ਅੱਜ ਜਦ ਕਲਮ ਚੁੱਕੀ ਪਤਾ ਨਹੀਂ ਕਿਵੇਂ ਇੱਕ ਦਮ ਦਿਮਾਗ ਵਿੱਚ ਓਹਦਾ ਨਾਮ ਆਇਆ
“ਰੋਡਾ ਖੂਹ “….ਰੋਡਾ ਖੂਹ ਓਹਨੂੰ ਇਸ ਲਈ ਕਹਿੰਦੇ ਸੀ ਕਿਉਂਕਿ ਓਹਦੇ ਮੌਣ ਨਹੀਂ ਸੀ, ਅੱਜ ਦੇ ਜਵਾਕਾਂ ਨੇ ਦੇਖਣਾ ਤਾਂ ਦੂਰ ਦੀ ਗੱਲ ਇਹਦਾ ਨਾਮ ਵੀ ਨਹੀਂ ਸੁਣਿਆ ਹੋਣਾ, ,ਪਿੰਡ ਦੇ ਵਿਚਕਾਰ ਗੁਰਦੁਆਰੇ ਕੋਲ, ਖੁੱਲੀ ਜਗਾਹ ਵਿੱਚ, ਪਿਪਲ ਦੇ ਦਰੱਖਤ ਕੋਲ ਉਹ ਖੂਹ ਸਾਰੇ ਪਿੰਡ ਦੀ ਜਾਨ ਸੀ,
ਜਾਨ ਇਸ ਲਈ ਕਿਉਂਕਿ ਪਿਛਲੇ ਸਮੇਂ ਵਿੱਚ ਉਹ ਖੂਹ ਹੀ ਸਾਰੇ ਪਿੰਡ ਦੀ ਪਿਆਸ ਬੁਝਾਉਂਦਾ ਰਿਹਾ, ਭਾਵ ਸਾਰੇ ਪਿੰਡ ਵਾਲੇ ਪੀਣ ਲਈ ਪਾਣੀ ਉਥੋਂ ਹੀ ਲੈ ਕੇ ਜਾਂਦੇ, ਪਿੰਡ ਦੇ ਬਜੁਰਗ ਦੱਸਦੇ ਸੀ ਕਿ ਅਸੀਂ ਉਥੋਂ ਹੀ ਬਲਦ ਹੱਕਦੇ ਤੇ ਖੂਹ ਚੱਲਦਾ ਸੀ, ਉਥੋਂ ਹੀ ਖੇਤਾਂ ਨੂੰ ਪਾਣੀ ਲੱਗਣਾ, ਕਾਫੀ ਦੂਰੀ ਦਾ ਸਫਰ ਤੈਅ ਕਰਕੇ ਉਹਦਾ ਪਾਣੀ ਫਸਲਾਂ ਨੂੰ ਬਾਗੋ ਬਾਗ ਕਰਦਾ ਸੀ, ,,ਉਥੇ ਹੀ ਸੁਆਣੀਆਂ ਨੇ ਇੱਕ ਪਾਸੇ ਕੱਪੜੇ ਧੋਣੇ ਤੇ ਬੱਚਿਆਂ ਨੇ ਨਹਾਉਣਾ, ,ਕਿੰਨਾ ਸੋਹਣਾ ਹੋਇਆ ਹੋਣਾ ਉਹ ਟਾਇਮ ਜਦ ਉਹ ਖੂਹ ਦੀਆਂ ਖਾਲੀ ਟਿੰਡਾਂ ਜਾ ਕੇ ਪਾਣੀ ਨਾਲ ਭਰ ਕੇ ਆਉਂਦੀਆਂ ਹੋਣਗੀਆਂ, ਬਲਦਾਂ ਦੇ ਗਲਾਂ ਦੀਆਂ ਟੱਲੀਆਂ ਹਰ ਪਲ ਰੌਣਕ ਲਾਈ ਰੱਖਦੀਆਂ ਹੋਣਗੀਆਂ, ਜਿਹੜੇ ਬਜੁਰਗਾਂ ਨੇ ਉਹਨੂੰ ਅਪਦੇ ਹੱਥੀਂ ਚਲਾਇਆ ਹੋਊ ਇਹ ਖੂਹ ਦੇ ਬੰਦ ਹੋਣ ਤੇ ਕੀ ਬੀਤੀ ਹੋਊ ਉਹ ਰੱਬ ਹੀ ਜਾਣਦਾ,
ਜਿਆਦਾ ਤਰ ਬਜੁਰਗ ਨਹੀਂ ਰਹੇ, ਜੋ ਹਣ ਉਹ ਕਿਹਨੂੰ ਦੱਸਣ ਕਿਉਂਕਿ ਨਾ ਕੋਈ ਪੁੱਛਣ ਵਾਲਾ ਤੇ ਨਾ ਕੋਈ ਸੁਣਨ ਨੂੰ ਤਿਆਰ, ਮੈਨੂੰ ਤਾਂ ਲੱਗਦਾ ਪਿੰਡ ਵਾਲੇ ਿੲਹਨੂੰ ਭੁੱਲ ਹੀ ਚੁੱਕੇ ਨੇ, ਭਾਂਵੇ ਖੂਹ ਨੂੰ ਬੰਦ ਹੋਇਆ ਕਾਫੀ ਅਰਸਾ ਹੋ ਗਿਆ ਇਹ ਅੱਜ ਵੀ ਦਿਮਾਗ ਵਿੱਚ ਉਂਝ ਹੀ ਜਿੰਦਗੀ ਨੂੰ ਖਲੋਈ ਬੈਠਾ ਜਿਵੇਂ ਕਈ ਅਰਸੇ ਪਹਿਲਾਂ ਸੀ,
ਹੌਲੀ ਹੌਲੀ ਟਾਇਮ ਲੰਘਣ ਨਾਲ ਬੋਰਾਂ, ਮੋਟਰਾਂ ਕਰਕੇ ਖੂਹ ਚੱਲਣੋਂ ਬੰਦ ਹੋ ਗਏ, ਬਲਦ ਨਾਲ ਖੂਹ ਚੱਲਣੋਂ ਰੁੱਕ ਗਏ, ਟਿੰਡਾਂ ਵੀ ਰੁੱਕ ਗਈਆਂ ਪਰ ਟਾਇਮ ਨਾ ਰੁਕਿਆ, ਖੂਹ ਚੱਲਣੋਂ ਭਾਂਵੇਂ ਬੰਦ ਹੋਇਆ ਪਰ ਇਹਦੀ ਮਾਨਤਾ ਹੁੰਦੀ ਰਹੀ, ਜਦ ਵੀ ਪਿੰਡ ਵਿੱਚੋਂ ਕੋਈ ਬਰਾਤ ਚੜਦੀ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਉੱਥੇ ਲਾੜਾ ਦੋ ਜਾਂ ਚਾਰ ਲੱਡੂ ਰੱਖ ਕੇ ਮੱਥਾ ਟੇਕਦਾ ਸੀ, ਫਿਰ ਵਿਆਹ ਤੋਂ ੨-੩ ਦਿਨ ਬਾਅਦ ਨਵੀਂ ਵਿਆਹੀ ਜੋੜੀ ਉੱਥੇ ਜਾ ਕੇ ਮੱਥਾ ਟੇਕ ਕੇ ਆਉਂਦੀ ਤੇ ਛਟੀਆਂ ਖੇਲਦੀ ਸੀ, ਦਿਵਾਲੀ ਵਾਲੀ ਸਾਮ ਪਿੰਡ ਦੇ ਹਰ ਘਰ ਵਿੱਚੋਂ ਉੱਥੇ ਕੋਈ ਨਾ ਕੋਈ ਦੀਵੇ ਜਗਾਉਣ ਜਾਂਦਾ ਤੇ ਉਹ ਰਾਤ ਉਹ ਖੂਹ ਦੀਵਿਆਂ ਨਾਲ ਇਂਝ ਲਿਸਕ ਰਿਹਾ ਹੋਣਾ ਜਿਵੇਂ ਤਾਰਿਆ ਦੀ ਟੋਲੀ ਜਸ਼ਨ ਮਨਾਉਣ ਧਰਤੀ ਤੇ ਉੱਤਰ ਆਈ ਹੋਵੇ,
