ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਧਿਆਨੀ।
ਧਿਆਨੀ ਦਾ ਇਕ ਗੱਭਰੂ ਸੁਣੀਂਦਾ,
ਤੋਰ ਤੁਰੇ ਮਸਤਾਨੀ।
ਹਰਾ ਮੂੰਗੀਆ ਬੰਨ੍ਹਦਾ ਸਾਫਾ,
ਬਣਿਆ ਫਿਰਦਾ ਜਾਨੀ।
ਭਾੜੇ ਦੇ ਹੱਥ ਬਹਿ ਕੇ ਬੰਦਿਆ,
ਮੌਜ ਬਥੇਰੀ ਮਾਣੀ।
ਰੱਜ ਕੇ ਜਿਓਂ ਲੈ ਵੇ
ਦੋ ਦਿਨ ਦੀ ਜ਼ਿੰਦਗਾਨੀ।
punjabi boliyan collection
ਸੋਹਣੀ ਦੀ ਮਾਂ ਦੇਵੇ ਮੱਤਾਂ,
ਸੁਣ ਨੀ ਧੀਏ ਸਿਆਣੀ,
ਜਿਹੜਿਆਂ ਫੁੱਲਾਂ ਨੂੰ ਤੂੰ ਨੀ ਲੋਚਦੀ,
ਤੋੜ ਲਿਆਂਵਾ ਟਾਹਣੀ,
ਚੰਦਰੇ ਆਸ਼ਕ ਦੀ,
ਨਿੱਤ ਨਾ ਛੇੜੀਏ ਕਹਾਣੀ,
ਚੰਦਰੇ ਆਸ਼ਕ
ਬਾਰੀਂ ਬਰਸੀਂ ਖੱਟਣ ਗਿਆ ਸੀ
ਕੀ ਖੱਟ ਲਿਆਇਆ।
ਖੱਟ ਕੇ ਲਿਆਂਦੀ ਦਾਤੀ
ਪਿੰਡਾ ਮੇਰਾ ਰੇਸ਼ਮ ਦਾ
ਮੇਰੇ ਦਿਉਰ ਦੀ ਮਖਮਲੀ ਛਾਤੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਣੀ।
ਓਥੋਂ ਦੀ ਇਕ ਨਾਰ ਸੁਣੀਂਦੀ,
ਖੂਹ ਤੋਂ ਭਰਦੀ ਪਾਣੀ।
ਪਾਣੀ ਭਰਦੀ ਨੂੰ ਪਈ ਛੇੜੇ,
ਇੱਕ ਮੁੰਡਿਆਂ ਦੀ ਢਾਣੀ।
ਛੇੜਨ ਦੀ ਇਹ ਆਦਤ ਯਾਰੋ,
ਹੈ ਗੀ ਬੜੀ ਪੁਰਾਣੀ।
ਅੰਗ ਦੀ ਪਤਲੀ ਦਾ,
ਨਰਮ ਸੁਭਾਅ ਨਾ ਜਾਣੀ।
ਸੱਸੇ ਲੜਿਆਂ ਨਾ ਕਰ,
ਐਵੇ ਸੜਿਆ ਨਾ ਕਰ,
ਬਹੁਤੀ ਔਖੀ ਏ ਤਾਂ ਘਰ ਵਿੱਚ ਕੰਧ ਕਰ ਦੇ,
ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ,
ਸਾਡੇ ਬਾਪ
ਘਰ ਨੇ ਜਿਨ੍ਹਾਂ ਦੇ ਕੋਲੋ ਕੋਲੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲੋ ਕੋਲੀ ਮਨ੍ਹੇ ਗਡਾ ਲਏ
ਗੱਲਾਂ ਕਰਨ ਪਰਾਈਆਂ
ਜੱਟਾਂ ਦੇ ਪੁੱਤ ਸਾਧੂ ਹੋ ਗਏ
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਹੁਣ ਨਾ ਸਿਆਣਦੀਆਂ
ਦਿਉਰਾਂ ਨੂੰ ਭਰਜਾਈਆਂ।
ਛੰਦ ਸੁਣਾ ਰੈ ਬਟੇਊ (ਜਮਾਈ) ਊਤਣੀ ਕੇ
ਨਹੀਂ ਤੋਂ ਉਲਟਾ ਲਟਕਾਉਂ ਭੂਤਣੀ ਕੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਵਾਂ।
ਚਾਰੇ ਪਾਸੇ ਤੂਤ ਟਾਹਲੀਆਂ,
ਠੰਡੀਆਂ ਠੰਡੀਆਂ (ਮਿੱਠੀਆਂ) ਛਾਵਾਂ।
ਉਥੇ ਦੀ ਇਕ ਛੈਲ ਛਬੀਲੀ,
ਜੀਹਦੇ ਢੋਲ ਦਾ ਫੌਜ ‘ਚ ਨਾਵਾਂ।
ਬਿਨ ਮੁਕਲਾਈ ਛੱਡ ਗਿਆ ਉਹਨੂੰ,
ਲੈ ਕੇ ਚਾਰ ਕੁ ਲਾਮਾਂ।
ਚਿੱਠੀਆਂ ਪਾਵੇ, ਆਪ ਨਾ ਆਵੇ,
ਨਾ ਭੇਜੇ ਸਿਰਨਾਵਾਂ।
ਰੁੱਸੇ ਹੋਏ ਢੋਲਣ ਦਾ…..
ਮੈਂ ਕੀ ਲਾਜ ਬਣਾਵਾਂ।
ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਛੱਪੜੀ ਤੇ ਘਰ ਵੇ,
ਰਾਤੀ ਡੱਡੂ ਬੋਲਦੇ,
ਮੈਨੂੰ ਲਗਦਾ ਡਰ ਵੇ,
ਰਾਤੀ ਡੱਡੂ
ਭਾਬੀ, ਭਾਬੀ ਕੀ ਲਾਈ ਆ ਦਿਉਰਾ
ਕੀ ਭਾਬੀ ਤੋਂ ਲੈਣਾ ।
ਬੁਰੀ ਮਹਿੰ ਨੂੰ ਪੱਠੇ ਪਾ ਦੇ
ਨਾਲੇ ਘੜਾ ਦੇ ਗਹਿਣਾ
ਭਾਬੀ ਦਾ ਝਿੜਕਿਆ ਵੇ
ਕੁਝ ਨੀ ਬੇਸ਼ਰਮਾ ਰਹਿਣਾ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਬੰਗੇ।
ਬੰਗਿਆਂ ਦੀ ਇਕ ਨਾਰ ਸੁਣੀਦੀ,
ਪੈਰ ਓਸ ਦੇ ਨੰਗੇ।
ਆਉਂਦੇ ਜਾਂਦੇ ਨੂੰ ਕਰੇ ਮਸ਼ਕਰੀ,
ਜੇ ਕੋਈ ਕੋਲੋਂ ਲੰਘੇ।
ਜ਼ੁਲਫ਼ਾਂ ਦੇ ਉਸ ਨਾਗ ਬਣਾਏ,
ਮੁੱਛ ਫੁੱਟ ਗੱਭਰੂ ਡੰਗੇ।
ਡੰਗਿਆ ਨਾਗਣ ਦਾ……
ਮੁੜ ਪਾਣੀ ਨਾ ਮੰਗੇ।
ਸੌਹਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਸੇਰ ਕੁ ਆਟਾ,
ਵੇ ਨਿੱਤ ਕੌਣ ਲੜੇ,
ਕੌਣ ਪਟਾਵੇ ਝਾਟਾ,
ਵੇ ਨਿੱਤ