ਦਿਲ ਦੇ ਵੱਡੇ ਉਪਰੇਸ਼ਨ ਪਿੱਛੋਂ ਵਜੁਰਗ ਲੇਖਕ ਨੂੰ ਹੋਸ਼ ਆ ਗਈ ਸੀ ਅਤੇ ਉਹ ਸੁਚੇਤ ਹੋ ਰਿਹਾ ਸੀ।
‘ਬਾਬਾ ਜੀ ਆਪਦੀ ਸੇਵਾ ਲਈ ਮੇਰੀ ਡਿਊਟੀ ਲੱਗੀ ਏ।” ਪਰੀਆਂ ਵਰਗੀ ਨਰਸ ਦੇ ਮੂੰਹੋਂ ਫੁੱਲ ਕਿਰੇ।
‘ਜੀ ਆਇਆਂ ਨੂੰ, ਮੇਰੇ ਬੱਚੇ ਮੈਨੂੰ ਪਾਪਾ ਕਹਿੰਦੇ ਹਨ। ਲੇਖਕ ਨੇ ਦੂਰੀਆਂ ਘਟਾ ਦਿੱਤੀਆਂ ਸਨ।
‘ਪਾਪਾ ਜੀ ਜਦ ਵੀ ਲੋੜ ਹੋਵੇ ਮੈਨੂੰ ਆਵਾਜ ਮਾਰ ਲੈਣੀ। ‘ਮਰੀਜ ਦੀਆਂ ਲੋੜਾਂ ਨਰਸ ਵਧੇਰੇ ਜਾਣਦੀ ਹੁੰਦੀ ਏ। ਲੇਖਕ ਦੀ ਮੁਸ਼ਕਰਾਹਟ ਵਿੱਚ ਅਪਨੱਤ ਸੀ।
ਪਤਾ ਨਹੀਂ ਨਰਸ ਦੀ ਸੇਵਾ ਵਿੱਚ ਕੋਈ ਜਾਦੂ ਸੀ ਜਾਂ ਫਿਰ ਉਸ ਦੀ ਫੱਟਮੇਲ ਛੋਹ ਦਾ ਅਸਰ ਸੀ, ਲੇਖਕ ਦਿਨਾਂ ਵਿੱਚ ਹੀ ਤੰਦਰੁਸਤ ਹੋ ਗਿਆ ਸੀ। ਉਸ ਦੇ ਜ਼ਖਮਾਂ ਉੱਤੋਂ ਪੱਟੀਆਂ ਲੱਥ ਗਈਆਂ ਸਨ ਅਤੇ ਉਹ ਟੂਰਣ, ਫਿਰਣ ਲੱਗ ਗਿਆ ਸੀ। ਉਸ ਨੇ ਆਪਣੀ ਸੋਚ ਵਿੱਚ ਨਵੇਂ ਭਵਿੱਖ ਦੀ ਉਸਾਰੀ ਕਰਨੀ ਅਰੰਭ ਦਿੱਤੀ ਸੀ।
“ਪਾਪਾ ਜੀ ਅੱਜ ਜਾ ਰਹੇ ਨੇ ਰਹਿੰਦੇ ਜੀਵਨ ਲਈ ਮੇਰੇ ਵਲੋਂ ਢੇਰ ਸਾਰੀਆਂ ਸੁਭਇਛਾਵਾਂ ਅਲਵਿਦਾ। ਕੁੜੀ ਨੇ ਮੁਸ਼ਕਰਾਕੇ ਹੱਥ ਚੁੱਕਿਆ ਅਤੇ ਵਿਦਾਇਗੀ ਦਿੱਤੀ। ਲੇਖਕ ਨੇ ਧੰਨਵਾਦ ਵਜੋਂ ਬੇਟੀ ਦਾ ਹੱਥ ਮੰਗ ਕੇ ਚੁੰਮ ਲਿਆ।
ਨਰਸ ਦੀਆਂ ਅੱਖਾਂ ਭਰ ਆਈਆਂ, ਉਹ ਦੂਜੇ ਬੈਂਡ ਵੱਲ ਜਾ ਰਹੀ ਸੀ।
Punjabi Story
ਮੇਰੇ ਡੈਡੀ ਹੁਣੀ ਤਿੰਨ ਭਰਾ ਨੇ , ਡੈਡੀ ਤੇ ਤਾਇਆ ਜੀ ਖੇਤੀ ਕਰਦੇ ਸੱਭ ਤੋ ਛੋਟੇ ਚਾਚਾ ਜੀ, ਉਹ ਆਸਟ੍ਰੇਲੀਆ ਰਹਿੰਦੇ ਆ , ਸਾਰਾ ਪਰਿਵਾਰ ਇਕੱਠਾ ਆ , 4 ਸਾਲ ਪਹਿਲਾਂ ਆਸਟ੍ਰੇਲੀਆ ਚਾਚੀ ਕੋਲ ਬੱਚਾ ਹੋਣ ਵਾਲਾ ਸੀ ਸੋ ਦਾਦੀ ਨੂੰ ਚਾਚਾ ਜੀ ਨੇ ਬੁਲਾਲਿਆ, ਬਾਪੂ ਜੀ ਦਾਦੀ ਨੂੰ ਰੋਕਿਆ ਵੀ ਨਾਂ ਜਾਂ ਬਾਹਰਲਾ ਮੁਲਕ ਆਪਣੇ ਨਹੀਂ ਸੂਤ ਆਉਂਦਾ ਖੁੱਲੇ ਡੁੱਲੇ ਮਾਹੌਲ ਵਿੱਚ ਰਹਿਣ ਵਾਲਿਆਂ ਦੇ।
ਪਰ ਦਾਦੀ ਮੰਨੀ ਨਹੀਂ, ਚੜ ਗਈ ਜਹਾਜੇ, ਉਦਾ ਦਾਦੀ ਨੇ ਹਮੇਸ਼ਾ ਸ਼ਾਮ ਨੂੰ ਰੋਟੀ ਖਾਣ ਮਗਰੋ ਦਾਦੇ ਨਾਲ ਤੁਰਨ ਜਾਣਾ, ਸਾਡਾ ਘਰ ਖੇਤਾਂ ਵਿੱਚ ਸੀ, ਘਰ ਦਾ ਸਾਰਾ ਲੈਣ-ਦੇਨ ਦਾਦੀ ਕੋਲ ਸੀ, ਦੋਨਾ ਭੂਆ ਨੇ ਆਉਣਾ, ਦਾਦੀ ਨੇ ਦਾਦੇ ਨੂੰ ਪੈਸੇ ਫੜਾਉਣੇ ਬੀ ਕੁੜੀਆਂ ਨੂੰ ਪਿਆਰ ਦੇ ਦੇ, 6 ਮਹੀਨੇ ਦਾਦੀ ਬਾਹਰਲੇ ਮੁਲਕ ਰਹੀ ਤੇ ਏਧਰ ਬਾਪੂ ਦਿਨੋ ਦਿਨ down ਹੁੰਦਾ ਜਾ ਰਿਹਾ ਸੀ ਚੁੱਪ ਚੁੱਪ ਰਹਿਣਾ ਜੇ ਮੰਮੀ ਹੁਣਾ ਕਹਿਨਾ ਬਾਪੂ ਜੀ ਕੋਈ ਗੱਲਬਾਤ ਕਰਿਆ ਕਰੋ ਸਾਡੇ ਕੋਲ ਬੈਠਿਆ ਕਰੋ, ਬਾਪੂ ਨੇ ਚੁੱਪ ਹੀ ਰਹਿਣਾ, ਹਾਨ ਨੂੰ ਹਾਨ ਪਿਆਰਾ ਹੁੰਦਾ ਆ
