ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ ਕਿਉਂਕਿ ਸਾਡੇ ਆਲੇ ਨਿਆਣੇ (ਸਾਡੇ ਸਣੇ) ਹਿੰਦੀ ਦੇ ਊਠ ਨੂੰ ਉੜਾ ਊਠ ਪੜੀ ਗਏ ਪਰ ਪੰਜਾਬੀ ਚ ਊਠ ਨੂੰ ਬੋਤਾ ਕਹਿੰਦੇ ਆ…
ਅੱਗੇ ਚੱਲੋ…ਕਹਿੰਦੇ ‘ਮ’ ਮੁਰਗਾ…ਪਰ ਪੰਜਾਬੀ ਚ ਤਾਂ ਕੁੱਕੜ ਹੁੰਦਾ,ਮੁਰਗਾ ਤਾਂ ਹਿੰਦੀ ਚ ਕਹਿੰਦੇ ਆ…
ਖੈਰ…ਹੋਰ ਅੱਗੇ ਚਲਦੇ…ਕਹਿੰਦੇ ‘ਧ’ ਧਨੁੱਸ਼…ਪਰ ਪੰਜਾਬੀ ਚ ‘ਤੀਰ ਕਮਾਨ’ ਹੁੰਦਾ… ਧਨੁੱਸ਼ ਤਾਂ ਹਿੰਦੀ ਚ ਕਹਿੰਦੇ
ਰੂਸ ਚ ਜੇ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਕਿ ‘ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ..”
ਅਸੀਂ ਆਪਣੇ ਆਪ ਨੂੰ Modern ਕਹਾਉਣ ਦੇ ਚੱਕਰ ਚ ਮਾਂ ਬੋਲੀ ਭੁੱਲੀ ਜਾ ਰਹੇ…
ਪੰਜਾਬੀ ਦੇ ‘ਭੈਣ’ ਦੀ ਥਾਂ ਬੰਗਾਲੀ ਦਾ ‘ਦੀਦੀ’ ਚੱਕੀ ਫਿਰਦੇ…ਉਹ ਵੀ ਹੁਣ ਹੁਣ ‘ਦੀ’ ਰਹਿ ਗਿਆ…ਧੀ-ਪੁੱਤ ਦੀ ਥਾਂ ਬੇਟਾ-ਬੇਟੀ ਨੂੰ ਪ੍ਰਧਾਨ ਕੀਤਾ ਹੋਇਆ…
ਸਤਿ ਸ੍ਰੀ ਅਕਾਲ ਨੂੰ ਵੀ ਅਸੀਂ ਬੱਸ SSA ਜੋਗਾ ਕਰਤਾ…ਜਿਦਾਂ ਪੂਰਾ ਬੋਲਣ ਤੇ ਟੈਕਸ ਪੈਂਦਾ (ਹਾਲਾਂਕਿ ਇਹ ਸਤਿ ਸ੍ਰੀ ਅਕਾਲ ਉਸ ਅਕਾਲ ਦੀ ਸਦੀਵੀ ਹੋਂਦ ਨੂੰ ਪ੍ਰਗਟ ਕਰਦਾ ਹੈ)
ਸਾਡੇ ਪੰਜਾਬੀ ਦੇ ਅੱਖਰ ਘੱਟ ਵੀ ਹੋ ਰਹੇ ਤੇ ਛੋਟੇ ਵੀ…
….ਪਰ ਇਹ ਬਾਬੇ ਨਾਨਕ ਦੀ ਬੋਲੀ ਆ,ਬਾਬੇ ਫ਼ਰੀਦ ਦੀ ਬੋਲੀ ਆ,ਇਹਨੂੰ ਬੁੱਲੇ ਸ਼ਾਹ ਨੇ ਸਾਜਿਆ,ਇਹਨੂੰ ਅਫ਼ਜ਼ਲ ਅਹਿਸਾਨ ਰੰਧਾਵੇ ਨੇ ਪਿਆਰ ਕੀਤਾ,ਇਹਨੂੰ ਭਾਈ ਵੀਰ ਸਿੰਘ ਨੇ ਪ੍ਰਵਾਨ ਚੜਾਇਆ….
ਇਹਨੂੰ ਸਾਡੀਆਂ ਨਾਨੀਆਂ-ਦਾਦੀਆਂ ਨੇ ਬਾਤਾਂ ਦੇ ਰੂਪ ਵਿੱਚ ਸਾਡੇ ਖੂਨ ਵਿੱਚ ਪਰੋਇਆ ਹੋਇਆ…ਇਹ ਨੀਂ ਭੁੱਲ ਸਕਦੀ…ਕਦੇ ਵੀ ਨੀਂ…
ਰਹਾਂ ਪੰਜਾਬ ‘ਚ ਤੇ ਯੂਪੀ ਵਿੱਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ…
ਮੈਂ ਪੰਜਾਬੀ ਪੰਜਾਬ ਦਾ ‘ਸ਼ਰਫ’ ਸੇਵਕ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ…