ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਜਿਹਾ ਆ ਗਿਆ ਹੋਵੇ..ਰਸੋਈ ਸਾਡੇ ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ..ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਪਰ ਇਸ ਮਗਰੋਂ ਸਭ ਤੋਂ ਵੱਧ ਗੱਲਾਂ ਦਾਦੀ ਦੀਆਂ ਸੁਣਨੀਆਂ ਪੈਂਦੀਆਂ..ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” ਕਰੂ..ਪਰ ਮੇਰੇ ਹੱਸ ਕੇ ਹਰ ਗੱਲ ਆਈ ਗਈ ਕਰ ਦਿਆ ਕਰਦੇ..ਤੇ ਫੋਟੋ ਫਰੇਮ ਵਿਚ ਹਰ ਵੇਲੇ ਹੱਸਦੀ ਹੋਈ ਮੇਰੀ “ਮਾਂ” ਅਕਸਰ ਹੀ ਮੇਰੀ ਹਿਮਾਇਤ ਤੇ ਉੱਤਰ ਆਉਂਦੀ ਲਗਿਆ ਕਰਦੀ..
ਮੇਰੇ ਆਸ ਪਾਸ ਇੱਕ ਤੋਂ ਵੱਧ ਸਨਕੀ ਸਹੇਲੀਆਂ ਦਾ ਘੇਰਾ ਸੀ..
ਹਰ ਵੇਲੇ ਬੱਸ ਮੁੰਡਿਆਂ ਦੀ ਨੁਕਤਾ ਚੀਨੀ..ਅਖ਼ੇ ਪੋਚਵੀਂ ਪੱਗ ਵਾਲਾ ਆਕੜ-ਖਾਣ ਹੁੰਦਾ..ਬਾਹਰੋਂ ਆਏ ਨੇ ਅਕਸਰ ਹੀ ਬਾਹਰ ਵਿਆਹ ਕਰਵਾਇਆ ਹੁੰਦਾ..ਫ਼ੀਏਟ ਕਾਰ ਤੇ ਆਇਆ ਦਿਖਾਵੇਬਾਜ ਅਤ ਲਾਲਚੀ ਹੁੰਦਾ..ਬਹੁਤੇ ਲੰਮੇ ਮੁੰਡੇ ਹਮੇਸ਼ਾਂ ਰੋਹਬ ਥੱਲੇ ਰੱਖਦੇ..ਗੱਲ ਕੀ ਬੀ ਦਿਮਾਗ ਵਿਚ ਬੈਠ ਗਿਆ ਕੇ ਦੁਨੀਆ ਦਾ ਹਰ ਮੁੰਡਾ ਐਬਾਂ ਦੀ ਪੰਡ ਹੈ..ਵਿਚਾਰੇ..ਕਈ ਵਾਰ ਤਰਸ ਵੀ ਆ ਜਾਂਦਾ ਪਰ ਨੇਗੇਟਿਵਿਟੀ ਅਗਲੇ ਹੀ ਪਲ ਫੇਰ ਭਾਰੂ ਹੋ ਜਾਇਆ ਕਰਦੀ..!
ਸਾਨੂੰ ਕਾਲਜ ਦੀ ਬੱਸ ਘਰ ਛੱਡ ਕੇ ਆਇਆ ਕਰਦੀ ਸੀ..ਚਿੱਟੀ ਦਾਹੜੀ ਵਾਲੇ ਡਰਾਈਵਰ ਅੰਕਲ..ਸ਼ਾਇਦ ਰਿਟਾਇਰਡ ਫੌਜੀ ਸਨ..ਬੜੇ ਸਖਤ ਸੁਭਾਅ ਦੇ..ਇੱਕ ਮਿੰਟ ਲੇਟ ਹੋ ਗਏ ਸਮਝੋ ਬੱਸ ਮਿਸ ਹੋ ਗਈ..ਇਸੇ ਲਈ ਸਟੋਪ ਤੇ ਦਸ ਮਿੰਟ ਪਹਿਲਾਂ ਹੀ ਆ ਜਾਇਆ ਕਰਦੀ..