ਫੇਰ ਇੱਕ ਦਿਨ ਬਾਹਰੋ ਫੋਨ ਆਇਆ ਕੇ ਦਾਦੀ ਦਾ ਬਾਹਰ ਐਕਸੀਡੈਂਟ ਹੋ ਗਿਆ , ਪੱਟ ਕੋਲੋ ਲੱਤ ਟੁੱਟ ਟੁੱਟ ਗਈ ਦੋ ਜਗਾਹ ਤੋਂ, ਬਾਪੂਦਾ Bp ਚੈਕ ਕਰਵਾਇਆ, ਬਹੁਤ ਜਿਆਦਾ ਵੱਧ ਗਿਆ ਸੀ, ਪਹਿਲੀ ਵਾਰ ਬਾਪੂ ਨੂੰ ਏਨੇ ਗੁੱਸੇ ਵਿੱਚ ਵੇਖਿਆ ਸੀ, ਇਹਨੂੰ ਕਿਹਾ ਸੀ ਕੰਜਰ ਨੇ ਭਗਤਨੀ ਨੂੰ ਨਾਂ ਲੈਕੇ ਜਾਂ ਬਾਹਰਲੇ ਮੁਲਕ ਇਹਨੂੰ ਕੀ ਪਤਾ ਵਿਚਾਰੀ ਨੂੰ ਉਦੋਂ ਦੇ ਰੂਲ ਕਾਨੂੰਨ ਦਾ,
ਦਾਦੀ ਇੱਕ ਦਿਨ ਘਰੋ ਬਾਹਰ ਨਿਕਲੀ ਤੇ ਸੜਕ ਪਾਰ ਕਰਦੀ ਦਾ ਐਕਸੀਡੈਂਟ ਹੋ ਗਿਆ, ਜਦੋ ਦਾਦੀ ਵਾਪਿਸ ਆਈ ਵਹੀਲ ਚੇਅਰ ਤੇ ਸੀ, ਚਾਚੇ ਕੋਲ ਪੁੱਤ ਨੇ ਜਨਮ ਲਿਆ ਸੀ ਪਰ ਦਾਦੇ ਨੇ ਕੋਈ ਚਾਹ ਨਹੀਂ ਕਰਨ ਦਿੱਤਾ, ਉਹਨੂੰ ਕਹੋ ਜਦੋ ਦਾਦੀ ਮਹਿੰਦਰ ਕੌਰ ਠੀਕ ਹੋ ਜਾਉ ਅਸੀਂ ਕਰਲਾਗੇ ਪਾਰਟੀ, 4 ਮਹੀਨੇ ਦਾਦੀ ਵਹੀਲ ਚੇਅਰ ਤੇ ਰਹੀ, ਦਾਦੇ ਕੁਰਸੀ ਪਹੀ ਵੱਲ ਨੂੰ ਰੇਹੜ ਲੈਣੀ, ਜਿਵੇਂ ਪਹਿਲਾਸੈਰ ਕਰਦੇ ਉਵੇਂ, ਹੀ ਦਾਦੀ ਨੇ ਖੇਤ ਬੰਨੇ ਵਿਖਾਕੇ ਲਿਆਉਣੇ,
ਕਦੇ ਕਦੇ ਮਖੌਲ ਨਾਲ ਕਹਿਣਾ ਮਹਿੰਦਰ ਕੁਰੇ ਗੋਰਿਆਂ ਵਾਂਗੂ ਪੈਂਟਾਂ ਤੇ ਨਹੀਂ ਪਾਉਣ ਲੱਗ ਗਈ ਸੀ ਬਾਹਰ ਜਾਕੇ, ਦਾਦੀ ਨੇ ਕਹਿਣਾ ਬੁੱਢੀ ਉਮਰੇ ਹੁਣ ਆਹ ਖੇਖਣ ਕਰਨੇ ਸੀ, ਅਸੀ ਸਾਰਿਆ ਹੱਸਣਾ, ਦਾਦੀ ਨੌ ਬਰ ਨੂੰ ਹੋ ਗਈ ਸੀ, ਸਾਰਾ ਪਰਿਵਾਰ ਰੋਟੀ ਖਾਕੇ ਬੈਠਾ ਸੀ, ਘਰ ਦੇ ਦੇ ਬਾਹਰ ਮੋਟਰ ਚੱਲ ਰਹੀ ਸੀ, ਦਾਦੀ ਬਾਹਰ ਪਾਣੀ ਭਰਨ ਗਈ ਤਿਲਕ ਕੇ ਡਿੱਗ ਗਈ।
ਅਸੀਂ ਦਾਦੀ ਨੂੰ ਦਾਖਲ ਕਰਵਾਇਆ, ਬਾਪੂ ਜੀ ਉਦੋ ਛੋਟੀ ਭੂਆ ਕੋਲ ਗਏ ਸੀ, ਬਾਪੂ ਜੀ ਸੁਣ ਕੇ ਅਟੈਕ ਆਗਿਆ ਦਾਦੀ ਹੋਸਪੀਟਲ ਸੀ ਤੇ ਬਾਪੂ ਅਕਾਲ ਚਲਾਣਾ ਕਰ ਗਏ, 2 ਸਾਲ ਹੋ ਗਏ ਇਸ ਗੱਲ ਨੂੰ ,ਬੜਾ ਯਾਦ ਕਰੀਦਾ ਬਾਪੂ ਜੀ , ਹੁਣ ਸਾਰਾ ਪਰਿਵਾਰ ਦਾਦੀ ਨੂੰ ਨਾਲ ਲੈਕੇ ਜਾਂਦੇ ਆ ਸੈਰ ਲਈ, ਅਸੀਂ 4 ਪੋਤੇ ਪੋਤੀਆ ਦਾਦੀ ਦੇ ਸਾਨੂੰ ਬਹੁਤ ਪਿਆਰ ਮਿਲਦਾ ਦਾਦੀ ਤੇ।
ਵੱਡੇ ਸ਼ਹਿਰ ਵਿੱਚ ਛੋਟੇ ਹਸਪਤਾਲ ਦੇ ਖਾਸ ਕਮਰੇ ਵਿੱਚ ਦਿਲ ਦੇ ਮਾਹਰ ਡਾਕਟਰ ਅਤੇ ਮਰੀਜ ਨਾਲ ਆਏ ਡਾਕਟਰ ਦੀ ਲੰਮੀ ਗੱਲਬਾਤ ਚੱਲ ਰਹੀ ਸੀ। ਜਦ ਦੇ ਣ ਲੈਣ ਦੇ ਮਾਮਲੇ ਉਤੇ ਆ ਕੇ ਗੱਲ ਅੜ ਗਈ ਤਾਂ ਗਰੀਬ ਮਰੀਜ ਵਿੱਚ ਹੀ ਬੋਲ ਪਿਆ।
‘ਡਾਕਟਰ ਸਾਹਿਬ ਦਿਲ ਦੀ ਗੱਲ ਵਿੱਚ ਦਿਲ-ਲਗੀਆਂ ਚੰਗੀਆਂ ਨਹੀਂ ਹੁੰਦੀਆਂ। ਆਪ ਜੀ ਨੇ ਆਪਣਾ ਫੈਸਲਾ ਪਿੱਛੋਂ ਕਰ ਲੈਣਾ, ਮੈਨੂੰ ਦਸੋ ਆਪ ਨੂੰ ਘੱਟ ਤੋਂ ਘੱਟ ਕਿੰਨੀ ਰਕਮ ਚਾਹੀਦੀ ਏ।
ਡੇਢ ਲੱਖ ‘ਇਹ ਕਦ ਚਾਹੀਦੀ ਏ ਰਕਮ ਪਹਿਲਾਂ ਅਤੇ ਦਿਲ ਦੀ ਮੁਰੰਮਤ ਪਿੱਛੋ। “ਜੇ ਮੈਂ ਉਪਰੇਸ਼ਨ ਦੌਰਾਨ ਮਰ ਜਾਵਾਂ ਤਾ ਕਿਵੇਂ ਕਰੋਗੇ?”
‘ਉਸ ਦੀ ਤੁਸੀਂ ਫਿਕਰ ਨਾ ਕਰੋ। ਅਸੀਂ ਦਿੱਤੀ ਰਕਮ ਵਿੱਚ ਹੀ ਕਿਸੇ ਯੋਗ ਸਾਧਨ ਰਹੀਂ, ਤੁਹਾਡੀ ਲਾਸ਼ ਨੂੰ ਤੁਹਾਡੇ ਪਿੰਡ ਪਹੁੰਚਾ ਦੇਵਾਂਗੇ। ਡਾਕਟਰ ਨੇ ਮੇਜ ਉੱਤੇ ਪਿਆ ਦਿਲ ਦਾ ਮਾਡਲ ਹੱਥ ਨਾਲ ਘੁਮਾਕੇ, ਮਰੀਜ ਦੇ ਦਿਲ ਦੀ ਸੁੱਤੀ ਪੀੜ ਜਗਾ ਦਿੱਤੀ ਸੀ।
ਮਰੀਜ ਆਪਣਾ ਦਰਦ ਭਰਿਆ ਦਿਲ ਹੱਥ ਨਾਲ ਸਾਂਭ ਦਿਲ ਰਹਿਤ ਡਾਕਟਰ ਦੀ ਵਰਕਸ਼ਾਪ ਵਿੱਚੋਂ ਬਾਹਰ ਵੱਲ ਜਾ ਰਿਹਾ ਸੀ।
ਦਹੇਜ
ਵਹੁਟੀ ਦੇ ਰੂਪ ਵਿੱਚ ਲਕਸ਼ਮੀ ਦੇ ਪੈਰ ਪੈਂਦਿਆਂ ਹੀ ਘਰ ਵਿੱਚ ਖੁਸ਼ੀਆਂ ਅਤੇ ਹਾਸੇ ਪਰਤ ਆਏ ਸਨ। ਸੌਹਰਿਆਂ ਦੇ ਨਾਲ ਰਿਸ਼ਤੇਦਾਰਾਂ ਅਤੇ ਗਵਾਂਢੀਆਂ ਨੇ ਵੀ ਬਹੂ ਦੇ ਖੁਲ੍ਹੇ ਅਤੇ ਕੀਮਤੀ ਦਹੇਜ ਦੀ ਸਲਾਘਾ ਕੀਤੀ ਸੀ।
ਸੌਹਰਿਆਂ ਅਤੇ ਮਾਪਿਆਂ ਨੇ ਸਭ ਕੁਝ ਇੰਨਾਂ ਜਲਦੀ ਕੀਤਾ ਕਿ ਉਹ ਬਹੁਤ ਕੁਝ ਕਰਨਾਂ ਚਾਹੁੰਦੀ ਵੀ ਆਪਣੇ ਪਿਆਰ ਲਈ ਕੁਝ ਨਹੀਂ ਕਰ ਸਕੀ ਸੀ। ਬਦਲੇ ਦੀ ਅੱਗ ਉਸ ਦੇ ਸੀਨੇ ਵਿੱਚ ਮੱਚ ਰਹੀ ਸੀ ਅਤੇ ਉਹ ਯੋਗ ਸਮੇਂ ਦੀ ਉਡੀਕ ਵਿੱਚ ਸੀ।
ਲਕਸ਼ਮੀ ਰਾਤ ਨੂੰ ਉੱਚੀ ਉੱਚੀ ਰੋਣ ਅਤੇ ਚੀਕਾਂ ਮਾਰਨ ਲੱਗ ਜਾਇਆ ਕਰਦੀ ਸੀ ਤਾਂ ਜੋ ਗਵਾਂਢੀਆਂ ਨੂੰ ਉਸ ਦੇ ਕੁੱਟੇ ਜਾਣ ਦਾ ਭੁਲੇਖਾ ਪੈ ਸਕੇ। ਦਿਨੇ ਉਹ ਦੁਹਾਈਆਂ ਪਾਉਣੀਆਂ ਅਰੰਭ ਕਰ ਦਿੰਦੀ ਸੀ ਜਿਵੇਂ ਧੱਕੇ ਦੇਕੇ ਕੋਈ ਉਸ ਨੂੰ ਘਰ ਤੋਂ ਬਾਹਰ ਕੱਢ ਰਿਹਾ ਹੋਵੇ।
