ਜੇ ਮੁੰਡਿਆਂ ਤੂੰ ਵਿਆਹ ਵੇ ਕਰਾਉਣਾ
ਬਹਿ ਜਾ ਖੇਤ ਦਾ ਰਾਖਾ
ਆਉਂਦੀ ਜਾਂਦੀ ਨੂੰ ਕੁੱਝ ਨਾ ਆਖੀਏ
ਦੂਰੋਂ ਲੈ ਲਈਏ ਝਾਕਾ
ਜੇ ਤੈਂ ਇਉਂ ਕਰਨੀ
ਵਿਆਹ ਕਰਵਾ ਲੈ ਕਾਕਾ।
punjabi tapp
ਕੀ ਬਣ ਠਣ ਆਏ ਜਨੇਤੀਓ ਵੇ
ਨਿਰਾ ਢੋਰਾਂ ਦਾ ਬੱਗ ਵੇ
ਰਾਮਣ ਦੀ ਸੈਨਾ ਨਿਰੇ ਬਾਂਦਰਾਂ ਦਾ ਟੋਲਾ (ਰਾਵਣ)
ਕੱਠੇ ਤਾਂ ਹੋਏ ਲਾਈਲੱਗ ਵੇ
ਗੱਲ੍ਹਾਂ ‘ਤੇ ਲਾ ਲੋ ਕਾਲਸ ਦੇ ਟਿੱਕੇ
ਥੋਨੂੰ ਨਜ਼ਰ ਨਾ ਜਾਵੇ ਲੱਗ ਕੇ
ਮੂੰਹ ਸਿਰ ਕਰ ਲੋ ਕਾਲੇ ਪੀਲੇ
ਥੋਡੇ ਛਿਪ ਜਾਣੇ ਮੁੰਹਾਂ ਦੇ ਕੱਜ ਕੇ
ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ,
ਵੇ ਮੈ ਕੱਲ ਦੀ ਕੁੜੀ,
ਜੀਜਾ
ਉੱਚਾ ਬੁਰਜ ਬਰਾਬਰ ਮੋਰੀ
ਦੀਵਾ ਕਿਸ ਬਿਧ ਧਰੀਏ
ਚਾਰੇ ਨੈਣ ਕਟਾਵੱਢ ਹੋ ਗਏ
ਹਾਮੀ ਕੀਹਦੀ ਭਰੀਏ
ਨਾਰ ਬਗਾਨੀ ਦੀ
ਬਾਂਹ ਨਾ ਮੂਰਖਾ ਫੜੀਏ
ਇਸ ਜਵਾਨੀ ਦਾ ਮਾਣ ਨਾ ਕਰੀਏ,
ਟੁੱਟ ਜਾਉਗੀ ਕੰਚ ਦੀ ਵੰਗ ਵਾਗੂੰ,
ਖਿੜ ਰਹੀਏ ਗੁਲਾਬ ਦੇ ਫੁੱਲ ਵਾਗੂੰ,
ਖਿੜ ਰਹੀਏ
ਮਾਏ ਤੂੰ ਮੇਰਾ ਦੇਹ ਮੁਕਲਾਵਾ
ਬਾਰ-ਬਾਰ ਸਮਝਾਵਾਂ
ਚੁੱਲ੍ਹੇ ਚੌਂਤਰੇ ਸਾਰੇ ਢਹਿ ਗਏ
ਸੁੰਨੀਆਂ ਪਈਆਂ ਸਬਾਤਾਂ
ਮੇਰੇ ਯਾਰ ਦੀਆਂ
ਕੌਣ ਕਟਾਊ ਰਾਤਾਂ।
ਤਣੀਆਂ ਕਨਾਤਾਂ ਤੰਬੂ ਝੂਲਦੇ
ਬਾਬਲ ਰਾਜੇ ਦੇ ਵਿਹੜੇ ਧੰਨ ਧੰਨ ਵੇ
ਭਰੀਏ ਪੰਚੈਤ ਵਿਚ ਬਾਬਲ ਰਾਜਾ
ਜਿਉਂ ਤਾਰਿਆਂ ਵਿਚ ਚੰਨ ਵੇ
ਭਰੀਏ ਪੰਚੈਤ ਵਿਚ ਕੁੜਮ ਕੰਜਰ ਦਾ
ਜਿਉਂ ਖੜਦੁੰਮੀ ਜਿਹੀ ਰੰਨ ਵੇ
ਸੱਚ ਦੱਸਾ ਰਾਂਝਣਾ,
ਮੈਥੋ ਕਾੜਨੀ ਫੁੱਟੀ,
ਸੱਚ ਦੱਸਾ
ਨੌਕਰ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਨੇ ਤਾਂ ਮੋਢੇ ਧਰ ਲੀ ਲਈ
ਚੱਲ ਪਿਆ ਸੁਭਾ ਸਵੇਰੇ
ਤੀਵੀਂ ਨੌਕਰ ਦੀ
ਰੰਡੀਆਂ ਬਰੋਬਰ ਹੋਈ।
ਦਿਉਰ ਦਰਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ………,
ਨੌਕਰ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਨੇ ਤਾਂ ਚੱਕਿਆ ਬਿਸਤਰਾ
ਹੋ ਗਿਆ ਗੱਡੀ ਦੇ ਨੇੜੇ
ਮੈਂ ਤੈਨੂੰ ਵਰਜ ਰਹੀ ।
ਦੇਈਂ ਨਾ ਬਾਬਲਾ ਫੇਰੇ।
ਸਦਾ ਨਾ ਬਾਗ਼ੀ ਹੋਣ ਬਹਾਰਾਂ,
ਸਦਾ ਨਾ ਕੋਇਲ ਬੋਲੇ,
ਤੇਰੀ ਮੇਰੀ ਲੱਗ ਗੀ ਦੋਸਤੀ
ਲੱਗ ਗੀ ਕੰਧੋਲੀ ਓਹਲੇ।
ਮੇਰੇ ਹੱਥ ਵਿੱਚ ਗੁੱਲੀ ਡੰਡਾ,
ਤੇਰੇ ਹੱਥ ਪਟੋਲੇ।
ਟੁੱਟਗੀ ਯਾਰੀ ਤੋਂ
ਗਾਲ੍ਹ ਬਿਨਾਂ ਨਾ ਬੋਲੇ।