ਗਰਮੀਆਂ ਦੀਆਂ ਛੁਟੀਆਂ ਵਿਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ..ਇੱਕ ਦਿਨ ਬੱਸ ਉਡੀਕਦੀ ਨੂੰ ਅਜੇ ਪੰਜ ਮਿੰਟ ਹੀ ਹੋਏ ਹੋਣੇ ਕੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ..ਮੈਨੂੰ ਕੁਝ ਨਾ ਸੁੱਝੇ ਕੇ ਹੁਣ ਕੀ ਕਰਾਂ..ਏਨੇ ਨੂੰ ਪੋਚਵੀਂ ਪੱਗ ਬੰਨੀ ਉਚਾ-ਲੰਮਾ ਸਰਦਾਰ ਮੁੰਡਾ ਪਤਾ ਨੀ ਕਿਧਰੋਂ ਨਿੱਕਲ ਆਇਆ ਤੇ ਕੋਲ ਆ ਸਕੂਟਰ ਦੀ ਬ੍ਰੇਕ ਮਾਰ ਦਿੱਤੀ..
ਫੇਰ ਮੇਰੇ ਵੱਲ ਇੱਕ ਛਤਰੀ ਵਧਾਉਂਦਾ ਹੋਇਆ ਆਖਣ ਲੱਗਾ “ਜੀ ਰੱਖ ਲਵੋ ਜੇ ਮੋੜਨੀ ਹੋਵੇ ਤਾਂ ਕੱਲ ਸਾਇੰਸ ਬਲਾਕ ਦੇ ਦਫਤਰ ਵਿਚ ਦੇ ਜਾਇਓ..!
ਇਹ ਸਾਰਾ ਕੁਝ ਏਨੀ ਛੇਤੀ ਹੋਇਆ ਕੇ ਨਾ ਉਸਨੇ ਮੇਰਾ ਨਾਮ ਪੁੱਛਿਆ ਤੇ ਨਾ ਮੈਂ ਹੀ ਕੁਝ ਪੁੱਛ ਸਕੀ..
ਅਗਲੇ ਦਿਨ ਪਤਾ ਲੱਗਾ ਕੇ ਨਵੀਂ ਨਵੀਂ ਹੀ ਅਸਿਸਟੈਂਟ ਲੈਕਚਰਰ ਦੀ ਸਿਲੈਕਸ਼ਨ ਹੋਈ ਹੈ..ਮਗਰੋਂ ਅਕਸਰ ਹੀ ਜਦੋਂ ਕਦੀ ਅਗਿਓਂ ਤੁਰੇ ਆਉਂਦੇ ਨਾਲ ਮੇਲ ਹੋ ਜਾਂਦਾ ਤਾਂ ਹੌਲੀ ਜਿਹੀ ਸਸਰੀ ਕਾਲ ਬੁਲਾ ਨੀਵੀਂ ਪਾਈ ਕੋਲੋਂ ਦੀ ਲੰਘ ਜਾਂਦਾ..ਗੁੱਸਾ ਜਿਹਾ ਆ ਜਾਂਦਾ ਕੇ ਏਡੀ ਵੀ ਕਾਹਦੀ ਸ਼ਰੀਫ਼ੀ ਕੇ ਸਿਵਾਏ ਸਤਿ ਸ੍ਰੀ ਅਕਾਲ ਤੋਂ ਹੋਰ ਕੋਈ ਵਾਧੂ ਗੱਲ ਹੀ ਨਹੀਂ..ਪਰ ਉਸਦੀ ਇਹ ਹਰਕਤ ਮੈਨੂੰ ਕਦੀ ਵੀ ਹੰਕਾਰ ਨਾਲ ਭਰੀ ਹੋਈ ਨਾ ਲਗਿਆ ਕਰਦੀ..
