ਪਿੰਡਾ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡੇਰਾ।
ਆਉਂਦੇ ਜਾਂਦੇ ਬਾਬੇ ਦਾ,
ਲੱਗਦਾ ਰਹਿੰਦਾ ਫੇਰਾ।
ਧਰਮੀ-ਅਧਰਮੀ ਕੱਠੇ ਹੋ ਹੋ,
ਪਾਉਂਦੇ ਰਹਿੰਦੇ ਘੇਰਾ।
ਬਾਬਾ ਸਾਂਝਾ ਸੀ……,
ਕੀ ਤੇਰਾ ? ਕੀ ਮੇਰਾ ??
Punjabi Bolia
ਜੱਟੀ ਕੋਟਕਪੂਰੇ ਦੀ,
ਤੇ ਬਾਹਮਣ ਅੰਮਿਰਤਸਰ ਦਾ,
ਜੱਟੀ ਪਕਾਵੇ ਰੋਟੀਆਂ ਤੇ ਬਾਹਮਣ ਪੇੜੇ ਕਰਦਾ,
ਉਧਰੋ ਆ ਗਿਆ ਦਿਉਰ ਜੱਟੀ ਦਾ,
ਸੰਲਗ ਹੱਥਾਂ ਚ ਫੜਦਾ,
ਵੇ ਨਾ ਮਾਰੀ ਨਾ ਮਾਰੀ ਦਿਓਰਾ,
ਬਾਹਮਣ ਆਪਣੇ ਘਰ ਦਾ,
ਵੇ ਕੱਚੀਆਂ ਕੈਲਾਂ ਨੂੰ ਜੀ ਸਭਨਾਂ ਦਾ ਕਰਦਾ,
ਵੇ ਕੱਚੀਆਂ …….,
ਅੱਧੀ ਰਾਤ ਨੂੰ ਉਠਿਆ ਸੋਹਣੀਏਂ
ਘਰ ਤੇਰੇ ਨੂੰ ਆਇਆ
ਗਲੀ-ਗਲੀ ਦੇ ਕੁੱਤੇ ਭੌਂਕਦੇ
ਚੌਕੀਦਾਰ ਜਗਾਇਆ
ਕੱਚੀਏ ਜਾਗ ਪਈ
ਹੱਥ ਮਰਦੇ ਨੇ ਪਾਇਆ।
ਕਰਤਾਰੋ ਪਰਾਂਦੀਆਂ ਤਣ ਲੈ ਨੀ
ਡੋਰਾਂ ਬੱਟ ਕੇ ਸੁੱਚੀਆਂ
ਨੀ ਆਹ ਤੇਰੀਆਂ ਭਾਬੀਆਂ ਨੀ
ਅਸਲੋਂ ਨੰਗੀਆਂ ਤੇ ਬੁੱਚੀਆਂ
ਸ਼ਰਾਰਤ ਕਰਦੀਆਂ ਨੀ
ਨੀ ਇਹ ਸਿਰੇ ਦੀਆਂ ਲੁੱਚੀਆਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਅਜਨਾਲਾ।
ਬਾਬਾ ਵਿਆਹਿਆ ਗਿਆ ਜਿੱਥੇ,
ਓਹ ਹੈ ਸ਼ਹਿਰ ਬਟਾਲਾ।
ਸਿੱਧਾਂ-ਬਾਬੇ ਕੀਤੀ ਗੋਸ਼ਟ,
ਓਹ ਹੈ ਅਚੱਲ ਬਟਾਲਾ।
ਬਾਬੇ ਸਿੱਧਾਂ ਨੂੰ…..
ਦੱਸਿਆ ਸਿੱਧਾ ਚਾਲਾ।
ਜਾ ਵੇ ਢੋਲਣਾ,
ਮੈ ਨੀ ਬੋਲਣਾ,
ਤੇਰੀ ਮੇਰੀ ਬੱਸ,
ਵੇ ਰਾਤੀ ਕਿੱਥੇ ਗਿਆ,
ਕਿੱਥੇ ਗਿਆ ਸੀ ਦੱਸ,
ਵੇ ਰਾਤੀ ……….,
ਰਾਹ ਤੇ ਤੇਰੀ ਬੈਠਕ ਕੁੜੀਏ
ਵਿੱਚ ਬਿਜਲੀ ਦਾ ਆਂਡਾ
ਆਂਢੀ-ਗੁਆਂਢੀ ਸਾਰੇ ਤਪਗੇ
ਬਹਿ ਗਏ ਤਿਆਗ ਕੇ ਭਾਂਡਾ
ਤੇਰੀ ਬੈਠਕ ‘ਚੋਂ
ਨਿੱਤ ਨੀ ਸ਼ਰਾਬੀ ਜਾਂਦਾ।
ਇਹਨਾਂ ਨਾਨਕੀਆਂ ਨੇ ਮਣ ਮਣ ਖਾਣੇ ਮੰਡੇ
ਇਹਨਾਂ ਨਾਨਕੀਆਂ ਦੇ ਧਰੋ ਮੌਰਾਂ ਤੇ ਡੰਡੇ
ਇਹਨਾ ਨਾਨਕੀਆਂ ਨੇ ਮਣ ਮਣ ਖਾਣੇ ਛੋਲੇ
ਇਹਨਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ
ਆਇਆ ਸਾਵਣ, ਦਿਲ ਪਰਚਾਵਣ,
ਰੁੱਖ ਬੂਟੇ ਮਹਿਕਾਵੇ।
ਹੇਠ ਜੰਡੋਰੇ ਦੇ,
ਮਿਰਜਾ ਹੇਕਾਂ ਲਾਵੇ।
ਕਿੱਕਰੀਂ ਲੈ ਚੜ੍ਹਿਆ,
ਸਲੰਘਾਂ ਨਾਲ ਹਟਾਵੇ।
ਅੰਬੀਆਂ ਚੂਸਣ ਨੂੰ,
ਧਾੜ ਮੁੰਡਿਆਂ ਦੀ ਆਵੇ।
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਸੱਗੀ ਮੁੰਡਿਆਂ,
ਵੇ ਤੇਰੇ ਮਗਰ ਫਿਰੁੱਗੀ ਭੱਜੀ ਮੁੰਡਿਆਂ,
ਵੇ ਤੇਰੇ ……..,
ਖੱਬੇ ਹੱਥ ਤੇ ਘੜੀ ਜੋ ਬੰਨ੍ਹੀ
ਸੁਣ ਪੜ੍ਹਦੀਏ ਮੁਟਿਆਰੇ
ਸੱਜੇ ਹੱਥ ਵਿੱਚ ਫੜ ਕੇ ਕਿਤਾਬਾਂ
ਨਾਲ ਪਾੜ੍ਹਿਆਂ ਜਾਵੇਂ
ਨੀ ਮੁੰਡੇ ਤੈਨੂੰ ਖੜ੍ਹੇ ਉਡੀਕਣ
ਤੂੰ ਚੋਗਾ ਨਾ ਪਾਵੇਂ
ਇੱਕ ਚਿੱਤ ਕਰਦਾ ਲੈ ਕੇ ਲਾਵਾਂ
ਦਿਨੇ ਦਿਖਾ ਦਿਆਂ ਤਾਰੇ
ਮੇਰੀ ਬੋਲੀ ਦਾ
ਮੋੜ ਕਰੀਂ ਮੁਟਿਆਰੇ।
ਸੰਨ੍ਹੀ ਤਾਂ ਰਲਾ ਦਿਓ ਗਾਈਆਂ ਨੂੰ
ਖਲ ਕੁੱਟ ਦੋ ਨਾਨਕੀਆਂ ਆਈਆਂ ਨੂੰ
ਕਣਕ ਤੁਲਾ ਦਿਓ ਬਾਣੀਆਂ ਨੂੰ
ਨਾਲੇ ਨਾਨਕੀਆਂ ਮੰਨੋ ਦੇ ਜਾਣੀਆਂ ਨੂੰ