ਅੱਜ ਜਦ ਕਲਮ ਚੁੱਕੀ ਪਤਾ ਨਹੀਂ ਕਿਵੇਂ ਇੱਕ ਦਮ ਦਿਮਾਗ ਵਿੱਚ ਓਹਦਾ ਨਾਮ ਆਇਆ
“ਰੋਡਾ ਖੂਹ “….ਰੋਡਾ ਖੂਹ ਓਹਨੂੰ ਇਸ ਲਈ ਕਹਿੰਦੇ ਸੀ ਕਿਉਂਕਿ ਓਹਦੇ ਮੌਣ ਨਹੀਂ ਸੀ, ਅੱਜ ਦੇ ਜਵਾਕਾਂ ਨੇ ਦੇਖਣਾ ਤਾਂ ਦੂਰ ਦੀ ਗੱਲ ਇਹਦਾ ਨਾਮ ਵੀ ਨਹੀਂ ਸੁਣਿਆ ਹੋਣਾ, ,ਪਿੰਡ ਦੇ ਵਿਚਕਾਰ ਗੁਰਦੁਆਰੇ ਕੋਲ, ਖੁੱਲੀ ਜਗਾਹ ਵਿੱਚ, ਪਿਪਲ ਦੇ ਦਰੱਖਤ ਕੋਲ ਉਹ ਖੂਹ ਸਾਰੇ ਪਿੰਡ ਦੀ ਜਾਨ ਸੀ,
ਜਾਨ ਇਸ ਲਈ ਕਿਉਂਕਿ ਪਿਛਲੇ ਸਮੇਂ ਵਿੱਚ ਉਹ ਖੂਹ ਹੀ ਸਾਰੇ ਪਿੰਡ ਦੀ ਪਿਆਸ ਬੁਝਾਉਂਦਾ ਰਿਹਾ, ਭਾਵ ਸਾਰੇ ਪਿੰਡ ਵਾਲੇ ਪੀਣ ਲਈ ਪਾਣੀ ਉਥੋਂ ਹੀ ਲੈ ਕੇ ਜਾਂਦੇ, ਪਿੰਡ ਦੇ ਬਜੁਰਗ ਦੱਸਦੇ ਸੀ ਕਿ ਅਸੀਂ ਉਥੋਂ ਹੀ ਬਲਦ ਹੱਕਦੇ ਤੇ ਖੂਹ ਚੱਲਦਾ ਸੀ, ਉਥੋਂ ਹੀ ਖੇਤਾਂ ਨੂੰ ਪਾਣੀ ਲੱਗਣਾ, ਕਾਫੀ ਦੂਰੀ ਦਾ ਸਫਰ ਤੈਅ ਕਰਕੇ ਉਹਦਾ ਪਾਣੀ ਫਸਲਾਂ ਨੂੰ ਬਾਗੋ ਬਾਗ ਕਰਦਾ ਸੀ, ,,ਉਥੇ ਹੀ ਸੁਆਣੀਆਂ ਨੇ ਇੱਕ ਪਾਸੇ ਕੱਪੜੇ ਧੋਣੇ ਤੇ ਬੱਚਿਆਂ ਨੇ ਨਹਾਉਣਾ, ,ਕਿੰਨਾ ਸੋਹਣਾ ਹੋਇਆ ਹੋਣਾ ਉਹ ਟਾਇਮ ਜਦ ਉਹ ਖੂਹ ਦੀਆਂ ਖਾਲੀ ਟਿੰਡਾਂ ਜਾ ਕੇ ਪਾਣੀ ਨਾਲ ਭਰ ਕੇ ਆਉਂਦੀਆਂ ਹੋਣਗੀਆਂ, ਬਲਦਾਂ ਦੇ ਗਲਾਂ ਦੀਆਂ ਟੱਲੀਆਂ ਹਰ ਪਲ ਰੌਣਕ ਲਾਈ ਰੱਖਦੀਆਂ ਹੋਣਗੀਆਂ, ਜਿਹੜੇ ਬਜੁਰਗਾਂ ਨੇ ਉਹਨੂੰ ਅਪਦੇ ਹੱਥੀਂ ਚਲਾਇਆ ਹੋਊ ਇਹ ਖੂਹ ਦੇ ਬੰਦ ਹੋਣ ਤੇ ਕੀ ਬੀਤੀ ਹੋਊ ਉਹ ਰੱਬ ਹੀ ਜਾਣਦਾ,
