ਸੁਣਿਉਂ ਵੇ ਕਲਮਾਂ ਵਾਲਿਉ
ਸੁਣਿਉਂ ਵੇ ਅਕਲਾਂ ਵਾਲਿਉ
ਸੁਣਿਉਂ ਵੇ ਹੁਨਰਾਂ ਵਾਲਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਇਕ ਦੋਸਤੀ ਦੇ ਜ਼ਖਮ ‘ਤੇ
ਸਾਂਝਾਂ ਦਾ ਲੋਗੜ ਬੰਨ੍ਹ ਕੇ
ਸਮਿਆਂ ਦੀ ਥੋਹਰ ਪੀੜ ਕੇ
ਦੁੱਧਾਂ ਦਾ ਛੱਟਾ ਮਾਰਿਉਵਿਹੜੇ ਅਸਾਡੀ ਧਰਤ ਦੇ
ਤਾਰੀਖ਼ ਟੂਣਾ ਕਰ ਗਈ
ਸੇਹੇ ਦਾ ਤੱਕਲਾ ਗੱਡ ਕੇ
ਸਾਹਾਂ ਦੇ ਪੱਤਰ ਵੱਢ ਕੇ
ਹੱਡੀਆਂ ਦੇ ਚੌਲ ਡੋਹਲ ਕੇ
ਨਫਰਤ ਦੀ ਮੌਲੀ ਬੰਨ੍ਹ ਕੇ
ਲਹੂਆਂ ਦੀ ਗਾਗਰ ਧਰ ਗਈ
ਓ ਸਾਥੀਓ, ਓ ਬੇਲੀਓ
ਤਹਿਜ਼ੀਬ ਜਿਊਂਦੀ ਮਰ ਗਈ ।ਇਖ਼ਲਾਕ ਦੀ ਅੱਡੀ ‘ਤੇ ਮੁੜ
ਵਹਿਸ਼ਤ ਦਾ ਬਿਸੀਅਰ ਲੜ ਗਿਆ
ਇਤਿਹਾਸ ਦੇ ਇਕ ਬਾਬ ਨੂੰ
ਮੁੜ ਕੇ ਜ਼ਹਿਰ ਹੈ ਚੜ੍ਹ ਗਿਆ
ਸੱਦਿਓ ਵੇ ਕੋਈ ਮਾਂਦਰੀ
ਸਮਿਆਂ ਨੂੰ ਦੰਦਲ ਪੈ ਗਈ
ਸੱਦਿਓ ਵੇ ਕੋਈ ਜੋਗੀਆ
ਧਰਤੀ ਨੂੰ ਗਸ਼ ਹੈ ਪੈ ਗਈ
ਸੁੱਖੋ ਵੇ ਰੋਟ ਪੀਰ ਦੇ
ਪਿੱਪਲਾਂ ਨੂੰ ਤੰਦਾਂ ਕੱਚੀਆਂ
ਆਉ ਵੇ ਇਸ ਬਾਰੂਦ ਦੀ
ਵਰਮੀ ਤੇ ਪਾਈਏ ਲੱਸੀਆਂ
ਓ ਦੋਸਤੋਂ, ਓ ਮਹਿਰਮੋ
ਕਾਹਨੂੰ ਇਹ ਅੱਗਾਂ ਮੱਚੀਆਂਹਾੜਾ ਜੇ ਦੇਸ਼ਾਂ ਵਾਲਿਓ
ਹਾੜਾ ਜੇ ਕੌਮਾਂ ਵਾਲਿਓ
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਨੁੱਖ ਸਿਰ
ਲਹੂਆਂ ਦਾ ਕਰਜ਼ਾ ਚਾੜ੍ਹਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਹਾੜਾ ਜੇ ਕਲਮਾਂ ਵਾਲਿਉ
ਹਾੜਾ ਜੇ ਅਕਲਾਂ ਵਾਲਿਉ
ਹਾੜਾ ਜੇ ਹੁਨਰਾਂ ਵਾਲਿਉ
punjabi poetry by famous poets
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।
ਜਾਂ ਮੰਦਰ ਦੀ ਮਮਟੀ ਉੱਤੇ
ਘਿਉ ਦੇ ਦੀਵੇ ਵਾਂਗ ਬਲੀਂਦਾ
ਰੋਜ਼ ਤਵੀ ਦੇ ਪਾਣੀ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ ।ਏਸ ਪਿੰਡ ਵਿਚ ਹਾੜ ਮਹੀਨੇ
ਉੱਡ ਉੱਡ ਆਵਣ ਬੱਦਲ ਚੀਨੇ
ਬੈਠੀ ਪੌਣ ਵਜਾਵੇ ਮੱਟੀਆਂ
ਬਾਂਸਾਂ ਦੇ ਵਿਚ ਖ਼ਾਲੀ ਸੀਨੇ ।
ਰੋਣ ਪਹਾੜੀਂ ਈਕਣ ਪਾਣੀ
ਜੀਕਣ ਬੁੱਢੀਆਂ ਤੇ ਮੁਟਿਆਰਾਂ
ਰੋਵਣ ਬੈਠੀਆਂ ਵਿਚ ਵਰ੍ਹੀਣੇ,
ਜਾਂ ਜਿਉਂ ਹਾਜੀ ਵਿਚ ਮਦੀਨੇ ।ਕਦੇ ਕਦੇ ਇਹਦੇ ਮਹਿਲਾਂ ਉੱਤੋਂ
ਕਾਲੇ ਕਾਲੇ ਖੰਭ ਮਰੀਂਦਾ,
ਲੰਘ ਜਾਏ ਕੋਈ ਕਾਗ ਉਡੀਂਦਾ
ਉੱਚੇ ਉੱਚੇ ਬੋਲ ਬੁਲੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਦੀਆਂ ਸੰਦਲੀ ਰਾਹਵਾਂ
ਛਾਵਾਂ ਦੇ ਗਲ ਪਾ ਕੇ ਬਾਹਵਾਂ
ਵੇਖਣ ਆਉਂਦੇ ਜਾਂਦੇ ਰਾਹੀ,
ਪੁੱਛਣ ਹਰ ਇਕ ਦਾ ਸਿਰਨਾਵਾਂ ।
ਬੈਂਕੜ੍ਹ ਗੁੱਲਰ, ਪੰਜ ਫੁੱਲੀਆਂ
ਟੁਰ ਟੁਰ ਵੇਖਣ ਆਉਣ ਸ਼ੁਆਵਾਂ
ਅੱਧੀ ਰਾਤੀਂ ਰੁੱਖਾਂ ਵਿਚੋਂ,
ਲੰਘ ਲੰਘ ਜਾਵਣ ਤੇਜ਼ ਹਵਾਵਾਂ ।ਕਦੇ ਕਦੇ ਇਨ੍ਹਾਂ ਰਾਹਾਂ ਉੱਤੇ
ਦਿਸੇ ਕੋਈ ਵੱਗ ਚਰੀਂਦਾ ।
ਜਾਂ ਕੋਈ ਅਲਬੇਲਾ ਪਾਲੀ
ਮਿੱਠਾ ਕੋਈ ਸਾਜ਼ ਵਜੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਪਿੰਡ ਦੀਆਂ ਕੁੜੀਆਂ ਚਿੜੀਆਂ
ਵਾਂਗ ਮੋਤੀਏ ਤੜਕੇ ਖਿੜੀਆਂ
ਨੈਣੀਂ ਵੀਰਵਾਰ ਦੀਆਂ ਝੜੀਆਂ
ਜੀਕਣ ਸਾਉਣ ਮਹੀਨੇ ਹੋਵਣ,
ਰੱਬ ਦੇ ਖੂਹ ਦੀਆਂ ਮਾਹਲਾਂ ਗਿੜੀਆਂ
ਬੁੱਕ ਬੁੱਕ ਕੰਨੀਂ ਪਾਵਣ ਬੁੰਦੇ
ਵਾਲਾਂ ਦੇ ਵਿਚ ਪਾਵਣ ਪਿੜੀਆਂ ।ਨੈਣ ਉਨ੍ਹਾਂ ਦੇ ਗਿੱਠ ਗਿੱਠ ਲੰਮੇ
ਜਿਉਂ ਭੌਰਾਂ ਦੀਆਂ ਲੰਮੀਆਂ ਡਾਰਾਂ
ਚੇਤ ਮਹੀਨੇ ਆਥਣ ਵੇਲੇ
ਪੋਹਲੀ ਦੇ ਫੁੱਲਾਂ ‘ਤੇ ਜੁੜੀਆਂ ।
ਹੋਂਠ ਜਿਵੇਂ ਰੂਹੀ ਦੇ ਪੱਤਰ
ਵਿਚੋਂ ਮਿੱਠਾ ਦੁੱਧ ਵਗੀਂਦਾ,
ਕੋਈ ਕੋਈ ਕਰਮਾਂ ਵਾਲਾ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਵਿਚ ਸਰਘੀ ਵੇਲੇ
ਉੱਚੇ ਟਿੱਬੇ ਦੁੱਧ ਚੁਬਾਰੇ,
ਈਕਣ ਲੱਗਣ ਪਿਆਰੇ ਪਿਆਰੇ
ਜੀਕਣ ਕਾਲੀ ਬਦਲੀ ਦੇ ਵਿਚ
ਚਿੱਟਾ ਬਗਲਾ ਤਾਰੀ ਮਾਰੇ ।
ਕਦੇ ਕਦੇ ਇਹਦੇ ਮਹਿਲਾਂ ਉਹਲੇ,
ਨਿੱਕੀ-ਸੋਨ ਚਿੜੀ ਇਕ ਬੋਲੇ ।
ਜਾਂ ਕੋਈ ਲੰਮ-ਸਲੰਮੀ ਨੱਢੀ,
ਮਹਿਲਾਂ ਦੇ ਦਰਵਾਜ਼ੇ ਖੋਹਲੇ ।ਕਿਸੇ ਕਿਸੇ ਬਾਰੀ ਦੇ ਪਿੱਛੇ,
ਬੈਠੀ ਕੋਈ ਤ੍ਰੀਮਤ ਦਿਸੇ
ਰੱਖੀ ਪੱਟਾਂ ਦੇ ਵਿਚ ਸ਼ੀਸ਼ਾ
ਕੋਹ ਕੋਹ ਲੰਮੇ ਵਾਲ ਵਰੋਲੇ ।
ਪਰ ਨਾ ਮੂੰਹੋਂ ਕੁਝ ਵੀ ਬੋਲੇ ।
ਕਦੇ ਕਦੇ ਜਾਂ ਚੋਣਾਂ ਵਾਲਾ
ਸਾਲੂ ਪੀਲੀ ਭਾ ਮਰੀਂਦਾ,
ਦਿਸੇ ਮਹਿਲਾਂ ਵਿਚ ਉਡੀਂਦਾ,
ਪੌਣਾਂ ਵਿਚੋਂ ਮਹਿਕ ਛਟੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਦੇ ਆਲੇ-ਦੁਆਲੇ
ਕੂਲ੍ਹਾਂ, ਕੱਸੀਆਂ, ਨਦੀਆਂ ਨਾਲੇ
ਲੈਣ ਪਰਕਰਮਾ ਕਰਮਾਂ ਵਾਲੇ ।
ਆਸ਼ਕ ਨ੍ਹਾਉਣ ਨਸੀਬਾਂ ਵਾਲੇ ।ਨ੍ਹਾਉਣ ਗਰਾਂ ਦੀਆਂ ਰਲ ਮਿਲ ਪਰੀਆਂ
ਵਾਲੀਂ ਟੰਗ ਚੰਬੇ ਦੀਆਂ ਕਲੀਆਂ
ਪਕੜ ਦਹੀਂ ਦੇ ਹੱਥ ਕਟੋਰੇ
ਛੰਗ ਅਤਲਸ ਦੇ ਲਹਿੰਗੇ ਕਾਲੇ ।
ਕਦੇ ਕਦੇ ਜੇ ਹੰਸ ਵਿਚਾਰਾ,
ਮਾਨਸਰੋਵਰ ਜਾਵਣ ਵਾਲਾ
ਏਸ ਗਰਾਂ ਦਾ ਪਾਣੀ ਪੀਂਦੈ,
ਓਥੇ ਹੀ ਉਹ ਡੁੱਬ ਮਰੀਂਦੈ,
ਮੁੜ ਨਾ ਮੋਤੀ ਇਕ ਚੁਗੀਂਦੈ ।ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਇਕ ਕੁੜੀ ਸ਼ੁਕੀਨਾ
