ਸਾਡੇ ਪਿੰਡ ਦੇ ਮੁੰਡੇ ਦੇਖ ਲਓ,
ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਏਹ ਬੰਨ੍ਹਦੇ ਚਾਦਰੇ,
ਪਿੰਜਣੀ ਨਾਲ ਛੁਹਾਵੇ।
ਦੁਧੀਆ ਕਾਸ਼ਨੀ ਬੰਦੇ ਸਾਫੇ,
ਜਿਉਂ ਉਡਿਆ ਕਬੂਤਰ ਜਾਵੇ।
ਏਹਨਾਂ ਮੁੰਡਿਆਂ ਦੀ,
ਸਿਫਤ ਕਰੀ ਨਾ ਜਾਵੇ।
punjabi boliyan collection
ਅਰਬੀ ਵਿਕਣੀ ਆਈ ਵੇ ਨੌਕਰਾ,
ਲੈਦੇ ਸੇਰ ਕੁ ਮੈਨੂੰ,
ਵੇ ਢਲ ਪਰਛਾਵੇ ਕੱਟਣ ਲੱਗੀ,
ਯਾਦ ਕਰੂਗੀ ਤੈਨੂੰ,
ਚੁੰਨੀ ਜਾਲੀ ਦੀ ਲੈਦੇ ਨੌਕਰਾ ਮੈਨੂੰ, ਚੁੰਨੀ ਜਾਲੀ
ਸਾਉਣ ਦਾ ਮਹੀਨਾ
ਪੈਂਦੀ ਤੀਆਂ ’ਚ ਧਮਾਲ ਵੇ
ਗਿੱਧੇ ਵਿੱਚ ਜਦੋਂ ਨੱਚੂੰ
ਕਰਦੂੰ ਕਮਾਲ ਵੇ
ਮੁੜ ਜਾ ਸ਼ੌਕੀਨਾ
ਮੈਂ ਨੀ ਜਾਣਾ ਤੇਰੇ ਨਾਲ ਵੇ।
ਝਾਜਰਾਂ ਘੜਾ ਦੇ ਹਾਣੀਆਂ,
ਬਣ ਮੋਰਨੀ ਮੇਲ੍ਹਦੀ ਆਵਾਂ
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਦਾਤ।
ਵੱਧ-ਘੱਟ ਬੋਲਿਆ ਦਿਲ ਨਾ ਲਾਉਣਾ,
ਭੁਲ ਚੁੱਕ ਕਰਨੀ ਮੁਆਫ਼।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਤੀਤਾ।
ਉਸ ਪਿੰਡ ਦੇ ਗੱਭਰੂ ਸੁਣੀਂਦੇ,
ਮੱਖਣ ਤੇ ਇੱਕ ਜੀਤਾ।
ਪਹਿਲੇ ਸੂਏ ਮੱਝ ਲਵੇਰੀ,
ਡੋਕੇ ਦਾ ਦੁੱਧ ਪੀਤਾ।
ਹੁੰਮ ਹੁਮਾ ਕੇ ਚੜ੍ਹੀ ਜੁਆਨੀ,
ਬਣਿਆ ਸੁਰਖ ਪਪੀਤਾ।
ਪਹਿਲਾਂ ਹੋ ਗਿਆ ਮੱਖਣ ਭਰਤੀ,
ਮਗਰੋਂ ਹੋ ਗਿਆ ਜੀਤਾ।
ਸੁਬੇਦਾਰਾ ਹਿੱਕ ਮਿਣਲੈ,
ਫੜ ਕੇ ਰੇਸ਼ਮੀ ਕੀਤਾ।
ਕੱਖ ਵੀ ਲਿਆਉਨਾਂ,
ਪੱਠੇ ਵੀ ਲਿਆਉਨਾਂ,
ਮੈਂ ਹੱਥੀਂ ਪਾਲਦਾਂ ਖੋਲੀ।
ਦੋਨੋਂ ਵੇਲੇ ਦੁੱਧ ਏਹ ਦੇਵੇ,
ਤੋਂ ਭਰ ਕੇ ਬਾਲਟੀ ਚੋ ਲੀ।
ਤੂੰਹੀਓਂ ਮੇਰੇ ਭਾਂਡੇ ਮਾਂਜਣੇ,
ਤੂੰਈਓਂ ਮੇਰੀ ਗੋਲੀ
ਕਰ ਦੂ ਗਜ ਵਰਗੀ
ਜੇ ਮੁੜ ਕੇ ਬਰਾਬਰ ਬੋਲੀ।
ਡੁਬਦੀ ਬੇੜੀ ਬੰਨੇ ਲਾਈ ਭੰਤਿਆ (ਛਾਂਟਮਾ ਸਾਕ ਕਰਾਇਆ ਭੰਤਿਆ)
ਬੇ ਕੋਈ ਬਹੁ ਲਿਆਂਦੀ ਬੇ ਛਾਂਟ
ਤੂੰ ਹਜੇ ਬੀ ਨਿੱਕਾ ਕੱਤਿਆ
ਤੈਂ ਪਾਉਣੀ ਸੀ ਬਚੋਲੇ ਨੂੰ
ਬੇ ਦਿਲਾਂ ਦਿਆ ਹੌਲਿਆ ਬੇ-ਛਾਂਪ
ਔਹ ਕੋਈ ਆਉਦੇ ਦੋ ਜਾਣੇ,
ਦੋਹਾਂ ਤੋਂ ਬਣ ਗਏ ਚਾਰ,
ਵੇ ਘੁੰਢ ਕੱਢ ਕੇ ਨਾ,
ਤੇਰੀ ਮਾਂ ਦੇ ਯਾਰ,
ਵੇ ਘੁੰਢ
ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਗਿੱਧੇ ਵਿੱਚ ਆਵਾਂ
ਮੇਰੀ ਨੱਚਦੀ ਦੀ
ਝਾਂਜਰ ਛਣਕੇ ਨੀ
ਨੀ ਮੈਂ ਨੱਚ ਲਾਂ
ਨੱਚ ਲਾਂ ਪਟੋਲਾ ਬਣਕੇ ਨੀ।
ਨਣਦੇ ਜਾਹ ਸਹੁਰੇ ,
ਭਾਵੇਂ ਲੈ ਜਾ ਕੰਨਾਂ ਦੇ ਵਾਲੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਪਾਲੀ।
ਪਾਲੀ ਦੇ ਦੋ ਗੱਭਰੂ ਬੜੇ ਕਮਾਉ ,
ਮੂਲ ਨਾ ਕੱਢਦੇ ਗਾਲੀ।
ਕੰਮ ਕਾਰ ਨਾਲ ਰੱਖਣ ਵਾਸਤਾ,
ਮੋਢੇ ਹਲ ਪੰਜਾਲੀ।
ਇੱਕ ਮੁੰਡੇ ਨੇ ਮਲਕ ਦੇ ਕੇ,
ਇਕ ਮੁਰਗਾਈ ਫਾਹ ਲੀ।
ਕੰਮ ’ਚ ਓਹਦਾ ਚਿੱਤ ਨਾ ਲੱਗੇ,
ਕਰਨ ਮਸ਼ਕਰੀ ਹਾਲੀ।
ਰੂਪ ਕੁਆਰੀ ਦਾ।
ਦਿਨ ਚੜ੍ਹਦੇ ਦੀ ਲਾਲੀ।