ਹਰੇਕ ਪਿੰਡ ਵਿੱਚ ਦੇਖਿਆ ਜਾਵੇ ਤਾਂ 4-5 ਬੁੜੀਆਂ, ਜਾਂ ਕਹਿ ਲਓ ਸਿਆਣੀਆਂ ਬੀਬੀਆਂ, ਅਜਿਹੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਸਾਰਾ ਪਿੰਡ ਹੀ ਬੇਬੇ ਕਹਿ ਕੇ ਬੁਲਾਈ ਜਾਂਦਾ ਹੈ।ਅੱਜ ਕੱਲ੍ਹ ਭਾਵੇਂ ਸਮਾਂ ਬਦਲ ਗਿਆ ਹੈ, ਪਰ ਅੱਜ ਤੋਂ ਦੋ ਦਹਾਕੇ ਪਹਿਲਾਂ ਇਹਨਾਂ ਦੀ ਬਹੁਤ ਕਦਰ ਹੋਇਆ ਕਰਦੀ ਸੀ। ਉਹਨਾਂ ਸਮਿਆਂ ਵਿੱਚ ਇਹਨਾਂ ਦੇ ਨਾਂ ਹੋਇਆ ਕਰਦੇ ਸਨ, ਪ੍ਰਸੀਨੀ, ਜੰਗੀਰੋ, ਜੇ ਕੁਰ, ਚੰਦ ਕੁਰ, ਆਦਿ। ਕੋਈ ਵੀ ਕਾਰ ਵਿਹਾਰ ਜਿਵੇਂ ਵਿਆਹ, ਮੁੰਡਾ ਜੰਮਦਾ, ਕਿਸੇ ਦੀ ਮਰਕਤ ਹੋ ਜਾਂਦੀ, ਤਾਂ ਇਹਨਾਂ ਦੀ ਸਲਾਹ ਜ਼ਰੂਰ ਲਈ ਜਾਂਦੀ ਸੀ। ਮੈਂ ਇਥੇ ਗੱਲ ਕਰਦਾ ਹਾਂ ਸਾਡੇ ਪਿੰਡ ਦੀ ਬੇਬੇ ਦੇਬੋ ਦੀ, ਜਿਸ ਨੂੰ ਹਰ ਕੰਮ ਵਿੱਚ ਮੁਹਾਰਤ ਹਾਸਲ ਸੀ।ਆਪਣੇ ਘਰ ਵਿੱਚ ਤਾਂ ਓਹਦੀ ਪੂਰੀ ਚੱਲਦੀ ਹੀ, ਸੀ ਪਿੰਡ ਦੀਆਂ ਜਨਾਨੀਆਂ ਵੀ ਉਸ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਕਰਦੀਆਂ ਕਿਸੇ ਨੇ ਵਿਆਹ ਦਾ ਕੱਪੜਾ ਖਰੀਦਣਾ, ਸੱਸ ਦਾ ਕਿਹੋ ਜਿਹਾ ਸੂਟ, ਸੋਹਰੇ ਦਾ ਕਿਹੋ ਜਿਹਾ ਕੰਬਲ਼,ਸੱਭ ਕੁਝ ਉਹਦੀ ਸਲਾਹ ਨਾਲ ਹੋਣਾ। ਕਿਸੇ ਦੇ ਮੁੰਡਾ ਜੰਮ ਪਵੇ, ਖੁਸਰਿਆਂ ਨੂੰ ਕਿੰਨੇ ਪੈਸੇ ਦੇਣੇ,ਪੰਜੀਰੀ ਕਿਵੇਂ ਬਣਾਉਣੀ, ਛੋਟੀਆਂ-ਛੋਟੀਆਂ ਗੱਲਾਂ ਦੀ ਵੀ ਉਸ ਤੋਂ ਸਲਾਹ ਲਈ ਜਾਂਦੀ, ਤੇਜ ਤਰਾਰ ਐਨੀ, ਵਿਆਹ ਵਿੱਚ ਗੀਤ ਗਾਉਣੇ, ਸਿੱਠਣੀਆਂ ਦੇਣੀਆਂ ਦੇਬੋ ਸੱਭ ਤੋਂ ਮੂਹਰੇ ਹੁੰਦੀ ਸੀ, ਇੱਥੋਂ ਤੱਕ ਕਿ ਕਿਸੇ ਦੀ ਰਿਸ਼ਤੇਦਾਰੀ ਵਿੱਚ ਮੌਤ ਹੋਣੀ ਤਾਂ ਵੀ ਜਨਾਨੀਆਂ ਦੇਬੋ ਨੂੰ ਨਾਲ ਲੈ ਕੇ ਜਾਂਦੀਆ।ਸ਼ਾਮ ਵੇਲੇ ਜਦੋਂ ਰਾਤ ਦੇ ਅੱਠ ਕੁ ਵੱਜਦੇ ਤਾਂ ਗਲੀ ਦੇ ਸਾਰੇ ਬੱਚੇ ਦੇਬੋ ਦੇ ਦੁਆਲੇ ਹੋ ਜਾਂਦੇ।ਬੇਬੇ ਕਹਾਣੀ ਸੁਣਾ ਕਹਾਣੀ ਸੁਣਾ, ਬੇਬੇ ਬਹਿ ਜਾਂਦੀ ਫੇਰ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਣ। ਸਵੇਰੇ4 ਵਜੇ ਉੱਠਣਾ, ਗੁਰੁ ਘਰ ਜਾਣਾ, ਮੱਝਾਂ ਚੋਣੀਆਂ, ਗੱਲ ਕੀ ਘਰ ਦਾ ਸਾਰਾ ਕੰਮ ਸੁਬਖ਼ਤੇ ਨਿਬੇੜ ਦੇਣਾ, ਫੇਰ ਲੋਕਾਂ ਦੀ ਸੇਵਾ ਚ ਹਾਜ਼ਰ,ਜੇ ਕੋਈ ਮੇਰੇ ਵਰਗਾ ਪੁੱਛ ਲੈਂਦਾ ਬੇਬੇ ਤੂੰ ਥੱਕਦੀ ਨਹੀਂ ਤਾਂ ਅੱਗੋਂ ਕਹਿੰਦੀ ਕੰਮ ਨਾਲ ਬੰਦਾ ਥੱਕਦਾ ਨਹੀਂ, ਸਗੋਂ ਉਮਰ ਵੱਧਦੀ ਆ,ਮੈਂ ਹੈਰਾਨ ਸੀ ਦੇਬੋ ਸੌ ਸਾਲ ਤੋਂ ਉਤੇ ਹੋ ਕੇ ਮਰੀ ਬੁਢਾਪੇ ਚ ਵੀ ਕਿਸੇ ਤੋਂ ਸੇਵਾ ਨਹੀਂ ਕਰਾਈ,ਘਰ ਵਿੱਚ ਨੂੰਹਾਂ ਧੀਆਂ ਹੋਣ ਦੇ ਬਾਵਜੂਦ ਰੋਟੀ ਟੁੱਕ ਆਪ ਕਰ ਲੈਂਦੀ ਸੀ। ਜੈ ਕੋਈ ਨੂੰਹ ਕਹਿ ਵੀ ਦਿੰਦੀ ਬੇਬੇ ਅਰਾਮ ਕਰਿਆ ਕਰ,ਅੱਗੋਂ ਕਹਿੰਦੀ ਥੋਨੂੰ ਮੈਂ ਤੁਰਦੀ ਫਿਰਦੀ ਚੰਗੀ ਨਹੀਂ ਲੱਗਦੀ, ਅਗਲਾ ਚੁੱਪ ਕਰ ਜਾਂਦਾ।ਸੱਚ ਮੁੱਚ ਤੁਰਦੀ ਫਿਰਦੀ ਰੌਣਕ ਸੀ ,ਸਾਡੇ ਪਿੰਡ ਦੀ ਬੇਬੇ।
ਦਵਿੰਦਰ ਸਿੰਘ ਰਿੰਕੂ