ਸਮਸਾਨ ਵਿਚ ਮ੍ਰਿਤਕ ਦੇਹ ਨੂੰ ਲਾਹ ਕੇ ਅਰਥੀ ਨੂੰ ਪੁਰਾਣੇ ਪਿੱਪਲ ਦੀਆਂ ਜੜਾ ਕੋਲ ਰੱਖ ਦਿੱਤਾ। ਅਤਿੰਮ ਯਾਤਰਾ ਵਿਚ ਆਏ ਲੋਕ ਆਖਰੀ ਰਸਮਾਂ ਪੂਰੀਆਂ ਕਰ ਕੇ ਤੁਰ ਗਏ। ਥੋੜੀ ਸ਼ਾਂਤੀ ਹੋਈ ਤਾਂ ਪਿੱਪਲ ਦੀ ਸੋਗੀ ਅਵਾਜ਼ ਨੇ ਅਰਥੀ ਨੂੰ ਟੁੰਬਿਆ,” ਹੁਣ ਤਾਂ ਭੈਣੇ ਮਿਲਣੋ ਵੀ ਰਹੀ ਗਈ । ਪਹਿਲਾ ਤਾਂ ਆਪਾ ਕਿੰਨਾ-ਕਿੰਨਾ ਸਮਾਂ ਗੱਲਾਂ ਮਾਰਦੇ ਰਹਿੰਦੇ ਸੀ। “ਥਾਂ-ਥਾਂ ਤੋਂ ਭਾਰ ਨਾਲ ਜਰਖੀ ਪਈ ਅਰਥੀ ਨੇ ਜਵਾਬ ਦਿੱਤਾ, “ਵੀਰਾ ਜਮਾਨਾ ਬਦਲ ਗਿਆ , ਪਹਿਲਾ ਤਾਂ ਕਦੇ-ਕਦੇ ਮੇਰੀ ਲੋੜ ਪੈਂਦੀ ਸੀ । ਹੁਣ ਵਹਿਸ਼ੀ ਰੁੱਤ ਵਿਚ ਸਾਹ ਲੈਣ ਦਾ ਮੌਕਾ ਨਹੀਂ ਮਿਲਦਾ । “ਪਿੱਪਲ ਦੇ ਪੱਤੇ ਸਰਸਰਾਏ ਕਹਿ ਰਹੇ ਹੋਣ ਕਿ ਮੈਂ ਤੇਰਾ ਦੁੱਖ ਸਮਝਦਾ।
ਅਰਥੀ ਦੇ ਇਹਨਾਂ ਬੋਲਾਂ ਨੇ ਉਸਦੀ ਉਦਾਸੀ ਨੂੰ ਹੋਰ ਗੂੜਾ ਕਰ ਦਿੱਤਾ ਸੀ।” ਬੱਸ ਹੁਣ ਤਾਂ ਤੂੰ ਹੀ ਰਹਿ ਗਈ ਜਿਸਨੂੰ ਦੇਖ ਕੇ ਮਨ ਨੂੰ ਧਰਵਾਸ ਮਿਲਦਾ ਵੀ ਹਾਲੇ ਹੈਗਾ ਕੋਈ ਆਪਣਾ,” ਪਿੱਪਲ ਨੇ ਫੇਰ ਲੜੀ ਨੂੰ ਤੋਰਿਆ। ਅਰਥੀ ਉਸਦੀ ਗੱਲ ਸਮਝ ਨਾ ਸਕੀ ਤੇ ਆਸੇ ਪਾਸੇ ਖੜੀ ਦਰਖਤ ਵਲ ਦੇਖਦੀ ਬੋਲੀ,” ਭਰਾਵਾ ਤੇਰੇ ਕੋਲ ਤਾਂ ਕਿੰਨੇ ਦਰਖਤ ਹਨ, ਮਨੁੱਖ ਦੇ ਲਾਲਚ ਨੇ ਮੇਰਾ ਬੁਰਾ ਹਾਲ ਕੀਤਾ,ਇਕ ਨੂੰ ਇਥੇ ਲੈ ਕੇ ਆਉਣੀ ਤੇ ਦੂਜੇ ਲਈ ਤੁਰੰਤ ਫੇਰ ਲਿਜਾਇਆ ਜਾਂਦਾ।”