ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਭੋਗੇ।
ਉਥੋਂ ਦੀਆਂ ਦੋ ਕੁੜੀਆਂ ਸੁਣਾਂਦੀਆਂ,
ਇੱਕ ਕਾਲੀ, ਇਕ ਗੋਰੀ।
ਗੋਰੀ ਦੇ ਤਾਂ ਗਾਹਕ ਬਥੇਰੇ,
ਕਾਲੀ ਜਿਵੇਂ ਨਾ ਛੋਰੀ।
ਕਾਲੀ ਨੇ ਫਿਰ ਛੜਾ ਕਰ ਲਿਆ,
ਲੋਕੋ ਚੋਰੀ ਚੋਰੀ।
ਮਾਪਿਆਂ ਉਹਦਾ ਵਿਆਹ ਕਰ ਦਿੱਤਾ,
ਉਹ ਵੀ ਜ਼ੋਰੋ ਜ਼ੋਰੀ।
ਰੋਂਦੀ ਚੁੱਪ ਨਾ ਕਰੇ….
ਸਿਖਰ ਦੁਪਹਿਰੇ ਤੋਰੀ।
Punjabi Bolia
ਚਲ ਵੇ ਮਨਾ, ਬਿਗਾਨਿਆ ਧਨਾ, ਕਾਹਨੂੰ ਪ੍ਰੀਤਾਂ ਜੜੀਆਂ।
ਓੜਕ ਇੱਥੋਂ ਚੱਲਣਾ ਇੱਕ ਦਿਨ, ਕਬਰਾਂ ਉਡੀਕਣ ਖੜੀਆਂ।
ਉੱਤੋਂ ਦੀ ਤੇਰੇ ਵਗਣ ਨੇਰੀਆਂ , ਲੰਗਣ ਸੌਣ ਦੀਆਂ ਝੜੀਆਂ।
ਅੱਖੀਆਂ ਮੋੜ ਰਿਹਾ, ਨਾ ਮੁੜੀਆਂ ਨਾ ਲੜੀਆਂ।
ਸੋਨੇ ਦੀ ਜੁੱਤੀ ਸਾਡੇ ਮੇਚ ਨਾ ਆਵੇ,
ਚਾਂਦੀ ਦੀ ਜੁੱਤੀ ਸਾਡੇ ਪਾਵੇ ਛਾਲੇ,
ਨੌਕਰ ਜਾ ਮੁੰਡਿਆਂ ਵੇ ਲਿਆ ਡਾਲੇ,
ਨੌਕਰ ਜਾ ……..,
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਸੱਸ ਮੇਰੀ ਗੁੱਤ ਪੱਟ ਗੀ,
ਸਾਰੇ ਪਿੰਡ ਨੇ ਲਾਹਣਤਾਂ ਪਾਈਆਂ।
ਚੋਵਾਂ ਨਾ ਦੁੱਧ ਰਿੜਕਾਂ,
ਭਾਵੇਂ ਖੁੱਲ੍ਹ ਜਾਣ ਮੱਝੀਆਂ ਗਾਈਆਂ।
ਮਹੀਨਾ ਲੰਘ ਗਿਆ ਵੇ……….,
ਜੋੜ ਮੰਜੀਆਂ ਨਾ ਡਾਹੀਆਂ।
ਜਾਗੋ ਕਰਮਾ ਵਾਲੜੀਏ ਭੂਆ ਦੇ ਘਰ ਬਾਲਣਾ ਤੂੰ
ਮਾਮੀ ਤੈਨੂੰ ਤੇਲ ਚੜਾਏ ..
ਮਾਮਾ ਤੇਰੀਆਂ ਬਤੀਆਂ ਪਾਵੇ
ਫੁਫੜ ਦੇ ਘਰ ਬਾਲਣਾ ਤੂੰ…
ਜਾਗੋ ਕਰਮਾ ਵਾਲੜੀਏ ਭੂਆ ਦੇ ਘਰ ਬਾਲਣਾ ਤੂੰ
ਮਾਲਵੇ ਦੀ ਮੈਂ ਜੱਟੀ ਕੁੜੀਓ, ਮਾਝੇ ਵਿਚ ਵਿਆਹਤੀ …
ਨੀ ਨਿੱਤ ਮੇਰੇ ਵਿਚ ਕੱਢੇ ਨਾਗੋਚਾਂ, ਮੈਂ ਜੀਹਦੇ ਲੜ ਲਾਤੀ ……
ਨੀ ਮੈਨੂੰ ਕਹਿੰਦਾ ਮੱਧਰੀ ਲੱਗਦੀ, ਪੰਜਾਬੀ ਜੁੱਤੀ ਲਾਹਾਤੀ ……
ਨੀ ਹੀਲ ਸਲੀਪਰ ਨੇ, ਗਿੱਟੇ ਮੋਚ ਪਵਾਤੀ………..
ਨੀ ਹੀਲ ਸਲੀਪਰ ਨੇ, ਗਿੱਟੇ ਮੋਚ ਪਵਾਤੀ ………..
ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ ……
ਨਾ ਸਾਲੀ ਨੂੰ ਫਤਿਹ ਬੁਲਾਈ, ਬਹਿ ਗਿਆ ਨੀਵੀ ਪਾ ਕੇ…….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ …….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ
ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ,
ਨੀ ਮਾਂ ਮੇਰੇ ਏਥੇ,
ਏਥੇ ਹੀ ਨੂੰਹਾਂ ਲੜਿਆਂ,
ਨੀ ਮਾਂ ਮੇਰੇ ………
ਮਾਏ ਨੀ ਮਾਏ ਮੈਨੂੰ ਕੁੜਤੀ ਸਵਾਦੇ
ਵਿੱਚ ਲਵਾਦੇ ਜੇਬ, ਜੇਬ ਵਿੱਚ ਡੱਬੀ
ਡੱਬੀ ਵਿੱਚ ਨਾਗ – ਨਾਗ ਤੋਂ ਮੈਂ ਬਚਗੀ ,
ਕਿਸ ਗਬਰੂ ਦੇ ਭਾਗ – 2
ਏਧਰ ਕਣਕਾਂ ਉਧਰ ਕਣਕਾਂ
ਵਿੱਚ ਕਣਕਾਂ ਦੇ ਰਾਹ ਕਿਹੜਾ
ਦਿਉਰਾ ਵੇ ਕੈਂਠੇ ਵਾਲਿਆ ।
ਮੈਨੂੰ ਤੇਰੇ ਵਿਆਹ ਦਾ ਚਾਅ ਬਥੇਰਾ।
ਪਿੰਡਾਂ ਵਿਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮੋਗਾ।
ਉਰਲੇ ਪਾਸੇ ਢਾਬ ਸੁਣੀਦੀ,
ਪਰਲੇ ਪਾਸੇ ਟੋਭਾ।
ਟੋਭੇ ਤੇ ਇੱਕ ਸਾਧੂ ਰਹਿੰਦਾ,
ਬੜੀ ਸੁਣੀਂਦੀ ਸ਼ੋਭਾ।
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ,
ਮਗਰੋਂ ਮਾਰਦਾ ਗੋਡਾ।
ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨੀ ਜੋਗਾ।