ਕੋਹ ਕਾਫ਼ ਦੀ ਪਰੀ ਹੁਸੀਨਾ
ਪਰੀ ਹੁਸੀਨਾ ਜਿਦ੍ਹਾ ਸੁਣੀਂਦਾ,
ਸੁੱਤੀਆਂ ਕੰਮੀਆਂ ਵਰਗਾ ਸੀਨਾ ।
ਸਾਰੇ ਪਿੰਡ ਦੀ ਮੁੰਦਰੀ ਅੰਦਰ
ਸੁੱਚਾ ਇਕੋ ਇਕ ਨਗੀਨਾ ।
ਈਕਣ ਹੱਸੇ ਨੱਕ ਵਿਚ ਕੋਕਾ
ਜੀਕਣ ਕੋਈ ਆਸ਼ਕ ਝੂਠਾ
ਕਾਮ ਮੱਤਿਆ ਮਦਰਾ ਪੀ ਕੇ
ਆਪਣੀ ਸੁਬਕ ਜਿਹੀ ਸਜਣੀ ਸੰਗ
ਹੱਸ ਹੱਸ ਗੱਲਾਂ ਕਰੇ ਕਮੀਨਾ ।ਯਾਦ ਹੈ ਮੈਨੂੰ ਜੇਠ ਮਹੀਨਾ
ਪਹਿਲੀ ਵਾਰ ਮਿਲੀ ਸ਼ੁਕੀਨਾ
ਮੁੱਖ ਤੇ ਸੋਹਵੇ ਇਵੇਂ ਪਸੀਨਾ
ਜਿਵੇਂ ਕਿ ਅਰਬੀ ਦੇ ਪੱਤਿਆਂ ‘ਤੇ
ਕੱਤੇ ਦੇ ਵਿਚ ਸੁਬ੍ਹਾ ਸਵੇਰੇ
ਸ਼ਬਨਮ ਦਾ ਇਕ ਹੋਏ ਨਗੀਨਾ ।
ਓਸ ਨਗੀਨੇ ਦੀ ਅੱਖ ਅੰਦਰ,
ਸੂਰਜ ਹੋਵੇ ਮੁੱਖ ਵਖੀਂਦਾ,
ਕਿਰਨਾਂ ਦੇ ਪੈਮਾਨੇ ਅੰਦਰ,
ਛਿੱਟ ਛਿੱਟ ਹੋਵੇ ਚਾਨਣ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਦੀ ਵਰਖਾ ਰੁੱਤੇ
ਕੰਜਕਾਂ ਦੇ ਇਕ ਮੇਲੇ ਉੱਤੇ
ਦੂਜੀ ਵਾਰੀ ਮਿਲੀ ਸ਼ੁਕੀਨਾ
ਮੈਨੂੰ ਪਿੰਡ ਦੀ ਲਹਿੰਦੀ ਗੁੱਠੇ
ਅੰਬਾਂ ਦੀ ਇਕ ਝੰਗੀ ਉਹਲੇ
ਜਿਥੇ ਦਿਨ ਭਰ ਕੋਇਲ ਬੋਲੇ
ਰੋਂਦੀ ਰੋਂਦੀ ਆਈ ਸ਼ੁਕੀਨਾ
ਦੇ ਗਈ ਦੋ ਕੁ ਚੁੰਮਣ ਸੁੱਚੇ ।ਉਸ ਦਿਨ ਮਗਰੋਂ ਕਦੇ ਸ਼ੁਕੀਨਾ
ਕੋਹ-ਕਾਫ਼ ਦੀ ਪਰੀ ਹੁਸੀਨਾ
ਪਰੀ ਹੁਸੀਨਾ ਜਿਦ੍ਹਾ ਸੁਣੀਂਦਾ,
ਸੁੱਤੀਆਂ ਕੰਮੀਆਂ ਵਰਗਾ ਸੀਨਾ ।
ਮੈਨੂੰ ਕਦੇ ਵੀ ਮਿਲਣ ਨਾ ਆਈ
ਪਿੰਡ ਬਸੋਹਲੀ ਦੀ ਉਹ ਜਾਈ ।ਅੱਖਾਂ ਦੇ ਵਿਚ ਸਾਂਭ ਉਨੀਂਦਾ
ਰਾਤਾਂ ਤੋਂ ਮੈਂ ਰਿਹਾ ਪੁਛੀਂਦਾ
ਤ੍ਰਿੰਞਣਾਂ ਦੇ ਵਿਚ ਰਿਹਾ ਫਰੀਂਦਾ
ਰਾਹੀਆਂ ਕੋਲੋਂ ਹਾਲ ਪੁਛੀਂਦਾ ।ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਦੀਆਂ ਕੁੜੀਆਂ ਚਿੜੀਆਂ
ਇਕ ਦਿਨ ਤੀਰ ਨਦੀ ਤੇ ਮਿਲੀਆਂ
ਬਿਨਾਂ ਬੁਲਾਇਆਂ ਝੋਲੀ ਮੇਰੀ ਵਿਚ
ਰੁੱਗ-ਰੁੱਗ ਕਲੀਆਂ ਧਰਕੇ ਮੁੜੀਆਂ ।
ਮੁੱਖ ਉਹਨਾਂ ਦੇ ਸੋਗੀ ਤੱਕੇ
ਕੱਜਲੇ ਨੈਣੋਂ ਹਿੰਝਾਂ ਚੱਟੇ
ਹੋਂਠ ਉਹਨਾਂ ਦੇ ਹੋਏ ਖੱਟੇ
ਛੱਡ ਛੱਡ ਰਾਤ ਦਿਨੇ ਸਾਹ ਤੱਤੇ ।
ਉਸ ਦਿਨ ਮਗਰੋਂ ਕੁੜੀਆਂ ਚਿੜੀਆਂ
ਫੇਰ ਕਦੇ ਨਾ ਮੈਨੂੰ ਮਿਲੀਆਂ
ਦਿਲ ਦੀਆਂ ਦਿਲ ਤੋਂ ਰਿਹਾ ਪੁਛੀਂਦਾ
ਸੋਹਲ ਸ਼ੁਕੀਨਾ ਜਿਹਾ ਲਭੀਂਦਾ
ਅੱਖਾਂ ਦੇ ਵਿਚ ਸਾਂਭ ਉਨੀਂਦਾ
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਵਰਖਾ ਦੀ ਰੁੱਤੇ
ਕੰਜਕਾਂ ਦੇ ਉਸ ਮੇਲੇ ਉੱਤੇ
ਕਦੇ ਕਦੇ ਮੈਂ ਅੱਜ ਵੀ ਜਾਂਦਾ
ਵਾਦੀ ਦੇ ਵਿਚ ਫਿਰਦਾ ਰਹਿੰਦਾ ।
ਅੰਬਾਂ ਦੀ ਉਸ ਝੰਗੀ ਉਹਲੇ
ਜਿੱਥੇ ਅੱਜ ਵੀ ਕੋਇਲ ਬੋਲੇ
ਰੋਂਦਾ ਰੋਂਦਾ ਮੈਂ ਸੌਂ ਜਾਂਦਾ ।
ਵਿਲ੍ਹ ਵਿਲ੍ਹ ਹਰਿਆਂ ਘਾਵਾਂ ਉੱਤੇ
ਉਸ ਨੂੰ ਵਾਜਾਂ ਮਾਰ ਬੁਲਾਉਂਦਾ
ਖਾ ਬੈਂਕੜ੍ਹ ਦੇ ਕੌੜੇ ਪੱਤੇ
ਆਪਣੇ ਮੂੰਹ ਦਾ ਸੁਆਦ ਗਵਾਉਂਦਾ
ਉਸ ਦੇ ਚੁੰਮਣ ਭੁੱਲਣਾ ਚਾਹੁੰਦਾ ।
ਅੱਧੀ ਅੱਧੀ ਰਾਤੀਂ ਉੱਠ ਕੇ
ਚਾਨਣੀਆਂ ਤੋਂ ਰਾਹਵਾਂ ਪੁੱਛ ਕੇ
ਧੁੰਦਲੇ ਜਿਹੇ ਇਕ ਸਾਏ ਪਿੱਛੇ
ਕੋਹਾਂ ਤੀਕਣ ਹੋ ਕੇ ਆਉਂਦਾ
ਪਰ ਉਹ ਸਾਇਆ ਨਹੀਂ ਫੜੀਂਦਾ
ਨਾ ਕੋਈ ਮੇਰੀ ਗੱਲ ਸੁਣੀਂਦਾ
ਨਾ ਕੋਈ ਮੁੱਖੋਂ ਬੋਲ ਬੁਲੀਂਦਾ
ਨਿਰਾ ਸ਼ੁਕੀਨਾ ਵਾਂਗ ਦਸੀਂਦਾ ।ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਸ਼ਿਵ ਕੁਮਾਰ ਬਟਾਲਵੀ
ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋਂ,
ਨਿੰਮ੍ਹੇ-ਨਿੰਮ੍ਹੇ ਟਾਵੇਂ-ਟਾਵੇਂ
ਤਾਰੇ ਪਿਆ ਵੇਖਦਾਂ ।ਦੂਰ ਅੱਜ ਪਿੰਡ ਤੋਂ-
ਮੈਂ ਡੰਡੀਆਂ ‘ਤੇ ਖੜਾ ਖੜਾ,
ਮੰਦਰਾਂ ਦੇ ਕਲਸ ‘ਤੇ
ਮੁਨਾਰੇ ਪਿਆ ਵੇਖਦਾਂ ।ਹੌਲੀ-ਹੌਲੀ ਉੱਡ-ਉੱਡ
ਰੁੰਡਿਆਂ ਜਹੇ ਰੁੱਖਾਂ ਉੱਤੇ,
ਬਹਿੰਦੀਆਂ ਮੈਂ ਡਾਰਾਂ ਦੇ
ਨਜ਼ਾਰੇ ਪਿਆ ਵੇਖਦਾਂ ।ਮੈਂ ਵੀ ਅੱਜ ਰਾਂਝੇ ਵਾਂਗੂੰ
ਹੀਰ ਖੇੜੀਂ ਟੋਰ ਕੇ,
ਤੇ ਸੁੰਞੇ ਸੁੰਞੇ ਆਪਣੇ
ਹਜ਼ਾਰੇ ਪਿਆ ਵੇਖਦਾਂ ।ਪੌਣ ਦੇ ਫ਼ਰਾਟੇ-
ਮੇਰੇ ਕੋਲੋਂ ਰੋਂਦੇ ਲੰਘ ਰਹੇ ਨੇ,
ਜਾਪਦੇ ਨੇ ਜਿਵੇਂ ਅੱਜ
ਦੇ ਰਹੇ ਨੇ ਅਲਾਹੁਣੀਆਂ ।ਪਿੱਪਲੀ ਦਾ ਰੁੱਖ
ਜਿਦ੍ਹੇ ਥੱਲੇ ਦੋਵੇਂ ਬੈਠਦੇ ਸਾਂ,
ਉਹਦੀਆਂ ਅਯਾਲੀ ਕਿਸੇ
ਛਾਂਗ ਲਈਆਂ ਟਾਹਣੀਆਂ ।ਗੋਲ੍ਹਾਂ ਖਾਣ ਘੁੱਗੀਆਂ
ਜੋ ਦੋ ਨਿੱਤ ਆਉਂਦੀਆਂ ਸੀ,
ਉਹ ਵੀ ਅੱਜ ਸਾਰਾ ਦਿਨ
ਆਈਆਂ ਨਹੀਂ ਨਮਾਣੀਆਂ ।ਧਰਤੀ ਦੀ ਹਿੱਕ ‘ਤੇ
ਰਮਾਈ ਮੇਰੇ ਦੁੱਖਾਂ ਧੂਣੀ,
ਅੱਗ ਅਸਮਾਨੀਂ ਲਾਈ
ਹਾਉਕਿਆਂ ਨੇ ਹਾਣੀਆਂ ।ਇਹਦਾ ਉੱਕਾ ਦੁੱਖ ਨਹੀਂ
ਕਿ ਅੱਜ ਤੂੰ ਪਰਾਇਆ ਹੋਇਓਂ,
ਦੁੱਖ ਹੈ ਕਿ ਤੈਨੂੰ ਮੈਨੂੰ
ਕੌਡੀਆਂ ਨੇ ਪਿਆਰੀਆਂ ।ਦੁੱਖ ਹੈ ਸ਼ਿਕਾਰੀ ਕਿਸੇ
ਮਹਿਲਾਂ ਉਹਲੇ ਲੁਕ ਕੇ ਤੇ
ਚਾਂਦੀ ਦੀਆਂ ਗੋਲੀਆਂ
ਨਿਸ਼ਾਨੇ ਬੰਨ੍ਹ ਮਾਰੀਆਂ ।ਦੁੱਖ ਨਹੀਂ ਕਿ ਤੇਰੇ ਨਾਲ
ਖੇਡ ਨੰਗੀ ਖੇਡਿਆ ਨਾ,
ਦੁੱਖ ਹੈ ਕਿ ਨੀਂਹਾਂ ਕਾਹਨੂੰ
ਰੇਤ ‘ਤੇ ਉਸਾਰੀਆਂ ।ਦੁੱਖ ਨਹੀਂ ਕਿ ਰਾਹੀਆਂ ਪੈਰੀਂ
ਲੱਖਾਂ ਸੂਲਾਂ ਪੁੜ ਗਈਆਂ,
ਦੁੱਖ ਹੈ ਕਿ ਰਾਹਵਾਂ ਹੀ
ਨਖੁੱਟੀਆਂ ਵਿਚਾਰੀਆਂ ।ਮੰਨਿਆ, ਪਿਆਰ ਭਾਵੇਂ
