ਦੋ ਦੋਸਤ ਕਈ ਸਾਲਾਂ ਬਾਅਦ ਇਕ ਦੂਜੇ ਨੂੰ ਮਿਲੇ ਸਨ। ਕਾਲਜ ਵੇਲੇ ਦੀ ਦੋਸਤੀ ਨੂੰ ਸਮੇਂ ਤੇ ਹਾਲਾਤ ਨੇ ਜਿਵੇਂ ਕੁਝ ਕਰ ਦਿੱਤਾ ਹੋਵੇ। ਕੋਈ ਗੱਲ ਈ ਨਹੀਂ ਸੀ ਤੁਰਦੀ। ਸਾਹਮਣੇ ਮੇਜ ਤੇ ਪਈ ਬੋਤਲ ‘ਚ ਸ਼ਰਾਬ ਜਿਵੇਂ ਜਿਵੇਂ ਘਟਣ ਲੱਗੀ ਉਹਨਾਂ ਦੀਆਂ ਗੱਲਾਂ ਤੁਰਨ ਲੱਗੀਆਂ।
ਇਕ ਦੋਸਤ ਨੇ ਦੂਜੇ ਨੂੰ ਪੁੱਛਿਆ, ਅੱਛਾ ਯਾਰ ਇਕ ਗੱਲ ਤਾਂ ਦੱਸ। ਆਹ ਸਿੱਖੀ ਬਾਣਾ ਕਦੋਂ ਤੋਂ ਪਹਿਨਣਾ ਸ਼ੁਰੂ ਕਰ ਦਿੱਤਾ। ਦੇਸ ਵਿਚ ਤਾਂ ਸਾਰੀ ਉਮਰ ਕਦੀ ਪੱਗ ਵੀ ਨਹੀਂ ਸੀ ਬੰਨੀ ਤੇ ਨਾਲੇ ਨਿੱਤ ਨਵੇਂ ਫੈਸ਼ਨਾਂ ਦੇ, ਫਿਲਮੀ ਐਕਟਰਾਂ ਵਰਗੇ ਵਾਲ ਮਨਾਉਂਦਾ ਹੁੰਦਾ ਸੀ।
ਦੂਜੇ ਦੋਸਤ ਨੇ ਪੋਲਾ ਜਿਹਾ ਹੱਸ ਕੇ ਕਿਹਾ, ਤੈਨੂੰ ਪਤਾ ਹੀ ਆ ਆਪਾਂ ਕਿਥੇ ਸਿੱਖ ਬਨਣ ਵਾਲੇ ਆਂ ਇਹ ਤਾਂ ਐਵੇਂ ਮਜ਼ਬੂਰੀ ਜਿਹੀ ਆ।
ਮਜ਼ਬੂਰੀ ਕਿਦਾਂ ਦੀ?
ਤੈਨੂੰ ਪਤੈ ਬਈ ਵਿਹਲੇ ਬੰਦੇ ਆਪਣੇ ਪਿੰਡਾਂ ‘ਚੋਂ ਹਲ ਵਾਹੁੰਦੇ ਹੀ ਆਏ ਹੋਏ ਹਨ ਤੇ ਉਹਨਾਂ ਤੇ ਅਕਲ ਨਾਲੋਂ ਸ਼ਕਲ ਜਿਆਦਾ ਅਸਰ ਕਰਦੀ ਹੈ। ਮੈਂ ਪਹਿਲਾਂ ਪੰਜ ਛੇ ਸਾਲ ਕਈ ਕਿਸਮ ਦੇ ਬਿਜ਼ਨਸਾਂ ‘ਚ ਪਿਆ, ਪਰ ਸਾਲਾ ਕੋਈ ਕੰਮ ਚੱਲੇ ਈ ਨਾ। ਫੇਰ ਭਰਾਵਾ ਤੇਰੇ ਵਰਗੇ ਭਾਈ ਵੰਦ ਨੇ ਨੁਸਖਾ ਦੱਸਿਆ। ਬੱਸ ਹੁਣ ਤਾਂ ਜਿਵੇਂ ਕਹਿੰਦੇ ਹੁੰਦੇ ਆ ਗੁਰੂ ਦੀ ਕਿਰਪਾ, ਐ ਨੀ ਸੋਹਣੀ ਦਾਹੜੀ (ਦਾਹੜੀ ਨੂੰ ਪਲੋਸਦਾ ਹੋਇਆ) ਤੇ ਪਗੜੀ ਤੇ ਭਲਾ ਕੌਣ ਸ਼ੱਕ ਕਰ ਸਕਦਾ ਹੈ ਜੋ ਮਰਜੀ ਹੇਰਾ ਫੇਰੀ ਕਰੀਏ, ਅਗਲੇ ਸਰਦਾਰ ਜੀ, ਸਰਦਾਰ ਜੀ ਕਰਦੇ ਫਿਰਦੇ ਆ।
punjabi ki kahani
ਮਾਸਟਰ ਧੀਰ ਨੇ ਬੱਚਿਆਂ ਨੂੰ ਸੱਚ ਬੋਲਣ, ਹੇਰਾਫੇਰੀ ਨਾ ਕਰਨ ਤੇ ਇਮਾਨਦਾਰ ਬਣ ਕੇ ਰਹਿਣ ਦੀ ਨਸੀਹਤ ਕੀਤੀ। ਅੱਠਾਂ ਸਾਲਾਂ ਦੀ ਪੰਮੀ ਨੇ ਆਪਣੇ ਮਾਸਟਰ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਸਦਾ ਸੱਚ ਬੋਲਣ ਤੇ ਇਮਾਨਦਾਰ ਬਣ ਕੇ ਰਹਿਣ ਦਾ ਪ੍ਰਣ ਕਰ ਲਿਆ।
ਉਸੇ ਦਿਨ ਮਾਸਟਰ ਧੀਰ ਨੇ ਪੰਮੀ ਨੂੰ ਡਾਕਖਾਨੇ ਤੋਂ ਲਿਫਾਫੇ ਲਿਆਉਣ ਲਈ ਪੰਜਾਹ ਪੈਸੇ ਦਿੱਤੇ। ਉਹ ਪੋਸਟ ਮਸਟਰ ਕੋਲ ਗਿਆ, ਉਸ ਨੇ ਗਲਤੀ ਨਾਲ ਪੰਜਾਹ ਪੈਸਿਆਂ ਨੂੰ ਰੁਪਏ ਦਾ ਸਿੱਕਾ ਸਮਝਕੇ, ਦੋ ਲਿਫਾਫੇ ਤੇ ਪੰਜਾਹ ਪੈਸੇ ਮੋੜ ਦਿੱਤੇ। ਪੰਮੀ ਨੇ ਸੋਚਿਆ ਸ਼ਾਇਦ ਮਾਸਟਰ ਹੁਰਾਂ ਨੇ ਰੁਪਿਆ ਦਿੱਤਾ ਸੀ।ਉਹ ਭੁਲੇਖਾ ਕੱਢ ਕੇ ਪੈਸੇ ਪੋਸਟ ਮਾਸਟਰ ਨੂੰ ਮੋੜ ਜਾਏਗਾ। ਲਿਫਾਫੇ ਮਾਸਟਰ ਧੀਰ ਨੂੰ ਫੜਾਂਦਿਆਂ ਪੰਮੀ ਨੇ ਪੁੱਛਿਆ, ਮਾਸਟਰ ਜੀ, ਤੁਸੀਂ ਕਿੰਨੇ ਪੈਸੇ ਦਿੱਤੇ ਸਨ?
ਪੰਜਾਹ ਪੈਸੇ, ਮਾਸਟਰ ਨੇ ਕਿਹਾ।
ਪਰ ਉਸ ਤਾਂ ਪੰਜਾਹ ਪੈਸੇ ਲਿਫਾਫਿਆਂ ਦੇ ਨਾਲ ਹੀ ਮੋੜ ਦਿੱਤੇ ਹਨ, ਪੰਮੀ ਨੇ ਦੱਸਿਆ। ਚੱਲ, ਇਹ ਪੈਸੇ ਲੈ ਜਾਹ ਤੇ ਦੁਕਾਨੋਂ ਲੂਣ ਆਲੀ ਦਾਲ ਲੈ ਆ, ਦੋ ਮਿੰਟ ਮੂੰਹ ਹੀ ਕਰਾਰਾ ਕਰ ਲੈਨੇ ਆਂ। ਮਾਸਟਰ ਨੇ ਕਿਹਾ।
ਤੇ ਪੰਮੀ ਮਾਸਟਰ ਧੀਰ ਦੀ ਈਮਾਨਦਾਰੀ ਤੇ ਹੈਰਾਨ ਰਹਿ ਗਈ।
ਬਾਗੀ
ਦਿਖਾਵੇ ਤੋਂ ਸੁਖਚੈਨ ਸਿੰਘ ਸਾਂਤ ਨੂੰ ਬਹੁਤ ਚਿੜ ਸੀ। ਉਹ ‘ਐਲਾਨ’ ਰੋਜ਼ਾਨਾ ਪੱਤਰਕਾ ਦਾ ਐਡੀਟਰ ਸੀ। ਪੱਤਰਕਾਵਾਂ ਦੀ ਡਿੱਗ ਰਹੀ ਹਾਲਤ ਵੇਖ ਕੇ ਉਸ ਦੇ ਦਿਲ ਅਤੇ ਦਿਮਾਗ ਵਿਚ ਇਕ ਫਤੂਰ ਉਠ ਖਲੋਤਾ ਸੀ। ਉਸ ਨੇ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਕਿ ਉਹ ਦੈਨਿਕ ਪੱਤਰਕਾਵਾਂ ਨੂੰ ਇਸ਼ਤਿਹਾਰ ਦੇ ਕੇ ਉਨ੍ਹਾਂ ਦੀ ਮਦਦ ਕਰੇ।ਪਰ ਅੰਤ ਜਦੋਂ, ਉਸ ਨੂੰ ਆਪਣੀ ਅਵਾਜ਼ ਦਾ ਹੁੰਗਾਰਾ ਨਾ ਮਿਲਿਆ ਤਾਂ ਉਸ ਨੂੰ ਸਾਂਤ ਤੋਂ ‘ਬਾਗੀ’ ਬਣਨ ਲਈ ਮਜਬੂਰ ਹੋਣਾ ਪਿਆ।
ਇਕ ਦਿਨ ਜਦੋਂ ਉਹ ਦਫਤਰ ਜਾਣ ਲਈ ਘਰੋਂ ਨਿਕਲਿਆ ਤਾਂ ਰਾਹ ਵਿਚ ਉਸ ਨੂੰ ਉਸਦਾ ਪੁਰਾਣਾ ਲੇਖਕ ਮਿੱਤਰ ਬਖਸ਼ੀਸ਼ ਸਿੰਘ ‘ਬਾਗੀ’ ਮਿਲ ਪਿਆ।
ਸੁਣਿ ਐ ਸ਼ਾਂਤ, ਤੂੰ ਵੀ ਬਾਗੀ ਹੋ ਗਿਐ। ਬਖਸ਼ੀਸ਼ ਸਿੰਘ ਨੇ ਹੱਥ ਮਲੌਦੇ ਸਾਰ ਹੀ ਪੁੱਛ ਲਿਆ।
ਮਜ਼ਬੂਰੀ `ਚ ਕੋਈ ਨਾ ਕੋਈ ਰਾਹ ਅਪਨਾਉਣਾ ਵੀ ਪੈਂਦਾ। ਸ਼ਾਂਤ ਬਾਗੀਆਂ ਵਾਂਗ ਬੋਲਿਆ।
“ਉਹ ਤਾਂ ਠੀਕ ਹੈ ਪਰ।”
ਪਰ ਕੀ…।” ਸ਼ਾਂਤ ਨੇ ਉਸ ਦਾ ਵਾਕ ਵਿੱਚੋਂ ਹੀ ਟੋਕਿਆ।
“ਪਰ ਸਰਕਾਰ ਤੋਂ ਬਚੀ।”
“ਕਲਮ ਦੀ ਅਵਾਜ਼ ਨੂੰ ਕੋਈ ਸ਼ਕਤੀ ਨਹੀਂ ਦਬਾ ਸਕਦੀ।”
“ਅੱਛਾ!?? ਬਾਗੀ ਮੁਸਕਰਾਇਆ ਤੇ ਦੋਵੇਂ ਅਡੋ ਅੱਡ ਆਪਣੀਆਂ ਰਾਹਾਂ ਤੇ ਤੁਰ ਪਏ।
ਹਮੇਸ਼ਾ ਉਦਾਸ ਰਹਿਣ ਵਾਲੇ ਉਸ ਦੇ ਚਿਹਰੇ ਤੇ ਅੱਜ ਖੁਸ਼ੀ ਦੀ ਇੱਕ ਲਕੀਰ ਖਿੱਚੀ ਹੋਈ ਹੈ।
ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਫਲਸਰੂਪ ਵਾਇਸ ਚਾਂਸਲਰ ਨੇ ਅੱਜ ਉਸ ਨੂੰ ਅਭਿਨੰਦਨ ਪੱਤਰ ਭੇਂਟ ਕਰਨਾ ਹੈ।
ਇੱਕ ਕਲਰਕ ਦੀ ਐਨੀ ਇੱਜ਼ਤ! ਕਾਲਜ ਦਾ ਐਡੀਟੋਰੀਅਮ ਖਚਾਖਚ ਭਰਿਆ ਹੋਇਆ ਹੈ। ਵਾਇਸ ਚਾਂਸਲਰ ਨੇ ਜਦੋਂ ਫੁੱਲਾਂ ਦਾ ਹਾਰ ਉਸਨੂੰ ਪਹਿਨਾਇਆ ਤਾਂ ਸਾਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ।
ਗੁਨਗੁਨਾਉਂਦੇ ਹੋਏ ਜਦੋਂ ਉਸ ਨੇ ਘਰ `ਚ ਪੈਰ ਰੱਖਿਆ ਤਾਂ ਧਮਾਕਾ ਹੋਇਆ-‘ਇਹ ਔਣ ਦਾ ਵੇਲੇ ਦੋ ਘੰਟੇ ਤੋਂ ਇੰਤਜ਼ਾਰ ਕਰ ਰਹੀ ਹਾਂ।”
ਪਤਨੀ ਦੇ ਇਨ੍ਹਾਂ ਸ਼ਬਦਾਂ ਤੇ ਉਹ ਹੌਲੀ ਜਿਹਾ ਮੁਸਕਰਾ ਪਿਆ।
ਅਚਾਨਕ ਪਤਨੀ ਦੀ ਨਜ਼ਰ ਉਸ ਦੇ ਹੱਥ ‘ਚ ਫੜੇ ਹੋਏ ਅਭਿਨੰਦਨ ਪੱਤਰ ’ਤੇ ਪੈ ਗਈ- ਹੂੰ ਤਾਂ ਜਨਾਬ ਦਾ ਅੱਜ ਫੇਰ ਕਿਤੇ ਸੁਆਗਤ ਹੋਇਆ? ਤੇ ਇਕਦਮ ਅਭਿਨੰਦਨ ਪੱਤਰ ਉਸ ਤੋਂ ਖੋਂਹਦਿਆਂ ਬੋਲੀ-ਮੈਂ ਇਸ ਕਾਗਜ਼ ਦਾ ਕੀ ਕਰਾਂ ਸਵੇਰ ਤੋਂ ਬੱਚੇ ਭੁੱਖ ਨਾਲ ਕੁਰਲਾਉਂਦੇ ਪਏ ਹਨ ਇਕ ਪਲ ਰੁਕ ਕੇ ਮੁੜ ਕਿਹਾ ਉਸ ਨੇ- ਲੋਕਾਂ ਨੂੰ ਜੇ ਤੁਸੀਂ ਐਡੇ ਈ ਵਿਦਵਾਨ ਨਜ਼ਰ ਆਉਂਦੇ ਓ ਤਾਂ ਕਿਉਂ ਨਹੀਂ ਤੁਹਾਨੂੰ ਤਰੱਕੀ ਦੇ ਦਿੰਦੇ, ਇਸ ਕਾਗਜ਼ ਦੇ ਟੁਕੜੇ ਨਾਲੋਂ ਤਾਂ ਚੰਗਾ ਸੀ ਦੋ ਚਾਰ ਰੁਪਏ ਨਕਦ ਦੇ ਦੇਦੇ- ਸ਼ਾਮ ਦਾ ਰਾਸ਼ਨ ਈ ਆ ਜਾਂਦਾ। ਉਹ ਗੁੰਮ ਸੁੰਮ ਜਿਹਾ ਬਣਿਆ, ਉਸ ਵੱਲ ਤੱਕਣ ਲੱਗਾ।
ਨਿਆਂ
….ਮਨਸਾ ਸਿੰਘ ਕਈ ਦਿਨਾਂ ਤੋਂ ਪੁਲੀਸ ਚੌਂਕੀ ਦੇ ਗੇੜੇ ਕੱਢ ਰਿਹਾ ਸੀ। ਕਦੇ ਥਾਣੇ ਦਾਰ ਨਾ ਹੁੰਦਾ, ਤੇ ਕਦੀ ਕੋਠੀ ਵਾਲਾ ਸਰਦਾਰ ਨਾ ਪਹੁੰਚਿਆ ਹੁੰਦਾ, ਜਿਸ ਦੀ ਕੋਠੀ ਦੀ ਡਿਸਟੈਂਪਰ ਦਾ ਠੇਕਾ ਉਹਨੇ ਦੋ ਮਹੀਨੇ ਪਹਿਲਾਂ ਲਿਆ ਸੀ। ਪਰ ਸਰਦਾਰ ਸੀ, ਕਿ ਪੈਸੇ ਦੇ ਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਆਖਰ ਇਕ ਦਿਨ ਸਬੱਬ ਨਾਲ ਤਿੰਨੇ ਚੌਕੀ ਤੇ ਇਕੱਠੇ ਹੋ ਗਏ। ਥਾਣੇਦਾਰ ਨੇ ਸਰਦਾਰ ਨੂੰ ਪੁੱਛਿਆ।
“ਕੀ ਗੱਲ ਐ ਸਰਦਾਰ ਜੀ? ਪੈਸੇ ਨਹੀਂ ਦਿੱਤੇ ਤੁਸਾਂ….ਇਸ ਗਰੀਬ ਦੇ??? ਓਹ ਜੀ….ਪੈਸੇ ਕਾਹਦੇ ਦਈਏ, ਇਹਨਾਂ ਕੰਮ ਸਾਡੀ ਮਰਜ਼ੀ ਮੁਤਾਬਿਕ ਕੀਤਾ ਹੀ ਨਹੀਂ।
‘ਦਸੋ ਨਾ ਮਹਾਰਾਜ ਕਿਹੜਾ ਕੰਮ ਨਹੀਂ ਕੀਤਾ? ਮੈਂ ਕੋਠੀ ਲਿਸ਼ਕਾ ਕੇ ਰੱਖ ਦਿੱਤੀ ਏ …ਅਜੇ ਕਹਿੰਦੇ ਨੇ….??
