ਜੁਲਾਈ ਦੀ ਅੱਗ ਵਰ੍ਹਾਉ਼ਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗਦਾ ਸੀ ਕਿ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ, ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁੱਝ ਸੋਖਾ ਸਾਹ ਆਇਆ। ਚਾਰ ਚੁਫੇਰੇ ਨਿਗ੍ਹਾ ਮਾਰੀ ਕੋਈ ਨਹੀਂ ਦਿੱਸਿਆ। ਉਸਨੇ ਆਵਾਜ਼ ਮਾਰੀ ‘ਗੁੱਡੀ, ਗੁੱਡੀ ਪੁੱਤ ਪਾਣੀ ਲੈ ਕੇ ਆ।’
ਪਰ ਕੋਈ ਜਵਾਬ ਨਹੀਂ।
“ਉਏ ਮਨੀ ਕਿੱਥੇ ਹੋ ਸਾਰੇ”
ਉਹ ਇਕ ਵਾਰ ਫਿਰ ਚੀਕਿਆ ਪਰ ਅਵਾਜ਼ ਕੋਠੀ ਵਿਚ ਗੂੰਜ ਕੇ ਰਹਿ ਗਈ। ਉਹ ਸਮਝ ਗਿਆ, ਬੱਚੇ ਖੇਡਣ ਗਏ ਨੇ ਤੇ ਸ਼੍ਰੀਮਤੀ ਜੀ ਆਂਢ-ਗੁਆਂਢ ਦੇ ਦੌਰੇ ਤੇ ਹੈ। ਫਿਰ ਉਹ ਖੁਦ ਹੀ ਔਖਾ-ਸੌਖਾ ਉੱਠ ਕੇ ਰਸੋਈ ਵਿਚ ਗਿਆ। ਫਰਿੱਜ ਵਿਚੋਂ ਪਾਣੀ ਵਾਲੀ ਬੋਤਲ ਕੱਢੀ ਤੇ ਮੂੰਹ ਲਾ ਕੇ ਹੀ ਪਾਣੀ ਪੀਣ ਲੱਗ ਪਿਆ। ਇੰਨੇ ਚ ਸ਼੍ਰੀਮਤੀ ਜੀ ਕੱਛ ਵਿਚ ਕੱਪੜੇ ਦੇਈ ਅੰਦਰ ਆਏ ਤੇ ਕਿਹਾ, “ਕਿੰਨੀ ਵਾਰ ਕਿਹਾ ਗਲਾਸ ਵਿਚ ਪਾਣੀ ਪੀਆ ਕਰੋ। ਬੱਚਿਆ ਨੂੰ ਕੀ ਸਮਝਾਓਗੇ।”
ਨਰਿੰਦਰ ਦਾ ਮਨ ਕੀਤਾ ਬੋਤਲ ਚਲਾ ਕੇ ਕੰਧ ਨਾਲ ਮਾਰੇ ਤੇ ਪੁੱਛੇ ਕਿ ਕੋਈ ਕੰਜਰ ਗਲਾਸ ਵਿਚ ਪਾਣੀ ਦੇਵੇ ਤਾਂ ਹੀ ਉਹ ਪੀਵੇ ਪਰ ਔਖਾ ਜਿਹਾ ਝਾਕਣ ਤੋਂ ਬਿਨਾਂ ਉਹ ਕੁਝ ਨਾ ਬੋਲ ਸਕਿਆ ਤੇ ਚੁੱਪ-ਚਾਪ ਬੋਤਲ ਰਸੋਈ ਦੀ ਸੈਲਫ ਤੇ ਰੱਖ ਕੇ ਮੁੜ ਲਾਬੀ ਵਿਚ ਆ ਬੈਠਿਆ।
