ ਉਸਦੀ ਭੈਣ ਉਸਨੂੰ ਬੁਲਾਵੇਗੀ ਜਾ ਨਹੀ ,ਰੱਖੜੀ ਬੰਨੇਗੀ ਜਾ ਨਹੀ। ਉਹ ਇੰਨਾ ਕਹਿਣ ਦੇ ਬਾਅਦ ਚੁੱਪ ਹੋ ਕੇ ਬੈਠ ਗਿਆ ਤੇ ਉਹਦੀ ਪਤਨੀ ਵੀ ਕੁਝ ਨਾ ਬੋਲੀ। ਫੇਰ 10 ਮਿੰਟ ਬਾਅਦ ਉਹਦੀ ਪਤਨੀ ਬੋਲੀ,”ਤੁਸੀਂ ਇੱਕ ਵਾਰ ਉਹਨੂੰ ਫੋਨ ਤਾਂ ਲਾਵੋ,ਨਾਲੇ ਪਤਾ ਲੱਗ ਜੂ ਕਿ ਅੱਗੋ ਉਹ ਕੀ ਕਹਿੰਦੀ ਹੈ , ਜੇ ਅੱਗੋ ਬੁਰਾ ਭਲਾ ਬੋਲੀ ਤਾਂ ਆਪਾ ਇਥੋ ਹੀ ਮੁੜ ਚੱਲਾਗੇ ,ਜੇ ਉਹਨੇ ਚੰਗਾ ਮੰਨਿਆ ਤਾਂ ਫ਼ੇਰ ਉਹ ਵੀ ਰੱਖੜੀ ਖਰੀਦ ਲਉ,ਕੋਈ ਤਿਆਰੀ ਕਰ ਲਉ।”
ਉਸ ਬੰਦੇ ਨੂੰ ਆਪਣੀ ਪਤਨੀ ਦੀ ਗੱਲ ਸਹੀ ਲੱਗੀ ,ਉਹਨੇ ਬਿਨਾ ਕੁਝ ਬੋਲੇ ਹੀ ਫੋਨ ਕਰ ਲਿਆ । ਫੋਨ ਕੰਨ ਨੂੰ ਲਾ ਕਿ ਆਪਣੀ ਪਤਨੀਂ ਵੱਲ ਦੇਖਣ ਲੱਗਾ ਕਿ ਉਸਦੀਆ ਨਜਰ ਮੇਰੀਆ ਨਜਰਾ ਨਾਲ ਵੀ ਮਿਲ ਗਈਆ ,ਮੈਨੂੰ ਇੰਝ ਲੱਗਾ ਕਿ ਜਿਵੇ ਉਹ ਅੱਖਾ ਰਾਹੀ ਮੈਨੂੰ ਵੀ ਪੁੱਛ ਰਿਹਾ ਹੋਵੇ ਕਿ ਹੁਣ ਕੀ ਬਣੁਗਾ ਅੱਗੇ। ਅੱਗੋ ਕਿਸੇ ਨੇ ਫੋਨ ਚੱਕਿਆ ਤਾਂ ਉਹ ਬੋਲਿਆ ,”ਕੀ ਹਾਲ ਏ ਬਿੰਦਰੇ ,ਤਕੜੀ ਏ ?? ਮੈਂ ਰੱਖੜੀ ਬਣਾਉਣ ਆ ਰਿਹਾ,ਮੇਰੇ ਰੱਖੜੀ ਬੰਨ ਦੇਵੇਗੀ ?” ਆਖਿਰੀ ਲਾਇਨ ਬੋਲਦੇ ਉਹਦਾ ਥੋੜਾ ਗਚ ਭਰ ਆਇਆ ।
ਪਤਾ ਨਹੀ ਅੱਗੋ ਕੀ ਜਵਾਬ ਆਇਆ ਕਿ ਉਸਦੀਆ ਅੱਖਾ ਥੋੜੀਆ ਨਮ ਹੋ ਗਈਆ ਤੇ ਉਹਨੇ ਉਸੇ ਵਕਤ ਸਬ ਤੋਂ ਛੁਪਾਉਂਦਿਆ ਅੱਖਾ ਦਾ ਪਾਣੀ ਸਾਫ਼ ਕਰ ਲਿਆ। ਇੱਕ ਦੋ ਮਿੰਟ ਗੱਲ ਕੀਤੀ ਤੇ ਫੋਨ ਕੱਟ ਦਿੱਤਾ।
“ਕੀ ਕਹਿੰਦੀ ਬਿੰਦਰ ??” ਉਸਦੀ ਘਰਵਾਲੀ ਨੇ ਪੁੱਛਿਆ।
ਉਹ ਤਾਂ ਆਪ ਕਹਿੰਦੀ ਕਿ , “ਮੈ ਰੱਖੜੀ ਖਰੀਦੀ ਬੈਠੀ ਸੀ ,ਪਰ ਡਰਦੀ ਸੀ ਕਿ ਤੁਸੀਂ ਰੱਖੜੀ ਬਣਾਵੋਗੇ ਵੀ ਜਾ ਨਹੀ। ਆਉਣਾ ਤਾਂ ਮੈ ਹੀ ਚਾਹੁੰਦੀ ਸੀ ਕਿ ਆ ਕੇ ਰੱਖੜੀ ਬੰਨਾ ,ਪਰ ਇਸ ਡਰ ਮਾਰੀ ਫੋਨ ਵੀ ਨਹੀ ਲਾ ਸਕੀ।”
ਉਸ ਬੰਦੇ ਦੇ ਚਹਿਰੇ ਦੇ ਭਾਵ ਹੀ ਬਦਲ ਗਏ ਸੀ ,ਹੁਣ ਉਸਦੇ ਚੇਹਰੇ ਦਾ ਤਾਨਾਵ ਮੁਸਕਾਨ ਵਿੱਚ ਬਦਲ ਗਿਆ ਸੀ।
ਉਸ ਬੰਦੇ ਨੇ ਆਪਣੀ ਪਤਨੀ ਨੂੰ ਕਿਹਾ , “ਦੇਖ ਲੈ ਏਵੈ ਨਿੱਕੇ-ਨਿੱਕੇ ਰੋਸੇ ਵੱਡੇ ਹੋ ਜਾਂਦੇ ਨੇ ,ਜੇ ਇੱਕ ਬੰਦਾ ਸ਼ੁਰੁਆਤ ਕਰ ਦੇਵੇ ਤਾਂ ਸਬ ਰੋਸੇ ਮੁੱਕ ਜਾਂਦੇ ਨੇ।”
…
ਮੇਰੀ ਨਜਰੇ ਇਹ ਤਿਉਹਾਰ ਬਹੁਤੇ ਰਿਸ਼ਤਿਆ ਨੂੰ ਹੋਰ ਕਰੀਬ ਲੈ ਆਉਂਦੇ ਨੇ ਤੇ ਆਪਸੀ ਪਿਆਰ ਨੂੰ ਵਧਾਉਂਦੇ ਨੇ …ਏਵੈ ਹਰ ਤਿਉਹਾਰ ਨੂੰ ਕਮੀਆ ਦੀ ਨਜਰ ਨਾਲ ਵੀ ਨਹੀ ਦੇਖਣਾ ਚਾਹੀਦਾ।
ਜਗਮੀਤ ਸਿੰਘ ਹਠੂਰ