ਮੈਂ ਉਸਨੂੰ ਚੱਲਦਿਆਂ ਨਹੀਂ ਵੇਖਿਆ ਪਰ ਉਹ ਖੂਹ ਦਾ ਪਾਣੀ ਜਰੂਰ ਵੇਖਿਆ, ਜਦ ਛੋਟਾ ਸੀ ਤਾਂ ਡਰਦੇ ਡਰਦੇ ਨੇ ਵਿੱਚ ਵੇਖਣਾ ਪਾਣੀ ਮਸਾਂ ੮-੧੦ ਫੁੱਟ ਥੱਲੇ ਹੁੰਦਾ ਸੀ, ਡਰ ਲੱਗਣਾ, ਇੱਕ ਦਮ ਦੇਖ ਕੇ ਪਿੱਛੇ ਹੱਟ ਜਾਣਾ, ਓਸ ਟਾਇਮ ਕੀ ਪਤਾ ਸੀ ਇਹ ਪਾਣੀ ਤੇ ਇਹ ਖੂਹ ਦਾ ਜ਼ਿਕਰ ਇੱਕ ਕਹਾਣੀ ਵਿੱਚ ਹੋਵੇਗਾ, ਸੱਚ ਵਿੱਚ ਉਹ ਖੂਹ ਤੇ ਉਹਦੇ ਪਾਣੀ ਨੂੰ ਯਾਦ ਕਰਕੇ ਲਿੱਖਦੇ ਹੋਏ ਇਹ ਅੱਖਾਂ ਵਿੱਚ ਵੀ ਪਾਣੀ ਆ ਗਿਆ, ਕਿਉਂ ਬੰਦ ਕੀਤਾ, ਉਹ ਪਿੰਡ ਦੀ ਪੁਰਾਣੀ ਨਿਸ਼ਾਨੀ ਤੇ ਹਰ ਘਰ ਦੇ ਨਾਲ ਜੁੜੀ ਹੋਈ ਯਾਦ ਨੂੰ, ਸਾਇਦ ਇਹ ਉਹਨੂੰ ਬੰਦ ਕਰਨ ਵਾਲੇ ਹੀ ਦੱਸ ਸਕਣ,
ਪਰ ਉਹ ਖੂਹ ਨੂੰ ਜਿਉਂਦਾ ਰੱਖਣ ਵਾਲੀ ਕਲਮ ਅਜੇ ਨਹੀਂ ਮਰੀ, ਤੇ ਨਾ ਹੀ ਇਹ ਕਲਮ ਉਹਨੂੰ ਮਰਨ ਦੇਵੇਗੀ, ਸਾਇਦ ਇਹ ਲਿਖਾਰੀ ਤੇ ਉਹ ਖੂਹ ਦਾ ਸਬੰਧ ਪਿੱਛਲੇ ਜਨਮ ਦਾ ਜਿਹਨੇ ਪੂਰੇ ਹੋਏ ਖੂਹ ਨੂੰ ਲਿਖ ਕੇ ਜੀਵਤ ਕਰ ਦਿੱਤਾ, ਕੀ ਪਤਾ ਉਹ ਖੂਹ ਦੇ ਅੰਮ੍ਰਿਤ ਜਲ ਵਰਗੇ ਪਾਣੀ ਦੀ ਮਿਠਾਸ ਇਹ ਸ਼ਬਦਾਂ ਵਿੱਚੋਂ ਆ ਜਾਵੇ, ਤੇ ਕੀ ਪਤਾ ਉਹ ਪੂਰੇ ਹੋਏ ਖੂਹ ਦੀ ਹੋਂਦ ਮੇਰੇ ਪਿੰਡ ਵਾਪਸ ਆ ਜਾਵੇ….
….ਮਨੀ ਸਿੰਘ ਗਿੱਲ