ਪੰਜਾਬੀ ਦਾ ਇੱਕ ਸ਼ਬਦ ਸਭ ਨੇ ਈ ਸੁਣਿਆ ਹੋਵੇਗਾ,”ਹਊ ਪਰ੍ਹੇ” ਕਰਨਾ । ਮਾਝੇ ਦੇ ਪੁਰਾਣੇ ਬਜ਼ੁਰਗ ਆਮ ਤੌਰ ਤੇ ਇਹ ਸ਼ਬਦ ਵਰਤਦੇ ਸਨ ਕਿਸੇ ਨੂੰ ਹੌਸਲਾ ਦੇਣ ਲਈ , ਜਦ ਉਸਨੂੰ ਕਿਸੇ ਨੇ ਦੁੱਖ ਦਿੱਤਾ ਹੋਵੇ, ਧੋਖਾ ਦਿੱਤਾ ਹੋਵੇ । ਇਸਦਾ ਭਾਵ ਇਹ ਹੁੰਦਾ ਸੀ ਕਿ ਭਾਈ ਤੂੰ ਦਿਲ ਵੱਡਾ ਕਰਕੇ ਇਸ ਗੱਲ ਦੀ ਯਾਦ ਨੂੰ ਮਨੋਂ ਕੱਢ ਦੇ ਤੇ ਆਪਣੇ ਕੰਮ ਤੇ ਧਿਆਨ ਦੇਹ, ਅੱਗੇ ਤੋਂ ਖਿਆਲ ਰੱਖੀਂ ਕਿ ਫਿਰ ਅਜਿਹਾ ਨਾ ਹੋਵੇ । ਅਸਲ ਵਿੱਚ ਇਹ ਸ਼ਬਦ ਦੀ ਸਾਰਥਕਤਾ ਵੱਲ ਵੇਖੀਏ ਤਾਂ ਬੜਾ ਬਰਕਤ ਵਾਲਾ ਸ਼ਬਦ ਏ ।ਅੱਖਾਂ ਚ ਹੰਝੂ ਲੈ ਕੇ ਅਗਲਾ ਰਸਤਾ ਨਹੀਂ ਦਿਸਦਾ ਤੇ ਨਾ ਹੀ ਬੀਤੇ ਨੂੰ ਭੁੱਲ ਸਕਦੇ ਹਾਂ ,ਬਿਹਤਰ ਏ ਅੱਖਾਂ ਨੂੰ ਛਿੱਟੇ ਮਾਰ ਕੇ , ਤਾਜਾ ਦਮ ਹੋਇਆ ਜਾਵੇ ਤੇ ਆਪਣੀ ਖਿੱਲਰੀ ਹੋਈ ਤਾਕਤ ਨੂੰ ਇਕੱਠੀ ਕਰਕੇ ਸਹੀ ਦਿਸ਼ਾ ਵਿੱਚ ਲਾਇਆ ਜਾਵੇ ।
ਤੇ ਦੂਜਾ ਸ਼ਬਦ ਹੁੰਦਾ ਸੀ “ਓਹ ਜਾਣੇ !”