“ਅੱਜ ਬਿਜਲੀ ਦਾ ਬਿੱਲ ਭਰਨ ਦੀ ਆਖਰੀ ਮਿਤੀ ਸੀ, ਪੈ ਗਿਆ ਨਾ ਜੁਰਮਾਨਾ, ਥੋਡੇ ਕਿੱਥੇ ਯਾਦ ਰਹਿੰਦਾ” ਸ਼੍ਰੀਮਤੀ ਜੀ ਦਾ ਭਾਸਣ ਉਹਦੇ ਕੰਨਾਂ ਵਿਚ ਸ਼ੀਸ਼ੇ ਵਾਂਗੂ ਉਤਰਿਆ।
ਮਾਤਾ ਜੀ ਵਾਲੇ ਕਮਰੇ ਦਾ ਦਰਵਾਜਾ ਸਾਹਮਣੇ ਬੰਦ ਪਿਆ ਸੀ। “ਚਾਹ ਪਿਓਗੇ ਤਾਂ ਬਣਾਵਾਂ” ਸ਼੍ਰੀਮਤੀ ਜੀ ਨੇ ਅੱਧਾ ਸਵਾਲ ਕੀਤਾ।“ਨਹੀਂ, ਮੈਂ ਕਚਹਿਰੀ ਤੋਂ ਹੁਣੇ ਪੀ ਕਿ ਆਇਆ,” ਨਰਿੰਦਰ ਨੇ ਬੁਝੇ ਮਨ ਨਾਲ ਕਿਹਾ। ਉਹਦਾ ਮਨ ਉਛਲ ਆਇਆ। ਸਾਹਮਣੇ ਕੰਧ ਤੇ ਲੱਗੀ ਮਾਂ ਦੀ ਤਸਵੀਰ ਉਹਨੂੰ ਲੱਗਿਆ ਉਸ ਵੱਲ ਹੀ ਦੇਖ ਰਹੀ ਹੋਵੇ।
ਉਸ ਦਿਨ ਵੀ ਕਚਹਿਰੀ ਤੇ ਜ਼ਮੀਨ ਦੀ ਤਰੀਕ ਭੁਗਤ ਕੇ ਹਲਕਾਨ ਹੋਇਆ ਨਰਿੰਦਰ ਜਦੋਂ ਇਸੇ ਤਰ੍ਹਾਂ ਲਾਬੀ ਵਿਚ ਆ ਕੇ ਬੈਠਿਆ ਸੀ ਤਾ ਮਾਂ ਖੂਡੀ ਲਈ ਗਲਾਸ ਤੇ ਬੋਤਲ ਲੈ ਕੇ ਆਈ। ਪਿਆਰ ਨਾਲ ਸਿਰ ਤੇ ਹੱਥ ਫੇਰਿਆ ਤੇ ਕਿਹਾ, “ਲੈ ਪੁੱਤ ਪਾਣੀ ਪੀ, ਥੱਕ ਗਿਆ ਹੋਵੇਗਾ।” ਫਿਰ ਕਿੰਨਾ ਚਿਰ ਉਹ ਮੁਕੱਦਮੇ ਦੀਆ ਗੱਲਾਂ ਕਰਦਾ ਆਪਣੇ ਮਨ ਦਾ ਭਾਰ ਲਾਹੁੰਦਾ ਰਿਹਾ ਤੇ ਅੰਤ ਵਿਚ ਮਾਂ ਨੇ ਕਿਹਾ, “ਕੋਈ ਨਹੀਂ ਪੁੱਤ ਜੇ ਕਰਮਾਂ ਵਿਚ ਹੋਈ ਤਾਂ ਜ਼ਮੀਨ ਮਿਲ ਜਾਊ। ਬਾਹਲਾ ਫਿਕਰ ਨਹੀਂ ਕਰੀਦਾ, ਜ਼ਮੀਨਾਂ ਬੰਦੇ ਨਾਲ ਨੇ, ਬੰਦੇ ਜ਼ਮੀਨਾਂ ਨਾਲ ਨਹੀਂ।”
