ਕੱਲ੍ ਰਾਤ ਸੁਪਨੇ ਚ ਧਾਲਾ ਬਾਈ ਮਿਲਿਆ…
ਸੂਏ ਦੀ ਪਰਲੀ ਪਾੰਧੀ ਤੇ ਕਾਹਲੀ ਚ ਤੁਰਿਆ ਜਾੰਦਾ ਉੱਚਾ ਹੱਥ ਕਰਦਿਆੰ ਬੋਲਿਆ,”ਚੰਗਾ ਮੱਲਾ….ਚੱਲਿਆ ਮੈੰ ਹੁਣ…..ਰੱਬ ਰਾਖਾ,,
ਉ ਬਾਈ…. ਖੜਜੀੰ ,,ਜਾਈੰ ਨਾੰ ਹਾਲੇ .. ਆੰਉਨੈ ਮੈੰ ..ਪੁਲੀ ਉਤੋੰ ਦੀ ਹੋ ਕੇ….ਮੈੰ ਬਾਈ ਕੰਨੀ ਦੇਖਦਾ ਪੁਲੀ ਵੱਲ ਨੂੰ ਵਾਹੋਦਾਹੀ ਹੋ ਲਿਆ , ਪਰ ਮੇਰੇ ਦੇਖਦੇ ਦੇਖਦੇ ਬਾਈ ਪਾੰਧੀ ਦੇ ਨੀਵੇੰ ਪਾਸੇ ਖੜੀ੍ ਬੇਰੀ ਉਹਲੇ ਹੋ ਗਿਆ ਤੇ ਮੁੜਕੇ ਨੀ ਦਿਖਿਆ…
ਧਾਲਾ ਬਾਈ ਸਾਡੇ ਨਾਲ ਦੇ ਪਿੰਡ ਦਾ ਮਿਹਨਤ ਮਜ਼ਦੂਰੀ ਕਰਨ ਵਾਲਾ ਸਿੱਧਾ ਸਾਦਾ ਬੰਦਾ ਸੀ, ਦਿਹਾੜੀ ਤੇ ਕੰਮ ਕਰ ਰੁੱਖੀ ਮਿੱਸੀ ਛਕਦਿਆੰ ਸਦਾ ਰੱਬ ਦਾ ਸ਼ੁਕਰਗੁਜ਼ਾਰ ਰਹਿੰਦਾ
ਬਾਈ ਕੋਲ ਇੱਕ ਹੋਰ ਹੁੰਨਰ ਵੀ ਸੀ … ਬਾਈ ਟੋਕਰੇ ਟੋਕਰੀਆੰ ਬਣਾੰਉਣੇ ਜਾਣਦਾ ਸੀ
ਹਰੇਕ ਸਾਲ ਪੱਤਝੜ ਦੀ ਰੁੱਤ ਚ ਲੋਕ ਤੂਤ ਟਾਹਲੀਆੰ ਨਿੰਮਾੰ ਛਾੰਗਦੇ, ਤੂਤਾੰ ਦੀਆੰ ਲੰਬੀਆੰ ਛਿਟੀਆੰ ਟੋਕਰੇ ਬਣਾਉਣ ਦੇ ਕੰਮ ਆੰਉਦੀਆੰ ਤੇ ਿੲਹਨਾੰ ਦਿਨਾੰ ਚ ਬਾਈ ਦੇ ਰੁਝੇਵੇੰ ਵਧ ਜਾੰਦੇ ,ਅਸੀੰ ਵੀ ਚੜਦੇ੍ ਸਿਆਲ ਤੂਤ ਛਾੰਗਦੇ ਤੇ ਧਾਲੇ ਬਾਈ ਨੂੰ ਸੁਨੇਹਾ ਦੇ ਦਿੰਦੇ ਬਾਈ ਘਰ ਆਕੇ 2-3 ਦਿਨ ਲਾਕੇ ਵੱਡੇ ਛੋਟੇ ਟੋਕਰੇ ਟੋਕਰੀਆੰ ਬਣਾੰਉਦਾ ਅਖੀਰ ਚ ਰੋਟੀਆੰ ਵਾਲਾ ਛਾਬਾ ਵੀ ਬਣਾਅ ਦਿੰਦਾ ਇਹਨਾੰ 2-3 ਦਿਨਾੰ ਚ ਚਾਹ ਪੀਣ ਜਾੰ ਰੋਟੀ ਖਾਣ ਮਗਰੋੰ ਮੈੰ ਬਾਈ ਤੋੰ ਤਿੱਖੀ ਚੁੰਝ ਆਲਾ ਪਰਨਾ ਬੰਨਣਾ੍ ਸਿੱਖਦਾ … ਬਾਈ ਦਾ ਉਹਨਾੰ ਟੈਮਾੰ ਚ ਬੰਨਿਆੰ ਪਰਨਾੰ ਹੁਣ ਆਲੇ੍ ਐਮੀ ਵਿਰਕ ਦੇ ਅਰਦਾਸ ਫਿਲਮ ਚ ਬੰਨੇ੍ ਡੱਬੀਆੰ ਵਾਲੇ ਪਰਨੇ ਨੂੰ ਮਾਤ ਪਾੰਉਦਾ ਹੁੰਦਾ ਸੀ ….