ਪਿੱਪਲ ਨੇ ਅਰਥੀ ਦੇ ਜਵਾਬ ਨੂੰ ਸੁਣਿਆ ਤੇ ਕਿਹਾ,” ਭੋਲੀਏ ਭੈਣੇ ਆਪਣੇ ਕਿਥੇ ਰਹਿ ਗਏ। ਮਨੁੱਖ ਨੇ ਮੇਰੇ ਪੁਰਾਣੇ ਸਾਥੀ ਬੋਹੜ ਨਿੰਮ ਜਾਮਣ ਕਦੋਂ ਦੇ ਵੱਢ ਤੇ ਵੇਚ ਦਿੱਤੇ। ਇਹ ਜਿਹਨਾਂ ਨੂੰ ਤੂੰ ਆਪਣੇ ਆਖਦੀ ਹੈ।” ਉਹ ਸਾਹ ਲੈਣ ਲਈ ਰੁਕਿਆ, ਤੇ ਇਸ਼ਾਰਿਆਂ ਵਿਚ ਕਿਹਾ,” ਇਹ ਤਾਂ ਬਾਹਰਲੇ ਮੁਲਕਾਂ ਤੋਂ ਆਏ ਹੋਏ ਨੇ ਜਿਹਨਾਂ ਨੂੰ ਸੁਹੱਪਣ ਕਰਕੇ ਥਾਂ ਦਿੱਤੀ ਹੈ, ਕਿਉਂਕਿ ਮੂਰਖ ਮਨੁੱਖ ਹੁਣ ਦਿਖਾਵੇ ਦੀ ਜਿੰਦਗੀ ਤੇ ਵੱਧ ਵਿਸ਼ਵਾਸ ਕਰਦਾ। “ਅਰਥੀ ਨੇ ਆਸੇ ਪਾਸੇ ਨਜ਼ਰ ਘੁੰਮਾਈ ਸਚਮੁੱਚ ਕੋਈ ਪੁਰਾਣਾ ਦਰਖੱਤ ਬਾਕੀ ਨਹੀਂ ਸੀ। ਸਜਾਵਟੀ ਰੁੱਖਾਂ ਕਰਕੇ ਪੰਛੀ ਵੀ ਦਿਖਾਈ ਨਹੀਂ ਦੇ ਰਹੇ ਸਨ। ਬਸ ਕੁੱਝ ਆਲ੍ਹਣੇ ਪਿੱਪਲ ਤੇ ਹੀ ਬਾਕੀ ਸਨ। ਆਪਣੀ ਇਸ ਬੇਧਿਆਨੀ ਤੇ ਉਸ ਨੂੰ ਹੈਰਾਨੀ ਹੋਈ ਤੇ ਉਸ ਨੇ ਪਿੱਪਲ ਨੂੰ ਸਵਾਲ ਕੀਤਾ, “ਫੇਰ ਵੀਰ ਤੂੰ ਕਿਵੇਂ ਬੱਚ ਗਿਆ । ਤੈਨੂੰ ਦੱਸਿਆਂ ਹੈ ਇਹ ਮੂਰਖ ਦਿਖਾਵੇ ਤੇ ਵਹਿਮਾਂ ਵਿਚ ਫਸਿਆ ਹੋਇਆ, ਆਪਣੇ ਵਹਿਮ ਕਰਕੇ ਇਹ ਮੈਨੂੰ ਵੱਢਣਾ ਪਾਪ ਸਮਝਦਾ। ਇਸੇ ਲਈ ਮੈਂ ਬੱਚ ਗਿਆ ਨਹੀਂ ਤਾਂ ਕਦੋਂ ਦਾ ਮੈਂ ਵੀ ਇਸ ਵਹਿਸ਼ੀ ਰੁੱਤ ਦਾ ਸ਼ਿਕਾਰ ਹੋ ਗਿਆ ਹੁੰਦਾ।”
ਪਿੱਪਲ ਦੀ ਗੱਲ ਸੁਣ ਕੇ ਅਰਥੀ ਹੋਰ ਉਦਾਸ ਹੋ ਗਈ। ਫੇਰ ਉਸਦੇ ਮੁੰਹੋ ਕੀਰਨੀਆਂ ਵਰਗੇ ਸ਼ਬਦ ਨਿਕਲੇ,” ਮੇਰਾ ਬੁਰਾ ਹਾਲ ਵੀ ਇਸੇ ਕਰਕੇ ਹੋਇਆ। ਮਨੁੱਖ ਦੇ ਲਾਲਚ ਕਰਕੇ ਮਿਲਾਵਟ, ਖੇਤਾਂ ਵਿਚ ਜ਼ਹਿਰ, ਵਾਤਾਵਰਨ ਵਿਚ ਗੰਧਾਪਨ ਇੰਨਾ ਹੋ ਗਿਆ ਕਿ ਹਰ ਰੋਜ਼ ਕੈਸਰ ਤੇ ਹੋਰ ਬੀਮਾਰੀਆਂ ਇਹਨਾਂ ਨੂੰ ਨਿਗਲ ਰਹੀਆਂ ਹਨ, ਤੇ ਮੇਰੇ ਤੇ ਭਾਰ ਵਧਦਾ ਜਾ ਰਿਹਾ ਹੈ।” ਪਿੱਪਲ ਅਰਥੀ ਦੀ ਗੱਲ ਸਮਝ ਚੁੱਕਿਆ ਸੀ । ਉਸ ਨੇ ਜਵਾਬ ਦਿੱਤਾ, “ਹਾਂ ਭੈਣੇ ਜਦੋਂ ਦਾ ਇਹ ਸਮਝਣ ਲੱਗਿਆਂ ਕਿ ਧਰਤੀ ਦੀ ਹਰ ਚੀਜ਼ ਦਾ ਮਾਲਕ ਮੈਂ ਹਾਂ, ਉਸੇ ਦਿਨ ਤੋਂ ਯੁੱਧ, ਮਾਰ ਕਾਟ ਮਚਾ ਰੱਖੀ ਹੈ ਤੇ ਹੁਣ ਤਾਂ ਅੱਤ ਕਰ ਦਿੱਤੀ, ਨਵ ਜੰਮੇ ਬੱਚੇ ਤੋਂ ਮਰਨ ਵਾਲੇ ਤੱਕ ਨੂੰ ਨਹੀਂ ਬਖਸ ਰਿਹਾ । ਪਤਾ ਨਹੀਂ ਕਦੋਂ ਇਸ ਨੂੰ ਸਮਝ ਆਊ ।” ਅਰਥੀ ਨੇ ਉਸ ਦੀ ਸੁਰ ਵਿਚ ਸੁਰ ਮਿਲਾਈ, “ਭਰਾਵਾਂ ਦੇਖ ਲੈ ਸਾਰਾ ਦਿਨ ਪੈਸਾ ਪੈਸਾ ਕਰਦਾ ਭੱਜਿਆਂ ਫਿਰਦਾ, ਕਾਹਲੀ ਇੰਨੀ ਕਿ ਸੜਕਾਂ ਵੀ ਆਦਮਖੋਰ ਹੋ ਗਈਆਂ, ਪਰ ਇਸ ਅਕਲ ਨਹੀਂ ਆਈ।”
ਪਿੱਪਲ ਹਾਲੇ ਹਾਮੀ ਭਰ ਹੀ ਰਿਹਾ ਸੀ ਕਿ ਤੇਜ਼ ਕਦਮੀ ਤੁਰੇ ਆਉਂਦੇ ਤਿੰਨ ਚਾਰ ਬੰਦਿਆਂ ਨੇ ਅਰਥੀ ਨੂੰ ਕਾਹਲੀ ਨਾਲ ਚੁੱਕ ਲਿਆ ਉਹਨਾ ਦੀ ਗੱਲਬਾਤ ਤੋਂ ਪਿੱਪਲ ਨੂੰ ਪਤਾ ਲੱਗਿਆ ਕਿ ਚਿੱਟੇ ਦੇ ਦੈਂਤ ਨੇ ਇਕ ਹੋਰ ਮੁੰਡੇ ਦਾ ਸ਼ਿਕਾਰ ਕਰ ਲਿਆ ਹੈ ।ਹਾਲੇ ਉਹ ਤੁਰੇ ਨਹੀਂ ਸਨ ਕਿ ਇਕ ਕਾਹਲਾ ਹੋਰ ਆ ਗਿਆ, “ਜਲਦੀ ਕਰੋ ਵੀਰੋ ਸਾਨੂੰ ਵੀ ਇਸ ਦੀ ਲੋੜ ਹੈ ਸਾਡੇ ਮੁਹੱਲੇ ਵਿਚ ਭਰ ਜੁਆਨ ਕੁੜੀ ਨੂੰ ਕੈਂਸਰ ਨਿਗਲ ਗਿਆ,”ਨਵੇ ਆਏ ਨੂੰ ਇੰਤਜ਼ਾਰ ਕਰਦਾ ਛੱਡ ਉਹ ਹਾਉਕੇ ਭਰਦੀ ਅਰਥੀ ਨੂੰ ਲੈ ਕੇ ਉਹ ਪਿੱਪਲ ਤੋਂ ਉਹਲੇ ਹੋ ਗਏ।
ਭੁਪਿੰਦਰ ਸਿੰਘ ਮਾਨ