ਅੰਗ ਅੰਗ’ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਵੇ ਕੁੜਤੀ ਲੈਣ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਵੇ ਕੁੜਤੀ
punjabi boliyan collection
ਸਾਉਣ ਮਹੀਨਾ ਚੜ੍ਹ ਗਿਆ ਸਖੀਓ
ਰੁੱਤ ਤੀਆਂ ਦੀ ਆਈ
ਗੱਡੀ ਜੋੜ ਕੇ ਲੈਣ ਜੋ ਜਾਂਦੇ
ਭੈਣਾਂ ਨੂੰ ਜੋ ਭਾਈ
ਨੱਚਣ ਕੁੱਦਣ ਮਾਰਨ ਤਾੜੀ
ਰੰਗਲੀ ਮਹਿੰਦੀ ਲਾਈ
ਬਿਜਲੀ ਵਾਗੂੰ ਦੂਰੋਂ ਚਮਕੇ
ਨੱਥ ਵਿੱਚ ਮੱਛਲੀ ਪਾਈ
ਆਉਂਦੇ ਜਾਂਦੇ ਮੋਹ ਲਏ ਰਾਹੀ
ਰਚਨਾ ਖੂਬ ਰਚਾਈ
ਤੀਆਂ ਦੇਖਣ ਨੂੰ
ਸਹੁਰੀਂ ਜਾਣ ਜੁਆਈ।
ਟੁੱਟ ਗਈਆਂ ਬਲੌਰੀ ਵੰਗਾਂ,
ਛੱਡ ਮੇਰੀ ਬਾਂਹ ਮਿੱਤਰਾ।
ਆਇਆ ਸਾਵਣ ਦਿਲ ਪਰਚਾਵਣ,
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜਗੀ,
ਨਾਲੇ ਰਾਮ ਪਿਆਰੀ।
ਕੁੜਤੀ ਰੋ ਦੀ ਭਿੱਜਗੀ ਪੀਲੀ,
ਕਿਸ਼ਨੋ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜਗੀ,
ਬਹੁਤੇ ਗੋਟੇ ਵਾਲੀ।
ਬੰਤੋ ਦੀਆਂ ਭਿੱਜੀਆਂ ਮੀਢੀਆਂ,
ਗਿਣਤੀ ‘ਚ ਪੂਰੀਆਂ ਚਾਲੀ।
ਆਲੇ ਦੇ ਵਿੱਚ ਲੀਰ ਕਚੀਰਾਂ,
ਵਿੱਚੇ ਕੰਘਾ ਜੇਠ ਦਾ,
ਪਿਓ ਵਰਗਿਆ ਜੇਠਾ,
ਕਿਓ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਗਿਆ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਸ਼ੈਹਣਾ
ਸ਼ੈਹਣੇ ਪਿੰਡ ਵਿੱਚ ਪੈਂਦਾ ਗਿੱਧਾ
ਕੀ ਗਿੱਧੇ ਦਾ ਕਹਿਣਾ
ਕੱਲ੍ਹ ਨੂੰ ਆਪਾਂ ਵਿੱਛੜ ਜਾਵਾਂਗੇ
ਫੇਰ ਕਦ ਰਲ ਕੇ ਬਹਿਣਾ
ਭੁੱਲ ਜਾ ਲੱਗੀਆਂ ਨੂੰ
ਮੰਨ ਲੈ ਭੌਰ ਦਾ ਕਹਿਣਾ।
ਘੁੰਡ ਕੱਢਣਾ ਤਵੀਤ ਨੰਗਾ ਰੱਖਣਾ,
ਛੜਿਆਂ ਦਾ ਮੱਚੇ ਕਾਲਜਾ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਘਿਓ।
ਸੱਸ ਲੱਗੀ ਅੱਜ ਤੋਂ ਮਾਂ ਮੇਰੀ,
ਸਹੁਰਾ ਲੱਗਾ ਪਿਓ।
ਸ਼ਹਿਣੇ ਦੇ ਵਿੱਚ ਝਾਂਜਰ ਬਣਦੀ,
ਮੁਖਬਰ ਬਣਦੀ ਕਾਠੀ।
ਭਾਈ ਬਖਤੌਰੇ ਬਣਦੇ ਟਕੂਏ,
ਰੱਲੇ ਬਣੇ ਗੰਡਾਸੀ।
ਰੌਤੇ ਦੇ ਵਿੱਚ ਬਣਦੇ ਕੁੰਡੇ,
ਧੁਰ ਭਦੌੜ ਦੀ ਚਾਟੀ।
ਹਿੰਮਤਪੁਰੇ ਦੀਆਂ ਕਹਿੰਦੇ ਕਹੀਆਂ,
ਕਾਸ਼ੀਪੁਰੇ ਦੀ ਦਾਤੀ।
ਚੜ੍ਹ ਜਾ ਬੋਤੇ ਤੇ…..
ਮੰਨ ਕੇ ਭੌਰ ਦੀ ਰਾਖੀ।
ਅਸੀਂ ਆਈਆਂ ਬਾਟਾਂ ਝਾਗ
ਨੀ ਬੀਬੀ ਮਖਾਣੇ ਬੈਂਦੀ ਹਾਜਰ ਕਰ
ਅਸੀਂ ਨੀ ਖਾਂਦੇ ਤੇਰੀ ਜਮਾਰ
ਕਣਕ ਰਜਾਦੀ ਹਾਜਰ ਕਰ
ਅੰਬ ਕੋਲੇ ਇਮਲੀ,ਅਨਾਰ ਕੋਲੇ ਟਾਹਲੀ,
ਅਕਲ ਬਿਨਾ ਵੇ,ਗੋਰਾ ਰੰਗ ਜਾਵੇ ਖਾਲੀ,
ਅਕਲ ਬਿਨਾ
ਸੌਣ ਮਹੀਨਾ ਆਇਆ ਬੱਦਲ
ਰਿਮਝਿਮ ਵਰਸੇ ਪਾਣੀ
ਬਣ ਕੇ ਪਟੋਲੇ ਆਈ ਗਿੱਧੇ ਵਿੱਚ
ਕੁੜੀਆਂ ਦੀ ਇੱਕ ਢਾਣੀ
ਲੰਬੜਦਾਰਾਂ ਦੀ ਬਚਨੀ ਕੁੜੀਓ
ਹੈ ਗਿੱਧਿਆਂ ਦੀ ਰਾਣੀ
ਹੱਸ ਕੇ ਮਾਣ ਲਵੋ
ਦੋ ਦਿਨ ਦੀ ਜ਼ਿੰਦਗਾਨੀ।