ਬਾਈ ਨੇ ਜ਼ਿੰਦਗੀ ਚ ਕਦੇ ਕੋਈ ਗਿਲਾ ਸ਼ਿਕਵਾ ਨੀ ਸੀ ਕੀਤਾ…ਸਦਾ ਖੁਸ਼ ਰਹਿੰਦਾ ਨੇੜੇ ਤੇੜੇ ਦੇ ਸਾਰੇ ਮੇਲੇ ਦੇਖਦਾ, ਟੂਰਨਾਮੈੰਟਾੰ ਉੱਤੇ ਵੀ ਹਾਜ਼ਰੀ ਲੁਆੰਉਦਾ ..ਕਈ ਸਾਲਾੰ ਪਹਿਲਾੰ ਦੀ ਗੱਲ ਐ..ਛਪਾਰ ਦਾ ਮੇਲਾ ਆ ਗਿਆ ਸੀ ,10 ਵਾਲੀ ਬੱਸ ਜਗਰਾਵਾੰ ਤੋ ਆ ਕੇ ਮੰਡੀ ਅਹਿਮਦਗੜ੍ ਨੂੰ ਜਾੰਦੀ ਹੁੰਦੀ ਸੀ , ਮੇਲੇ ਵਾਲੇ ਇਹਨਾੰ 2-3 ਦਿਨਾੰ ਚ ਇਸ ਬੱਸ ਚੜਨ੍ ਵਾਲੀਆੰ ਸਵਾਰੀਆੰ ਚੋੰ ਬਹੁਤਿਆੰ ਦੇ ਪਾਏ ਨਵੇੰ ਲੀੜੇ ਤੇ ਚਿਹਰਿਆੰ ਤੇ ਝਲਕਦੇ ਚਾਅ ਤੋੰ ਆਪੇ ਪਤਾ ਲੱਗ ਜਾੰਦਾ ਸੀ ਕਿ ਮੇਲਾ ਦੇਖਣ ਜਾ ਰਹੇ ਨੇ .ਪੁੱਛਣ ਦੱਸਣ ਦੀ ਲੋੜ ਨੀ ਸੀ ਪੈੰਦੀ..
