ਕਦੇ ਨਾ ਖਾਧੇ ਤੇਰੇ ਖੱਟੇ ਜਾਮਨੂ,
ਕਦੇ ਨਾ ਖਾਧਾ ਵੇ ਕੜਾਹ ਕਰ ਕੇ,
ਛੱਡ ਗਇਓ ਜਾਲਮਾ,ਵੇ ਵਿਆਹ ਕਰ ਕੇ,
ਛੱਡ ਗਇਓ …….
punjabi boliyan lyrics
ਤਾਵੇ-ਤਾਵੇ-ਤਾਵੇ
ਰਾਹ ਸੰਗਰੂਰਾਂ ਦਾ
ਮੁੰਡਾ ਪੜ੍ਹਨ ਕਾਲਜ ਨੂੰ ਜਾਵੇ
ਜਦੋਂ ਕੁੜੀ ਕੋਲ ਦੀ ਲੰਘੀ
ਮੁੰਡਾ ਸੀਟੀਆਂ ਮਾਰ ਬੁਲਾਵੇ
ਫੇਲ੍ਹ ਕਰਾਤਾ ਨੀ
ਤੈਂ ਲੰਮੀਏ ਮੁਟਿਆਰੇ।
ਦਾਣਾ! ਦਾਣਾ! ਦਾਣਾ!
ਤੇਰੀਆਂ ਮੈਂ ਲੱਖ ਮੰਨੀਆਂ,
ਮੇਰੀ ਇਕ ਮੰਨੇ ਤਾਂ ਮੈਂ ਜਾਣਾ।
ਜੁੱਤੀ ਨੂੰ ਲਵਾ ਦੇ ਘੁੰਗਰੂ,
ਮੇਲੇ ਜਰਗ ਦੇ ਜਾਣਾ।
ਨਵਾਂ ਬਣਾ ਦੇ ਵੇ,
ਮੇਰਾ ਹੋ ਗਿਆ ਸੂਟ ਪੁਰਾਣਾ।
ਮਲਮਲ ਲੈ ਦੇ ਵੇ,
ਸੂਟ ਨੀਂ ਖੱਦਰ ਦਾ ਪਾਣਾ।
ਕਦੇ ਨਾ ਤੋਰਿਆ ਸੱਸੇ,
ਹੱਸਦੀ ਨੀ ਖੇਡਦੀ,
ਕਦੇ ਨਾ ਤੋਰਿਆ,
ਨੀ ਕੜਾਹ ਕਰ ਕੇ,
ਸਾਨੂੰ ਤੋਰ ਦੇ ਸੱਸੇ,
ਨੀ ਸਲਾਹ ਕਰ ਕੇ,
ਸਾਨੂੰ ਤੋਰ …….,
ਸਾਡੇ ਵਿਹੜੇ ਆ ਮੁੰਡਿਆ
ਸਾਨੂੰ ਤੇਰੀ ਵੰਝਲੀ ਦਾ ਚਾਅ ਮੁੰਡਿਆ
ਜੇ ਕੁੜੀਏ ਤੂੰ ਵੰਝਲੀ ਸੁਣਨੀ
ਰੱਤੜਾ ਪਲੰਘ ਡਹਾ ਕੁੜੀਏ
ਸਾਡੀ ਵੰਝਲੀ ਦੀ ਕੀਮਤ
ਪਾ ਕੁੜੀਏ
ਦਿਲ ਮੰਗਦਾ-ਦਿਲ ਮੰਗਦਾ
ਦਹੀ ਖਰੋਟ ਕੁੜੇ
ਮਾਮਾ ਤਾਂ ਸੁੱਕ ਕੇ ਲੱਕੜੀ ਹੋਇਆ
ਮਾਮੀ ਹੋ ਗਈ ਤੋਪ ਕੁੜੇ
ਧਾਈਆਂ! ਧਾਈਆਂ! ਧਾਈਆਂ!