ਇਸ ਵਿੱਚ ਓਹ ਤੋ ਇਸ਼ਾਰਾ ਗੁਰੂ ਬਾਬੇ ਦੇ ਓਅੰਕਾਰ ਵੱਲ ਹੁੰਦਾ ਸੀ ਜੋ ਏਸ ਸੰਦਰਭ ਵਿੱਚ ਵਰਤਿਆ ਜਾਂਦਾ ਸੀ ਕਿ ਅੰਤਿਮ ਫੈਸਲਾ ਪਰਮਾਤਮਾ ਤੇ ਛੱਡ ਦਿਓ, ਪਰ ਆਪ ਗਲਤ ਨਾ ਹੋਵੋ । ਜਿੱਤ ਸੱਚ ਦੀ ਹੀ ਹੋਵੇਗੀ ।
ਹੀਰੋਸ਼ੀਮਾ ਤੇ ਨਾਗਾਸਾਕੀ ਦੀ ਘਟਨਾ ਦੁਨੀਆਂ ਦੀ ਸ਼ਾਇਦ ਸਭ ਤੋ ਬੁਰੀ ਘਟਨਾ ਸੀ , ਪਰ ਓਸ ਨਿੱਕੜੇ ਜਿਹੇ ਮੁਲਕ ਦੇ ਵਾਰੇ ਵਾਰੇ ਜਾਈਏ, ਜੋ ਏਨੀ ਮਾਰ ਤੋ ਬਾਦ ਵੀ ਉੱਠ ਖੜਾ ਹੋਇਆ , ਗੋਡਿਆਂ ਚ ਸਿਰ ਦੇ ਕੇ ਰੋਣ ਨਹੀ ਬੈਠਾ ਰਿਹਾ । ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਏ ਏਸ ਸਿਰੜੀ ਕੌਮ ਨੇ , ਸਾਰੀ ਦੁਨੀਆਂ ਨੂੰ ।
ਸਿੱਖ ਕੌਮ ਨੂੰ ਹਰ ਖ਼ੁਸ਼ੀ ਗ਼ਮੀ ਤੋ ਬਾਅਦ ਆਨੰਦ ਸਾਹਿਬ ਪੜ੍ਹਨ ਤੇ ਅਰਦਾਸ ਕਰਨ ਦਾ ਹੁਕਮ ਏ ਗੁਰੂ ਵੱਲੋਂ । ਕਹਿੰਦੇ , ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੀ ਘੋਰ ਤਬਾਹੀ ਤੋ ਬਾਅਦ ਜਦ ਸ਼ਾਮ ਨੂੰ ਬਚੇ ਖੁਚੇ ਸਿੱਖਾਂ ਨੇ ਅਰਦਾਸ ਕੀਤੀ ਕਿ ‘ਤੇਰੇ ਭਾਣੇ ਅੰਦਰ ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ ਏ, ਚਾਰ ਪਹਿਰ ਰੈਣ ਵੀ ਸੁਖ ਨਾਲ ਬਤੀਤ ਕਰਨੀ ‘ ਤੇ ਅਖੀਰ ਤੇ” ਤੇਰੇ ਭਾਣੇ ਸਰਬੱਤ ਦਾ ਭਲਾ” ਕਿਹਾ ਗਿਆ ਤਾਂ ਵਿਰੋਧੀ ਫੌਜ ਦੇ ਜਾਸੂਸ ਵੀ ਦੰਦਾਂ ਹੇਠ ਉੰਗਲਾਂ ਲੈ ਕੇ ਰਹਿ ਗਏ ।
ਬੀਤੇ ਨੂੰ ਕੋਈ ਤਾਕਤ ਨਹੀ ਬਦਲ ਸਕਦੀ, ਪਰ ਓਸ ਸਮੇਂ ਤੋ ਤਜਰਬਾ ਲੈ ਕੇ ਆਉਣ ਵਾਲੇ ਸਮੇਂ ਨੂੰ ਯਕੀਨਨ ਕੋਈ ਦਿਸ਼ਾ ਦਿੱਤੀ ਜਾ ਸਕਦੀ ਏ ।ਏਸੇ ਵਿੱਚ ਈ ਸਰਬੱਤ ਦਾ ਭਲਾ ਏ ।
Punjabi boli
ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ ਕਿਉਂਕਿ ਸਾਡੇ ਆਲੇ ਨਿਆਣੇ (ਸਾਡੇ ਸਣੇ) ਹਿੰਦੀ ਦੇ ਊਠ ਨੂੰ ਉੜਾ ਊਠ ਪੜੀ ਗਏ ਪਰ ਪੰਜਾਬੀ ਚ ਊਠ ਨੂੰ ਬੋਤਾ ਕਹਿੰਦੇ ਆ…
ਅੱਗੇ ਚੱਲੋ…ਕਹਿੰਦੇ ‘ਮ’ ਮੁਰਗਾ…ਪਰ ਪੰਜਾਬੀ ਚ ਤਾਂ ਕੁੱਕੜ ਹੁੰਦਾ,ਮੁਰਗਾ ਤਾਂ ਹਿੰਦੀ ਚ ਕਹਿੰਦੇ ਆ…
ਖੈਰ…ਹੋਰ ਅੱਗੇ ਚਲਦੇ…ਕਹਿੰਦੇ ‘ਧ’ ਧਨੁੱਸ਼…ਪਰ ਪੰਜਾਬੀ ਚ ‘ਤੀਰ ਕਮਾਨ’ ਹੁੰਦਾ… ਧਨੁੱਸ਼ ਤਾਂ ਹਿੰਦੀ ਚ ਕਹਿੰਦੇ
ਰੂਸ ਚ ਜੇ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਕਿ ‘ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ..”