ਸਾਡੇ ਪਿੰਡ ਬੱਸ ਅੱਡੇ ਤੇ ਅਸੀੰ ਵੀ ਉਸ ਦਿਨ ਬੱਸ ਉਡੀਕ ਰਹੇ ਸੀ ਦੂਰੋੰ ਆਉਦੀ ਬੱਸ ਦੇਖਦੇ ਹੀ ਸਭਨਾ ਨੇ ਉੰਠ ਕੇ ਲੀੜੇ ਝਾੜਦਿਆੰ ਤਿਆਰੀ ਕਸ ਲਈ , ਧਾਲਾ ਬਾਈ ਆਪਣੇ ਪਿੰਡੋੰ ਚੜਕੇ ਬੱਸ ਦੀ ਖਿੜਕੀ ਵਾਲੇ ਪਾਸੇ ਬੈਠਾ ਬਾਹਰ ਨੂੰ ਦੇਖਦਾ ਆ ਰਿਹਾ ਸੀ ਸਾਡੇ ਕੰਨੀ ਦੇਖਕੇ ਖੁਸ਼ ਹੁੰਦਿਆੰ ਮੁਸਕੁਰਾਇਆ
ਬਿਸਕੁਟੀ ਕੁੜਤਾ , ਨੀਲੀ ਪੱਗ ਬੰਨੀ੍ ਜਾਨੀ ਬਣਿਆੰ ਬੈਠਾ ਸੀ ….ਸਭ ਸਵਾਰੀਆੰ ਚੜਨ੍ ਮਗਰੋੰ ਕਨੈਕਟਰ ਨੇ ਬੱਸ ਤੋਰਨ ਵਾਲੀ ਸੀਟੀ ਮਾਰੀ ਪਰ ਨਾਲ ਹੀ ਪਿੰਡ ਦੇ ਰਾਹ ਵੱਲ ਦੇਖਕੇ ਬੱਸ ਰੋਕਣ ਵਾਲੀ ਸੀਟੀ ਫੇਰ ਮਾਰ ਦਿੱਤੀ , ਰਾਹ ਵੱਲ ਦੇਖਿਆ , ਪਿੰਡ ਵੱਲੋੰ ਪੂਰਨ ਮਧਰਾ ਵਾਹੋ ਦਾਹ ਸੈਕਲ ਭਜਾਈ ਅੱਡੇ ਵੱਲ ਨੂੰ ਆ ਰਿਹਾ ਸੀ ,ਕੈਰੀਅਰ ਤੇ ਬੈਠੀ ਪੂਰਨ ਦੀ ਘਰ ਵਾਲੀ ਪਿਛਿਉੰ ਬਾਹਰ ਨੂੰ ਗਿੱਚੀ ਕੱਢਕੇ ਦੇਖਦੀ “ਖੜਜੋ ਭਾਈ” ਵਾਲਾ ਹੱਥ ਹਿਲਾਅ ਰਹੀ ਸੀ , ਦੇਖਦੇ ਦੇਖਦੇ ਸੈਕਲ ਦਾ ਬੰਬੂਕਾਟ ਬਣਾਈ ਆਉਦਾ ਪੂਰਨ ਅੱਡੇ ਤੇ ਪਹੁੰਚ ਗਿਆ ਇੱਕ ਤਾੰ ਪੂਰਨ ਦਾ ਮਧਰਾ ਕੱਦ, ਸੈਕਲ ਤੇ ਚੜੇ੍ ਹੋਏ ਤੋੰ ਹੇਠਾੰ ਪੈਰ ਨਾੰ ਲੱਗਣ, ਦੂਜਾ ਸੈਕਲ ਤੇਜ਼, ਤੇ ਘਰ ਵਾਲੀ ਨੂੰ ਮੇਲੇ ਜਾਣ ਦੀ ਕਾਹਲੀ, ਪੂਰਨ ਦੇ ਬਰੇਕਾੰ ਲਾਉਣ ਤੋੰ ਪਹਿਲਾੰ ਈ ਉਹ ਛਾਲ ਮਾਰਕੇ ਉੱਤਰੀ ਤੇ ਬੱਸ ਦੀ ਪਿਛਲੀ ਖਿੜਕੀ ਨੂੰ ਜਾ ਚਿੰਬੜੀ ….ਤੇ ਝਟਕੇ ਨਾਲ ਪੂਰਨ ਦੀ ਗੱਡੀ ਦਾ ਹੈੰਡਲ ਡੋਲ ਗਿਆ ਤੇ ਪੂਰਨ ਸਣੇ ਸੈਕਲ ਅੱਡੇ ਦੇ ਨੀੰਹ ਪੱਥਰ ਵਾਲੇ ਚਬੂਤਰੇ ਚ ਵੱਜ ਕੇ ਟੋਏ ਚ ਜਾ ਡਿੱਗਿਆ…ਬੱਸ ਚ ਬੈਠੇ ਕਈਆੰ ਦਾ ਤੇ ਬਾਹਰ ਖੜੇ ਦੋ ਕੁ ਜਣਿਆੰ ਦਾ ਧਿਆਨ ਉਧਰ ਹੋਇਆ….ਦੇਖੀੰ ਪੂਰਨਾੰ ਦੇਖੀੰ ..ਸੱਟ ਤਾੰ ਨੀ ਲੱਗੀ?? ਦੋ ਕੁ ਜਣੇ ਪੂਰਨ ਨੂੰ ਚੁੱਕਣ ਨੂੰ ਆਹੁਲੇ੍ ..ਪੂਰਨ ਦੀ ਘਰ ਵਾਲੀ ਉਦੋੰ ਨੂੰ ਬੱਸ ਚ ਚੜ੍ ਗਈ ਸੀ ,,ਤੇ ਪੂਰਨ ਕੰਨੀ ਦੇਖਦੀ ਮਾੜੀ ਮਾੜੀ ਹਸਦੀ ਬੋਲੀ…ਹੀ ਹੀ..ਹੀ ਹੀ ਦੇਖੀੰ ਸੱਟ ਤਾੰ ਨੀ ਲੱਗੀ….ਸੱਟ ਤਾੰ ਨੀ ਲੱਗੀ???