ਮਨਸਾ ਸਿੰਘ ਵਿੱਚੋਂ ਹੀ ਬੋਲ ਪਿਆ।
‘ਜੀ…ਰੰਗ ਤਾਂ ਨਿਖਰਿਆ ਈ ਨਹੀਂ। ਅਸੀਂ ਪੈਸੇ ਕਾਹਦੇ ਦਈਏ?”
ਵੇਖੋ…ਇਹ ਜ਼ਬਰਦਸਤੀ ਏ…ਇਹ ਗਰੀਬ ਮਾਰ ਚੰਗੀ ਨਹੀਂ..ਇਸ ਚੌਂਕੀ ਤੇ ਇਹੋ ਜਿਹੀਆਂ ਸ਼ਿਕਾਇਤਾਂ ਆਮ ਆਉਂਦੀਆਂ ਨੇ, ਜੀ ਕੰਮ ਕਰਾਇਐ- ਹੁਣ ਪੈਸੇ ਨਹੀਂ ਦੇਦੇ।”
ਥਾਣੇਦਾਰ ਨੇ ਸੋਚ ਸੋਚ ਕੇ ਆਪਣਾ ਫੈਸਲਾ ਦਿੱਤਾ।
“ਉਂਜ- ਜਨਾਬ, ਤੁਸੀਂ ਕਹਿੰਦੇ ਓ, ਤਾਂ ਦੇ ਦੇਨੇਆਂ ਪੈਸੇ।
ਬਾਕੀ, ਕੰਮ ਸਾਡੀ ਮਰਜ਼ੀ ਮੁਤਾਬਿਕ ਨਹੀਂ ਹੋਇਆ। ਸਰਦਾਰ ਨੇ ਵੀ ਰੋਜ਼ ਰੋਜ਼ ਦੀ ਕਲਕਲ ਮੁਕਾਣ ’ਚ ਹੀ ਆਪਣੀ ਬਿਹਤਰੀ ਸਮਝੀ।
‘‘ਸੁਣਾ ਬਈ, ਕਿੰਨੇ ਦਾ ਠੇਕਾ ਸੀ”
‘‘ਪੰਜ ਸੌ ਦਾ ਜੀ”
‘ਦਿਉ…ਸਾਢੇ ਚਾਰ ਸੌ`।
ਇੱਕ ਤਾਰਾ ਵਜਾਉਂਦਾ ਉਹ ਇੱਕ ਦਰ ਤੋਂ ਦੂਜੇ ਦਰ ਲੜੀਵਾਰ ਤੁਰਿਆ ਜਾਂਦਾ।ਕਿਸੇ ਦਰ ਤੋਂ ਉਸਨੂੰ ਭਿਖਿਆ ਮਿਲ ਜਾਂਦੀ, ਕਿਸੇ ਦਰ ਤੋਂ ਸੱਖਣਾ ਹੀ ਲੰਘਣਾ ਪੈਂਦਾ। ਉਸ ਨੂੰ ਸਾਰੇ ਹੀ ਜਾਣਦੇ ਸਨ। ਉਹ ਅੱਜ ਤੋਂ ਹੀ ਨਹੀਂ ਲੰਮੀ-ਉਮਰ ਤੋਂ ਇੱਕ ਤਾਰਾ ਵਜਾਉਂਦਾ ਆ ਰਿਹਾ ਸੀ। ਉਸਦੇ ਗਲੇ ਵਿੱਚ ਅਜਿਹਾ ਦਰਦ ਸੀ ਜਦ ਉਹ ਗਾਉਂਦਾ ਤਾਂ ਆਪ ਮੁਹਾਰੇ ਲੋਕਾਂ ਦੇ ਮਨਾਂ `ਚ ਉਸ ਲਈ ਤਰਸ ਆ ਜਾਂਦਾ। ਉਸ ਦਾ ਪੂਰਨ, ਰਾਜਾ ਨਲ, ਢੋਲ ਸੰਮੀ, ਵਡੇਰੇ ਲੋਕਾਂ ਦੇ ਦਿਲਾਂ ‘ਚ ਘਰ ਕਰ ਗਏ ਸਨ। ਉਹ ਭਾਵੇਂ ਕਿਸੇ ਦਰ ਤੋਂ ਨਿਰਾਸ਼ ਮੁੜ ਜਾਂਦਾ ਪਰ ਉਸ ਨੇ ਕਿਸੇ ਦਰ ਨੂੰ ਨਿਰਾਸ਼ ਨਹੀਂ ਸੀ ਕੀਤਾ। ਉਹ ਜਰੂਰ ਬਰ ਜਰੂਰ ਕੋਈ ਨਾ ਕੋਈ ਅਸੀਸ ਦੇ ਕੇ ਅਗਾਂਹ ਤੁਰਦਾ। ਕਈ ਵਾਰ ਤਾਂ ਉਸ ਦੇ ਆਲੇ ਦੁਆਲੇ ਮਜ਼ਮਾ ਜਿਹਾ ਲੱਗ ਜਾਂਦਾ ਤੇ ਉਹ ਕਾਫੀ ਸਮਾਂ ਇੱਕ ਤਾਰੇ ਦੀ ਤਾਨ ਨਾਲ ਆਪਣੇ ਸੁਰ ਮਿਲਾਈ ਕਰਦਾ। ਉਸ ਦੇ ਗਲੇ ਦੀ ਬਖਸ਼ਸ਼ ਤੇ ਲੋਕਾਂ ਦੀ ਦਯਾ ਨੇ ਕਦੀ ਉਸਨੂੰ ਸੰਕਟ ’ਚ ਨਹੀਂ ਸੀ ਆਉਣ ਦਿੱਤਾ।