ਜਿਆਦਾ ਤਰ ਬਜੁਰਗ ਨਹੀਂ ਰਹੇ, ਜੋ ਹਣ ਉਹ ਕਿਹਨੂੰ ਦੱਸਣ ਕਿਉਂਕਿ ਨਾ ਕੋਈ ਪੁੱਛਣ ਵਾਲਾ ਤੇ ਨਾ ਕੋਈ ਸੁਣਨ ਨੂੰ ਤਿਆਰ, ਮੈਨੂੰ ਤਾਂ ਲੱਗਦਾ ਪਿੰਡ ਵਾਲੇ ਿੲਹਨੂੰ ਭੁੱਲ ਹੀ ਚੁੱਕੇ ਨੇ, ਭਾਂਵੇ ਖੂਹ ਨੂੰ ਬੰਦ ਹੋਇਆ ਕਾਫੀ ਅਰਸਾ ਹੋ ਗਿਆ ਇਹ ਅੱਜ ਵੀ ਦਿਮਾਗ ਵਿੱਚ ਉਂਝ ਹੀ ਜਿੰਦਗੀ ਨੂੰ ਖਲੋਈ ਬੈਠਾ ਜਿਵੇਂ ਕਈ ਅਰਸੇ ਪਹਿਲਾਂ ਸੀ,
ਹੌਲੀ ਹੌਲੀ ਟਾਇਮ ਲੰਘਣ ਨਾਲ ਬੋਰਾਂ, ਮੋਟਰਾਂ ਕਰਕੇ ਖੂਹ ਚੱਲਣੋਂ ਬੰਦ ਹੋ ਗਏ, ਬਲਦ ਨਾਲ ਖੂਹ ਚੱਲਣੋਂ ਰੁੱਕ ਗਏ, ਟਿੰਡਾਂ ਵੀ ਰੁੱਕ ਗਈਆਂ ਪਰ ਟਾਇਮ ਨਾ ਰੁਕਿਆ, ਖੂਹ ਚੱਲਣੋਂ ਭਾਂਵੇਂ ਬੰਦ ਹੋਇਆ ਪਰ ਇਹਦੀ ਮਾਨਤਾ ਹੁੰਦੀ ਰਹੀ, ਜਦ ਵੀ ਪਿੰਡ ਵਿੱਚੋਂ ਕੋਈ ਬਰਾਤ ਚੜਦੀ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਉੱਥੇ ਲਾੜਾ ਦੋ ਜਾਂ ਚਾਰ ਲੱਡੂ ਰੱਖ ਕੇ ਮੱਥਾ ਟੇਕਦਾ ਸੀ, ਫਿਰ ਵਿਆਹ ਤੋਂ ੨-੩ ਦਿਨ ਬਾਅਦ ਨਵੀਂ ਵਿਆਹੀ ਜੋੜੀ ਉੱਥੇ ਜਾ ਕੇ ਮੱਥਾ ਟੇਕ ਕੇ ਆਉਂਦੀ ਤੇ ਛਟੀਆਂ ਖੇਲਦੀ ਸੀ, ਦਿਵਾਲੀ ਵਾਲੀ ਸਾਮ ਪਿੰਡ ਦੇ ਹਰ ਘਰ ਵਿੱਚੋਂ ਉੱਥੇ ਕੋਈ ਨਾ ਕੋਈ ਦੀਵੇ ਜਗਾਉਣ ਜਾਂਦਾ ਤੇ ਉਹ ਰਾਤ ਉਹ ਖੂਹ ਦੀਵਿਆਂ ਨਾਲ ਇਂਝ ਲਿਸਕ ਰਿਹਾ ਹੋਣਾ ਜਿਵੇਂ ਤਾਰਿਆ ਦੀ ਟੋਲੀ ਜਸ਼ਨ ਮਨਾਉਣ ਧਰਤੀ ਤੇ ਉੱਤਰ ਆਈ ਹੋਵੇ,