ਧਾਲਾ ਬਾਈ ਮੂਹਰਲੀ ਸੀਟ ਤੇ ਬੈਠਾ ਧੀਮੀ ਆਵਾਜ਼ ਚ ਬੋਲਿਆ…”ਸੱਟ ਦਾ ਕੀ ਐ…ਇਹ ਆਪੇ ਦੇ ਲੂ ਸੇਕ ਜਾ ਕੇ ਘਰ..ਤੂੰ ਮੇਲੇ ਜਾਹ….
ਮੈੰ ਬਾਈ ਨਾਲ ਜਾ ਕੇ ਬੈਠ ਗਿਆ ਸੀ ਮੇਰੇ ਵੱਲ ਦੇਖਦਾ ਤੇ ਮੁਸਕੁਰਾੰਉਦਾ ਹੌਲੀ ਫੇਰ ਬੋਲਿਆ,”ਆਪੇ ਹਟਜੂ ਸੱਟ ਉਹਦੀ..ਤੂੰ ਦੇਖ ਅਪਣਾ ਮੇਲਾ ਜਾਕੇ …
ਕੀ ਪਤਾ ਬਾਈ ਕਿਤੇ ਹੋਰ ਚੱਲੀ ਹੋਵੇ …ਮੈੰ ਕਿਹਾ!!!
ਲੈ..ਚੱਲੀ ਐ ਕਿਤੇ ਹੋਰ … ਸ਼ੈਕਲ ਤੋੰ ਛਾਲ ਤਾੰ ਦੇਖ ਕਿਮੇ ਮਾਰਕੇ ਆਈ ਐ !!ਮੇਲੇ ਜਾੰਣ ਦੇ ਚਾਅ ਚ…ਮਧਰਾ ਵਚਾਰਾ ਔਹ ਪਿਐ ਡਿਗਿਆ ਰੇਲ ਦੇ ਕੰਨ ਅੰਗੁੂੰ….
ਧਾਲਾ ਬਾਈ ਧੀਮਾ ਧੀਮਾ ਬੋਲਦਾ ਤਵਾ ਲਾ ਰਿਹਾ ਸੀ , ਮੇਰਾ ਹਾਸਾ ਨੀ ਸੀ ਰੁਕਦਾ ਤੇ ਨਾਲ ਹੈਰਾਨੀ ਵੀ ਹੋ ਰਹੀ ਸੀ … ਕਿ ਬਿਨਾ ਪੁੱਛੇ ਦੱਸੇ ਬਾਈ ਨੂੰ ਸਭ ਪਤਾ ਸੀ ਕਿ ਕੌਣ ਕਿੱਥੇ ਜਾ ਰਿਹੈ..
ਪਿਛਲੇ ਸਿਆਲ ਚ ਦੇਸੋੰ ਛੁੱਟੀਆੰ ਕੱਟਕੇ ਐਤਵਾਰ ਦੇ ਦਿਨ ਮੈੰ ਪਿੰਡੋੰ ਤੁਰਿਆ..