ਰੂਹਾਂ ਦਾ ਹੀ ਮੇਲ ਹੁੰਦੈ,
ਦੇਰ ਪਾ ਕੇ ਸਿਉਂਕ
ਲੱਗ ਜਾਂਦੀ ਹੈ ਸਰੀਰਾਂ ਨੂੰ ।ਲੰਘਦੈ ਜਵਾਨੀਆਂ ਦਾ-
ਹਾੜ੍ਹ ਬੜੀ ਛੇਤੀ ਛੇਤੀ
ਸਾਉਣ ਏਂ ਜੰਗਾਲ ਦੇਂਦਾ
ਨੈਣਾਂ ਦਿਆਂ ਤੀਰਾਂ ਨੂੰ ।ਪਰ ਨਹੀਂ ਵੇ ਹੁੰਦੇ ਸਿੱਪ
ਮੋਤੀਆਂ ਦੇ ਰੱਕੜਾਂ ‘ਚ
ਇਕੋ ਜਹੇ ਨਹੀਂ ਪੱਤ ਪੈਂਦੇ
ਬੋਹੜਾਂ ਤੇ ਕਰੀਰਾਂ ਨੂੰ ।ਸਿਊਣ ਨੂੰ ਤਾਂ ਲੱਖ ਵਾਰੀ
ਸੀਤੀਆਂ ਵੀ ਜਾਂਦੀਆਂ ਨੇ,
ਨਾਂ ਪਰ ਲੀਰਾਂ ਰਹਿੰਦੈ
ਸਿਉਂ ਕੇ ਵੀ ਲੀਰਾਂ ਨੂੰ ।ਠੀਕ ਹੈ ਕਿ ਚੰਨ ਤਾਰੇ
ਭਾਵੇਂ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ
ਹੋਇਆ ਨਹੀਂ ਵੇ ਬੰਦੇ ਦਾ ।ਸੱਸੀ ਦਾ ਭੰਬੋਰ-
ਲੁੱਟ-ਪੁੱਟ ਕੇ ਵੀ ਹਾਲੇ ਤੀਕ
ਹੋਤਾਂ ਸਾਥ ਛੱਡਿਆ,
ਨਹੀਂ ਡਾਚੀਆਂ ਦੇ ਧੰਦੇ ਦਾ ।ਹੱਦਾਂ ਬੰਨੇ ਬੰਨ੍ਹ ਕੇ ਵੀ
ਗੋਰਿਆਂ ਤੇ ਕਾਲਿਆਂ ਨੇ,
ਹੱਥੋਂ ਰੱਸਾ ਛੱਡਿਆ ਨਹੀਂ
ਮਜ਼੍ਹਬਾਂ ਦੇ ਫੰਦੇ ਦਾ ।ਲੂਣੇ ਪਾਣੀ ਅੱਖਾਂ ਦੇ ਦਾ
ਹਾਲੇ ਕੋਈ ਨਹੀਂ ਮੁੱਲ ਪੈਂਦਾ,
ਮੁੱਲ ਭਾਵੇਂ ਪਿਆ ਪੈਂਦੈ
ਪਾਣੀ ਗੰਦੇ ਮੰਦੇ ਦਾ ।ਰੱਬ ਜਾਣੇ ਕਿੰਨਾ ਅਜੇ
ਹੋਰ ਮੇਰਾ ਪੈਂਡਾ ਰਹਿੰਦਾ,
ਕਦੋਂ ਜਾ ਕੇ ਮੁੱਕਣੇ ਨੇ
ਕੋਹ ਮੇਰੇ ਸਾਹਵਾਂ ਦੇ ।ਕਿੰਨਾ ਚਿਰ ਹਾਲੇ ਹੋਰ
ਸੋਹਣੀਆਂ ਨੇ ਡੁੱਬਣਾ ਏਂ
ਕਿੰਨਾ ਚਿਰ ਲੱਥਣੇ
ਤੂਫ਼ਾਨ ਨਹੀਂ ਝਨਾਂਵਾਂ ਦੇ ।ਕਿੰਨਾ ਚਿਰ ਪੀਲਕਾਂ ਨੇ
ਖੋਲ਼ਿਆਂ ‘ਚ ਉੱਗਣਾ ਏਂ,
ਕਿੰਨਾ ਚਿਰ ਰਾਹੀਆਂ ਦਿਲ
ਠੱਗਣੇ ਨੇ ਰਾਹਵਾਂ ਦੇ ।ਕਿੰਨਾ ਚਿਰ ਡੋਲੀਆਂ
ਤੇ ਰੱਖਾਂ ‘ਚ ਜਨਾਜ਼ੇ ਜਾਣੇ,
ਕਿੰਨਾ ਚਿਰ ਸੌਦੇ ਹੋਣੇ
ਧੀਆਂ ਭੈਣਾਂ ਮਾਵਾਂ ਦੇ ।ਸ਼ਿਵ ਕੁਮਾਰ ਬਟਾਲਵੀ
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਉਜਾੜਾਂ ।
ਜਾਂ ਉਡਦੀ ਬਦਲੋਟੀ ਕੋਈ
ਵਰ੍ਹ ਗਈ ਵਿਚ ਪਹਾੜਾਂ ।ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹਰੀ ‘ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ ।ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ ।ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲ੍ਹੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ ।ਯਾਦ ਤੇਰੀ ਦੇ ਉੱਚੇ ਮਹਿਲੀਂ
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ
ਆਵਾਂ ਕਿਹੜੇ ਰਾਹੇ ?ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕਹਾਰਾਂ,
ਬੰਨ੍ਹਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ ।ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ,
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬੇਲੇ,
ਨਾ ਕੋਈ ਮੇਰੀ ਛਾਵੇਂ ਬੈਠੇ
ਨਾ ਪੱਤ ਖਾਵਣ ਲੇਲੇ ।ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਦਾ ਜਾਇਆ,
ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ
ਮੁੱਲ ਕੀ ਖੇਵਣ ਧੇਲੇ ?ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ,
ਚੌਹੀਂ ਕੂਟੀਂ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ ।ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜ੍ਹਿਆ ਦਿਹੁੰ ਵੇਲੇ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬਾਗ਼ਾਂ,
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ ।ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ,
ਜਾਂ ਕੋਈ ਲਾਲ੍ਹੀ ਪਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ ।ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬਸ ਰੋਣਾ,
ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ ।ਬਾਗ਼ਾਂ ਵਾਲਿਆ ਤੇਰੇ ਬਾਗ਼ੀਂ
ਹੁਣ ਜੀ ਨਹੀਓਂ ਲੱਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ ਸੌ ਦੁਖੜੇ ਝਾਗਾਂ ।ਸ਼ਿਵ ਕੁਮਾਰ ਬਟਾਲਵੀ
ਮਾਏ ਨੀ
ਦੱਸ ਮੇਰੀਏ ਮਾਏ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਇਸ ਰੁੱਤੇ ਸਭ ਰੁੱਖ ਨਿਪੱਤਰੇ
ਮਹਿਕ-ਵਿਹੂਣੇ
ਇਸ ਰੁੱਤੇ ਸਾਡੇ ਮੁੱਖ ਦੇ ਸੂਰਜ
ਸੇਕੋਂ ਊਣੇ
ਮਾਏ ਨੀ ਪਰ ਵਿਧਵਾ ਜੋਬਨ
ਹੋਰ ਵੀ ਲੂਣੇ
ਹਾਏ ਨੀ
ਇਹ ਲੂਣਾ ਜੋਬਨ ਕੀ ਕਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ ਕੀ ਕਰੀਏ ?ਇਸ ਰੁੱਤੇ
ਸਾਡੀ ਪੀੜ ਨੇ ਵਾਲ ਵਧਾਏ
ਗ਼ਮ ਦਾ ਸੂਤੀ ਦੂਧਾ ਵੇਸ ਹੰਢਾਏ
ਰੱਖੇ ਰੋਜ਼ੇ ਗੀਤ ਨਾ ਹੋਠੀਂ ਲਾਏ
ਹਾਏ ਨੀ
ਇਸ ਰੁੱਤੇ ਕਿਥੇ ਡੁੱਬ ਮਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?ਮਾਏ ਨੀ