ਮੈਂ ਉਸਨੂੰ ਚੱਲਦਿਆਂ ਨਹੀਂ ਵੇਖਿਆ ਪਰ ਉਹ ਖੂਹ ਦਾ ਪਾਣੀ ਜਰੂਰ ਵੇਖਿਆ, ਜਦ ਛੋਟਾ ਸੀ ਤਾਂ ਡਰਦੇ ਡਰਦੇ ਨੇ ਵਿੱਚ ਵੇਖਣਾ ਪਾਣੀ ਮਸਾਂ ੮-੧੦ ਫੁੱਟ ਥੱਲੇ ਹੁੰਦਾ ਸੀ, ਡਰ ਲੱਗਣਾ, ਇੱਕ ਦਮ ਦੇਖ ਕੇ ਪਿੱਛੇ ਹੱਟ ਜਾਣਾ, ਓਸ ਟਾਇਮ ਕੀ ਪਤਾ ਸੀ ਇਹ ਪਾਣੀ ਤੇ ਇਹ ਖੂਹ ਦਾ ਜ਼ਿਕਰ ਇੱਕ ਕਹਾਣੀ ਵਿੱਚ ਹੋਵੇਗਾ, ਸੱਚ ਵਿੱਚ ਉਹ ਖੂਹ ਤੇ ਉਹਦੇ ਪਾਣੀ ਨੂੰ ਯਾਦ ਕਰਕੇ ਲਿੱਖਦੇ ਹੋਏ ਇਹ ਅੱਖਾਂ ਵਿੱਚ ਵੀ ਪਾਣੀ ਆ ਗਿਆ, ਕਿਉਂ ਬੰਦ ਕੀਤਾ, ਉਹ ਪਿੰਡ ਦੀ ਪੁਰਾਣੀ ਨਿਸ਼ਾਨੀ ਤੇ ਹਰ ਘਰ ਦੇ ਨਾਲ ਜੁੜੀ ਹੋਈ ਯਾਦ ਨੂੰ, ਸਾਇਦ ਇਹ ਉਹਨੂੰ ਬੰਦ ਕਰਨ ਵਾਲੇ ਹੀ ਦੱਸ ਸਕਣ,
ਪਰ ਉਹ ਖੂਹ ਨੂੰ ਜਿਉਂਦਾ ਰੱਖਣ ਵਾਲੀ ਕਲਮ ਅਜੇ ਨਹੀਂ ਮਰੀ, ਤੇ ਨਾ ਹੀ ਇਹ ਕਲਮ ਉਹਨੂੰ ਮਰਨ ਦੇਵੇਗੀ, ਸਾਇਦ ਇਹ ਲਿਖਾਰੀ ਤੇ ਉਹ ਖੂਹ ਦਾ ਸਬੰਧ ਪਿੱਛਲੇ ਜਨਮ ਦਾ ਜਿਹਨੇ ਪੂਰੇ ਹੋਏ ਖੂਹ ਨੂੰ ਲਿਖ ਕੇ ਜੀਵਤ ਕਰ ਦਿੱਤਾ, ਕੀ ਪਤਾ ਉਹ ਖੂਹ ਦੇ ਅੰਮ੍ਰਿਤ ਜਲ ਵਰਗੇ ਪਾਣੀ ਦੀ ਮਿਠਾਸ ਇਹ ਸ਼ਬਦਾਂ ਵਿੱਚੋਂ ਆ ਜਾਵੇ, ਤੇ ਕੀ ਪਤਾ ਉਹ ਪੂਰੇ ਹੋਏ ਖੂਹ ਦੀ ਹੋਂਦ ਮੇਰੇ ਪਿੰਡ ਵਾਪਸ ਆ ਜਾਵੇ….