ਉਸਨੂੰ ਯਾਦ ਆਇਆ ਜਦੋਂ ਉਹ ਕੋਠੀ ਪਾਉਣ ਲੱਗਿਆ ਸੀ ਤਾਂ ਉਸਦੀ ਅਧਿਆਪਕ ਪਤਨੀ ਤੋਂ ਉਸ ਨੇ ਕੋਠੀ ਦਾ ਨਕਸ਼ਾ ਤਿਆਰ ਕਰਵਾ ਕੇ ਮਾਂ ਨੂੰ ਦਿਖਾਇਆ। ਸਭ ਲਈ ਵੱਖਰੇ-ਵੱਖਰੇ ਕਮਰੇ, ਇਕ ਕਮਰਾ ਮਾਂ ਲਈ ਵੀ ਸੀ, ਪਿਛਲੇ ਪਾਸੇ।
“ਭਾਈ ਮੈ ਤਾਂ ਤੇਰੇ ਪਿਉ ਦੇ ਮਕਾਨ ਵਿਚ ਰਹੂੰ ਜਿਹੜਾ ਵਿਚਾਰਾ ਮਰਨ ਤੋਂ ਪਹਿਲਾ ਪਾ ਗਿਆ ਸੀ।” ਫਿਰ ਕੁਝ ਸਮੇਂ ਬਾਅਦ ਮਾਂ ਨੇ ਕਿਹਾ, “ਚੰਗਾ ਐ ਭਾਈ ਨਕਸ਼ਾ” ਤੇ ਫਿਰ ਉਹ ਚੁੱਪ ਕਰ ਗਈ।ਨਰਿੰਦਰ ਦੇ ਮਨ ਨੂੰ ਗੱਲ ਖਟਕ ਗਈ। ਉਸਨੇ ਇਕ ਦਿਨ ਇਕੱਲੀ ਬੈਠੀ ਮਾਂ ਨੂੰ ਪੁੱਛਿਆ, ਮਾਂ ਤੈਨੂੰ ਨਵੀਂ ਕੋਠੀ ਦੀ ਖੁਸ਼ੀ ਨਹੀਂ, ਤਾਂ ਉਹਦਾ ਜਵਾਬ ਸੀ, “ਪੁੱਤਾ ਨੂੰ ਵਧਦੇ ਦੇਖ ਕੇ ਕਿਹੜੀ ਮਾਂ ਖੁਸ਼ ਨਹੀਂ ਹੋਵੇਗੀ।” ਬਹੁਤਾ ਜੋਰ ਦੇਣ ਤੇ ਉਨ੍ਹਾਂ ਕਿਹਾ, “ਪੁੱਤ ਜੇ ਮੇਰੇ ਮਨ ਦੀ ਪੁੱਛਦਾ ਐ ਤਾਂ ਗਲੀ ਵਾਲਾ ਕਮਰਾ ਮੈਨੂੰ ਦੇ ਦਿਓ ਭਾਈ। ਜਿਹਦਾ ਇਕ ਬਾਰ ਬਾਹਰ ਖੁੱਲ੍ਹਦਾ ਹੋਵੇ।” ਨਰਿੰਦਰ ਨੇ ਕਿਹਾ, “ਉਹ ਕਿਉਂ ਮਾਂ?” ਤਾਂ ਮਾਂ ਨੇ ਮਨ ਦੀ ਗੰਢ ਖੋਲ੍ਹਦੇ ਹੋਏ ਕਿਹਾ, “ਭਾਈ ਤੁਸੀਂ ਤਾਂ ਬਣਗੇ ਸ਼ਹਿਰੀ, ਪਰ ਆਪਣੇ ਸਾਰੇ ਸਾਕ-ਸਕੀਰੀਆਂ ਵਾਲੇ ਪਿੰਡਾਂ ਵਾਲੇ ਨੇ। ਕੋਈ ਮੇਰੇ ਕੋਲ ਆਊ ਕੋਈ ਜਾਊ। ਥੋਡਾ ਪੜ੍ਹਿਆ-ਲਿਖਿਆ ਦਾ ਪਤਾ ਨਹੀਂ ਕਦੋਂ ਨੱਕ-ਬੁੱਲ੍ਹ ਕੱਢਣ ਲੱਗ ਪਓ।” ਨਰਿੰਦਰ ਇਹ ਸੁਣ ਕੇ ਹੱਸ ਪਿਆ ਤੇ ਫਿਰ ਕੋਠੀ ਬਣਾਉਂਦੇ ਸਮੇਂ ਉਨ੍ਹਾਂ ਨੇ ਮਾਤਾ ਦੀ ਇੱਛਾ ਪੂਰੀ ਕੀਤੀ। ਭਾਵੇਂ ਆਰਕੀਟੈਕਟ ਤੇ ਸ਼੍ਰੀਮਤੀ ਜੀ ਬਹੁਤੇ ਇਸਦੇ ਹੱਕ ਵਿਚ ਨਹੀਂ ਸਨ।