ਸਮਾਂ ਬਦਲਦਾ ਗਿਆ ਵਡੇਰੀ ਉਮਰ ਦੇ ਲੋਕ ਚਲਦੇ ਗਏ। ਨਵੀਂ ਉਮਰ ਦੇ ਖਾਲੀ ਥਾਵਾਂ ਪੁਰ ਕਰਦੇ ਗਏ। ਵਕਤ ਦੇ ਨਾਲ ਲੋਕਾਂ ਦੀ ਸੋਚਣੀ ਵਿੱਚ ਫਰਕ ਪੈਂਦਾ ਗਿਆ। ਲੋਕਾਂ ਦੇ ਦਿਲ ਬਹਿਲਾਵੇ ਦੇ ਕੇਂਦਰ ਹੋਰ ਬਣ ਗਏ। ਕੋਈ ਸਮਾਂ ਸੀ ਜਦ ਲੋਕ ਉਸ ਦੇ ਇੱਕ ਤਾਰੇ ਨੂੰ ਦਿਲ ਬਹਿਲਾਵਾ ਸਮਝਦੇ ਤੇ ਉਸ ਤੇ ਹੀ ਖੁਸ਼ ਹੋ ਕੇ ਉਸਦੀ ਮਿਹਨਤ ਦੀ ਭਿੱਖਿਆ ਪਾਕੇ ਮੁੱਲ ਤਾਰਦੇ । ਉਸਦੀ ਉਮਰ ਭਾਵੇਂ ਵੱਡੀ ਹੋ ਗਈ ਸੀ ਪਰ ਉਸ ਦੇ ਉਲਟ ਉਸ ਦੇ ਗਲੇ `ਚ ਸੋਜ਼ ਹੋਰ ਪੱਕੀ ਹੋ ਗਈ ਸੀ। ਹੁਣ ਉਸ ਦੇ ਗਾਉਣ ਵਿਚ ਅਕਹਿ ਪੀੜ ਹੁੰਦੀ ਸੀ। ਦਿਲ ਚੀਰਵੀਂ ਚੀਸ ਪਰ ਉਸ ਦੇ ਦਰਦੀਲੇ ਗਾਣ ਲੋਕਾਂ ਦਾ ਦਿਲ ਨਾ ਸਨ ਪਸੀਜ ਸਕਦੇ। ਘਰ ਘਰ ਵਿਚ ਰੇਡੀਓ, ਗਰਾਮੋਫੋਨ ਲੋਕਾਂ ਦੇ ਦਿਲਬਹਿਲਾਵੇ ਦਾ ਕੇਂਦਰ ਬਣੇ ਹੋਏ ਸਨ। ਲਤਾ ਮੰਗੇਸ਼ਕਰ ਦੇ ਗਾਣੇ ਨੂੰ ਛੱਡ ਕੇ ਕੌਣ ਬੁੱਢੇ ਖੁੰਢ ਦੇ ਘਰੇਲੂ ਰਾਗ ਨੂੰ ਸੁਣਦਾ। ਹੁਣ ਹਰ ਦਰ ਤੋਂ ਉਸ ਨੂੰ “ਅੱਗੇ ਚਲ’ ਦੀ ਅਵਾਜ਼ ਸੁਣਾਈ ਦਿੰਦੀ। ਅੱਗੇ ਚਲਦਾ ਚਲਦਾ ਆਖਰ ਉਹ ਆਪਣੇ ਘਰ ਸੱਖਣਾ ਪਰਤ ਆਉਂਦਾ।
ਭੁੱਖੇ ਪੇਟ ਤਾਂ ਉਮਰ ਲੰਘਾਉਣੀ ਔਖੀ ਹੋ ਜਾਂਦੀ ਹੈ। ਉਸਨੇ ਹੁਣ ਇਹ ਕੰਮ ਛੱਡਣ ਦੀ ਦਲੀਲ ਧਾਰ ਲਈ। ਉਸ ਨੇ ਇੱਕ ਤਾਰਾ ਕਿੱਲੀ ਤੇ ਟੰਗ ਦਿੱਤਾ ਤੇ ਉਸੇ ਦਿਨ ਸ਼ਹਿਰ ਦੇ ਚੌਗਾਨ ਵਿਚ ਮਜ਼ਦੂਰਾਂ ਦੀ ਭੀੜ `ਚ ਆ ਖੜਾ ਹੋਇਆ। ਸਭ ਲੋਕੀ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਪਰ ਉਸ ਨੂੰ ਕਿਸੇ ਨੇ ਮਜ਼ਦੂਰੀ ਲਈ ਨਾ ਪੁੱਛਿਆ। ਕਿਸੇ ਮਜ਼ਦੂਰ ਨੇ ਵੀ ਨਹੀਂ ਕਿਹਾ, ਬਾਬਾ ਚੱਲੀਏ। ਕਿਉਂ ਕਿ ਮਜ਼ਦੂਰ ਤਾਂ ਉਸ ਨੂੰ ਗਾਉਣ ਵਾਲਾ ਬਾਬਾ ਹੀ ਸਮਝਦੇ ਸਨ। ਉਸ ਦੇ ਚੇਹਰੇ ਤੋਂ ਨਿਰਾਸ਼ਾ ਦੇ ਚਿੰਨ ਦੂਰ ਹੋ ਗਏ। ਇੱਕ ਬੰਦੇ ਨੇ ਪੁੱਛਿਆ ਬਾਬਾ ਮਜ਼ਦੂਰੀ ਕਰੇਗਾ। ਬਾਬੇ ਨੇ ਹਾਂ ਵਿਚ ਸਿਰ ਹਿਲਾ ਦਿੱਤਾ, ਕੁੱਝ ਪਲਾਂ ਬਾਅਦ ਹੀ ਬਾਬੇ ਨੂੰ ਇੱਟਾਂ ਦੇ ਢੇਰ ਤੇ ਬਿਠਾ ਦਿੱਤਾ ਗਿਆ। ਨਾਲੇ ਹਥੋੜਾ ਰੋੜੀ ਕੁੱਟ ਰਿਹਾ ਸੀ, ਨਾਲ ਹੀ ਕਬੀਰ ਜੀ ਦਾ ਦੋਹਰਾ ਰਿਹਾ ਸੀ ਕਬੀਰਾ ਮੰਗਣ ਗਿਆ ਸੋ ਮਰ ਰਿਹਾ ਮੰਗਣ ਮੂਲ ਨਾ ਜਾਇ।”
ਅੱਧੀ ਰਾਤ ਨਾਲ ਜਦੋਂ ਕੁਕੜ ਨੇ ਬਾਂਗ ਦਿੱਤੀ, ਤਾਂ ਉਸ ਦੇ ਕੋਲ ਬੈਠੀ ਕੁਕੜੀ, ਜਿਸ ਨੂੰ ਮਾਲਕ ਨੇ ਅਜੇ ਕੱਲ ਹੀ ਖੀਦਿਆ ਸੀ, ਨੇ ਕੁਕੜ ਨੂੰ ਇਸ ਵੇਲੇ ਬਾਂਗ ਦੇਣ ਦਾ ਕਾਰਨ ਪੁੱਛਿਆ।
ਕੁੱਕੜ ਨੇ ਕਿਹਾ, ਦਰਅਸਲ ਰੋਜ਼ ਐਸ ਵੇਲੇ ਇਕ ਬਿੱਲਾ ਉਹਨੂੰ ਖਾਣ ਆਉਂਦਾ ਹੈ। ਪਰ ਇਸ ਨਾਲ ਬਾਂਗ ਦਾ ਕੀ ਸਬੰਧ? ਕੁਕੜੀ ਨੇ ਉਤਸੁਕਤਾ ਨਾਲ ਪੁੱਛਿਆ। ਤਾਂ ਕਿ ਉਸ ਨੂੰ ਪਤਾ ਲੱਗ ਜਾਏ, ਕਿ ਮੈਂ ਜਾਗਦਾ ਹਾਂ।
ਬੁੱਢਾ ਬਾਪੂ ਬਾਹਰ ਡਿਓੜੀ ਵਿਚ ਖੰਘ ਰਿਹਾ ਸੀ। ਖੰਘ ਉਹਨੂੰ ਬਹੁਤ ਦਿਨਾਂ ਤੋਂ ਆ ਰਹੀ ਸੀ, ਪਰ ਦਵਾਈ ਲਈ ਪੈਸੇ ਨਹੀਂ ਸਨ। ਅੰਦਰ ਕੋਠੜੀ ਵਿਚ ਬੁੱਢੇ ਦੀ ਛੋਟੀ ਨੂੰਹ ਜੰਮਣ ਪੀੜਾ ਨਾਲ ਤੜਫ ਰਹੀ ਸੀ। ਵੱਡੀ ਨੂੰਹ ਦਾ ਚੇਹਰਾ ਉੱਤਰਿਆ ਹੋਇਆ ਸੀ। ਜਦੋਂ ਦਾ ਉਹਦਾ ਪਤੀ ਮਰਿਆ ਸੀ ਘਰ ਵਿਚ ਕਮਾਉਣ ਵਾਲਾ ਇਕਲਾ ਉਹਦਾ ਦਿਉਰ ਸੀ ਤੇ ਬਾਕੀ ਸਭ ਖਾਣ ਵਾਲੇ ਸਨ। ਘਰ ਵਿਚ ਸਵੇਰ ਦੀ ਰੋਟੀ ਨਹੀਂ ਸੀ ਪੱਕੀ। ਬਾਲ ਭੁੱਖੇ ਸਨ। ਘਰ ਦਾ ਕਮਾਊ ਜੀ ਬਾਹਰ ਨੱਠਾ ਫਿਰਦਾ ਸੀ ਤਾਂ ਕਿ ਕੋਈ ਇੰਤਜ਼ਾਮ ਕਰ ਸਕੇ। ਡਾਕਟਰਨੀ ਨੇ ਆਉਣ ਤੋਂ ਨਾਂਹ ਕਰ ਦਿੱਤੀ ਸੀ। ਉਹਨੂੰ ਪਿਛਲੇ ਜੰਮੇ ਬੱਚੇ ਦੇ ਪੈਸੇ ਅਜੇ ਤੱਕ ਨਹੀਂ ਸਨ ਮਿਲੇ। ਸ਼ਾਹ ਕਰਜ਼ਾ ਨਹੀਂ ਸੀ ਦੇਂਦਾ ਮਕਾਨ ਤਾਂ ਅੱਗੇ ਹੀ ਉਹਦੇ ਕੋਲ ਗਿਰਵੀ ਸੀ ਘਰ ਵਿਚ ਸਭ ਪਾਸੇ ਉਦਾਸੀ ਦੀਆਂ ਕੈਂਕਰਾਂ ਖਿਲਰੀਆਂ ਹੋਈਆਂ ਸਨ। ਸਿਰਫ ਕੰਧਾਂ ਤੇ ਟੰਗੇ ਹੋਏ ਗੁਰੂਆਂ ਦੇ ਕੈਲੰਡਰ ਸ਼ਾਂਤ ਸਨ। ਨੇਤਾਵਾਂ ਦੇ ਮੂੰਹ ਤੇ ਹਾਸਾ ਸੀ।
ਰਾਹ ਜਾਂਦੇ ਨਿਰਾਸ਼ ਰਾਹੀ ਨੇ ਸੜਕ ਨੂੰ ਕਿਹਾ, ਤੂੰ ਵੀ ਕਿੰਨੀ ਬੇਦਰਦ ਹੈਂ, ਆਪਣੇ ਰਾਹੀਆਂ ਨੂੰ ਚੰਗਾ ਰਾਹ ਵੀ ਨਹੀਂ ਦਿੰਦੀ। ਹਾਂ ਮੈਂ ਕੀ ਕਰਾਂ ਮੈਂ ਮਜ਼ਬੂਰ ਹਾਂ, ਉਹ ਚੀਫ ਇੰਜੀਨੀਅਰ ਦੀ ਮਿਸਿਜ਼ ਦੇ ਗਲ ਵਿਚ ਜਿਹੜਾ ਪੰਜਾਹ ਹਜ਼ਾਰ ਦਾ ਨੈਕਲਸ ਹੈ, ਉਹ ਮੇਰੇ ਹਿੱਸੇ ਵਿੱਚੋਂ ਹੀ ਤਾਂ ਹੈ। ਉਹ ਮਨਿਸਟਰ ਦੇ ਪੁੱਤ ਕੋਲ ਜਿਹੜੀ ਇੰਪਰੋਟਿਡ ਕਾਰ ਹੈ, ਉਹ ਮੇਰੇ ਹਿੱਸੇ ਵਿੱਚੋਂ ਹੀ ਤਾਂ ਹੈ ਹੋਰ ਮੈਂ ਕੀ ਕਰਾਂ। ਮੈਂ ਤਾਂ ਬੇਵੱਸ ਹਾਂ ਜ਼ ਬੂ ਹਾਂ।
ਉਹ ਦੁਰਾਹੇ ਤੇ ਖੜਾ ਸੀ..ਇਕ ਰਾਹ ਉਸਦੇ ਸੱਜੇ ਜਾਂਦਾ ਸੀ ਤੇ ਦੂਜਾ ਖੱਬੇ। ਸਾਹਮਣੇ ਦੂਰ ਬਹੁਤ ਦੂਰ ਉਹਦੀ ਮੰਜ਼ਿਲ ਸੀ। ਉਸਨੇ ਫੈਸਲਾ ਕਰਨਾ ਸੀ ਕਿ ਉਹ ਸੱਜੇ ਤੁਰੇ ਜਾਂ ਖੱਬੇ?