ਇਹ ਰੁੱਤ ਕਿਦ੍ਹੇ ਲੜ ਲਾਈਏ
ਕਿਸ ਨੂੰ ਇਹਦੇ ਜੂਠੇ ਅੰਗ ਛੁਹਾਈਏ
ਕਿਸ ਧਰਮੀ ਦੇ ਵਿਹੜੇ ਬੂਟਾ ਲਾਈਏ
ਹਾਏ ਨੀ
ਇਹਨੂੰ ਕਿਹੜੇ ਫੁੱਲ ਸੰਗ ਵਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?ਸ਼ਿਵ ਕੁਮਾਰ ਬਟਾਲਵੀ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ਼ ਮੇਰੇ ਨਾਂ ਕਰ ਦੇਵੇ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ‘ਤੇ ਧਰ ਦੇਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ‘ਤੇ
ਦੋ ਹਰਫ਼ ਰਸੀਦੀ ਕਰ ਦੇਵੇਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ-ਦੀਵੀਂ ਮਰ ਜਾਣਾ ਹੈਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਅਣਿਆਈ ਮੌਤ ਨਾ ਮਰ ਜਾਵੇ
ਮੈਂ ਚਾਹੁੰਦਾਂ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾਂ ਕਿਸੇ ਤਿਜੋਰੀ ਦਾਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ੱਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ਼ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ‘ਤੇ
ਦੋ ਹਰਫ਼ ਰਸੀਦੀ ਕਰ ਜਾਵੇਸ਼ਿਵ ਕੁਮਾਰ ਬਟਾਲਵੀ
ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ,
ਮੈਂ ਰੱਤ ਚੋ ਚੋ ਨੇ ਦੀਪ ਬਾਲੇ ।ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ,
ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ ।ਜਾਂ ਪੌ-ਫੁਟਾਲਾ ਮਨੁੱਖਤਾ ਦਾ,
ਨਾ ਹੋਣ ਤੀਕਰ ਲੋਅ ਸਾਥ ਪਾਲੇ ।ਜਾਂ ਨੀਲ ਰਲੇ ਦੋ ਨੈਣ ਸਿੱਲ੍ਹੇ,
ਵੇ ਜਾਣ ਕਿਧਰੇ ਸੂ ਨਾ ਜੰਗਾਲੇ ।ਵੇ ਦੂਰ ਦਿਸਦੀ ਹੈ ਭੋਰ ਹਾਲੇ ।
ਵੇ ਦੂਰ ਦਿਸਦੀ ਹੈ ਭੋਰ ਹਾਲੇ ।ਸਮੇਂ ਦੇ ਥੇਹ ‘ਤੇ ਵੇਖ ਅੜਿਆ,
ਕੋਈ ਬਿੱਲ-ਬਤੌਰੀ ਪਈ ਬੋਲਦੀ ਹੈ ।ਵੇ ਅਮਰ ਜੁਗਨੂੰ ਕੋਈ ਆਤਮਾ ਦਾ,
ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ ।ਬੇਤਾਲ ਸ਼ੂਕਰ ਵੇ ਰਾਕਟਾਂ ਦੀ,
ਸੁਣ ਸੁਣ ਕੇ ਧਰਤੀ ਪਈ ਝੋਲਦੀ ਹੈ ।ਵੇ ਆਖ ਅੱਲੜ੍ਹ ਮਨੁੱਖ ਹਾਲੇ ਵੀ,
ਘੁੱਗੀਆਂ ਦੀ ਥਾਂ ਬਾਜ਼ ਪਾਲੇ ।ਵੇ ਘੋਰ ਕਾਲੀ ਹੈ ਰਾਤ ਹਾਲੇ ।
ਵੇ ਘੋਰ ਕਾਲੀ ਹੈ ਰਾਤ ਹਾਲੇ ।ਵੇ ਬਾਝ ਤੇਰੇ ਨੇ ਫੋਗ ਸਹਿਰਾ,
ਵੇ ਬਿਨ ਸਕੂੰ ਦੇ ਹੈ ਫੋਗ ਮਸਤੀ ।ਵੇ ਦਿਲ ਮੁਸੱਵਰ ਦੇ ਬਿਨ ਅਜੰਤਾ,
ਹੈ ਪੱਬਾਂ ਦੀ ਬੇ-ਹਿੱਸ ਬਸਤੀ ।ਵੇ ਚਾਤ੍ਰਿਕ ਲਈ ਤਾਂ ਪਾਕ ਗੰਗਾ,
ਵੇ ਪਾਣੀਆਂ ਦੀ ਹੈ ਖ਼ਾਕ ਹਸਤੀ ।ਵੇ ਚੰਨ ਦੀ ਥਾਂ ਚਕੋਰੀਆਂ ਤੋਂ,
ਹਾਏ ਜਾਣ ਸਾਗਰ ਕਿਵੇਂ ਹੰਗਾਲੇ ।ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।ਵੇ ਹੋ ਵੀ ਸਕਦੈ ਕਿ ਪੌਣ ਮਿੱਠੀ,
ਜੋ ਵਗ ਰਹੀ ਹੈ ਤੂਫ਼ਾਨ ਹੋਵੇ ।ਜਾਂ ਹੋ ਵੀ ਸਕਦੈ ਕਿ ਮੇਰੇ ਘਰ
ਕੱਲ੍ਹ ਢੁਕਣੀ ਮੇਰੀ ਮਕਾਣ ਹੋਵੇ ।ਜਾਂ ਹੋ ਵੀ ਸਕਦੈ ਕਿ ਕੱਲ੍ਹ ਤੀਕਣ,
ਨਾ ਹੋਣ ਡਲਾਂ ਨਾ ਡਾਣ ਹੋਵੇ ।ਜਾਂ ਗੋਰ ਅੰਦਰ ਹੋਣ ਕਿਧਰੇ
ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ ।ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।ਮੈਂ ਸੋਚਦੀ ਹਾਂ ਕਿ ਵਿੱਸ ਕਾਲੀ,
ਹਨੇਰਿਆਂ ਦੀ ਨੂੰ ਕੌਣ ਪੀਵੇ ।ਵੇ ਨੰਗ-ਮੁਨੰਗੀ ਜਿਹੀ ਧਰਤ ਭੁੱਖੀ,
ਵੇ ਹੋਰ ਕਿੰਨੀ ਕੁ ਦੇਰ ਜੀਵੇ ।ਯੁੱਗ ਵਿਹਾਏ ਨੇ ਬਾਲਦੀ ਨੂੰ
ਹਾਏ ਰੱਤ ਚੋ ਚੋ ਕੇ ਰੋਜ਼ ਦੀਵੇ ।ਪਰ ਨਾ ਹੀ ਬੀਤੀ ਇਹ ਰਾਤ ਕਾਲੀ
ਹੈ ਨਾ ਹੀ ਬਹੁੜੀ ਉਸ਼ੇਰ ਹਾਲੇ ।ਹੈ ਰਾਤ ਕਿੰਨੀ ਕੁ ਦੇਰ ਹਾਲੇ ।
ਹੈ ਰਾਤ ਕਿੰਨੀ ਕੁ ਦੇਰ ਹਾਲੇ ।ਸ਼ਿਵ ਕੁਮਾਰ ਬਟਾਲਵੀ
ਰਾਤ ਅੱਧੀ ਆਰ
ਅੱਧੀ ਪਾਰ ਹੈ :
ਸੋਚ ਮੇਰੀ ਵਾਂਗ ਹੀ
ਬੇਜ਼ਾਰ ਹੈ
ਇਹ ਤਾਂ ਮੈਨੂੰ ਇਉਂ ਪਈ ਹੈ ਭਾਸਦੀ
ਮੇਰੇ ਵਾਕਣ ਮਰਦ ਹੈ ਨਾਰ ਹੈ ।
ਰਾਤ ਅੱਧੀ ਆਰ
ਅੱਧੀ ਪਾਰ ਹੈ ।ਗਲੀ ਗਲੀ ਚੁੰਮਣੇ ਪੁੱਤਰ ਪਰਾਏ
ਕਿਸ ਕਦਰ ਹੋਛਾ ਜਿਹਾ ਰੁਜ਼ਗਾਰ ਹਾਏ
ਵੇਲ ਪਿੱਛੋਂ ਸੱਦ ਲਾ ਕੇ ਆਖਣਾ
ਵੇਲ ਤੇਰੀ ਹੋਰ ਵੀ ਦਾਤਾ ਵਧਾਏ ।ਕਿਸ ਕਦਰ
ਅਸਚਰਜ ਦੀ ਗੱਲ ਹਾਏ
ਇਕ ਮਾਂਗਤ ਰਾਜਿਆਂ ਨੂੰ ਖ਼ੈਰ ਪਾਏ
ਹਾਏ ਨਾ ਦਾਤਾ ਸਮਝ ਆਏ ।ਮੇਰੀ ਆਪਣੀ ਵੇਲ ਖੁਦ ਬੇ-ਕਾਰ ਹੈ
ਇਹ ਧੁਰਾਂ ਤੋਂ
ਜ਼ਰਦ ਤੇ ਬਿਮਾਰ ਹੈ
ਏਸ ਨੂੰ ਨਾ ਫੁੱਲ
ਨਾ ਕੋਈ ਖ਼ਾਰ ਹੈ ।
ਮੇਰੇ ਲਈ ਹੈ ਅਜਨਬੀ ਕੁੱਖਾਂ ਦੀ ਪੀੜ
ਪਿਆਰ ਦੀ ਮੈਨੂੰ ਭਲਾ ਕੀ ਸਾਰ ਹੈ ?
ਲੋਰੀਆਂ ਦੇਣਾ
ਤਾਂ ਇਕ ਰੁਜ਼ਗਾਰ ਹੈ
ਕਾਮ ਦੀ ਜਾਂ ਪੂਰਤੀ ਦਾ ਆਹਰ ਹੈ
ਰਾਤ ਅੱਧੀ ਆਰ
ਅੱਧੀ ਪਾਰ ਹੈ
ਮੇਰੇ ਵਾਕਣ ਮਰਦ ਹੈ ਨਾਰ ਹੈ ।ਹਾਏ ਮੈਨੂੰ
ਕਿਸ ਗੁਨਾਹ ਦੀ ਇਹ ਸਜ਼ਾ ?
ਨਾ ਮੈਂ ਆਦਮ
ਤੇ ਨਾ ਹੀ ਮੈਂ ਹੱਵਾ
ਕਾਮ ਦਾ ਹੁੰਦਾ ਹੈ ਖ਼ੌਰੇ ਕੀਹ ਮਜ਼ਾ ?
ਆਖਦੇ ਨੇ –
ਕਾਮ ਹੁੰਦਾ ਹੈ ਖੁਦਾ
ਕਾਮ ਵਿਚ ਹੁੰਦਾ ਹੈ ਲੋਜੜੇ ਦਾ ਨਸ਼ਾ
ਪਰ ਇਹ ਮੈਨੂੰ ਕੀ ਪਤਾ ।ਕਾਮ ਦੇ ਦਿਉਤੇ ਦੀ
ਮੈਨੂੰ ਤਾਂ ਧੁਰੋਂ ਹੀ ਮਾਰ ਹੈ
ਜਿਸਮ ਮੇਰਾ ਰਾਮ-ਲੀਲ੍ਹਾ ਦਾ
ਕੋਈ ਕਿਰਦਾਰ ਹੈ
ਜਿਸ ਦੇ ਹੱਥ ਵਿਚ
ਕਾਠ ਦੀ ਤਲਵਾਰ ਹੈ
ਚਮਕਦੀ ਹੈ ਪਰ ਨਾ ਕੋਈ ਧਾਰ ਹੈ
ਝੂਠਾ ਮੂਠਾ ਕਰਨਾ ਜਿਸ ਨੇ ਵਾਰ ਹੈ
ਰਾਤ ਅੱਧੀ ਆਰ
ਅੱਧੀ ਪਾਰ ਹੈ
ਮੇਰੇ ਵਾਕਣ ਮਰਦ ਹੈ ਨਾਰ ਹੈ ।ਹੇ ਮਨਾ !
ਨਾ ਹੋਰ ਲੰਮੀ ਸੋਚ ਕਰ
ਸੋਚ ਲੰਮੀ ਸੰਨ੍ਹ ਲਾਣੀ ਸਮੇਂ ਨੂੰ
ਸਮੇਂ ਨੂੰ ਤਾਂ ਸੰਨ੍ਹ ਲਾਣੀ ਪਾਪ ਹੈ ।
ਸਮਾਂ ਹੀ ਤਾਂ ਜ਼ਿੰਦਗੀ ਦਾ ਬਾਪ ਹੈ ।
ਉੱਠ
ਕਿ ਸਾਰੇ ਨੇ ਸਾਥੀ ਸੌਂ ਰਹੇ
ਸੁਪਨਿਆਂ ਦੇ ਸ਼ਹਿਰ ਸੱਭੇ ਭੌਂ ਰਹੇ
ਜ਼ਿੰਦਗੀ ਇਕ ਕਾਮ
ਦੂਜੇ ਕੰਮ ਬਿਨ
ਹੇ ਮਨਾ ਬੇ-ਕਾਰ ਹੈ, ਬੇ-ਕਾਰ ਹੈ
ਇਕ ਵਾਧੂ ਭਾਰ ਹੈ
ਤੈਨੂੰ ਮਰ ਜਾਣਾ ਹੀ ਬਸ ਦਰਕਾਰ ਹੈ
ਰਾਤ ਅੱਧੀ ਆਰ
ਅੱਧੀ ਪਾਰ ਹੈ
ਮੇਰੇ ਵਾਕਣ ਮਰਦ ਹੈ ਨਾਰ ਹੈ
ਰਾਤ ਅੱਧੀ ਆਰ
ਅੱਧੀ ਪਾਰ ਹੈ ।ਸ਼ਿਵ ਕੁਮਾਰ ਬਟਾਲਵੀ
ਯਾਦ ਤੇਰੀ ਦੇ ਤਪਦੇ ਰਾਹੀਂ,
ਮੈਂ ਹੰਝੂਆਂ ਦੀ ਛਬੀਲ ਲਾਈ ।
ਮੈਂ ਜ਼ਿੰਦਗੀ ਦੇ ਧੁਆਂਖੇ ਹੋਠਾਂ ਨੂੰ
ਰੋਜ਼ ਗ਼ਮ ਦੀ ਗਲੋ ਪਿਆਈ ।ਮੇਰੇ ਗੀਤਾਂ ਦਾ ਹੰਸ ਜ਼ਖ਼ਮੀ
ਮੈਂ ਸੋਚਦੀ ਹਾਂ ਕਿ ਮਰ ਜਾਏਗਾ,
ਜੇ ਜੁਦਾਈ ਵਸਲ ਦੇ ਮੋਤੀ-
ਅੱਜ ਆਪ ਹੱਥੀਂ ਨਾ ਲੈ ਕੇ ਆਈ ।ਵਰ੍ਹ ਰਹੀਆਂ ਬਦਲੋਟੀਆਂ ‘ਤੇ
ਤਾਂ ਚਾਤ੍ਰਿਕ ਨੂੰ ਗਿਲਾ ਨਹੀਂ ਕੋਈ,
ਇਹ ਉਸ ਦੀ ਆਪਣੀ ਹੈ ਬਦਨਸੀਬੀ
ਕਿ ਜੀਭ ਉਹਦੀ ਰਹੀ ਤਿਹਾਈ ।ਨਿੰਮੜੀ ਦੇ ਕਸੈਲੇ ਫੁੱਲਾਂ
ਦੇ ਵਿਚ ਵੀ ਸੱਜਣਾ ਵੇ ਸ਼ਹਿਦ ਹੁੰਦੈ
ਕਸਮ ਹੈ ਤੈਨੂੰ ਤੂੰ ਮੁੜ ਨਾ ਆਖੀਂ
ਵੇ ਭੌਰਿਆਂ ਨੂੰ ਕਦੇ ਸ਼ੁਦਾਈ ।ਯਾਦ ਤੇਰੀ ਦੇ ਤਪਦੇ ਰਾਹੀਂ,
ਨੇ ਹਰ ਕਦਮ ਤੇ ਉਜਾੜ ਖੋਲੇ ।
ਬੇਚੈਨ ਹੋਏ ਜਿਹੇ ਉਡਦੇ ਫਿਰਦੇ
ਨੇ ਜਾਂ ਉਮੀਦਾਂ ਦੇ ਵਾਵਰੋਲੇ ।ਇਹਨਾਂ ਰਾਹਾਂ ਤੋਂ ਗੁਜ਼ਰ ਜਾਂਦੀ
ਹੈ ਰੋਜ਼ ਪੁਨੂੰ ਨੂੰ ਰੋਂਦੀ ਕੋਈ,
ਕਦੇ ਕਦੇ ਜਾਂ ਗੁਜ਼ਰ ਨੇ ਜਾਂਦੇ
ਵੇ ਖੇੜੇ ਹੀਰਾਂ ਦੇ ਲੈ ਕੇ ਡੋਲੇ ।ਜਾਂ ਇਹਨਾਂ ਰਾਹਾਂ ਦੇ ਮੀਲ-ਪੱਥਰਾਂ
ਤੇ ਰੋਜ਼ ਬਿਰਹੋਂ ਦੇ ਬਾਜ਼ ਬੈਠਣ,
ਜਾਂ ਮਾਸ ਖੋਰੀ ਕੋਈ ਡਾਰ ਗਿੱਧਾਂ ਦੀ
ਹੱਡੋ-ਰੋੜੇ ਪਈ ਟਟੋਲੇ ।ਇਕ ਸਮਾਂ ਸੀ ਮੈਂ ਸਮਝਦੀ ਸਾਂ
ਵੇ ਪ੍ਰੀਤ-ਅਗਨੀ ਦਾ ਕੁੰਡ ਤੈਨੂੰ,
ਪਰ ਇਕ ਸਮਾਂ ਹੈ ਤੂੰ ਬੁਝ ਗਿਆ ਹੈਂ
ਵੇ ਵਾਂਗ ਧੁਖ਼ਦੇ ਬਿਆਰੀ ਕੋਲੇ ।ਯਾਦ ਤੇਰੀ ਦੇ ਤਪਦੇ ਰਾਹੀਂ
ਵੇ ਹੋਰ ਮੈਥੋਂ ਨਾ ਟੁਰਿਆ ਜਾਏ ।
ਕੌਣ ਥੋਰ੍ਹਾਂ ਨੂੰ ਸਮਝ ਕਲੀਆਂ
ਵੇ ਜਾਣ ਬੁਝ ਕੇ ਗਲੇ ਲਗਾਏ ।ਸੜ੍ਹੈਂਦ ਲੱਦੀ ਹਵਾ ਸਮੇਂ ਦੀ
‘ਚ ਕੌਣ ਖ਼ੁਸ਼ੀਆਂ ਦਾ ਇਤਰ ਛਿੜਕੇ,
ਕੌਣ ਗਿਰਝਾਂ ਥਾਂ ਹਸਰਤਾਂ ਦੇ
ਵੇ ਧੁੰਧਲੇ ਅਰਸ਼ੀਂ ਹੁਮਾ ਉਡਾਏ ।ਕੌਣ ਇਸ਼ਕੇ ਦੀ ਖ਼ੂਨੀ ਮਿੱਟੀ ‘ਚ
ਸੁਪਨਿਆਂ ਦੇ ਵੇ ਬੀਜ ਬੀਜੇ,
ਕੌਣ ਦਿਲ ਦੀ ਵੀਰਾਨ ਧਰਤੀ
ਤੇ ਰੁੱਖ ਮੰਧਾਰੀ ਦੀ ਕਲਮ ਲਾਏ ।ਕੌਣ ਜ਼ਖ਼ਮਾਂ ‘ਚੋਂ ਪੀਕ ਸਿੰਮਦੀ
ਤੇ ਧੂੜੇ ਹੱਥੀਂ ਵੇ ਆਪ ਮਿਰਚਾਂ,
ਕੌਣ ਜ਼ੁਲਫ਼ਾਂ ਦੇ ਮਹਿਕੇ ਲੱਛਿਆਂ
‘ਚ ਹੂੰਝ ਰਾਹਵਾਂ ਦੀ ਖੇਹ ਮਿਲਾਏ ।ਯਾਦ ਤੇਰੀ ਦੇ ਤਪਦੇ ਰਾਹੀਂ
ਮੈਂ ਔਸੀਆਂ ਪਾ ਪਾ ਉਮਰ ਹੈ ਗਾਲੀ
ਇਕ ਮੇਲ ਤੇਰੇ ਦੀ ਮੈਲੀ ਖਿੰਦੜੀ
ਵੇ ਘੋਲ ਕੱਲਰ ਮੈਂ ਨਿੱਤ ਹੰਗਾਲੀ ।ਨਿੱਤ ਉਡੀਕਾਂ ਦੀ ਅੱਗ ਪੀ ਪੀ ਕੇ
ਦਿਲ ਦਾ ਪਿੱਤਾ ਮੈਂ ਸਾੜ ਲੀਤਾ,
ਮੈਂ ਆਪ ਆਪਣੀ ਖ਼ੁਸ਼ੀ ਦੇ ਚੰਬੇ ਦੀ
ਛਾਂਗ ਸੁੱਟੀ ਹੈ ਡਾਲੀ ਡਾਲੀ ।ਤੇਲ ਹੁੰਦਿਆਂ ਵੀ ਮੇਰੀ ਮਹਿਫ਼ਲ ਦੇ
ਸਾਰੇ ਦੀਵੇ ਕਿਉਂ ਬੁਝ ਗਏ ਨੇ,
ਪਤਾ ਨਹੀਂ ਮਾਲੀ ਤੋਂ ਹਰ ਲਗਰ ਨੂੰ
ਕਿਉਂ ਸੁਹਣਾ ਲੱਗਦਾ ਹੈ ਅੱਜ ਅਯਾਲੀ ?ਠਹਿਰ ਮੌਤੇ ਨੀ ਲੈ ਜਾ ਮੈਨੂੰ-
ਨਿਰਾਸ ਹੋ ਕੇ ਕਿਉਂ ਮੁੜ ਚੱਲੀ ਏਂ,
ਖਾਲੀ ਮੋੜਨ ਨੂੰ ਜੀ ਨਹੀਂ ਕਰਦਾ
ਜਦੋਂ ਦਰ ‘ਤੇ ਆਇਆ ਕੋਈ ਸਵਾਲੀ ।ਸ਼ਿਵ ਕੁਮਾਰ ਬਟਾਲਵੀ