ਜਦੋਂ ਨਰਿੰਦਰ ਡਿਊਟੀ ਤੋਂ ਮੁੜਦਾ ਤਾਂ ਦੇਖਦਾ ਮਾਤਾ ਵਾਲੇ ਕਮਰੇ ਵਿਚ ਰੌਣਕਾਂ ਲੱਗੀਆਂ ਹੁੰਦੀਆ। ਗਲੀ ਗੁਆਂਢ ਦੀਆਂ ਚਾਚੀਆਂ-ਤਾਈਆਂ ਮਾਤਾ ਕੋਲ ਦੁੱਖ-ਸੁੱਖ ਫਰੌਲਦੀਆਂ। ਬਹੁਆਂ ਤੇ ਕੁੜੀਆਂ ਆਪਣਾ ਦੁੱਖ-ਸੁੱਖ ਕਰਦੀਆਂ। ਕੰਮ ਵਾਲੀ ਇੰਦੂ ਮਾਂ ਜੀ, ਮਾਂ ਜੀ ਕਰਦੀ ਮਾਂ ਦੀਆਂ ਲੱਤਾਂ ਘੁੱਟ ਰਹੀ ਹੁੰਦੀ। ਘਰ ਦਾ ਕਾਮਾ ਮੋਹਨ ਆਪਣੀ ਕਬੀਲਦਾਰੀ ਦੀਆਂ ਗੁੰਝਲਾਂ ਸੁਲਝਾਉਣ ਵਿਚ ਮਾਂ ਦੀ ਮੱਦਦ ਲੈ ਰਿਹਾ ਹੁੰਦਾ।ਗੁੱਡੀ ਤੇ ਮਨੀ ਆਪਣੀ ਮਾਂ ਤੋਂ ਪੂੰਝਾਂ ਛੁਡਾ ਕੇ ਦਾਦੀ ਨਾਲ ਲਾਡ ਲਡਾਉਂਦੇ। ਬਾਕੀ ਸਾਰੀ ਕੋਠੀ ਦੇ ਕਮਰਿਆਂ ਦੇ ਦਰਵਾਜੇ ਘੱਟ ਹੀ ਖੁੱਲ੍ਹਦੇ। ਗਰਮੀ ਵਿਚ ਏ.ਸੀ. ਤੇ ਸਰਦੀ ਵਿਚ ਹੀਟਰ ਕਾਰਨ ਬਾਕੀ ਕੋਠੀ ਇਉਂ ਲੱਗਦੀ ਜਿਵੇਂ ਸੁੰਨੀ ਹੋਵੇ। ਕਦੇ ਦੂਰੋਂ ਨੇੜਿਓਂ ਕੋਈ ਨਾ ਕੋਈ ਮਾਸੀ, ਭੂਆ, ਮਾਮੀ ਜਾਂ ਫੁੱਫੜ ਮਾਂ ਕੋਲ ਬੈਠਾ, ਗੱਲਾਂ ਮਾਰੀ ਜਾਂਦਾ ਦਿਸਦਾ। ਗੁੱਡੀ ਦੀ ਨਾਨੀ ਵੀ ਕਈ-ਕਈ ਦਿਨ ਰਹਿੰਦੀ ਤਾਂ ਦੋਵੇਂ ਮਾਈਆ ਆਪਣੇ ਗੁਰਮਤੇ ਮਾਰਦੀਆ ਰਹਿੰਦੀਆਂ। ਇੰਝ ਲੱਗਦਾ ਸੀ ਜਿਵੇਂ ਮਾਂ ਦਾ ਕਮਰਾ ਕੋਠੀ ਦਾ ਦਿਲ ਹੋਵੇ ਜਿਸ ਦਾ ਕੰਮ ਸਦਾ ਧੜਕਦੇ ਰਹਿਣਾ ਹੋਵੇ।
