ਕੋਠੀ ਅਤੇ ਸੜਕ ਵਿਚਕਾਰ ਖਲੀ ਜਗਾ ਅਤੇ ਓਥੇ ਡੰਗਰ ਚਾਰਦੀ ਉਹ ਨਿੱਕੀ ਜਿਹੀ ਕੁੜੀ…
ਇੱਕ ਦਿਨ ਮੈਂ ਵਾਜ ਮਾਰ ਕੋਲ ਸੱਦ ਹੀ ਲਿਆ…
“ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ…ਸੋ ਸੱਪ ਕੀੜੇ ਪਤੰਗੇ…ਤੂੰ ਨੰਗੇ ਪੈਰੀਂ…ਡਰ ਨੀ ਲੱਗਦਾ ਤੈਨੂੰ”?
“ਨਹੀਂ ਲੱਗਦਾ ਜੀ..ਆਦਤ ਜਿਹੀ ਪੈ ਗਈ ਏ…ਹੱਸਦੀ ਹੋਈ ਨੇ ਜੁਆਬ ਦਿੱਤਾ
“ਸਕੂਲੇ ਨਹੀਂ ਜਾਂਦੀ…ਤੇ ਤੇਰਾ ਨਾਮ ਕੀ ਏ ?
“ਸ਼ੱਬੋ ਮੇਰਾ ਨਾਮ ਏ ਤੇ ਮੈਂ ਛੇਵੀਂ ਵਿਚ ਪੜ੍ਹਦੀ ਹਾਂ ਜੀ..ਸਕੂਲੋਂ ਆ ਕੇ ਡੰਗਰ ਚਾਰਨੇ ਪੈਂਦੇ ਨੇ..ਪੱਠਿਆਂ ਜੋਗੇ ਪੈਸੇ ਨੀ ਹੈਗੇ ਮੇਰੀ ਬੇਬੇ ਕੋਲ..”
ਤੇ ਪਿਓ?
“ਉਹ ਸ਼ਰਾਬ ਪੀ ਕੇ ਪਿਆ ਰਹਿੰਦਾ ਸਾਰਾ ਦਿਨ ਜੀ”…ਏਡੀ ਵੱਡੀ ਗੱਲ ਵੀ ਉਸਨੇ ਹੱਸਦੀ ਹੋਈ ਨੇ ਆਖ ਦਿੱਤੀ
ਮੇਰਾ ਅੰਦਰ ਝੰਜੋੜਿਆ ਗਿਆ…ਤੇ ਮੈਂ ਆਖਣ ਲੱਗੀ
“ਮੇਰੇ ਕੋਲ ਕੁਝ ਪੂਰਾਣੀਆਂ ਜੁੱਤੀਆਂ ਚੱਪਲਾਂ ਨੇ..ਕਿਤੇ ਜਾਵੀਂ ਨਾ…ਮੈਂ ਹੁਣੇ ਲੈ ਕੇ ਆਉਂਦੀ ਹਾਂ”
ਅੰਦਰ ਘੜੀ ਲੱਗ ਗਈ…ਜਦੋਂ ਬਾਹਰ ਆਈ ਤਾਂ ਕਿੰਨੇ ਸਾਰੇ ਨੰਗੇ ਪੈਰੀ ਤੁਰੇ ਫਿਰਦੇ ਬੱਚਿਆਂ ਦੀ ਭੀੜ ਜਿਹੀ ਲੱਗ ਗਈ…
ਮੈਂ ਸਾਰੀਆਂ ਜੁੱਤੀਆਂ ਓਹਨਾ ਅੱਗੇ ਢੇਰੀ ਕਰ ਦਿੱਤੀਆਂ…ਮਿੰਟਾਂ ਸਕਿੰਟਾਂ ਵਿਚ ਹੀ ਸਾਰੇ ਆਪੋ-ਆਪਣੇ ਮੇਚੇ ਆਉਂਦੀਆਂ ਪਾ ਹਰਨ ਹੋ ਗਏ…
ਉਹ ਡੰਗਰ ਚਾਰਦੀ ਕੁੜੀ ਬਿਨਾ ਜੁਤਿਓਂ ਅਜੇ ਵੀ ਪਿੱਛੇ ਜਿਹੇ ਖਲੋਤੀ ਸੀ…
ਉਸਨੂੰ ਦੇਖ ਮੈਂ ਪੁੱਛਿਆ ਕੇ ਤੂੰ ਕਿਓਂ ਨਹੀਂ ਲਈ ਜੁੱਤੀ?
ਕਹਿੰਦੀ ਉਹ ਵੀ ਤਾਂ ਸਾਰੇ ਆਪਣੇ ਹੀ ਨੇ…
ਮੈਂ ਛੇਤੀ ਨਾਲ ਅੰਦਰੋਂ ਜਾ ਧੀ ਵਾਸਤੇ ਲਿਆਂਦਾ ਨਵਾਂ ਨਕੋਰ ਜੋੜਾ ਬਾਹਰ ਲਿਆ ਉਸਨੂੰ ਪੁਆ ਦਿੱਤਾ…
ਸੋਚਿਆ ਬੜਾ ਖੁਸ਼ ਹੋਵੇਗੀ ਪਰ ਉਸ ਨੇ ਉਹ ਜੋੜਾ ਲਾਹ ਕੇ ਮੈਨੂੰ ਵਾਪਿਸ ਕਰ ਦਿੱਤਾ ਤੇ ਆਖਣ ਲੱਗੀ ਕੋਈ ਇਸਤੋਂ ਛੋਟਾ ਹੈ ਤੇ ਦੇ ਦੇਵੋ..?
ਉਸਦਾ ਕੀ ਕਰੇਂਗੀ..ਉਹ ਤੇ ਤੇਰੇ ਮੇਚੇ ਵੀ ਨੀ ਆਉਣਾ….?
“ਜੀ ਮੇਰਾ ਨਿੱਕਾ ਵੀਰ…ਉਸਨੂੰ ਤਿੱਖੀਆਂ ਸੂਲਾਂ..ਅਤੇ ਕੰਡੇ ਬੜੇ ਚੁੱਬਦੇ ਨੇ…”
ਨਿੰਮਾ-ਨਿੰਮਾ ਹੱਸਦੀ ਹੋਈ ਉਹ ਸੁਆਲ ਬਣ ਮੇਰੇ ਸਾਮਣੇ ਅਡੋਲ ਖਲੋਤੀ ਹੋਈ ਸੀ ਤੇ ਮੈਂ ਜੁਆਬ ਲੱਭਦੀ ਪੱਥਰ ਬਣ ਡੂੰਗੇ ਪਾਤਾਲਾਂ ਵਿਚ ਕਿਧਰੇ ਧਸਦੀ ਜਾ ਰਹੀ ਸਾਂ…