ਸਾਡੀ ਤਾਂ ਬੀਬੀ ਲਾਡਲੀ ਅੱਧੀ ਰਾਤ ਮੰਗੇ ਖੀਰ
ਬੀਬੀ ਦਾ ਬਾਬਲ ਐਂ ਬੈਠਾ ਜਿਵੇਂ ਰਾਜਿਆਂ ਅੱਗੇ ਬਜੀਰ
ਲਾੜਾ ਲਾਡਲਾ ਭੈਣੋਂ ਨੀ ਅੱਧੀ ਰਾਤ ਮੰਗੇ ਲੱਡੂ
ਲਾੜੇ ਦਾ ਬਾਪੂ ਐਂ ਬੈਠਾ ਜਿਵੇਂ ਟੋਭੇ ਕਿਨਾਰੇ ਡੱਡੂ
ਲਾੜਾ ਲਾਡਲਾ ਨੀ ਅੱਧੀ ਰਾਤ ਮੰਗੇ ਪਿੱਛ
ਲਾੜੇ ਦਾ ਬਾਪੂ ਐਂ ਬੈਠਾ ਜਿਵੇਂ ਕਿੱਲੇ ਬੰਨ੍ਹਿਆ ਰਿੱਛ
ਲਾੜਾ ਲਾਡਲਾ ਨੀ ਰੋਟੀ ਖਾ ਕੇ ਮੰਗੇ ਖੋਪਾ
ਲਾੜੇ ਦਾ ਬਾਪੂ ਐਂ ਬੈਠਾ ਜਿਵੇਂ ਕਿੱਲੇ ਬੰਨ੍ਹਿਆ ਝੋਟਾ
punjabi boliyan for giddha
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਤੋਰੀ।
ਉਥੋਂ ਦੀ ਇਕ ਨਾਰ ਸੁਣੀਂਦੀ,
ਦੁੱਧ ਦੀ ਧਾਰ ਤੋਂ ਗੋਰੀ।
ਚੋਰੀ ਚੋਰੀ ਨੈਣ ਲੜਾਏ,
ਗੱਲਬਾਤ ਵਿੱਚ ਕੋਰੀ।
ਇਸ਼ਕ ਮੁਸ਼ਕ ਕਦੇ ਨਾ ਛੁਪਦੇ,
ਨਿਹੁੰ ਨਾ ਲੱਗਦੇ ਜ਼ੋਰੀ।
ਹੌਲੀ ਹੌਲੀ ਨੱਚ ਬਲੀਏ,
ਨੀ ਤੂੰ ਪਤਲੀ ਬਾਂਸ ਦੀ ਪੋਰੀ।
ਬਾਰੀ ਬਰਸੀ ਖੱਟਣ ਗਿਆ ਸੀ,
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਛੋਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ
ਰਾਤਾਂ ਨੂੰ ਤਾਂ ਉੱਲੂ ਝਾਕਦੇ
ਨਾਲੇ ਬੋਲੇ ਟਟੀਹਰੀ
ਬਾਗਾਂ ਦੇ ਵਿੱਚ ਕੋਇਲ ਬੋਲਦੀ
ਕਰਦੀ ਤੀਰੀ……ਰੀ ..ਰੀ
ਭੁੱਲਿਆ ਵੇ ਕੰਤਾ
ਨਾਰਾਂ ਬਾਝ ਫਕੀਰੀ।
ਕੁੜਮਾਂ ਬੇ ਤੂੰ ਸਨੀ ਦੇ ਢਈਏ ਦਿਆ ਮਾਰਿਆ
ਕਾਲੇ ਮਾਹਾਂ ਦਾ ਕਰ ਲੈ ਤੂੰ ਦਾਨ ਬੇ
ਮਾਂਹ ਤਾਂ ਬੀਬੀ ਮਹਿੰਗੇ ਮੁੱਲ ਮਿਲਦੇ
ਨੀ ਮੈਂ ਜੋਰੂ ਦਾ ਕਰ ਦਿਆ ਦਾਨ ਨੀ
ਕੁੜਮਾਂ ਬੇ ਤੂੰ ਸਾੜ੍ਹਸਤੀ ਦਿਆ ਮਾਰਿਆ ਬੇ
ਕਾਲਾ ਕੱਪੜਾ ਤਾਂ ਕਰ ਲੈ ਤੂੰ ਦਾਨ ਬੇ
ਕਾਲੇ ਕੱਪੜੇ ਦਾ ਬੀਬੀ ਕੱਛਾ ਸਮਾਮਾਂਗੇ
ਮੈਂ ਜੋਰੂ ਦਾ ਕਰ ਦਿਆ ਦਾਨ ਨੀ
ਸਾਉਣ ਦਾ ਮਹੀਨਾ,
ਪੈਂਦੀ ਤੀਆਂ ’ਚ ਧਮਾਲ ਵੇ।
ਗਿੱਧੇ ਵਿੱਚ ਜਦੋਂ ਨੱਚੂੰ,
ਕਰਦੂੰ ਕਮਾਲ ਵੇ।
ਮੁੜ ਜਾ ਸ਼ੌਕੀਨਾ,
ਮੈਂ ਨੀ ਜਾਣਾ ਤੇਰੇ ਨਾਲ ਵੇ।
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ,
ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀਂ ਆ ਗਏ,
ਕੀ ਬੁੱਢਾ ਕੀ ਠੇਰਾ…
ਮੇਲਣੇ ਨੱਚ ਲੈ ਨੀ,
ਦੇ ਲੈ ਸ਼ੌਕ ਦਾ ਗੇੜਾ…
ਪਾੜ੍ਹੇ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਜੱਟ ਬਥੇਰੇ
ਆਪ ਤਾਂ ਖਾਂਦੇ ਪੋਲੇ ਬਿਸਕੁਟ
ਸਾਨੂੰ ਦਿੰਦੇ ਰਾਈ
ਵੇ ਘਰ ਪਾੜੇ ਦੇ
ਕੈਦ ਭੋਗਣੀ ਆਈ।
ਕੁੜਮਾਂ ਬੇ ਤੂੰ ਕਿਹੜੇ ਗਰੋਹ ਦਾ ਜੰਮਿਆ ਬੇ
ਤੂੰ ਤੁਰਦੈਂ ਝੋਲੇ ਖਾ ਖਾ ਕੇ
ਬੀਬੀ ਨੀ ਮੈਂ ਤਾਂ ਜੰਮਿਆ ਸਰਪ ਗਰੋਹ ਦਾ
ਤਾਹੀਂ ਤੁਰਦਾਂ ਬੋਲੇ ਖਾ ਖਾ ਕੇ
ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਗਿੱਧੇ ਵਿੱਚ ਆਵਾਂ।
ਮੇਰੀ ਨੱਚਦੀ ਦੀ,
ਝਾਂਜਰ ਛਣਕੇ ਨੀ।
ਨੀ ਮੈਂ ਨੱਚ ਲਾਂ,
ਨੱਚ ਲਾਂ ਪਟੋਲਾ ਬਣਕੇ ਨੀ।
ਆ ਮਾਮੀ ਤੂੰ ਨੱਚ ਮਾਮੀ
ਤੂੰ ਦੇਦੇ ਸ਼ੋਂਕ ਦਾ ਗੇੜਾ
ਆ ਮਾਮੀ ਤੂੰ ਨੱਚ ਮਾਮੀ
ਤੂੰ ਦੇਦੇ ਸ਼ੋਂਕ ਦਾ ਗੇੜਾ
ਜੇ ਤੂੰ ਬਾਲੀ ਨਖਰੋ
ਨੀ ਤੂੰ ਨੱਚ ਨੱਚ ਪੱਟ ਦੇ ਵੇਹੜਾ
ਜੇ ਤੂੰ ਬਾਲੀ ਨਖਰੋ
ਨੀ ਤੂੰ ਨੱਚ ਨੱਚ ਪੱਟ ਦੇ ਵੇਹੜਾ
ਬਗਲੇ ਦੇ ਖੰਭ ਚਿੱਟੇ ਸੁਣੀਂਦੇ
ਕੋਇਲ ਸੁਣੀਂਦੀ ਕਾਲੀ
ਬਗਲਾ ਤਾਂ ਆਪਣੇ ਨਾਲ ਹੀ ਰਲ ਗਿਆ
ਰਹਿ ਗਈ ਕੋਇਲ ਬਿਚਾਰੀ
ਹਾਕਾਂ ਘਰ ਵੱਜੀਆਂ
ਛੱਡ ਮਿੱਤਰਾ ਫੁਲਕਾਰੀ।