ਨਣਦ ਵਛੇਰੀ ਨੇ,
ਮੇਰੇ ਮਾਹੀ ਨੂੰ ਲੂਤੀਆਂ ਲਾਈਆਂ।
ਚੁਪੇੜਾਂ ਮਾਰ ਗਿਆ,
ਮੇਰੇ ਮੂੰਹ ਤੇ ਪੈ ਗਈਆਂ ਛਾਈਆਂ।
ਸੱਸ ਮੇਰੀ ਗੁੱਤ ਪੱਟ ਗਈ,
ਸਾਰੇ ਪਿੰਡ ਨੇ ਲਾਹਨਤਾਂ ਪਾਈਆਂ।
ਚੋਵਾਂ ਨਾ, ਮੈਂ ਦੁੱਧ ਰਿੜਕਾਂ,
ਭਾਵੇਂ ਕਿੱਲਿਉਂ ਖੋਲ੍ਹ ਦਏ ਗਾਈਆਂ।
ਮਹੀਨਾ ਹੋ ਗਿਆ ਵੇ,
ਜੋੜ ਮੰਜੀਆਂ ਨਾ ਡਾਹੀਆਂ।
ਕੱਲਮ ਕੱਲੀ ਤੋੜੇ ਤੂੰ,
ਕਰੀਰਾਂ ਨਾਲੋਂ ਡੇਲੇ,
ਨੀ ਸੰਭਾਲ ਗੋਰੀਏ,
ਊਨੀ ਤੇ ਨਾਗ ਮੇਹਲੇ,
ਨੀ ਸੰਭਾਲ …..,
ਗੋਲ ਗੋਲ ਮੈਂ ਟੋਏ ਪੁੱਟਾਂ
ਨਿੱਤ ਸ਼ਰਾਬਾਂ ਕੱਢਦੀ
ਪਹਿਲਾ ਪਿਆਲਾ ਤੇਰਾ ਆਸ਼ਕਾ
ਫੇਰ ਬੋਤਲਾਂ ਭਰਦੀ
ਪੈਰ ਸ਼ੁਕੀਨੀ ਦਾ
ਤੇਰੀ ਸੇਜ ਤੇ ਧਰਦੀ।
ਆਰੀ! ਆਰੀ! ਆਰੀ!
ਲੱਡੂਆਂ ਨੇ ਤੂੰ ਪੱਟ ਤੀ,
ਤੇਰੀ ਤੋਰ ਪੱਟਿਆ ਪਟਵਾਰੀ।
ਬਾਣੀਆ ਸ਼ੁਦਾਈ ਹੋ ਗਿਆ,
ਹੱਟ ਹੁਸਨ ਤੇ ਲੁਟਾ ’ਤੀ ਸਾਰੀ।
ਧੋਖਾ ਖਾ ਲਏਂਗੀ,
ਤੇਰੀ ਅੱਲ੍ਹੜੇ ਉਮਰ ਕੁਆਰੀ।
ਭੌਰ ਤੈਨੂੰ ਪੱਟ ਦੂ ਨੀ,
ਕਿਤੇ ਲੰਬੀ ਮਾਰ ਜੂ ਉਡਾਰੀ।
ਭੁੱਲ ਕੇ ਨਾ ਲਾਈਂ ਵੈਰਨੇ,
ਤੈਥੋਂ ਨਿਭਣੀ ਨੀਂ ਯਾਰੀ।
ਕੋਰੇ ਕੋਰੇ ਕੂਡੇ ਵਿੱਚ ਮਿਰਚਾ ਮੈ ਰਗੜਾਂ,
ਕੋਲੇ ਬਹਿ ਕੇ ਲੜਦਾ ਨੀ,
ਇਹਦਾ ਚਿੱਤ ਚਟਨੀ ਨੂੰ ਕਰਦਾ ਨੀ,
ਇਹਦਾ ਚਿੱਤ
ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਕੈਂਠਾ ਪਾਲਸ਼ ਕੀਤਾ
ਮੈਂ ਤਾਂ ਤੈਨੂੰ ਖੜ੍ਹੀ ਉਡੀਕਾਂ
ਤੂੰ ਲੰਘ ਗਿਆ ਚੁੱਪ ਕੀਤਾ
ਜੋੜੀ ਨਾ ਬਣਦੀ
ਪਾਪ ਜਿਨ੍ਹਾਂ ਦਾ ਕੀਤਾ।