ਸੌਹਰੇ ਪਰਵਾਰ ਦੇ ਤਾਂ ਹੱਥਾਂ ਦੇ ਤੋਤੇ ਹੀ ਉੱਡ ਗਏ ਜਦ ਇੱਕ ਦਿਨ ਮੂੰਹ ਹਨੇਰੇ ਬਹੂ ਘਰ ਤੋਂ ਅਲੋਪ ਹੋ ਗਈ। ਉਹ ਹਾਲੀ ਸੰਭਲੇ ਵੀ ਨਹੀਂ ਸਨ ਕਿ ਦਿਨ ਚੜ੍ਹਦੇ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਆ ਛਾਪਾ ਮਾਰਿਆ। ਪੁਲਿਸ ਨੇ ਸੌਹਰੇ ਸੱਸ, ਪਤੀ ਅਤੇ ਕੰਵਾਰੀ ਨਨਦ ਨੂੰ ਹਿਰਾਸਤ ਵਿੱਚ ਲੈ ਕੇ ਦੱਸਿਆ, “ਤੁਹਾਡੀ ਨੂੰਹ ਨੇ ਸ਼ਕਾਇਤ ਕੀਤੀ ਕਿ ਉਸ ਨੂੰ ਘੱਟ ਦਹੇਜ ਲਿਆਉਣ ਕਰਕੇ ਰੋਜ਼ ਕੁੱਟਿਆ ਜਾਂਦਾ ਸੀ ਅਤੇ ਅੱਜ ਬੁਰੀ ਤਰ੍ਹਾਂ ਕੁੱਟਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਡਾਕਟਰੀ ਰਿਪੋਰਟ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਪੁਲਿਸ ਦੀ ਜੀਪ ਦਹੇਜ ਦੇ ਦੋਸ਼ੀਆਂ ਨੂੰ ਨਾਲ ਲੈ ਕੇ ਥਾਨੇ ਵੱਲ ਚੱਲ ਪਈ।
ਸੁਖਜੀਤ ਸਿੰਘ ਅੱਜ ਰਾਤ ਫਿਰ ਲੇਟ ਹੋ ਗਿਆ ਸੀ। ਜਦ ਉਹ ਘਰ ਪੁੱਜਿਆ ਉਹ ਬੈਂਡ-ਰੂਮ ਵਿੱਚ ਸੁੱਤੀ ਪਈ ਸੀ। ਉਸ ਦਾ ਕਮਲਾਇਆ ਚਿਹਰਾ ਦਸ ਰਿਹਾ ਸੀ ਉਹ ਬਹੁਤ ਉਡੀਕ ਕੇ ਸੁੱਤੀ ਸੀ। ਉਸ ਦਾ ਭਲਾ ਮੂੰਹ ਅਤੇ ਗੋਰਾ ਤਨ ਬੜੇ ਪਿਆਰੇ ਲੱਗ ਰਹੇ ਸਨ। ਉਸ ਦੇ ਵਾਲਾਂ ਦੀ ਇੱਕ ਲਿੱਟ ਪੱਖੇ ਦੀ ਹਵਾ ਨਾਲ ਉਸ ਦੀਆਂ ਗੱਲਾਂ ਉੱਤੇ ਖੇਡ ਰਹੀ ਸੀ।
ਉਹ ਕੁਝ ਦੇਰ ਤੱਕ ਖੜਾ ਉਸ ਦੇ ਮੂੰਹ ਨੂੰ ਨਿਹਾਰਦਾ ਰਿਹਾ। ਉਹ ਚਾਹੁੰਦਾ ਸੀ ਉਸ ਨੂੰ ਉਠਾ ਕੇ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ ਅਤੇ ਰਜ ਕੇ ਪਿਆਰ ਕਰੇ। ਪਰ ਉਸ ਦੀ ਗੂੜੀ ਨੀਂਦ ਨੂੰ ਉਹ ਕਿਸੇ ਵੀ ਕੀਮਤ ਉੱਤੇ ਭੰਗ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਝੁਕਕੇ ਵਾਲਾਂ ਦੀ ਲੁੱਟ ਨੂੰ ਹੱਥ ਨਾਲ ਇੱਕ ਪਾਸੇ ਟੰਗ ਦਿੱਤਾ। ਸਖਤ ਹੱਥ ਦੇ ਸਪਰਸ਼ ਨੇ ਉਸ ਨੂੰ ਕੁਝ ਕੁ ਸੁਚੇਤ ਕੀਤਾ ਪਰ ਪਾਸਾ ਲੈ ਕੇ ਉਹ ਫਿਰ ਸੌਂ ਗਈ।
ਉਸ ਨੇ ਕਮਰੇ ਤੋਂ ਬਾਹਰ ਜਾਣ ਦਾ ਫੈਸਲਾ ਕਰ ਲਿਆ ਸੀ ਪਰ ਉਸ ਦਾ ਦਿਲ ਹਾਲੀ ਵੀ ਉਸ ਦੀ ਸੁੰਦਰਤਾ ਵਿੱਚ ਉਲਝਿਆ ਹੋਇਆ ਸੀ। ਉਸ ਨੇ ਉੱਠ ਰਹੀਆਂ ਭਾਵਨਾਵਾਂ ਨੂੰ ਕਾਬੂ ਕੀਤਾ ਅਤੇ ਕਮਰੇ ਵਿੱਚੋਂ ਬਾਹਰ ਜਾਣ ਲਈ ਪਰਤ ਪਿਆ। ਹਾਲੀ ਉਸ ਨੇ ਬੂਹਾ ਪਾਰ ਵੀ ਨਹੀਂ ਸੀ ਕੀਤਾ ਕਿ ਪਿੱਛੋਂ ਆਵਾਜ਼ ਆਈ, “ਪਾਪਾ ਜੀ