ਨਰਿੰਦਰ ਦੇ ਚੇਤੇ ਵਿਚ ਆਇਆ ਕਿ ਆਂਢ-ਗੁਆਂਢ ਵਿਆਹ ਹੁੰਦਾ ਤਾਂ ਮੈਂ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਜਾਂਦੀ ਤੇ ਗੜਕਦੀ ਆਵਾਜ਼ ਵਿਚ ਕਹਿੰਦੀ, “ਭਾਈ ਨਰਿੰਦਰ ਪੰਜ ਸੌ ਰੁਪਏ ਤੇ ਸੂਟ ਕੁੜੀ ਨੂੰ ਦਿਉ ਪੁੰਨ ਹੁੰਦਾ। ਸ਼੍ਰੀਮਤੀ ਜੀ ਨੂੰ ਵੀ ਉਨ੍ਹਾਂ ਨੇ ਆਪਣੇ ਹਿਸਾਬ ਨਾਲ ਢਾਲ ਲਿਆ ਸੀ। ਭੈਣ ਆਉਂਦੀ ਤਾਂ ਮਾਂ ਤੋਂ ਚਾਅ ਨਾ ਚੁੱਕਿਆ ਜਾਂਦਾ। ਕਿਧਰੇ ਬਿਸਕੁਟ ਬਣਦੇ ਕਿਧਰੇ ਖੋਆ ਨਿਕਲਦਾ। ਦੋਹਤੇ-ਦੋਹਤੀਆਂ ਲਈ ਨਿੱਕ ਸੁੱਕ ਲਿਆ ਕੇ ਮਾਂ ਉਨ੍ਹਾਂ ਨੂੰ ਪੂਰਾ ਮਾਣ ਕਰਦੀ। ਫਿਰ ਸਰੀਕਾਂ ਨਾਲ ਜਦੋਂ ਜ਼ਮੀਨ ਦਾ ਝਗੜਾ ਚੱਲਿਆ ਤਾਂ ਮਾਂ ਨੇ ਕਿਹਾ, “ਪੁੱਤ ਹਥਿਆਰ ਕੋਲ ਰੱਖਿਆ ਕਰ ਨਾਲ ਦਾ ਬੰਦਾ ਤਾਂ ਭੀੜ ਪਈ ਤੋਂ ਭੱਜ ਜਾਊ ਪਰ ਏਹਨੇ ਤਾਂ ਤੇਰਾ ਸਾਥ ਦੇਣਾ।”
ਫਿਰ ਇਕ ਦਿਨ ਮਾਂ ਹੱਥੋਂ ਰੇਤ ਦੇ ਕਿਣਕਿਆਂ ਵਾਂਗ ਕਿਰ ਗਈ।ਐਤਵਾਰ ਦਾ ਦਿਨ ਸੀ, ਨਰਿੰਦਰ ਰੋਟੀ ਖਾਣ ਬੈਠਾ ਤਾਂ ਮਾਂ ਸਲਾਦ ਕੱਟ ਕੇ ਲੈ ਆਈ ਅਤੇ ਕਹਿੰਦੀ “ਪੁੱਤ ਸਲਾਦ ਤੂੰ ਲੈ ਕੇ ਹੀ ਨਹੀਂ ਆਇਆ।ਆਹ ਲੈ ।” ਰੋਟੀ ਖਾ ਕੇ ਨਰਿੰਦਰ ਜਦੋਂ ਕਮਰੇ ਵਿਚੋਂ ਬਾਹਰ ਆਇਆ ਤਾਂ ਸਾਹਮਣੇ ਕਮਰੇ ਵਿਚ ਬੈਠੀ ਮਾਂ ਤੇ ਨਿਗਾਹ ਪਈ। ਮਾਂ ਨੇ ਇਸਾਰੇ ਨਾਲ ਕੋਲ ਬੁਲਾ ਕੇ ਕਿਹਾ, “ਪੁੱਤ ਸਾਹ ਨਹੀਂ ਆਉਂਦਾ।” ਮਾਂ ਨੂੰ ਫਟਾਫਟ ਕਾਰ ਵਿਚ ਪਾ ਕੇ ਜਦੋਂ ਉਹ ਹਸਪਤਾਲ ਪੁੱਜਿਆ ਤਾਂ ਮਾਂ ਦਿਲ ਦੇ ਦੌਰੇ ਕਾਰਨ ਦੂਸਰੀ ਦੁਨੀਆ ਵਿਚ ਜਾ ਚੁੱਕੀ ਸੀ। ਹੁਣ ਮਾਂ ਵਾਲੇ ਕਮਰੇ ਦੀ ਵਰਤੋਂ ਘੱਟ ਗਈ ਸੀ। ਦਰਵਾਜਾ ਕਦੇ ਕਦੇ ਖੁੱਲ੍ਹਦਾ।
ਉਹਨੇ ਸਿਰ ਚੁੱਕ ਕੇ ਦੇਖਿਆ ਤਾਂ ਸ਼੍ਰੀਮਤੀ ਕੋਲ ਆ ਬੈਠੀ ਸੀ। ਉਹ ਆਪਣੀ ਚੁੰਨੀ ਤੇ ਗੋਟਾ ਲਾਉਣ ਵਿਚ ਮਗਨ ਹੋਈ ਪਈ ਸੀ। ਉਸਨੇ ਮਨ ਤੇ ਕਾਬੂ ਪਾਕੇ ਪੁੱਛਿਆ, “ਭੂਆ ਜੀ ਕਿੰਨਾ ਚਿਰ ਹੋ ਗਿਆ ਆਏ ਨਹੀਂ, ਮਾਸੀ ਤੇ ਭੈਣ ਜੀ ਵੀ ਨਹੀਂ ਆਏ।” ਸ਼੍ਰੀਮਤੀ ਜੀ ਨੇ ਬੇਧਿਆਨੀ ਨਾਲ ਜਵਾਬ ਦਿੱਤਾ, “ਪਤਾ ਨਹੀਂ, ਕਿਉਂ ਨਹੀਂ ਆਏ।” ਨਰਿੰਦਰ ਨੇ ਫਿਰ ਕਿਹਾ, “ਇਉਂ ਲੱਗਦਾ ਜਿਵੇਂ ਸਾਰੇ ਘਰ ਦਾ ਰਾਹ ਹੀ ਭੁੱਲ ਗਏ ਹੋਣ।” ਸ਼੍ਰੀਮਤੀ ਜੀ ਨੇ ਚੌਕ ਦੇ ਸਿਰ ਉਪਰ ਚੁੱਕਦੇ ਹੋਏ ਤਲਖੀ ਕਿਹਾ, “ਹਾਏ-ਹਾਏ ਤੁਹਾਡੀ ਤਬੀਅਤ ਠੀਕ ਹੈ, ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪਏ। ਭਲਾ ਅੱਜਕਲ ਕਿਹਦੇ ਕੋਲ ਟਾਈਮ ਹੈ ਇਉਂ ਆਉਣ ਜਾਣ ਦਾ।” ਨਰਿੰਦਰ ਦੀਆਂ ਨਜ਼ਰਾਂ ਮਾਂ ਦੇ ਕਮਰੇ ਦੇ ਬੰਦ ਦਰਵਾਜੇ ਵਲ ਆਪਣੇ ਆਪ ਉੱਠ ਗਈਆਂ ਤੇ ਉਸ ਨੂੰ ਲੱਗਿਆ ਕਿੰਨੇ ਰਿਸ਼ਤੇ ਅਤੇ ਸੰਬੰਧ ਇਸ ਬੰਦ ਦਰਵਾਜੇ ਪਿੱਛੇ ਉਸ ਦੀ ਜਿੰਦਗੀ ਵਿਚੋਂ ਮਨਫੀ ਹੋ ਗਏ ਹਨ।
ਭੁਪਿੰਦਰ ਸਿੰਘ ਮਾਨ