ਮੇਰੇ ਵਿਦਿਆਰਥੀ ਵੀ ਜਦੋਂ ਕਦੀ ਉਸਦੀਆਂ ਗੱਲਾਂ ਕਰਦੇ ਤਾਂ ਮੇਰੇ ਕੰਨ ਖੜੇ ਹੋ ਜਾਇਆ ਕਰਦੇੇ..ਕਈ ਵਾਰ ਕੱਲੀ ਬੈਠੀ ਦੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਕੋਈ ਇਹੋ ਜਿਹਾ “ਮੁੰਡਾ” ਹੀ..”
ਫੇਰ ਇੱਕ ਦਿਨ ਪਾਪਾ ਜੀ ਆਖਣ ਲੱਗੇ ਕੇ ਇਸ ਐਤਵਾਰ ਫੇਰ ਕੁਝ ਪ੍ਰਾਹੁਣੇ ਆ ਰਹੇ ਨੇ..
ਇੱਕ ਵਾਰ ਫੇਰ ਮਿੱਥੇ ਟਾਈਮ ਰਸੋਈ ਵਿਚ ਓਹਲੇ ਜਿਹੇ ਪਾਸੇ ਹੋ ਖਲੋ ਗਈ..ਜਦੋਂ ਸਾਰੇ ਜਣੇ ਅੰਦਰ ਅੰਦਰ ਲੰਘਣ ਲੱਗੇ ਤਾਂ ਹੋਸ਼-ਹਵਾਸ ਉੱਡ ਗਏ..ਇਹ ਤਾਂ ਓਹੀ ਸੀ ਛਤਰੀ ਵਾਲਾ..ਦਿਲ ਕੀਤਾ ਕੇ ਖੰਬ ਲਾ ਕੇ ਕਿਤੇ ਦੂਰ ਅੰਬਰਾਂ ਵਿਚ ਉਡਾਰੀ ਲਾ ਆਵਾਂ..ਫੇਰ ਇੱਕ ਸ਼ਰਾਰਤ ਜਿਹੀ ਸੁਝੀ..ਜਾਣ ਬੁਝਕੇ ਉਸਦੇ ਕੱਪ ਵਿਚ ਦੋ ਚਮਚੇ ਖੰਡ ਦੇ ਵਾਧੂ ਪਾ ਦਿੱਤੇ..ਉਸਨੇ ਚੁੱਪ ਚਾਪ ਪੀ ਲਈ..ਫੇਰ ਸੰਖੇਪ ਜਿਹੀ ਰਸਮੀਂ ਗੱਲਬਾਤ ਮਗਰੋਂ ਮੈਂ ਫੇਰ ਵਾਪਿਸ ਰਸੋਈ ਵਿਚ ਆ ਗਈ..!
ਆਦਤਨ ਪਾਪਾ ਜੀ ਇਸ ਵਾਰ ਫੇਰ ਮੇਰੇ ਹਾਵ-ਭਾਵ ਜਾਨਣ ਬਹਾਨੇ ਜਿਹੇ ਨਾਲ ਰਸੋਈ ਅੰਦਰ ਲੰਘ ਆਏ..ਅੱਗੇ ਤਾਂ ਉਹ ਇੱਕ ਗੱਲ ਪਤਾ ਨੀ ਕਿੰਨੀ ਵਾਰ ਪੁੱਛਦੇ ਤਾਂ ਜਾ ਕੇ ਮੇਰਾ ਮੂੰਹ ਖੁਲਿਆ ਕਰਦਾ ਪਰ ਇਸ ਵਾਰ ਮੈਨੂੰ ਪਤਾ ਨੀ ਕੀ ਗਿਆ..ਅਜੇ ਓਹਨਾ ਕੁਝ ਪੁੱਛਿਆ ਵੀ ਨਹੀਂ ਸੀ ਕੇ ਮੂੰਹੋਂ ਆਪਮੁਹਾਰੇ ਹੀ “ਹਾਂ” ਨਿੱਕਲ ਗਈ!