ਉਸ ਨੇ ਆਪਣੇ ਪਿਆਰ ਦੇ ਪਿਆਰ ਨੂੰ ਚੁੰਮ ਕੇ ਹਿੱਕ ਨਾਲ ਲਾ ਲਿਆ।
ਪਰਮਾਤਮਾ ਸਿੰਘ ਨੂੰ ਹੈਰਾਨੀ ਸੀ ਕਿ ਉਸ ਨੂੰ ਏਡਜ਼ ਦੀ ਬਿਮਾਰੀ ਕਿਵੇਂ ਹੋ ਗਈ ਏ। ਉਸ ਨੇ ਆਪਣੀ ਸਾਰੀ ਜ਼ਿੰਦਗੀ ਪਤਨੀ-ਵਰਤ ਮਨੁੱਖ ਵਜੋਂ ਗੁਜਾਰੀ, ਕਦੀ ਖੂਨ ਵੀ ਨਹੀਂ ਚੜਾਇਆ ਅਤੇ ਨਾ ਹੀ ਕਦੀ ਨਵੀਂ ਸੂਈ ਤੋਂ ਬਿਨਾਂ ਟੀਕਾ ਹੀ ਲਗਵਾਇਆ ਸੀ।ਇੱਕ ਹੋਰ ਵੱਡੀ ਅਣਹੋਣੀ ਇਹ ਵੀ ਸੀ ਕਿ ਉਸ ਦੀ ਪਤਨੀ ਹਾਲੀ ਵੀ ਇਸ ਬਿਮਾਰੀ ਤੋਂ ਸੁਰੱਖਿਅਤ ਸੀ। ਡਾਕਟਰ ਦੀ ਰਿਪੋਰਟ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ ਸੀ ਅਤੇ ਬਿਮਾਰੀ ਨੂੰ ਸਵੀਕਾਰ ਕਰਨਾ ਅਸੰਭਵ ਨੂੰ ਸੰਭਵ ਸਮਾਨ ਸਮਝਣ ਦੇ ਬਰਾਬਰ ਸੀ। ਉਸ ਲਈ ਇਹ ਨਮੋਸ਼ੀ ਦੇ ਨਾਲ ਇੱਕ ਵੱਡਾ ਸਦਮਾ ਵੀ ਸੀ। ਉਹ ਦਾਗੀ ਜਿੰਦਗੀ ਜੀਣ ਨਾਲੋਂ ਇਸ ਦਾਗ ਨੂੰ ਸਦਾ ਲਈ ਧੋ ਦੇਣਾ ਚਾਹੁੰਦਾ ਸੀ। ਉਸ ਨੇ ਇਸ ਨਰਕ ਦੀ ਜਿੰਦਗੀ ‘ਚੋਂ ਨਿਕਲ ਕੇ ਕਿਸੇ ਨਵੀਂ ਸਵਰਗ ਦੀ ਜਿੰਦਗੀ ਵਿੱਚ ਜਾਣ ਦਾ ਫੈਸਲਾ ਕਰ ਲਿਆ ਸੀ। ਉਹ ਆਪਣੀ ਸੋਚ ਨੂੰ ਅਮਲੀ ਜਾਮਾ ਪਹਿਣਾਉਣ ਲਈ ਕਿਸੇ ਯੋਗ ਸਾਧਨ ਨੂੰ ਲੱਭ ਰਿਹਾ ਸੀ।
ਡਾਕਟਰ ਨੇ ਉਸ ਦੀ ਸੋਚ ਨਾਲ ਸਹਿਮਤੀ ਰਲਾ ਦਿੱਤੀ ਸੀ। ਉਸ ਨੇ ਮਰੀਜ ਦੀ ਇੱਕ ਉਂਗਲ ਉੱਤੇ ਕਰੀਮ ਵਰਗੀ ਦਵਾਈ ਲਾ ਦਿੱਤੀ ਸੀ, ਜਿਸ ਦੇ ਚੱਟਣ ਨਾਲ ਉਸ ਦੀ ਮਨੋਕਾਮਨਾ ਝੱਟ ਹੀ ਪੂਰੀ ਹੋ ਜਾਣ ਦਾ ਭਰੋਸਾ ਦਵਾ ਦਿੱਤਾ ਸੀ।
ਡਾਕਟਰ ਦੇ ਚਿਹਰੇ ਦੇ ਹਾਵ ਭਾਵ ਦੁਚਿੱਤੀ ਵਿੱਚ ਸਨ। ਮਰੀਜ ਦੀ ਸੋਚ ਨੇ ਅੰਤਮ ਫੈਸਲਾ ਕਰਕੇ ਦਵਾਈ ਮੂੰਹ ਅੰਦਰ ਲੰਘਾ ਲਈ ਸੀ। ਉਸ ਦੀ ਜੀਭ ਉੱਤੇ ਦਵਾਈ ਦਾ ਸੁਆਦ ਤਰ ਰਿਹਾ ਸੀ ਅਤੇ ਉਹ ਮੌਤ ਦਾ ਅਨੁਭਵ ਮਾਨਣ ਲਈ ਆਪਣੇ ਆਪ ਨੂੰ ਤਿਆਰ ਕਰ ਹੀ ਰਿਹਾ ਸੀ ਕਿ ਅਚਾਨਕ ਸੁਪਨਾ ਟੁੱਟ ਗਿਆ।
ਰਾਜਸਥਾਨ ਦਾ ਪੱਛਮੀ ਹਿੱਸਾ ਭਿਆਣਕ ਕਾਲ ਦੀ ਲਪੇਟ ਵਿੱਚ ਸੀ। ਪਿੰਡ ਵਿੱਚ ਸੋਕਾ ਅਤੇ ਗਰਮੀ ਕਹਿਰ ਵਹਾ ਰਹੀ ਸੀ। ਅੱਤ ਦੀ ਗਰਮੀ ਕਈ ਬੱਚਿਆਂ ਅਤੇ ਬੁੱਢਿਆਂ ਦੀਆਂ ਜਾਨਾਂ ਲੈ ਚੁੱਕੀ ਸੀ। ਮੌਤ ਦਾ ਦੂਜਾ ਹੂੰਝਾ, ਸੋਕੇ ਕਾਰਨ ਭੁੱਖ ਫੇਰ ਚੁੱਕੀ ਸੀ। ਹੁਣ ਪਾਣੀ ਦੀ ਅਣਹੋਂਦ ਕਾਰਨ ਪੰਜ, ਚਾਰ ਸਿਵੇ ਰੋਜ ਹੀ ਬਲਦੇ ਰਹਿੰਦੇ ਸਨ।