ਸੱਜਾ ਰਾਹ ਸਾਵਾ- ਪੱਧਰਾ ਸੀ। ਦੋਹੀਂ ਪਾਸੀਂ ਬਾਗ-ਬਗੀਚੇ ਉੱਚੀਆਂ ਤੇ ਮਨਮੋਹਨੀਆਂ ਇਮਾਰਤਾਂ, ਸੁੰਦਰ ਔਰਤਾਂ ਦੇ ਸੁੰਦਰ ਹਾਸੇ, ਫਰਰ ਫਰਰ ਉਡਦੀਆਂ ਕਾਰਾਂ, ਸ਼ਾਹ ਬੱਘੀਆਂ ਚਾਂਦੀ ਦੀ ਛਣਕਾਰ।
ਖੱਬਾ ਰਾਹ, ਉਘੜ-ਦੁਘੜਾ, ਉੱਚਾ-ਨੀਵਾਂ ਟੇਢਾ, ਟੋਏ-ਟਿੱਬੇ, ਖਾਈਆਂ-ਖੱਭੇ, ਭਿਆਨਕਖੱਡਾਂ, ਹਰ ਮੋੜ ਤੇ ਸੂ ਮੌ, ਥਾਂ ਥਾਂ ਸੂਲੀਆਂ ਤੇ ਉਨ੍ਹਾਂ ਨਾਲ ਲਮਕਦੇ ਈਸਾ ਮਨਸੂਰ ਤੇ ਭਗਤ ਸਿੰਘ।
ਉਸ ਸੋਚਿਆ ਸੱਜੇ ਰਾਹ ਹੀ ਚਲਦੇ ਹਾਂ। ਤੁਰ ਪਿਆ। ਪੈਰ ਰੱਖਣ ਤੋਂ ਪਹਿਲਾਂ ਉਸ ਨੂੰ ਦੋ ਥਾਲ ਭੇਂਟ ਕੀਤੇ ਗਏ। ਇੱਕ ਚਾਂਦੀ ਦੇ ਰੁਪਿਆਂ ਨਾਲ ਭਰਿਆ ਹੋਇਆ ਤੇ ਦੂਜਾ ਖਾਲੀ ਥਾਲ ਕਿਸ ਮਤਲਬ ਲਈ? ਉਸ ਪੁੱਛਿਆ। ਇਸ ਵਿਚ ਤੁਸੀਂ ਆਪਣੀ ਜ਼ਮੀਰ ਰੱਖ ਦਿਓ। ਜਵਾਬ ਮਿਲਿਆ।
ਜ਼ਮੀਰ? ਉਹ ਕਿਉਂ? ਹੈਰਾਨ ਹੋ ਕੇ ਫਿਰ ਪੁੱਛਿਆ, “ਅਸੀਂ ਇਸ ਨੂੰ ਕੈਦ ਰੱਖਾਂਗੇ ਤੇ ਬਦਲੇ ਵਿਚ ਤੁਹਾਨੂੰ ਆਜ਼ਾਦੀ ਖੁਸ਼ੀ ਤੇ ਜੀਵਨ ਦੇ ਸਾਰੇ ਸੁਖ ਦੇਵਾਂਗੇ। ਉੱਤਰ ਸੀ:
ਜਵਾਬ ਸੁਣ ਕੇ ਉਸ ਨੇ ਉੱਚੀਆਂ ਇਮਾਰਤਾਂ ਦੇ ਪਿੱਛੋਂ ਝਾਤੀ ਮਾਰੀ। ਕਾਰਾਂ ਵਿਚ ਉਡਦੇ ਤੇ ਬੱਘੀਆਂ ਵਿਚ ਘੁੰਮਦੇ ਸਾਰੇ ਹਸਦੇ ਲੋਕਾਂ ਦੀਆਂ ਜ਼ਮੀਰਾਂ ਕੈਦ ਕੀਤੀਆਂ ਹੋਈਆਂ ਸਨ। ਦੋਵੇ “ਥਾਲ ਵਾਪਸ ਕਰਕੇ, ਉਹ ਉਨੀਂ ਪੈਰ ਵਾਪਿਸ ਮੁੜ ਆਇਆ। ਉਸ ਨੇ ਖੱਬੇ ਰਾਹ ਦੀ ਮਿੱਟੀ ਚੁੰਮ ਕੇ ਮੱਥੇ ਨੂੰ ਲਾਈ। ਈਸਾ, ਮਨਸੂਰ ਤੇ ਭਗਤ ਸਿੰਘ ਨੇ ਮੁਸਕਰਾਉਂਦਿਆਂ ਉਸ ਨੂੰ ‘ਜੀ ਆਇਆਂ ਆਖਿਆ।
ਮੇਰਾ ਇਹ ਦੋਸਤ ਵੀ ਸਾਹਿਤਕ ਮੱਸ ਰੱਖਦਾ ਹੈ। ਮੇਰੇ ਨਾਲ ਮੁਲਾਕਾਤ ਕਰਾਉਂਦਿਆਂ, ਉਸ ਆਖਿਆ।
“ਅੱਜ ਕੱਲ ਫਿਰ ਕੀ ਕਰ ਰਹੇ ਹੋ?” ਆਪਣਾ ਸੱਜਾ ਹੱਥ ਉਹਦੇ ਵਲ ਵਧਾਉਂਦਿਆਂ, ਮੈਂ ਪੁੱਛਿਆ। |
ਕੁਝ ਲੰਮੀਆਂ ਕਹਾਣੀਆਂ ਲਿਖੀਆਂ ਹਨ। ਇਕ ਨਾਟਕ ਵੀ ਸ਼ੁਰੂ ਕਰ ਰੱਖਿਆ ਹੈ। ਉਂਜ ਹੁਣ ਤਾਂ ਸੇਖੋਂ ਦੀਆਂ ਕਹਾਣੀਆਂ, ਅਨੁਵਾਦ ਕਰ ਰਿਹਾ ਹਾਂ। ਪਰ ਬਾਅਦ ਵਿਚ ਨਾਵਲ ਵੀ ਲਿਖਾਂਗਾ।
ਬੜੇ ਮੋਹ ਨਾਲ ਮੇਰਾ ਹੱਥ ਘੁੱਟਦਿਆਂ ਉਸ ਆਖਿਆ।
ਮੇਰੇ ਅੰਦਰੋਂ ਖਚਰੀ ਜਿਹੀ ਹਾਸੀ ਡੁਲਦਿਆਂ ਡੁਲਦਿਆਂ ਮਸਾਂ ਹੀ ਬਚੀ। ਆਇਆ, ਸਾਹਿਤ ਰਚਨ ਦਾ ਕੀੜਾ ਜਦ ਦਿਮਾਗ ਵਿਚ ਪ੍ਰਵੇਸ਼ ਕਰਦਾ ਹੈ ਤਾਂ ਹਰ ਕੋਈ ਇੰਜ ਹੀ ਸੋਚਦਾ ਹੈ।
ਖੁਦ ਤੇ ਕਾਬੂ ਕਰਦਿਆਂ ਮੈਂ ਆਖਿਆ। ਕਦੀ ਕਦਾਈਂ ਮਿਲਦੇ ਰਿਹਾ ਕਰੋ।
ਜ਼ਰੂਰ, ਹੁਣ ਤਾਂ ਮਿਲਿਆ ਹੀ ਕਰਾਂਗੇ।ਉਸ ਆਖਿਆ। ਕੋਈ ਮਹੀਨਾ ਕੁ ਬਾਅਦ ਉਹ ਮੈਨੂੰ ਉਸੇ ਸ਼ਹਿਰ ਦੇ ਪੁਬਲ ਤੋਂ ਲੰਘਦਾ ਮਿਲ ਗਿਆ। ਮੈਂ ਫਿਰ ਉਹੀ ਸਵਾਲ ਕੀਤਾ।
ਫਿਰ ਕੀ ਲਿਖਿਆ ਜਾ ਰਿਹਾ ਹੈ?