ਅਸੀਂ ਆਪਣੇ ਆਪ ਨੂੰ Modern ਕਹਾਉਣ ਦੇ ਚੱਕਰ ਚ ਮਾਂ ਬੋਲੀ ਭੁੱਲੀ ਜਾ ਰਹੇ…
ਪੰਜਾਬੀ ਦੇ ‘ਭੈਣ’ ਦੀ ਥਾਂ ਬੰਗਾਲੀ ਦਾ ‘ਦੀਦੀ’ ਚੱਕੀ ਫਿਰਦੇ…ਉਹ ਵੀ ਹੁਣ ਹੁਣ ‘ਦੀ’ ਰਹਿ ਗਿਆ…ਧੀ-ਪੁੱਤ ਦੀ ਥਾਂ ਬੇਟਾ-ਬੇਟੀ ਨੂੰ ਪ੍ਰਧਾਨ ਕੀਤਾ ਹੋਇਆ…
ਸਤਿ ਸ੍ਰੀ ਅਕਾਲ ਨੂੰ ਵੀ ਅਸੀਂ ਬੱਸ SSA ਜੋਗਾ ਕਰਤਾ…ਜਿਦਾਂ ਪੂਰਾ ਬੋਲਣ ਤੇ ਟੈਕਸ ਪੈਂਦਾ (ਹਾਲਾਂਕਿ ਇਹ ਸਤਿ ਸ੍ਰੀ ਅਕਾਲ ਉਸ ਅਕਾਲ ਦੀ ਸਦੀਵੀ ਹੋਂਦ ਨੂੰ ਪ੍ਰਗਟ ਕਰਦਾ ਹੈ)
ਸਾਡੇ ਪੰਜਾਬੀ ਦੇ ਅੱਖਰ ਘੱਟ ਵੀ ਹੋ ਰਹੇ ਤੇ ਛੋਟੇ ਵੀ…
….ਪਰ ਇਹ ਬਾਬੇ ਨਾਨਕ ਦੀ ਬੋਲੀ ਆ,ਬਾਬੇ ਫ਼ਰੀਦ ਦੀ ਬੋਲੀ ਆ,ਇਹਨੂੰ ਬੁੱਲੇ ਸ਼ਾਹ ਨੇ ਸਾਜਿਆ,ਇਹਨੂੰ ਅਫ਼ਜ਼ਲ ਅਹਿਸਾਨ ਰੰਧਾਵੇ ਨੇ ਪਿਆਰ ਕੀਤਾ,ਇਹਨੂੰ ਭਾਈ ਵੀਰ ਸਿੰਘ ਨੇ ਪ੍ਰਵਾਨ ਚੜਾਇਆ….
ਇਹਨੂੰ ਸਾਡੀਆਂ ਨਾਨੀਆਂ-ਦਾਦੀਆਂ ਨੇ ਬਾਤਾਂ ਦੇ ਰੂਪ ਵਿੱਚ ਸਾਡੇ ਖੂਨ ਵਿੱਚ ਪਰੋਇਆ ਹੋਇਆ…ਇਹ ਨੀਂ ਭੁੱਲ ਸਕਦੀ…ਕਦੇ ਵੀ ਨੀਂ…
ਰਹਾਂ ਪੰਜਾਬ ‘ਚ ਤੇ ਯੂਪੀ ਵਿੱਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ…
ਮੈਂ ਪੰਜਾਬੀ ਪੰਜਾਬ ਦਾ ‘ਸ਼ਰਫ’ ਸੇਵਕ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ…
ਕਨੇਡਾ ਦੇ ਸ਼ਹਿਰ ਐਡਮਿੰਟਨ ਦੇ ਸਰਕਾਰੀ ਸਕੂਲ ਚ ਜਦੋਂ ਵਡਾਲੇ ਪਿੰਡ ਦਾ ਬਿਕਰਮ ਸਿੰਘ ਨਾਗਰਾ ਆਪਣਾ ਮੁੰਡਾ ਦਾਖਲ ਕਰਾਉਣ ਗਿਆ ਜੋ ਨਵਾਂ ਨਵਾਂ ਪੰਜਾਬੋਂ ਗਿਆ ਸੀ ਤੇ ਸਿਰਫ ਪੰਜਾਬੀ ਬੋਲਦਾ ਸੀ ਤਾਂ ਕਾਫੀ ਫਿਕਰ ਚ ਸੀ। ਸਕੂਲ ਚ ਬੱਚੇ ਬਾਰੇ ਜਦੋਂ ਸਾਰੀ ਗੱਲ ਉੱਥੋਂ ਦੀ ਗੋਰੀ ਮੈਡਮ ਦੇ ਧਿਆਨ ਚ ਲਿਆਂਦੀ ਤਾਂ ਮੈਡਮ ਕਹਿੰਦੀ ਇਹ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਪੜ੍ਹਾਈ ਦੀ ਫਿਕਰ ਨਹੀਂ ਕਰਨੀ ਬਸ ਇਸ ਗੱਲ ਦਾ ਖਿਆਲ ਰੱਖਿਉ ਕਿ ਇਸ ਮੁੰਡੇ ਨਾਲ ਘਰ ਚ ਸਿਰਫ ਪੰਜਾਬੀ ਬੋਲਿਉ। ਅੰਗਰੇਜ਼ੀ ਨਹੀਂ ਬੋਲਣੀ। ਅੰਗਰੇਜ਼ੀ ਕਿਵੇਂ ਕਿੰਨੀ ਸਿਖਾਉਣੀ ਆ ਮੈਂ ਆਪ ਵੇਖਲੂ।
ਇਹ ਆ ਪੜੇ ਲਿਖੇ ਸਮਾਜ ਦੀ ਬਾਤ।
ਅੱਜ ਉਹ ਮੁੰਡਾ ਪੰਜਾਬੀ ਵੀ ਠੇਠ ਫਰਾਟੇਦਾਰ ਬੋਲਦਾ ਹੈ ਤੇ ਅੰਗਰੇਜ਼ੀ ਵੀ। ਕਲਾਸ ਦੇ ਪਹਿਲੇ ਚਾਰ ਹੁਸ਼ਿਆਰ ਨਿਆਣਿਆ ਚੋਂ ਇਕ ਹੈ।
ਇੱਥੇ ਪ੍ਰਾਈਵੇਟ ਸਕੂਲਾਂ ਵਾਲੇ ਸਭ ਤੋਂ ਪਹਿਲਾਂ ਮਾਂ ਬੋਲੀ ਤੋਂ ਤੋੜਦੇ ਨੇ। ਬੱਚਾ ਕਿਸੇ ਜੋਗਾ ਵੀ ਨਹੀਂ ਰਹਿੰਦਾ। ਪਿਛਲੇ ਵੀਹਾਂ ਸਾਲਾਂ ਚ ਅੰਗਰੇਜ਼ੀ ਸਕੂਲਾਂ ਨੇ ਕਿੰਨੇ IAS PCS ਦਿੱਤੇ ਨੇ। ਇਹਨਾਂ ਮਾਪਿਆਂ ਦੇ ਲੀੜੇ ਵੀ ਲਹਾ ਲਏ ਪਰ ਬੱਚੇ ਆਈਲੈਟਸ ਚੋਂ ਸੱਤ ਬੈਂਡ ਖੜਨ ਵਾਲੇ ਵੀ ਨਾ ਕਰ ਸਕੇ।
ਮਾਂ ਬੋਲੀ ਬੱਚੇ ਦਾ ਦਿਮਾਗ ਤੇ ਉਸਦੀ ਅਜ਼ਾਦ ਸੋਚ ਚ ਵਾਧਾ ਕਰਦੀ ਆ। ਬੱਚੇ ਦੀ ਸੋਚਣ ਸ਼ਕਤੀ ਤੇ mental ability ਵਿਕਸਿਤ ਕਰਦੀ ਹੈ। ਆਪਣੇ ਬੱਚਿਆਂ ਦੀ ਪੰਜਾਬੀ ਬਚਾਉ। ਪੰਜਾਬੀ ਤੁਹਾਡੇ ਬੱਚੇ ਬਚਾਅ ਲਵੇਗੀ।