ਸਰਕਾਰ ਵਲੋਂ ਹਰ ਕਿਸਮ ਦੀ ਖਾਣ ਸਮੱਗਰੀ ਪੁੱਜ ਗਈ ਸੀ ਅਤੇ ਹਰ ਦੂਜੇ ਦਿਨ ਪਾਣੀ ਦਾ ਟੈਂਕਰ ਖਾਲੀ ਘੜੇ ਭਰ ਜਾਂਦਾ ਸੀ। ਲੋਕਾਂ ਦੇ ਸਾਹ ਵਿੱਚ ਸਾਹ ਆ ਗਿਆ ਸੀ। ਸਰਕਾਰ ਵਲੋਂ ਚਲਾਏ ਜਾ ਰਹੇ ਕੰਮਾਂ ਵਿੱਚ ਉਹ ਹਿੱਸਾ ਲੈਣ ਲੱਗ ਗਏ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਭਾਵੇਂ ਖੁਸ਼ੀ ਤਾਂ ਹਾਲੀ ਨਹੀਂ ਪਰਤੀ ਸੀ ਪਰ ਗ਼ਮ ਦੀਆਂ ਲਕੀਰਾਂ ਮਿਟਣੀਆਂ ਆਰੰਭ ਹੋ ਗਈਆਂ ਸਨ।
ਇੱਕ ਦਿਨ ਪਿੰਡ ਉੱਤੇ ਫਿਰ ਅਚਾਨਕ ਗਮ ਦੇ ਕਹਿਰ ਟੁੱਟ ਪਏ ਸਨ। ਸ਼ਾਮ ਤੱਕ ਪਿੰਡ ਵਿੱਚ ਮੌਤਾਂ ਦੀ ਗਿਣਤੀ ਤੀਹ ਤੋਂ ਉਪਰ ਟੱਪ ਗਈ ਸੀ। ਬਲਦੇ ਸਿਵਿਆਂ ਨੂੰ ਵੇਖ ਕੇ ਲੋਕ ਰੋਹ ਵਿੱਚ ਆ ਗਏ ਸਨ। ਉਹ ਸਰਕਾਰ ਵਿਰੁੱਧ ਨਾਹਰੇ ਲਾ ਰਹੇ ਸਨ। ਇਹ ਮੌਤਾਂ ਪਾਣੀ ਦੀ ਥੁੜ ਕਰਕੇ ਨਹੀਂ ਸਗੋਂ ਸਰਕਾਰੀ ਟੈਂਕਰ ਦਾ ਗੰਦਾ ਪਾਣੀ ਪੀਣ ਕਰਕੇ ਹੋਈਆਂ ਸਨ। ਲੋਕ ਇਸ ਨੂੰ ਰੱਬ ਦੀ ਕਰੋਪੀ ਦੀ ਥਾਂ ਸਰਕਾਰੀ-ਹੱਤਿਆ ਗਰਦਾਨ ਰਹੇ ਸਨ।
ਧਿਆਨ ਸਿੰਘ ਘਰ ਵਿੱਚ ਸਦਾ ਬੇਧਿਆਨ ਹੀ ਰਹਿੰਦਾ ਸੀ। ਉਸ ਦਾ ਸਾਰਾ ਧਿਆਨ ਆਪਣੀ ਘਰ ਵਾਲੀ ਉੱਤੇ ਹੀ ਕੇਂਦਰਤ ਹੁੰਦਾ ਸੀ। ਉਹ ਸਖਤ ਹੋਣ ਦੇ ਨਾਲ ਨਾਲ ਹੁਣ ਲੋੜ ਤੋਂ ਵੱਧ ਕੁਰਖਤ ਵੀ ਹੋ ਗਈ ਸੀ। ਘਰ ਵਿੱਚ ਉਸ ਦਾ ਹੀ ਹੁਕਮ ਚਲਦਾ ਸੀ, ਪੰਜ ਕਰੇ ਪੰਜਾਹ ਕਰੇ।
ਪਤੀ ਵੱਢੀ ਲੈਣ ਦੇ ਦੋਸ਼ ਵਿੱਚ ਨੌਕਰੀ ਤੋਂ ਕੱਢਿਆ ਜਾ ਚੁੱਕਾ ਸੀ। ਉਸ ਨੇ ਆਪਣੀ ਪਤਨੀ ਦੀਆਂ ਸਾਰੀਆਂ ਘਰੇਲੂ ਜੁਮੇਵਾਰੀਆਂ ਸੰਭਾਲ ਲਈਆਂ ਸਨ। ਰਸੋਈ ਦਾ . ਕੰਮ, ਸਫਾਈਆਂ, ਕੱਪੜੇ ਧੋਣੇ, ਬੱਚੇ ਸੰਭਾਲਣੇ ਉਸ ਨੂੰ ਕੁਝ ਵੀ ਭੁੱਲਿਆ ਨਹੀਂ ਸੀ।
ਅਫਸਰ ਪਤਨੀ ਦੇ ਘਰ ਆਉਂਦਿਆਂ ਹੀ ਉਸ ਦੀਆਂ ਮੁਸੀਬਤਾਂ ਆਰੰਭ ਹੋ ਜਾਂਦੀਆਂ ਸਨ। ਉਸ ਨੂੰ ਹੁਕਮ ਮਿਲਦੇ, ਝਾੜਾਂ ਵਰਦੀਆਂ ਅਤੇ ਕਈ ਵਾਰੀ ਗਾਲਾਂ ਦੀ ਵਰਖਾ ਵੀ ਹੋ ਜਾਂਦੀ ਸੀ। ਉਹ ਭਿੱਜੀ ਬਿੱਲੀ ਬਣਿਆ ਸਭ ਕੁਝ ਸਹਿ ਜਾਂਦਾ ਸੀ। ਜਦ ਤੋਂ ਉੱਖਲੀ ਵਿੱਚ ਸਿਰ ਆਇਆ ਏ ਉਹ ਸੱਟਾਂ ਦਾ ਡਰ ਹੀ ਭੁੱਲ ਗਿਆ ਸੀ।
“ਮੈਂ ਕਿਹਾ ਜੀ ਕੱਲ ਸੁਬਾ ਹੀ ਨਹਾਕੇ, ਟਾਈ ਵਾਲਾ ਨਵਾਂ ਸੂਟ ਪਾ ਲੈਣਾ। ਘਰ ਦਾ ਸਾਰਾ ਕੰਮ ਕੱਲ ਸੇਵਾਦਾਰਨੀ ਕਰੇਗੀ।
“ਕੱਲ ਕੋਈ ਖਾਸ ਦਿਨ ਏ?”