“ਹੁਣ ਮੈਂ ਲਿਖਣਾ ਛੱਡ ਦਿੱਤਾ ਹੈ।”
ਉਸ ਤੋੜ ਜੁਆਬ ਦਿੱਤਾ।
ਕਿਉਂ? ਮੈਨੂੰ ਜਿਵੇਂ ਝਟਕਾ ਲੱਗਾ।
ਅੱਜ ਕਲ ਮੈਂ ਪੁਲੀਸ ਦੀ ਨੌਕਰੀ ਕਰ ਲਈ ਹੈ।
ਰਾਮੂ ਮਿਹਨਤੀ ਖੇਤ-ਕਾਮਾ ਸੀ। ਉਹ ਇਕ ਜ਼ਿੰਮੀਦਾਰ ਕੋਲ ਮਜ਼ਦੂਰੀ ਕਰਦਾ ਸੀ।
ਜਦੋਂ ਉਹ ਸਾਲ ਤੋਂ ਬਾਅਦ ਜ਼ਿਮੀਦਾਰ ਤੋਂ ਮਜ਼ਦੂਰੀ ਲੈਣ ਗਿਆ ਤਾਂ ਉਸਨੇ ਅੱਖਾਂ ਕੱਢ ਕੇ ਕਿਹਾ- ਮਜ਼ਦੂਰੀ…ਮੈਂ ਤਾਂ ਅੱਜ ਤੱਕ ਕਿਸੇ ਨੂੰ ਮਜ਼ਦੂਰੀ ਨਹੀਂ ਦਿੱਤੀ।
ਰਾਮੂ ਨੇ ਕਿਹਾ- ਮੈਂ ਤਾਂ ਅੱਜ ਤੱਕ ਆਪਣੀ ਮਜ਼ਦੂਰੀ ਕਿਸੇ ਕੋਲ ਛੱਡੀ ਨਹੀਂ..ਮੈਂ ਤਾਂ ਮਜ਼ਦੂਰੀ ਲੈ ਕੇ ਹੀ ਰਹਾਂਗਾ।
ਜ਼ਿੰਮੀਦਾਰ ਅੱਗ ਭਬੂਲਾ ਹੋ ਗਿਆ- ਜੇ ਜਿਆਦਾ ਗੱਲਾਂ ਕੀਤੀਆਂ ਤਾਂ ਗੋਲੀ ਮਾਰ ਦਿਆਂਗਾ।
ਜ਼ਿੰਮੀਦਾਰ ਨੇ ਆਪਣਾ ਪਿਸਤੌਲ ਕੱਢ ਲਿਆ। ਰਾਮੂ ਹੱਸ ਪਿਆ। ਜ਼ਿੰਮੀਦਾਰ ਹੈਰਾਨੀ ਨਾਲ ਬੋਲਿਆ- ਕੀ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ?
ਰਾਮੂ ਮੁਸਕਰਾ ਕੇ ਬੋਲਿਆ- ਨਹੀਂ…ਜੇ ਤੁਸੀਂ ਮਜ਼ਦੂਰੀ ਨਾ ਦਿੱਤੀ ਤਾਂ ਭੁੱਖਾ ਮਰ ਜਾਵਾਂਗਾ…ਜੇ ਤੁਹਾਡੀ ਗੋਲੀ ਨਾਲ ਮਰਿਆ ਤਾਂ ਮਜ਼ਦੂਰਾਂ `ਚ ਜਾਗਰਤੀ ਪੈਦਾ ਹੋਏਗੀ।
ਜ਼ਿੰਮੀਦਾਰ ਬੋਲਿਆ… ਜਾਗਰਤੀ?
ਰਾਮੂ ਨੇ ਝਪਟਾ ਮਾਰ ਕੇ ਜ਼ਿੰਮੀਦਾਰ ਤੋਂ ਪਿਸਤੌਲ ਖੋਹ ਲਿਆ ਤੇ ਕਿਹਾ- ਮੇਰੀ ਮਜ਼ਦੂਰੀ ਦੇ…ਨਹੀਂ ਤਾਂ ਤੈਨੂੰ ਗੋਲੀ ਮਾਰ ਦਿਆਂਗਾ।
ਜ਼ਿੰਮੀਦਾਰ ਨੇ ਕੰਬਦੇ ਬੋਲਾਂ ਨਾਲ ਕਿਹਾ- ਮੈਂ ਮਜ਼ਦੂਰੀ ਜਰੂਰ ਦਿਆਂਗਾ। ਰਾਮੂ ਨੇ ਕਿਹਾ- ਦਿਆਂਗਾ ਨਹੀਂ ਦੇ।
ਜ਼ਿੰਮੀਦਾਰ ਕੰਬਦੇ ਹੱਥਾਂ ਨਾਲ ਨੋਟ ਗਿਣਨ ਲੱਗ ਪਿਆ।