….ਮਨੀ ਸਿੰਘ ਗਿੱਲ
Punjabi Sabhyachar
ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ।
ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ।
ਮੇਰੀ ਉੱਮਰ ਉਦੋਂ 15-16 ਸਾਲ ਦੀ ਹੋਣੀ ਆ ਮੈਂ ਨਾ ਨੁੱਕਰ ਜਿਹੀ ਕੀਤੀ ਪਰ ਬੇਬੇ ਕਹਿੰਦੀ ਕੱਲ੍ਹ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਫੇਰ ਕਿਸੇ ਨਹੀਂ ਆਉਣਾ ਕੰਮ ਕਰਾਉਣ ਲਈ, ਬੇਬੇ ਦੀ ਨਸੀਹਤ ਸੁਣਨ ਤੋਂ ਬਾਅਦ ਮੈਂ ਹਾਂ ਕਰ ਦਿੱਤੀ। ਬੇਬੇ ਨੇ ਦੁੱਧ ਦਾ ਡੋਲੂ ਭਰਿਆ ਅਤੇ ਮੈਨੂੰ ਲੰਬਰਦਾਰਾਂ ਦੇ ਭੇਜ ਦਿੱਤਾ।
ਮੈਂ ਪਹਿਲੀ ਵਾਰ ਕਿਸੇ ਵਿਆਹ ਵਾਲੇ ਘਰ ਕੰਮ ਕਰਨ ਲਈ ਗਿਆ ਸੀ। ਅੱਜ ਕੱਲ੍ਹ ਤਾਂ ਪੈਲਸਾਂ ਦਾ ਜ਼ਮਾਨਾ ਆ ਗਿਆ ਪਰ ਉਨ੍ਹਾਂ ਸਮਿਆਂ ਵਿੱਚ ਪਿੰਡ ਵਾਲੇ ਵਿਆਹ-ਸ਼ਾਦੀ ਵੇਲੇ ਇੱਕ ਦੂਜੇ ਦੀ ਬਹੁਤ ਮਦਦ ਕਰਦੇ ਸਨ ਜਿਵੇਂ ਦੁੱਧ ਪਹੁੰਚਾਉਣਾ, ਮੰਜੇ ਬਿਸਤਰੇ ਦੇਣਾ, ਨਿਉਂਦਾ ਪਾਓਣਾ, ਜਿਸ ਨਾਲ ਵਿਆਹ ਵਾਲਿਆ ਨੂੰ ਬਹੁਤ ਸਹਾਰਾ ਲੱਗ ਜਾਂਦਾ ਸੀ। ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਭੱਠੀ ਚੜ੍ਹਾਈ ਜਾਂਦੀ ਸੀ। ਪਹਿਲੇ ਦਿਨ ਹਲਵਾਈ ਨੇ ਭੁਜੀਆਂ – ਬੂੰਦੀ, ਲੱਡੂ , ਮੱਠੀਆਂ, ਆਦਿ ਮਠਿਆਈਆਂ ਬਣਾਈਆਂ ਉਹ ਤਾਜ਼ੀਆਂ ਮਠਿਆਈਆਂ ਦੀ ਖੁਸ਼ਬੂ ਅੱਜ ਵੀ ਮੇਰੇ ਦਿਮਾਗ ਵਿੱਚ ਵਸੀ ਹੋਈ ਏ।
ਅਗਲੇ ਦਿਨ ਬੇਬੇ ਨੂੰ ਮੈਨੂੰ ਕਹਿਣ ਦੀ ਲੋੜ ਨਾ ਪਈ, ਮੈਂ ਆਪ ਹੀ ਦੁੱਧ ਦਾ ਡੋਲੂ ਲੈ ਲੰਬਰਦਾਰਾਂ ਦੇ ਘਰ ਪਹੁੰਚ ਗਿਆ ਕੰਮ ਕਰਾਉਣ ਲਈ। ਜਾਂਦਿਆ ਹੀ ਭੁਜੀਆਂ-ਬਦਾਣੇ ਨਾਲ ਗਰਮ- ਗਰਮ ਚਾਹ ਦਾ ਗਿਲਾਸ, ਕੀ ਸਵਾਦ ਸੀ ਅੱਜ ਵੀ ਚੇਤੇ ਆ, ਉਸ ਦਿਨ ਅਸੀਂ “ਮੰਜੇ ਬਿਸਤਰੇ, ਵੀ ਇਕੱਠੇ ਕੀਤੇ ਜਿਸ ਦੇ ਵੀ ਘਰ ਜਾਂਦੇ ਬਹੁਤ ਖੁਸ਼ੀ ਨਾਲ਼ ਮੰਜਾ ਬਿਸਤਰਾ ਦਿੰਦਾਂ ਪਰ ਕਈ ਬੀਬੀਆਂ ਮਜ਼ਾਕ ਚ ਕਹਿ ਵੀ ਦਿੰਦੀਆਂ ਕਿ ਨਵਾਂ ਬਿਸਤਰਾ ਜੀ ਨਿਆਣੇ ਵਾਲੀ ਨੂੰ ਨਾ ਦਿਓ ਗੰਦਾ ਹੋਜੂ।
ਸ਼ਾਮ ਵੇਲੇ ਨਾਨਕਾ ਮੇਲ ਵੀ ਪਹੁੰਚ ਚੁੱਕਿਆ ਸੀ ਰਾਤ ਦੀ ਰੋਟੀ ਨਾਲ਼ ਹਲਵਾਈ ਵੱਲੋਂ ਗਰਮਾ-ਗਰਮ ਜਲੇਬੀਆਂ ਵੀ ਬਣਾਈਆਂ ਗਈਆਂ ਨਾਨਕੇ ਅਤੇ ਦਾਦਕਿਆਂ ਵਲੋਂ ਮਿਲ ਕੇ ਪਿੰਡ ਵਿੱਚ ਜਾਗੋ ਕੱਢੀ ਗਈ, ਇੱਕ ਦੂਜੇ ਨੂੰ ਸਿੱਠਣੀਆਂ ਰਾਹੀਂ ਖ਼ੂਬ ਮਜ਼ਾਕ ਕੀਤਾ ਗਿਆ, ਇਸ ਤਰ੍ਹਾਂ ਦੇਰ ਰਾਤ ਤੱਕ ਖ਼ੂਬ ਰੌਣਕਾਂ ਲੱਗੀਆਂ ਰਹੀਆਂ।
ਸਵੇਰੇ ਬਰਾਤ ਚ ਜਾਣ ਲਈ ਬਾਪੂ ਤਿਆਰ ਸੀ, ਪਰ ਮੈਂ ਜਿਦ ਕਰਕੇ ਬਹਿ ਗਿਆ। ਬੇਬੇ ਦੇ ਕਹਿਣ ਤੇ ਬਾਪੂ ਮਨ ਗਿਆ ਮੈਂ ਤਿਆਰ ਹੋ ਕੇ ਪਹੁੰਚ ਗਿਆ ਲੰਬਰਦਾਰਾਂ ਦੇ ਘਰ, ਮੇਰੇ ਜਾਂਦਿਆ ਨੂੰ ਵਿਆਹ ਵਾਲਾ ਮੁੰਡਾ ਵੀ ਤਿਆਰ ਸੀ, ਸੇਹਰਾ ਬਨਾਈ, ਸੂਰਮਾ ਪਵਾਈ, ਅਤੇ ਸਲਾਮੀ ਦੀਆਂ ਰਸਮਾਂ ਤੋਂ ਬਾਅਦ ਗੁਰੂ ਘਰ ਮੱਥਾ ਟੇਕਿਆ ਅਤੇ ਰੀਬਨਾ ਵਾਲ਼ੀ ਕਾਰ ਚ ਬੈਠ ਤੁਰ ਪਿਆ ਸੋਹਰਿਆਂ ਦੇ ਪਿੰਡ ਵੱਲ ਨੂੰ, ਹੋਰ ਬਰਾਤੀ ਬੱਸ ਚ ਬੈਠ ਪਿੱਛੇ-ਪਿੱਛੇ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਗਏ।
ਪਿੰਡ ਦੀ ਧਰਮਸ਼ਾਲਾ ਵਿੱਚ ਬਰਾਤ ਦਾ ਉਤਾਰਾ ਸੀ। ਧਰਮਸ਼ਾਲਾ ਚੋਂ ਬਾਜੇ ਗਾਜਿਆ ਨਾਲ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚੀ, ਮਿਲਣੀ ਦੀਆਂ ਰਸਮਾਂ ਤੋਂ ਬਾਅਦ ਰੀਬਨ ਕਟਾਈ ਤੇ ਲਾੜੇ ਅਤੇ ਸਾਲੀਆਂ ਵਲੋਂ ਇੱਕ ਦੂਜੇ ਬਹੁਤ ਮਜ਼ਾਕ ਕੀਤਾ ਗਿਆ। ਕੁੜੀ ਵਾਲਿਆਂ ਵੱਲੋਂ ਚਾਹ ਪਕੌੜਿਆਂ ਅਤੇ ਹੋਰ ਮਠਿਆਈਆਂ ਨਾਲ ਬਰਾਤ ਦੀ ਖ਼ੂਬ ਸੇਵਾ ਕੀਤੀ ਗਈ। ਉਸ ਤੋਂ ਬਾਅਦ ਆਨੰਦ ਕਾਰਜ ਹੋਏ, ਦੋਵੇਂ ਪਰਿਵਾਰਾਂ ਵੱਲੋਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਲੰਬਰਦਾਰ ਦੇ ਭਾਣਜੇ ਵੱਲੋਂ ਸੇਹਰਾ ਪੜ੍ਹਿਆ ਗਿਆ। ਧਰਮਸ਼ਾਲਾ ਵਿੱਚ ਮੂੰਡੇ ਦੇ ਯਾਰਾਂ, ਦੋਸਤਾਂ, ਨੇ ਵਿਆਹ ਦੀ ਖ਼ੁਸ਼ੀ ਵਿੱਚ ਢੋਲ ਦੇ ਡਗੇ ਤੇ ਭੰਗੜਾ ਪਾਇਆ ਐਨੇ ਵਿੱਚ ਕੁੜੀ ਵਾਲਿਆਂ ਵੱਲੋਂ ਰੋਟੀ ਦਾ ਸੁਨੇਹਾ ਆ ਗਿਆ ਰੋਟੀ ਤੇ ਵੀ ਬਰਾਤ ਦੀ ਸੇਵਾ ਵਿੱਚ ਕੁੜੀ ਵਾਲਿਆਂ ਵੱਲੋਂ ਕੋਈ ਕਸਰ ਨਾ ਰਹੀ।
ਹੁਣ ਵੇਲਾ ਸੀ ਡੋਲੀ ਵਿਦਾ ਹੋਣ ਦਾ ਬਾਜੇ ਵਾਲਿਆਂ ਨੇ ਵੀ ” ਬਾਬੂਲ ਕੀ ਦੁਆਏਂ ਲੈਤੀ ਜਾ , ਵਾਲੀ ਤਰਜ਼ ਵਜਾਉਣੀ ਸ਼ੁਰੂ ਕਰ ਦਿੱਤੀ। ਕੁੱਝ ਰਸਮਾਂ ਤੋਂ ਬਾਅਦ ਨਵ ਵਿਆਹੀ ਜੋੜੀ ਨੂੰ ਕਾਰ ਵਿੱਚ ਬਿਠਾਇਆ ਗਿਆ। ਰੀਬਨਾ ਵਾਲੀ ਕਾਰ ਜਦੋਂ ਨਵੀਂ ਜੋੜੀ ਨੂੰ ਬਿਠਾ ਤੁਰਨ ਲੱਗੀ ਤਾਂ ਲੰਬਰਦਾਰ ਵੱਲੋਂ ਕਾਰ ਉੱਤੋਂ ਦੱਸੀਆਂ -ਪੰਜੀਆਂ ਦੀ ਭਾਨ ਦੀ ਵਰਖਾ ਕੀਤੀ ਗਈ। ਬਰਾਤ ਵਾਪਸ ਪਿੰਡ ਪਹੁੰਚਣ ਤੇ ਲੰਬੜਦਾਰ ਦੇ ਘਰ ਖ਼ੁਸ਼ੀ ਦਾ ਮਾਹੌਲ ਸੀ। ਨਵ ਵਿਆਹੀ ਜੋੜੀ ਨੂੰ ਕਾਰ ਚੋਂ ਉਤਾਰਿਆ ਗਿਆ ਮੁੰਡੇ ਦੀ ਮਾਂ ਵੱਲੋਂ ਪਾਣੀ ਵਾਰ ਕੇ ਜੋੜੀ ਨੂੰ ਘਰ ਅੰਦਰ ਲਿਆਂਦਾ ਗਿਆ ਰਿਸਤੇਦਾਰ ਅਤੇ ਪਿੰਡ ਵਾਲੇ ਲੰਬੜਦਾਰ ਅਤੇ ਉਸ ਦੇ ਘਰਵਾਲੀ ਨੂੰ ਵਧਾਈਆਂ ਦੇ ਰਹੇ ਸਨ।
ਭਾਵੇਂ ਅੱਜ ਕੱਲ੍ਹ ਵਿਆਹਾਂ ਤੇ ਖ਼ਰਚੇ ਜ਼ਿਆਦਾ ਕੀਤੇ ਜਾਂਦੇ ਹਨ ਪਰ ਪਹਿਲਾਂ ਵਾਲੀ ਗੱਲ ਨਹੀਂ ਬਣਦੀ।
” ਦਵਿੰਦਰ ਸਿੰਘ ਰਿੰਕੂ ,