“ਹਾਂ ਜੀ ਕੱਲ ਕਰਵਾ ਚੌਥ ਏ, ਮੈਂ ਆਪਣੇ ਪਤੀ-ਪਰਮੇਸ਼ਰ ਨੂੰ ਰਿਝਾਕੇ ਉਸ ਤੋਂ ਸਦਾ ਸੁਹਾਗਣ ਰਹਿਣ ਦਾ ਵਰ ਮੰਗਾਂਗੀ।”
ਪਤੀ ਦਾ ਮੂੰਹ ਅੱਡਿਆ ਰਹਿ ਗਿਆ।
ਲੋਕ ਨਿਰਦਈ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਦਿਲਾਂ ਵਿੱਚ ਕਿਸੇ ਦੀ ਸਹਾਇਤਾ ਕਰਨ ਦਾ ਅਹਿਸਾਸ ਹੀ ਖਤਮ ਹੋਇਆ ਸੀ। ਬਦਲਦੇ ਹਾਲਾਤ ਮਾੜੇ, ਬਹੁਤ ਮਾੜੇ ਅਤੇ ਅੱਤ ਮਾੜਿਆਂ ਨੂੰ ਛੱਡਕੇ ਭਿਆਣਕ ਸਥਿਤੀ ਤੋਂ ਵੀ ਅੱਗੇ ਲੰਘ ਗਏ ਸਨ।
ਕੁਝ ਲੋਕ ਭੁੱਖ ਕਾਰਨ ਪਹਿਲਾਂ ਹੀ ਮਰ ਚੁੱਕੇ ਸਨ ਅਤੇ ਬਾਕੀ ਪਾਣੀ ਦੀ ਅਣਹੋਂਦ ਕਾਰਨ ਤੜਫ ਰਹੇ ਸਨ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਦ ਤੱਕ ਜਿੰਦਾ ਰਹਿ ਸਕੇਗਾ। ਰਿਸ਼ਤਿਆਂ ਦੀ ਪਕੜ ਕੇ ਖਤਮ ਨਹੀਂ ਹੋਈ ਸੀ ਤਾਂ ਖਤਮ ਹੋਣ ਦੀ ਸੀਮਾ ਤਕ ਜਰੂਰ ਪੁੱਜ ਗਈ ਸੀ।
ਇੱਕ ਸਾਰਾ ਪਰਿਵਾਰ ਇਸ ਭਿਆਣਕ ਕਾਲ ਨੇ ਨਿਗਲ ਲਿਆ ਸੀ। ਇੱਕ ਔਰਤ ਅਤੇ ਉਸ ਦਾ ਦੁੱਧ ਚੁੰਘਦਾ ਬੱਚਾ ਇੱਕ ਦੂਜੇ ਲਈ ਜੀਣ ਦੀ ਹਾਲੀ ਵੀ ਜਦੋ ਜਹਿਦ ਕਰ ਰਹੇ ਸਨ।
ਮਾਂ ਰਾਤ ਸਮੇਂ ਪਰਾਣ ਛੱਡ ਗਈ ਸੀ। ਬੱਚਾ ਹਾਲੀ ਵੀ ਉਸ ਨੂੰ ਚੁੰਘ ਰਿਹਾ ਸੀ। ਦਿਨ ਚੜ੍ਹਦੇ ਨੂੰ ਹਰ ਕਿਸਮ ਦੀ ਸਰਕਾਰੀ ਸਹਾਇਤਾ ਪੁੱਜ ਗਈ ਸੀ। ਬੱਚੇ ਨੂੰ ਖਾਣ ਲਈ ਬਿਸਕੁਟ ਦਿੱਤਾ ਗਿਆ। ਉਸਨੇ ਪਹਿਲਾਂ ਇਹ ਆਪਣੀ ਮਾਂ ਦੇ ਮੂੰਹ ਵਿੱਚ ਪਾਉਣਾ ਚਾਹਿਆ ਪਰ ਜਦ ਉਸ ਦੀ ਮਾਂ ਨੇ ਖਾਣ ਲਈ ਮੂੰਹ ਨਾ ਖੋਲਿਆ ਤਾਂ ਬੱਚੇ ਨੇ ਦਿਲ ਚੀਰਵੀਂ ਆਖਰੀ ਚੀਕ ਮਾਰੀ।
ਸਾਹਾ
ਪਤੀ ਦੀ ਕਾਰਗਿਲ ਵਿੱਚ ਹੋਈ ਅਚਾਨਕ ਮੌਤ ਨੇ ਗੁਰਨਾਮੀ ਨੂੰ ਪੱਥਰ ਹੀ ਤਾਂ ਕਰ ਦਿੱਤਾ ਸੀ। ਕੱਲ੍ਹ ਜਿਹੜੀ ਹਿੰਮਤੀ ਔਰਤ ਪਤੀ ਦੀ ਗੈਰ ਹਾਜਰੀ ਵਿੱਚ ਆਪਣੀ ਧੀ ਦੇ ਧੁਰੇ ਵਿਆਹ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਭੱਜੀ ਫਿਰ ਰਹੀ ਸੀ, ਅੱਜ ਚੁੱਪ ਦੀ ਗੰਢੜੀ ਬਣਕੇ ਰਹਿ ਗਈ ਸੀ। ਉਸ ਦੀਆਂ ਅੱਖਾਂ ਵਿੱਚ ਨਾ ਕੋਈ ਹੰਝੂ ਸੀ ਅਤੇ ਨਾ ਹੀ ਜੀਭ ਉੱਤੇ ਕੋਈ ਸ਼ਬਦ। ਇਸ ਹਿਰਦੇ ਵੇਧਕ ਸਦਮੇ ਨੇ ਉਸ ਨੂੰ ਜਿੰਦਾ ਲੋਥ ਬਣਾ ਦਿੱਤਾ ਸੀ।
ਅਰਥੀ ਨੂੰ ਚੁੱਕਣ ਦੀਆਂ ਤਿਆਰੀਆਂ ਹੋ ਰਹੀਆਂ ਸਨ ਕਿ ਗੁਰਨਾਮੀ ਇੱਕ ਦਮ ਖੜੀ ਹੋ ਗਈ, ਜਿਵੇਂ ਉਸ ਨੂੰ ਕੁਝ ਯਾਦ ਆ ਗਿਆ ਹੋਵੇ। ਜਨਾਨੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਹੀਂ।