ਏਕਮ ਦਾ ਚੰਨ ਵੇਖ ਰਿਹਾ ਸੀ
ਬਹਿ ਝੰਗੀਆਂ ਦੇ ਉਹਲੇ ।
ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ,
ਪੈਰ ਧਰੇਂਦੀ ਪੋਲੇ ।
ਟੋਰ ਉਹਦੀ ਜਿਉਂ ਪੈਲਾਂ ਪਾਉਂਦੇ
ਟੁਰਣ ਕਬੂਤਰ ਗੋਲੇ ।
ਜ਼ਖ਼ਮੀ ਹੋਣ ਕੁਮਰੀਆਂ ਕੋਇਲਾਂ
ਜੇ ਮੁੱਖੋਂ ਕੁਝ ਬੋਲੇ ।ਲੱਖਾਂ ਹੰਸ ਮਰੀਵਣ ਗਸ਼ ਖਾ
ਜੇ ਹੰਝੂ ਇਕ ਡੋਹਲੇ ।
ਉੱਡਣ ਮਾਰ ਉਡਾਰੀ ਬਗਲੇ
ਜੇ ਵਾਲਾਂ ਥੀਂ ਖੋਹਲੇ ।
ਪੈ ਜਾਏ ਡੋਲ ਹਵਾਵਾਂ ਤਾਈਂ,
ਜੇ ਪੱਖੀ ਫੜ ਝੋਲੇ ।
ਡੁੱਬ ਮਰੀਵਣ ਸ਼ੌਹ ਥੀਂ ਤਾਰੇ
ਮੁੱਖ ਦੇ ਵੇਖ ਤਤੋਲੇ ।ਚੰਨ ਦੂਜ ਦਾ ਵੇਖ ਰਿਹਾ ਸੀ
ਵਿਹੜੇ ਵਿਚ ਫਲਾਹੀ ।
ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ
ਥੱਲੇ ਚਰਖੀ ਡਾਹੀ ।
ਕੋਹ ਕੋਹ ਲੰਮੀਆਂ ਤੰਦਾਂ ਕੱਢਦੀ
ਚਾ ਚੰਦਨ ਦੀ ਬਾਹੀ ।
ਪੂਣੀਆਂ ਈਕਣ ਕੱਢੇ ਬੂੰਬਲ
ਜਿਉਂ ਸਾਵਣ ਵਿਚ ਕਾਹੀ ।ਹੇਕ ਸਮੁੰਦਰੀ ਪੌਣਾਂ ਵਰਗੀ
ਕੋਇਲਾਂ ਦੇਣ ਨਾ ਡਾਹੀ ।
ਰੰਗ ਜਿਵੇਂ ਕੇਸੂ ਦੀ ਮੰਜਰੀ
ਨੂਰ ਮੁੱਖ ਅਲਾਹੀ ।
ਵਾਲ ਜਿਵੇਂ ਚਾਨਣ ਦੀਆਂ ਨਦੀਆਂ
ਰੇਸ਼ਮ ਦੇਣ ਗਵਾਹੀ ।
ਨੈਣ ਕੁੜੀ ਦੇ ਨੀਲੇ ਜੀਕਣ
ਫੁੱਲ ਅਲਸੀ ਦੇ ਆਹੀ ।ਚੰਨ ਤੀਜ ਦਾ ਵੇਖ ਰਿਹਾ ਸੀ
ਸ਼ੀਸ਼ੋ ਨਦੀਏ ਨ੍ਹਾਉਂਦੀ ।
ਭਰ ਭਰ ਚੁਲੀਆਂ ਧੋਂਦੀ ਮੁੱਖੜਾ
ਸਤਿਗੁਰ ਨਾਮ ਧਿਆਉਂਦੀ ।
ਅਕਸ ਪਿਆ ਵਿਚ ਨਿੱਤਰੇ ਪਾਣੀ
ਆਪ ਵੇਖ ਸ਼ਰਮਾਉਂਦੀ ।
ਸੜ ਸੜ ਜਾਂਦੇ ਨਾਜ਼ੁਕ ਪੋਟੇ
ਜਿਸ ਅੰਗ ਹੱਥ ਛੁਹਾਉਂਦੀ ।ਸੁੱਤੇ ਵੇਖ ਨਦੀ ਵਿਚ ਚਾਨਣ
ਰੂਹ ਉਹਦੀ ਕਮਲਾਉਂਦੀ ।
ਮਾਰ ਉਡਾਰੀ ਲੰਮੀ ਸਾਰੀ
ਅਰਸ਼ੀਂ ਉੱਡਣਾ ਚਾਹੁੰਦੀ ।
ਮਹਿਕਾਂ ਵਰਗਾ ਸੁਪਨਾ ਉਣਦੀ
ਝੂਮ ਗਲੇ ਵਿਚ ਪਾਉਂਦੀ ।
ਸੁਪਨੇ ਪੈਰੀਂ ਝਾਂਜਰ ਪਾ ਕੇ
ਤੌੜੀ ਮਾਰ ਉਡਾਉਂਦੀ ।ਚੰਨ ਚੌਥ ਦਾ ਵੇਖ ਰਿਹਾ ਸੀ
ਖੜਿਆ ਵਾਂਗ ਡਰਾਵੇ ।
ਸ਼ੀਸ਼ੋ ਦਾ ਪਿਉ ਖੇਤਾਂ ਦੇ ਵਿਚ
ਉੱਗਿਆ ਨਜ਼ਰੀਂ ਆਵੇ ।
ਤੋੜ ਉਫ਼ਕ ਤਕ ਝੂਮ ਰਹੇ ਸਨ
ਟਾਂਡੇ ਸਾਵੇ ਸਾਵੇ ।
ਹਰ ਸੂ ਨੱਚੇ ਫ਼ਸਲ ਸਿਊਲਾਂ
ਲੈ ਵਿਚ ਧਰਤ ਕਲਾਵੇ ।ਸ਼ੀਸ਼ੋ ਦਾ ਪਿਉ ਡਰਦਾ ਕਿਧਰੇ
ਮਾਲਕ ਨਾ ਆ ਜਾਵੇ ।
ਪਲ ਪਲ ਮਗਰੋਂ ਮਾਰੇ ਚਾਂਗਰ
ਬੈਠੇ ਅੜਕ ਉਡਾਵੇ ।
ਰਾਤ ਦਿਨੇ ਦੀ ਰਾਖੀ ਬਦਲੇ
ਟੁੱਕਰ ਚਾਰ ਕਮਾਵੇ ।
ਅੱਧੀ ਰਾਤ ਹੋਈ ਪਰ ਜਾਗੇ
ਡਰ ਰੋਜ਼ੀ ਦਾ ਖਾਵੇ ।ਪੰਚਮ ਦਾ ਚੰਨ ਵੇਖ ਰਿਹਾ ਸੀ
ਆਥਣ ਵੇਲਾ ਹੋਇਆ ।
ਲਹਿੰਦੇ ਦੇ ਪੱਤਣਾਂ ਦਾ ਅੰਬਰ
ਲਾਲ ਕਿਰਮਚੀ ਹੋਇਆ ।
ਗਗਨਾਂ ਦੇ ਵਿਚ ਕੋਈ ਕੋਈ ਤਾਰਾ
ਜਾਪੇ ਮੋਇਆ ਮੋਇਆ ।
ਸ਼ੀਸ਼ੋ ਦੀ ਮਾਂ ਰੰਗੋਂ ਲਾਖੀ
ਜਿਉਂ ਕਣਕਾਂ ਵਿਚ ਕੋਇਆ ।ਟੋਰ ਉਹਦੀ ਜਿਉਂ ਹੋਏ ਨਵੇਰਾ
ਬਲਦ ਤਰਾਨੇ ਜੋਇਆ ।
ਨੈਣ ਉਹਦੇ ਬਰਸਾਤੀ ਪਾਣੀ ਦਾ
ਜਿਉਂ ਹੋਵੇ ਟੋਇਆ ।
ਵਾਲ ਜਿਵੇਂ ਕੋਈ ਦੂਧੀ ਬੱਦਲ
ਸਰੂਆਂ ਉੇਹਲੇ ਹੋਇਆ ।
ਸ਼ੀਸ਼ੋ ਦੀ ਮਾਂ ਵੇਖ ਵਿਚਾਰੀ
ਚੰਨ ਬੜਾ ਹੀ ਰੋਇਆ ।ਚੰਨ ਛਟੀ ਦਾ ਵੇਖ ਰਿਹਾ ਸੀ
ਸ਼ੀਸ਼ੋ ਢਾਕੇ ਚਾਈ ।
ਘੜਾ ਗੁਲਾਬੀ ਗਲ ਗਲ ਭਰਿਆ
ਲੈ ਖੂਹੇ ਤੋਂ ਆਈ ।
ਖੜਿਆ ਵੇਖ ਬੀਹੀ ਵਿਚ ਮਾਲਿਕ
ਖੇਤਾਂ ਦਾ, ਸ਼ਰਮਾਈ ।
ਡਰੀ ਡਰਾਈ ਤੇ ਘਬਰਾਈ
ਲੰਘ ਗਈ ਊਂਧੀ ਪਾਈ ।ਮਟਕ-ਚਾਨਣੇ ਵਾਕਣ ਉਸਦੀ
ਜਾਨ ਲਬਾਂ ‘ਤੇ ਆਈ ।
ਲੋ ਲਗਦੀ ਉਹਦੀ ਰੂਹ ਥੀਂ ਜਾਪੇ
ਲੱਭੇ ਕਿਰਨ ਨਾ ਕਾਈ ।
ਜਿਸ ਪਲ ਸੁੱਟਿਆ ਪੈਰ ਘਰੇ ਥੀਂ
ਉਸ ਪਲ ਥੀਂ ਪਛਤਾਈ ।
ਸਾਰੀ ਰੈਣ ਨਿਮਾਣੀ ਸ਼ੀਸ਼ੋ
ਪਾਸੇ ਪਰਤ ਵਿਹਾਈ ।ਸਤਵੀਂ ਦਾ ਚੰਨ ਵੇਖ ਰਿਹਾ ਸੀ
ਚੁੱਪ ਚਪੀਤੇ ਖੜ੍ਹਿਆ ।
ਪਿੰਡ ਦਾ ਮਾਲਕ ਚੂਰ ਨਸ਼ੇ ਵਿਚ
ਵੇਖ ਬੜਾ ਹੀ ਡਰਿਆ ।
ਇਕ ਹੱਥ ਸਾਂਭ ਬੱਕੀ ਦੀਆਂ ਵਾਗਾਂ
ਇਕ ਹੱਥ ਹੱਨੇ ਧਰਿਆ ।
ਕੰਨੀਂ ਉਹਦੇ ਨੱਤੀਆਂ ਲਿਸ਼ਕਣ
ਮੁੱਖ ‘ਤੇ ਸੂਰਜ ਚੜ੍ਹਿਆ ।ਉਮਰੋਂ ਅਧਖੜ ਰੰਗ ਪਿਆਜ਼ੀ
ਸਿਰ ‘ਤੇ ਸਾਫਾ ਹਰਿਆ ।
ਅੱਡੀ ਮਾਰ ਬੱਕੀ ਦੀ ਕੁੱਖੇ
ਜਾ ਖੇਤਾਂ ਵਿਚ ਵੜਿਆ ।
ਸ਼ੀਸ਼ੋ ਦਾ ਪਿਉ ਮਾਲਿਕ ਸਾਹਵੇਂ
ਊਂਧੀ ਪਾਈ ਖੜਿਆ ।