ਸੂਆ ਟੱਪਕੇ ਸੁਧਾਰ ਵਾਲੀ ਸੜਕ ਤੇ ਚੜਨੋ੍ੰ ਪਹਿਲਾੰ ਖੱਬੇ ਪਾਸੇ ਧਾਲਾ ਬਾਈ ਦਿਖਿਆ..ਜੱਗੇ ਨਾਲ ਉਹਨਾੰ ਦੇ ਕਣਕ ਵਾਲੇ ਖੇਤ ਚ ਵੱਟਾੰ ਪੁਆ ਰਿਹਾ ਸੀ.. ਮੈੰ ਬਾਈ ਨੂੰ ਦੇਖ ਕੇ ਰੁਕ ਗਿਆ ਤੇ ਮਿਲਣ ਲਈ ਗੱਡੀਉੰ ਉੱਤਰ ਖੇਤ ਨੂੰ ਜਾੰਦੀ ਡੰਡੀ ਤੁਰ ਪਿਆ। ਮੈਨੂੰ ਦੇਖ ਕੇ ਵੱਟਾੰ ਪਾਉੰਦਾ ਬਾਈ ਜਿੰਦਾ ਛੱਡਕੇ ਮੇਰੇ ਵੱਲ ਨੂੰ ਆੳੰਦਾ ਉੱਚੀ ਆਵਾਜ਼ ਚ ਬੋਲਿਆ,” ਛੁੱਟੀਆੰ ਮੁੱਕ ਵੀ ਗੀਆੰ ਮੱਲਾ… ਹਾਲੇ ਹੁਣ ਕੁ ਜੇ ਤਾੰ ਆਇਆ ਸੀ …ਮੁੜ ਚੱਲਿਆ ???
ਆਹੋ ਬਾਈ ਜਾਣਾ ਈ ਪੈਣੇ ਹੁਣ ਤਾੰ … ਮੈੰ ਬਾਈ ਦੇ ਪੈਰੀੰ ਹੱਥ ਲਾਉਣ ਨੂੰ ਆਹੁਲਿਆ …
ਜਿਉੰਦਾ ਰਹਿ, ਰੱਬ ਲੰਬੀਆੰ ਉਮਰਾੰ ਦੇਵੇ , ਰੰਗ ਭਾਗ ਲੱਗੇ ਰਹਿਣ…
ਬਾਈ ਨੇ ਹਰੇਕ ਵਾਰੀ ਦੀ ਤਰਾੰ ਅਸੀਸਾੰ ਦਾ ਮੀੰਹ ਵਰਾਹ ਦਿੱਤਾ ਸੀ… ਬਾਈ ਨੂੰ ਘੁੱਟਕੇ ਜੱਫੀ ਪਾਉੰਦਿਆੰ ਦੋਨਾੰ ਦੀਆੰ ਅੱਖਾੰ ਧੁੰਦਲੀਆੰ ਹੋ ਚੱਲੀਆੰ ਸੀ..
ਚੰਗਾ ਬਾਈ ਫੇਰ … ਤਕੜਾ ਰਹੀੰ …
ਬਾਈ ਨੇ ਗੀਝੇ ਚ ਹੱਥ ਪਾਇਆ ਦੋ ਤਿੰਨ ਕਾਗਜ਼ ਨਿਕਲੇ …ਦੂਜੇ ਗੀਝੇ ਚੋੰ ਹੱਥ ਬਾਹਰ ਕੱਢਿਆ ..ਬਾਈ ਦੀ ਮੁੱਠੀ ਲਾਲ ਪੀਲੇ ਪੱਕੇ ਬੇਰਾੰ ਨਾਲ ਭਰੀ ਹੋਈ ਸੀ..
ਮੈਨੂੰ ਪਤਾ ਸੀ ਕਿ ਬਾਈ ਮੈਨੂੰ ਜਾਣ ਲੱਗੇ ਨੂੰ 10-20 ਰੁ: ਪਿਆਰ ਵਜੋੰ ਦੇਣੇ ਲੋਚਦਾ ਸੀ ਪਰ ਬਾਈ ਦੀਆੰ ਤੰਗੀਆੰ ਤੁਰਸ਼ੀਆੰ ਵੀ ਮੈਨੂੰ ਭੁੱਲੀਆੰ ਨੀ ਸੀ ..
ਬੱਲੇ ਬਾਈ ਬੇਰ … ਆਹ ਸਾਰੇ ਈ ਦੇਦੇ ਹੁਣ ਬੱਸ ਜਾੰਣ ਲੱਗੇ ਨੂੰ , ਉੱਥੇ ਨੀ ਮਿਲਦੇ ਿੲਹ…
ਮੈੰ ਬਾਈ ਦਾ ਧਿਆੰਨ ਮੋੜਦਿਆੰ ਬੇਰ ਲੈ ਕੇ ਜੇਬ੍ ਚ ਪਾਉੰਦਿਆੰ ਫਤਿਹ ਬੁਲਾਈ ਤੇ ਗੱਡੀ ਤੁਰ ਪਈ …ਤੁਰੀ ਜਾੰਦੀ ਗੱਡੀ ਚੋੰ 2-3 ਵਾਰੀ ਪਿੱਛੇ ਮੁੜਕੇ ਦੇਖਿਆ , ਬਾਈ ਹਾਲੇ ਵੀ ਮੱਥੇ ਕੋਲ ਖੱਬੇ ਹੱਥ ਦਾ ਛੱਜਾ ਬਣਾਈ ਖੜਾ ਜਾੰਦੀ ਗੱਡੀ ਨੂੰ ਦੇਖੀ ਜਾ ਰਿਹਾ ਸੀ
ਕੱਲ ਸੁਪਨੇ ਚ ਬਾਈ ਨੂੰ ਮਿਲਕੇ ਸਵੇਰੇ ਪਿੰਡ ਫੋਨ ਕੀਤਾ , ਖਬਰ ਮਿਲੀ ..ਮਿਹਨਤ ਮਜ਼ਦੂਰੀ ਕਰਕੇ ਰੁੱਖੀ ਮਿੱਸੀ ਖਾਕੇ ਸਦਾ ਖੁਸ਼ ਰਹਿੰਦਾ ਬਾਈ ਜ਼ਿੰਦਗੀ ਦਾ ਪੰਧ ਪੂਰਾ ਕਰ ਗਿਆ ਸੀ , ਤੇ ਪਿੱਛੇ ਕਿੰਨੀਆੰ ਈ ਰੰਗਦਾਰ ਯਾਦਾੰ ਛੱਡ ਗਿਆ ਸੀ …ਬਾਈ ਦੇ ਆਖਰੀ ਵਾਰੀ ਦਿੱਤੇ ਬੇਰਾੰ ਚੋੰ 5-7 ਬੇਰ ਬਚਾਅ ਕੇ ਮੈੰ ਇਧਰ ਲਿਆ ਕੇ ਇੱਕ ਕੱਚ ਦੀ ਸ਼ੀਸ਼ੀ ਚ ਪਾ ਕੇ ਰੱਖੇ ਹੋਏ ਸੀ , ਅੱਜ ਅਲਮਾਰੀ ਚੋੰ ਸ਼ੀਸ਼ੀ ਕੱਢ ਕੇ ਦੇਖੀ ਸੁੱਕ ਕੇ ਗਿਟਕਾੰ ਬਣ ਗਏ ਨੇ ਪਰ ਲਾਲ ਸੁਨਿਹਰੀ ਭਾਅ ਮਾਰਦੇ ਮੇਰੇ ਵਾਸਤੇ ਮੋਤੀਆੰ ਦਾ ਖਜ਼ਾਨੇ ਤੋੰ ਵੀ ਵੱਧ ਨੇ
ਤੇ ਦੂਰ ਬੇਰੀ ਕੋਲ ਖੜਾ੍ ਬਾਈ ਹਸਦਿਆੰ ਉੱਚੀ ਬੋਲ ਮਾਰਦੈ….
“”ਇਹ ਦੁਨੀਆੰ ਚਲੋ ਚਲੀ ਦਾ ਮੇਲਾ ..ਮੱਲਾ***