‘ਤੁਸੀਂ ਆਪਣੇ ਮੁਰਦੇ ਨੂੰ ਬਿੱਲੇ ਲਾਓ, ਮੈਂ ਆਪਣੀ ਧੀ ਦੀਆਂ ਟੂਮਾਂ ਬਾਰੇ ਸੁਨਿਆਰੇ ਨੂੰ ਤਕੀਦ ਕਰ ਆਵਾਂ, ਹੁਣ ਸਾਹੇ ਵਿੱਚ ਦਿਨ ਵੀ ਕਿਹੜੇ ਰਹਿ ਗਏ ਨੇ। ਉਹ ਜਨਾਨੀਆਂ ਨੂੰ ਪਾਸੇ ਧੱਕਦੀ ਪਾਗਲਾਂ ਵਾਂਗ ਭੱਜੀ ਜਾਂਦੀ ਘਰ ਦਾ ਬੂਹਾ ਪਾਰ ਕਰ ਗਈ।
ਤਿੰਨ ਸਾਲ ਦਾ ਬੱਚਾ ਆਪਣੀ ਬੰਦੂਕ ਮੋਢੇ ਉੱਤੇ ਰੱਖੀ ਸ਼ਹੀਦ ਦੇ ਬਕਸੇ ਸਰਹਾਣੇ ਖੜਾ ਕਹਿ ਰਿਹਾ ਸੀ, “ਮੈਂ ਵੱਡਾ ਹੋ ਕੇ ਫੌਜੀ ਬਨੂੰਗਾ ਦੁਸ਼ਮਣਾਂ ਨੂੰ ਮਾਰਕੇ ਦੇ ਸ਼ ਬਚਾਵਾਂਗਾ……
ਬੱਚੇ ਨੂੰ ਜੋ ਕੁਝ ਵੱਡੇ ਬੋਲਣ ਲਈ ਕਹਿ ਰਹੇ ਸਨ, ਉਹ ਉਸੇ ਤਰ੍ਹਾਂ ਬੋਲਦਾ ਜਾ ਰਿਹਾ ਸੀ।ਇਹ ਸਭ ਕੁਝ ਕੀ ਹੋ ਰਿਹਾ ਸੀ, ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਤਾਂ ਖੁਸ਼ ਸੀ ਕਿਉਂਕਿ ਉਹ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਹੋਇਆ ਸੀ। ਸਾਰੇ ਉਸ ਨੂੰ ਪਿਆਰ ਕਰਨ ਦੇ ਨਾਲ ਨਾਲ ਸ਼ਾਬਾਸ਼ ਵੀ ਦੇ ਰਹੇ ਸਨ।
ਚਿਤਾ ਤਿਆਰ ਹੋ ਗਈ ਸੀ। ਬਿਗਲ ਦੀ ਮਾਤਮੀ ਧੁਨ ਵੱਜਣ ਨਾਲ ਬੱਚੇ ਨੂੰ ਅੱਗ ਦੇਣ ਲਈ ਕਿਹਾ ਗਿਆ।
ਮੈਂ ਕਿਉਂ ਅੱਗ ਲਾਵਾਂ??? ਬੱਚਾ ਠਠੰਬਰ ਗਿਆ।
“ਇਸ ਵਿੱਚ ਤੇਰਾ ਬਾਪੂ ਏ…ਮਰੇ ਬਾਪੂ ਨੂੰ ਪੁੱਤ ਹੀ ਅੱਗ ਲਾਉਂਦੇ ਨੇ ਕਿਸੇ ਸਿਆਣੇ ਨੇ ਕਿਹਾ।
“ਹਾਏ! ਬਾਪੂ… ਬੱਚੇ ਨੇ ਬੰਦੂਕ ਸੁੱਟਕੇ ਚੀਕ ਮਾਰੀ ਅਤੇ ਧਾਹਾਂ ਮਾਰ ਕੇ ਰੋਣ ਲੱਗ ਗਿਆ।
ਆਪਣੇ ਪਿਤਾ ਦੀ ਅਚਾਨਕ ਮੌਤ ਪਿੱਛੋਂ ਘਰ ਦੀ ਕਬੀਲਦਾਰੀ ਦਾ ਸਾਰਾ ਬੋਝ ਹੁਣ ਗਰੀਬ ਸਿੰਘ ਦੇ ਮੋਢਿਆਂ ਉੱਤੇ ਆਣ ਪਿਆ ਸੀ। ਉਸਨੇ ਪਰਿਵਾਰ ਦੀ ਪੇਟ ਪੂਰਤੀ ਲਈ ਕਈ ਪਾਪੜ ਬੇਲੇ ਪਰ ਕਮਾਈ ਅਤੇ ਖਰਚੇ ਨੂੰ ਉਹ ਕਦੇ ਵੀ ਬਰਾਬਰ ਨਾ ਕਰ ਸਕਿਆ। ਹਰ ਸਾਲ ਕਰਜ਼ੇ ਵਿੱਚ ਵਾਧਾ ਹੋ ਜਾਂਦਾ ਸੀ। ਤੰਗ ਆ ਕੇ ਉਹ ਫੌਜ ਵਿੱਚ ਭਰਤੀ ਹੋ ਗਿਆ। ਘਰ ਦਾ ਗੁਜਾਰਾ ਤਾਂ ਹੋ ਰਿਹਾ ਸੀ, ਹੁਣ ਉਸ ਨੂੰ ਵਧੇਰੇ ਫਿਕਰ ਆਪਣੀਆਂ ਦੋਵੇਂ ਭੈਣਾਂ ਦੇ ਵਿਆਹ ਦਾ ਸੀ।
ਕਾਰਗਿਲ ਦੇ ਸ਼ਹੀਦ ਗਰੀਬ ਸਿੰਘ ਦਾ ਸ਼ਰਧਾਂਜਲੀ ਸਮਾਰੋਹ ਚਲ ਰਿਹਾ ਸੀ। ਉਸ ਦੀ ਮਾਤਾ ਨੂੰ ਦੋ ਲੱਖ ਦਾ ਚੈੱਕ ਤਾਂ ਦਿੱਤਾ ਹੀ ਜਾਣਾ ਸੀ ਨਾਲ ਹੋਰ ਮਿਲਣ ਵਾਲੀਆਂ ਸਹੂਲਤਾਂ ਦਾ ਐਲਾਣ ਕੀਤੇ ਜਾਣ ਦੀ ਵੀ ਸੰਭਾਵਨਾ ਸੀ।
ਉਸ ਦੀ ਮਾਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਆਪਣੇ ਪੁੱਤਰ ਦੀ ਫੋਟੋ ਅੱਗੇ ਪੰਜ ਦਾ ਨੋਟ ਰੱਖਕੇ ਮੱਥਾ ਟੇਕਿਆ। ਗੋਡਿਆਂ ਪਰਨੇ ਹੋਕੇ ਪੁੱਤਰ ਨੂੰ ਅਸੀਸ ਦਿੱਤੀ, “ਸ਼ਾਬਾਸ਼ੇ ਪੁੱਤਰਾ ਦੇਸ਼ ਉੱਤੋਂ ਤੇਰਾ ਤਨ, ਮਨ ਵਾਰਿਆ ਅਜਾਂਈ ਨਹੀਂ ਗਿਆ ਵੇਖ ਤੇਰੇ ਧੰਨ ਨਾਲ ਹੁਣ ਤੇਰੀਆਂ ਭੈਣਾਂ ਦੇ ਹੱਥ ਪੀਲੇ ਵੀ ਹੋ ਜਾਣਗੇ।