ਵੇਖ ਰਿਹਾ ਸੀ ਲਿਸ਼ ਲਿਸ਼ ਕਰਦਾ
ਹਾਰ ਤਲੀ ‘ਤੇ ਧਰਿਆ ।ਚੰਨ ਅਸ਼ਟਮੀ ਦੇ ਨੇ ਤੱਕਿਆ
ਸ਼ੀਸ਼ੋ ਭੋਂ ‘ਤੇ ਲੇਟੀ ।
ਚਿੱਟੀ ਦੁੱਧ ਮਰਮਰੀ ਚਿੱਪਰ
ਚਾਨਣ ਵਿਚ ਵਲ੍ਹੇਟੀ ।
ਸਾਹਵਾਂ ਦੇ ਵਿਚ ਵਿਲ੍ਹੇ ਕਥੂਰੀ
ਦੂਰੋਂ ਆਣ ਉਚੇਟੀ ।
ਸੁੱਤੀ ਘੂਕ ਲਵੇ ਪਈ ਸੁਫ਼ਨੇ
ਚੰਨ ਰਿਸ਼ਮਾਂ ਦੀ ਬੇਟੀ ।ਸੁਫ਼ਨੇ ਦੇ ਵਿਚ ਸ਼ੀਸ਼ੋ ਨੇ
ਖੁਦ ਸ਼ੀਸ਼ੋ ਮੋਈ ਵੇਖੀ ।
ਡਿੱਠਾ ਕੁੱਲ ਗਰਾਂ ਉਸ ਸੜਦਾ
ਸੁੱਕੀ ਸਾਰੀ ਖੇਤੀ ।
ਸ਼ੀਸ਼ੋ ਦੇ ਪਿਉ ਮੋਈ ਸ਼ੀਸ਼ੋ
ਕਫ਼ਨ ਬਦਲੇ ਵੇਚੀ ।
ਸ਼ੀਸ਼ੋ ਵੇਖ ਕੁਲਹਿਣਾ ਸੁਫ਼ਨਾ
ਝੱਬਦੀ ਉੱਠ ਖਲੋਤੀ ।ਨੌਵੀਂ ਦਾ ਚੰਨ ਵੇਖ ਰਿਹਾ ਸੀ
ਸ਼ੀਸ਼ੋ ‘ਤੇ ਇਕ ਸਾਇਆ ।
ਸ਼ੀਸ਼ੋ ਸੰਗ ਟੁਰੀਂਦਾ
ਅੱਧੀ ਰਾਤ ਨਦੀ ‘ਤੇ ਆਇਆ ।
ਨਦੀਏ ਗਲ ਗਲ ਚਾਨਣ ਵਗਦਾ
ਹੜ੍ਹ ਚਾਨਣ ਦਾ ਆਇਆ ।
ਚੀਰ ਨਦੀ ਦੇ ਚਾਨਣ ਲੰਘ ਗਏ
ਸ਼ੀਸ਼ੋ ਤੇ ਉਹ ਸਾਇਆ ।ਬਾਂ ਬਾਂ ਕਰਦਾ ਸੰਘਣਾ ਬੇਲਾ
ਵਿਚ ਕਿਸੇ ਮਹਿਲ ਪੁਆਇਆ ।
ਸ਼ੀਸ਼ੋ ਪੈਰ ਜਾਂ ਧਰਿਆ ਮਹਿਲੀਂ
ਕੁੱਲ ਬੇਲਾ ਕੁਰਲਾਇਆ ।
ਚੰਨ ਮਹਿਲਾਂ ਥੀਂ ਮਾਰੇ ਟੱਕਰਾਂ
ਪਰ ਕੁਝ ਨਜ਼ਰ ਨਾ ਆਇਆ ।
ਸਾਰੀ ਰਾਤ ਰਿਹਾ ਚੰਨ ਰੋਂਦਾ
ਭੁੱਖਾ ਤੇ ਤਿਰਹਾਇਆ ।ਦਸਵੀਂ ਦਾ ਚੰਨ ਅੰਬਰਾਂ ਦੇ ਵਿਚ
ਵੱਗ ਬੱਦਲਾਂ ਦੇ ਚਾਰੇ ।
ਰੁਕ ਰੁਕ ਝੱਲਾ ਪਾਈ ਜਾਵੇ
ਮਗਰੀ ਦੇ ਵਿਚ ਤਾਰੇ ।
ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿਚ
ਮੁਸ਼ਕੀ ਵਾਲ ਖਿਲਾਰੇ ।
ਲੈ ਲੈ ਜਾਣ ਸੁਨੇਹੇ ਉਹਦੇ
ਪੌਣਾਂ ਦੇ ਹਰਕਾਰੇ ।ਚੰਨ ਵਿਚਾਰਾ ਮਹਿਲਾਂ ਵੱਲੇ
ਡਰਦਾ ਝਾਤ ਨਾ ਮਾਰੇ ।
ਮਹਿਲੀਂ ਬੈਠੇ ਪੀਵਣ ਮਦਰਾ
ਮਾਲਿਕ ਨਾਲ ਮੁਜ਼ਾਰੇ ।
ਵਾਂਗ ਪੂਣੀਆਂ ਹੋਏ ਬੱਗੇ
ਸ਼ੀਸ਼ੋ ਦੇ ਰੁਖ਼ਸਾਰੇ ।
ਹਾਸੇ ਦਾ ਫੁੱਲ ਰਿਹਾ ਨਾ ਕਾਈ
ਹੋਠਾਂ ਦੀ ਕਚਨਾਰੇ ।ਚੰਨ ਇਕਾਦਸ਼ ਦੇ ਨੇ ਤੱਕਿਆ
ਸ਼ੀਸ਼ੋ ਵਾਂਗ ਸ਼ੁਦੈਣਾਂ ।
ਨੰਗੀ ਅਲਫ਼ ਫਿਰੇ ਵਿਚ ਮਹਿਲਾਂ
ਜਿਵੇਂ ਸੁਣੀਵਣ ਡੈਣਾਂ ।
ਮੁੱਖ ‘ਤੇ ਹਲਦੀ ਦਾ ਲੇ ਚੜ੍ਹਿਆ
ਅੱਗ ਬਲੇ ਵਿਚ ਨੈਣਾਂ ।
ਪੁੱਟੇ ਪੈਰ ਤਾਂ ਠੇਡਾ ਲੱਗੇ
ਔਖਾ ਦਿਸੇ ਬਹਿਣਾ ।ਥੰਮ੍ਹੀਆਂ ਪਕੜ ਖਲੋਵੇ ਚੰਦਰੀ
ਆਇਆ ਵਕਤ ਕੁਲਹਿਣਾ ।
ਮਾਂ ਮਾਂ ਕਰਦੀ ਮਾਰੇ ਡਾਡਾਂ
ਸਬਕ ਰਟੇ ਜਿਉਂ ਮੈਨਾ ।
ਔਖਾ ਜੀਕਣ ਹੋਏ ਪਛਾਨਣ
ਸੂਰਜ ਚੜ੍ਹੇ ਟਟਹਿਣਾ ।
ਸੋਈਓ ਹਾਲ ਹੋਇਆ ਸ਼ੀਸ਼ੋ ਦਾ
ਸੂਰਤ ਦਾ ਕੀ ਕਹਿਣਾ ।ਚੰਨ ਦੁਆਦਸ਼ ਦੇ ਨੇ ਤੱਕਿਆ
ਸ਼ੀਸ਼ੋ ਮਹਿਲੀਂ ਸੁੱਤੀ ।
ਦਿਸੇ ਵਾਂਗ ਚਰ੍ਹੀ ਦੇ ਟਾਂਡੇ
ਸਵਾ ਮਸਾਤਰ ਉੱਚੀ ।
ਪੀਲੀ-ਭੂਕ ਹੋਈ ਵੱਤ ਪੋਹਲੀ
ਨੀਮ ਜੋਗੀਆ ਗੁੱਟੀ ।
ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ
ਤੋੜ ਤਣਾਵੋਂ ਟੁੱਟੀ ।ਲਏ ਹਟਕੋਰੇ ਜਾਪੇ ਜੀਕਣ
ਬੱਸ ਮੁੱਕੀ ਕਿ ਮੁੱਕੀ ।
ਲੰਮੀ ਪਈ ਕਰੀਚੇ ਦੰਦੀਆਂ
ਲੁੜਛੇ ਹੋ ਹੋ ਪੁੱਠੀ ।
ਢਾਈਂ ਮਾਰ ਕੁਰਲਾਏ ਸ਼ੀਸ਼ੋ
ਜਿਉਂ ਢਾਬੀਂ ਤਰਮੁੱਚੀ ।
ਪਰ ਚੰਨ ਬਾਝੋਂ ਕਿਸੇ ਨਾ ਵੇਖੀ
ਉਹ ਹੱਡਾਂ ਦੀ ਮੁੱਠੀ ।ਚੰਨ ਤਿਰੌਦਸ਼ ਦੇ ਨੇ ਤੱਕਿਆ
ਹੋ ਮਹਿਲਾਂ ਦੇ ਨੇੜੇ ।
ਪਾਣੀ ਪਾਣੀ ਕਰਦੀ ਸ਼ੀਸ਼ੋ
ਜੀਭ ਲਬਾਂ ‘ਤੇ ਫੇਰੇ ।
ਸ਼ੀਸ਼ੋ ਪਲੰਘ ‘ਤੇ ਲੇਟੀ ਹੂੰਘੇ
ਪੀਲੇ ਹੋਠ ਤਰੇੜੇ ।
ਪਲ ਪਲ ਮਗਰੋਂ ਨੀਮ ਗ਼ਸ਼ੀ ਵਿਚ
ਰੱਤੇ ਨੈਣ ਉਘੇੜੇ ।ਹੂ ਹੂ ਕਰਦੀ ਬਿੱਲ-ਬਤੌਰੀ
ਬੋਲੇ ਬੈਠ ਬਨੇਰੇ ।
ਦੂਰ ਗਰਾਂ ਦੀ ਜੂਹ ਵਿਚ ਰੋਵਣ
ਕੁੱਤੇ ਚਾਰ ਚੁਫ਼ੇਰੇ ।
ਸ਼ੀਸ਼ੋ ਵਾਂਗ ਧੁਖੇ ਧੂਣੀ ਦੇ
ਵਿਚ ਫੱਕਰਾਂ ਦੇ ਡੇਰੇ ।
ਚਾਨਣ ਲਿੱਪੇ ਵਿਹੜੇ ਦੇ ਵਿਚ
ਬੀ ਹੰਝੂਆਂ ਦੇ ਕੇਰੇ ।ਚੰਨ ਚੌਧਵੀਂ ਦੇ ਨੇ ਤੱਕਿਆ
ਮਹਿਲਾਂ ਦੇ ਵਿਚ ਗੱਭੇ ।
ਨੀਲੇ ਨੈਣਾਂ ਵਾਲੀ ਸ਼ੀਸ਼ੋ
ਭੁੰਜੇ ਲਾਹੀ ਲੱਗੇ ।
ਸ਼ੀਸ਼ੋ ਦੇ ਸਿਰਹਾਣੇ ਦੀਵਾ
ਆਟੇ ਦਾ ਇਕ ਜੱਗੇ ।
ਲੱਗੇ ਅੱਧ ਕਵਾਰੀ ਸ਼ੀਸ਼ੋ
ਜਿਉਂ ਮਰ ਜਾਸੀ ਅੱਜੇ ।ਸ਼ਾਲਾ ਓਸ ਗਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ ।
ਕੁਲ ਜ਼ਿਮੀਂ ਜਾਂ ਪੈ ਜਾਏ ਗਿਰਵੀ
ਜੂਹਾਂ ਸਣੇ ਸਿਹੱਦੇ ।
ਸੜ ਜਾਏ ਫ਼ਸਲ ਸਵੇ ‘ਤੇ ਆਈ
ਬੋਹਲ ਪਿੜਾਂ ਵਿਚ ਲੱਗੇ ।
ਜਿਸ ਗਰਾਂ ਵਿਚ ਜ਼ਿੰਦਗੀ ਨਾਲੋਂ
ਮੱਢਲ ਮਹਿੰਗੀ ਲੱਭੇ ।ਪੁੰਨਿਆਂ ਦਾ ਚੰਨ ਵੇਖ ਰਿਹਾ ਸੀ
ਚਾਨਣ ਆਏ ਮਕਾਣੇ ।
ਪੌਣਾਂ ਦੇ ਗਲ ਲੱਗ ਰੋਵਣ
ਸ਼ੀਸ਼ੋ ਨੂੰ ਮਰ ਜਾਣੇ ।
ਅੱਗ ਮਘੇ ਸ਼ੀਸ਼ੋ ਦੀ ਮੜ੍ਹੀਏ
ਲੋਗੜ ਵਾਂਗ ਪੁਰਾਣੇ ।
ਉੱਠਦਾ ਧੂੰਆਂ ਬੁੱਲ੍ਹੀਆਂ ਟੇਰੇ
ਵਾਕਣ ਬਾਲ ਅੰਞਾਣੇ ।ਰੋਂਦੇ ਰਹੇ ਸਿਤਾਰੇ ਅੰਬਰੀਂ
ਫੂਹੜੀ ਪਾ ਨਿਮਾਣੇ ।
ਸਾਰੀ ਰਾਤ ਰਿਹਾ ਚੰਨ ਬੈਠਾ
ਸ਼ੀਸ਼ੋ ਦੇ ਸਿਰਹਾਣੇ ।
ਸ਼ਾਲਾ ਬਾਂਝ ਮਰੀਵਣ ਮਾਪੇ
ਢਿੱਡੋਂ ਭੁੱਖੇ ਭਾਣੇ ।
ਉਸ ਘਰ ਜੰਮੇ ਨਾ ਕੋਈ ਸ਼ੀਸ਼ੋ
ਜਿਸ ਘਰ ਹੋਣ ਨਾ ਦਾਣੇ ।ਸ਼ਿਵ ਕੁਮਾਰ ਬਟਾਲਵੀ
ਦਿਲ ਦੇ ਝੱਲੇ ਮਿਰਗ ਨੂੰ ਲੱਗੀ ਹੈ ਤੇਹ ।
ਪਰ ਨੇ ਦਿਸਦੇ ਹਰ ਤਰਫ਼ ਵੀਰਾਨ ਥੇਹ ।ਕੀ ਕਰਾਂ ? ਕਿਥੋਂ ਬੁਝਾਵਾਂ ਮੈਂ ਪਿਆਸ,
ਹੋ ਗਏ ਬੰਜਰ ਜਿਹੇ ਦੋ ਨੈਣ ਇਹ ।ਥਲ ਹੋਏ ਦਿਲ ‘ਚੋਂ ਗ਼ਮਾਂ ਦੇ ਕਾਫ਼ਲੇ,
ਰੋਜ਼ ਲੰਘਦੇ ਨੇ ਉਡਾ ਜਾਂਦੇ ਨੇ ਖੇਹ ।ਦੁਆਰ ਦਿਲ ਦੇ ਖਾ ਗਈ ਹਠ ਦੀ ਸਿਉਂਕ,
ਖਾ ਗਈ ਚੰਦਨ ਦੀ ਦੇਹ ਬਿਰਹੋਂ ਦੀ ਲੇਹ ।ਰਤਨ ਖ਼ੁਸ਼ੀਆਂ ਦੇ ਮਣਾਂ ਮੂੰਹ ਪੀਹ ਲਏ,
ਇਕ ਪਰਾਗਾ ਰੋੜ ਪਰ ਹੋਏ ਨਾ ਪੀਹ ।ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ,
ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ ।ਚਿਰ ਹੋਇਆ ਮੇਰੇ ਮੁਹਾਣੇ ਡੁੱਬ ਗਏ,
ਹੁਣ ਸਹਾਰੇ ਖ਼ਿਜ਼ਰ ਦੇ ਦੀ ਲੋੜ ਕੀਹ ?ਜਾਣਦੇ ਬੁਝਦੇ ਯਸੂ ਦੇ ਰਹਿਨੁਮਾ,
ਚਾੜ੍ਹ ਆਏ ਬੇ-ਗੁਨਾਹ ਸੂਲੀ ਮਸੀਹ ।ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ ।ਆਖ਼ਰੀ ਫੁੱਲ ਵੀ ਸ਼ਰੀਂਹ ਦਾ ਡਿੱਗ ਪਿਆ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ ।ਚੰਨ ਦੀ ਰੋਟੀ ਪਕਾਈ ਤਾਰਿਆਂ,
ਬਦਲੀਆਂ ਮਰ ਜਾਣੀਆਂ ਗਈਆਂ ਲੈ ਖੋਹ ।ਗੋਂਦਵੀਂ ਆਸਾਂ ਦੀ ਡੋਰੀ ਟੁੱਟ ਗਈ,
ਧਾਣ ਚਿੜੀਆਂ ਠੂੰਗ ਲਏ ਥੋਥੇ ਨੇ ਤੋਹ ।ਪੈ ਗਈਆਂ ਫੁੱਲਾਂ ਦੇ ਮੂੰਹ ‘ਤੇ ਝੁਰੜੀਆਂ,
ਤਿਤਲੀਆਂ ਦੀ ਹੋ ਗਈ ਧੁੰਦਲੀ ਨਿਗਾਹ ।ਫੂਕ ਘੱਤੇ ਪਰ ਕਿਸੇ ਅੱਜ ਮੋਰ ਦੇ,
ਹਫ਼ ਗਏ ਕਿਸੇ ਭੌਰ ਦੇ ਉੱਡ-ਉੱਡ ਕੇ ਸਾਹ ।ਵਗ ਰਹੀ ਹੈ ਓਪਰੀ ਜਿਹੀ ਅੱਜ ਹਵਾ,
ਲੌਂਗ ਊਸ਼ਾ ਦੇ, ਦੀ ਹੈ ਕੁਝ ਹੋਰ ਭਾਹ ।ਫੂਕ ਲੈਣੇ ਨੇ ਮੈਂ ਢਾਰੇ ਆਪਣੇ,
ਭੁੱਲ ਜਾਣੇ ਨੇ ਮੈਂ ਆਪਣੇ ਆਪ ਰਾਹ ।ਦੂਰ ਹੋ ਕੇ ਬਹਿ ਦਿਲ ਦੀਏ ਹਸਰਤੇ,
ਛੂਹ ਨਾ ਪੀੜਾਂ ਮਾਰੀਏ ਮੈਨੂੰ ਨਾ ਛੂਹ ।ਖਾਣ ਦੇ ਜਿੰਦੂ ਨੂੰ ਕੱਲਰ ਸੋਗ ਦੇ,
ਮਹਿਕੀਆਂ ਰੋਹੀਆਂ ਦੇ ਵੱਲ ਇਹਨੂੰ ਨਾ ਧੂਹ ।ਥੱਕ ਗਈ ਮੂੰਹ-ਜ਼ੋਰ ਜਿੰਦ ਲਾਹ ਲੈ ਲਗਾਮ,
ਨਰੜ ਕੇ ਬੰਨ੍ਹ ਲੈ ਮੇਰੀ ਬੇਚੈਨ ਰੂਹ ।ਪੀਣ ਦੇ ਆਡਾਂ ਨੂੰ ਪਾਣੀ ਪੀਣ ਦੇ,
ਭਰ ਨਸਾਰਾਂ ਵਹਿਣ ਦੇ ਨੈਣਾਂ ਦੇ ਖੂਹ ।ਸ਼ਿਵ ਕੁਮਾਰ ਬਟਾਲਵੀ
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ
ਉਹ ਅੰਬਰ ਤੇ ਤਾਰਾ ਬਣ ਕੇ ਚੜਦੇ ਨੇ
ਜਾਨ ਜਿਹੜੀ ਵੀ
ਦੇਸ਼ ਦੇ ਲੇਖੇ ਲੱਗਦੀ ਹੈ
ਉਹ ਗਗਨਾਂ ਵਿਚ
ਸੂਰਜ ਬਣ ਕੇ ਦਘਦੀ ਹੈ
ਉਹ ਅਸਮਾਨੀ ਬੱਦਲ ਬਣ ਕੇ ਸਰਦੇ ਨੇ ।
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।ਧਰਤੀ ਉੱਪਰ ਜਿੰਨੇ ਵੀ ਨੇ
ਫੁੱਲ ਖਿੜਦੇ
ਉਹ ਨੇ ਸਾਰੇ ਖ਼ਾਬ
ਸ਼ਹੀਦਾਂ ਦੇ ਦਿਲ ਦੇ
ਫੁੱਲ ਉਹਨਾਂ ਦੇ ਲਹੂਆਂ ਨੂੰ ਹੀ ਲੱਗਦੇ ਨੇ
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।ਕੋਈ ਵੀ ਵੱਡਾ ਸੂਰਾ ਨਹੀਂ
ਸ਼ਹੀਦਾਂ ਤੋਂ
ਕੋਈ ਵੀ ਵੱਡਾ ਵਲੀ ਨਹੀਂ
ਸ਼ਹੀਦਾਂ ਤੋਂ
ਸ਼ਾਹ, ਗੁਣੀ ਵਿਦਵਾਨ ਉਹਨਾਂ ਦੇ ਬਰਦੇ ਨੇ ।
ਮੌਤ ਸ਼ਹੀਦਾਂ ਦੀ ਜੋ ਲੋਕੀ ਮਰਦੇ ਨੇ ।ਸ਼ਿਵ ਕੁਮਾਰ ਬਟਾਲਵੀ