ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਲਾਣਾ।
ਲਾਟ ਵਾਂਗ ਤੂੰ ਭਖ ਭਖ ਉੱਠਦੀ,
ਗੱਭਰੂ ਮੰਨਗੇ ਭਾਣਾ।
ਝੁੱਕ ਝੁੱਕ ਦੇਖਣ ਗੱਭਰੂ ਸਾਰੇ,
ਕੀ ਰੰਕ ਕੀ ਰਾਣਾ।
ਸੋਭਾ ਆਪਣੀ ਐ..
ਆਪਣਾ ਕੀਤਾ ਪਾਣਾ।
Pindan vicho Pind
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਬੋਝਲਾ।
ਮੀਆਂ ਦਾ ਹੈ, ਮਲੇਰ ਕੋਟਲਾ,
ਸਿੰਘਾ ਦਾ ਬੁੱਝਲਾ ਕੋਟਲਾ।
ਸਬਰ ਸਦਾ ਰੱਖੇ ਪੋਟਲੀ,
ਭੁੱਖੜ ਰੱਖਦੇ ਪੋਟਲਾ।
ਖਾਂਦੇ ਪੰਗਤ ਦਾ…….,
ਕੀ ਹੋਟਲਾ ਕੀ ਮੋਟਲਾ ?
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਛੰਨਾ।
ਗਲ੍ਹ ਵਿੱਚ, ਹਾਰ ਹਮੇਲਾਂ ਸੋਹਣ,
ਮੋਢੇ ਸੋਹਣ ਗੰਨਾਂ।
ਨ੍ਹੇਰੀ ਆਉਂਦੀ, ਬਾਂਸ ਝੁਕੇਂਦੇ,
ਪਿੱਪਲ-ਬੋਹੜ ਭੰਨਾਂ।
ਭਗਤੀ ਜੱਗ ਕਰਦਾ…..,
ਰੱਬ ਪਾ ਗਿਆ ਧੰਨਾਂ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੀਮਾ।
ਕਣਕ ਮੰਨਦੀ ਵੱਧ ਸੁਹਾਗਾ,
ਚਣੇ ਭਾਲਦੇ ਢੀਮਾ।
ਬੋਤਾ ਮੰਗਦਾ ਪੱਤ ਫਲੀ ਦਾ,
ਬੱਕਰੀ ਭਾਲੇ ਰੀਣਾ।
ਲੱਕੀ ਕਬੂਤਰੀਏ………….,
ਪੱਟ-‘ਤਾ ਕਬੂਤਰ ਚੀਨਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਕਿਵਾਣਾ।
ਸਾਹਨੇ ਕੋਲ, ਸਾਹਨੀ ਸੁਣੀਂਦੀ,
ਕਟਾਣੀ ਕੋਲ, ਕਟਾਣਾ।
ਜਰਗ ਕੋਲ, ਜਰਗੜੀ ਵਸਦੀ,
ਮੱਲੀ ਪੁਰ-ਜਟਾਣਾ।
ਰਹਿਣਾ, ਚੁੱਪ ਕਰ-ਕੇ…..,
ਏਦੂੰ ਕੌਣ ਸਿਆਣਾ।
ਛੋਲੇ! ਛੋਲੇ! ਛੋਲੇ!
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਓਹਲੇ।
ਦਿਲ ਦਾ ਮਹਿਰਮ ਉਹ,
ਜੋ ਭੇਦ ਨਾ ਕਿਸੇ ਕੋਲ ਖੋਲ੍ਹੇ।
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ।
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜਰਾਂ ਦੇ ਫੋਲੇ।
ਨਣਦ ਕੁਆਰੀ ਦਾ
ਦਿਲ ਖਾਵੇ ਹਿਚਕੋਲੇ।
ਧਾਈਆਂ! ਧਾਈਆਂ! ਧਾਈਆਂ!
ਸੰਗਦੀ ਸੰਗਾਉਂਦੇ ਨੇ,
ਅੱਖਾਂ ਹਾਣ ਦੇ ਮੁੰਡੇ ਨਾਲ ਲਾਈਆਂ।
ਕੋਲ ਹਵੇਲੀ ਦੇ,
ਦੋ ਜੱਟ ਨੇ ਬੈਠਕਾਂ ਪਾਈਆਂ।
ਕੱਲ੍ਹ ਮੇਰੇ ਭਾਈਆਂ ਨੇ,
ਪੰਜ ਰਫ਼ਲਾਂ ਲਸੰਸ ਕਰਾਈਆਂ।
ਡਾਂਗਾਂ ਖੜਕਦੀਆਂ
ਸੱਥ ਵਿਚ ਹੋਣ ਲੜਾਈਆਂ।
ਝਾਵਾਂ! ਝਾਵਾਂ! ਝਾਵਾਂ!
ਮਿੱਤਰਾ ਹਾਣਦਿਆਂ,
ਤੈਨੂੰ ਦੱਸ ਮੈਂ ਕਿਵੇਂ ਬੁਲਾਵਾਂ।
ਵੇ ਦਿਲ ਮੇਰਾ ਵੇਖ ਫੋਲ ਕੇ,
ਕਿਵੇਂ ਲੱਗੀਆਂ ਦੇ ਦਰਦ ਸੁਣਾਵਾਂ।
ਮੁੰਡਿਆਂ ਬੇ ਦਰਦਾ,
ਮੈਂ ਬਣਜਾਂ ਤੇਰਾ ਪਰਛਾਵਾਂ।
ਪੱਲੇ ਪਾ ਕੇ ਹੌਕਿਆਂ ਨੂੰ,
ਅੱਥਰੂ ਹਾਸਿਆਂ ਦੇ ਹੇਠ ਲੁਕਾਵਾਂ।
ਵੇ ਖਤ ਇਕ ਵਾਰੀ ਲਿਖ ਦੇ
ਆਹ ਫੜ ਲੈ ਸਰਨਾਵਾਂ।
“ਮਹਾਰਾਜਾ ਰਣਜੀਤ ਸਿੰਘ ਜੀ
ਹੈਣ ਇਕ ਅੱਖ ਤੋਂ ਕਾਣੇ
ਝੁਕ ਝੁਕ ਕਰਨ ਸਲਾਮਾਂ ਉਹਨਾਂ ਨੂੰ
ਦੋ ਦੋ ਅੱਖਾਂ ਵਾਲੇ”
ਗਿੱਧਾ ਪਾਇਆ, ਮੇਲ ਸਦਾਇਆ,
ਹੋਗੀ ਜਾਣ ਦੀ ਤਿਆਰੀ,
ਹਾਕਾਂ ਘਰ ਵੱਜੀਆ,
ਛੱਡ ਮੁੰਡਿਆਂ ਫੁਲਕਾਰੀ,
ਜਕਾਂ ਘਰ ……..,
ਚਾਂਦੀ-ਚਾਂਦੀ-ਚਾਂਦੀ
ਅੱਖ ਪੁੱਟ ਕੇ ਝਾਕ ਮੁੰਡਿਆ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਜਾਂਦੀ ਜਾਣ ਦੇ ਬੀਬੀ
ਆਪਦੀ ਮੜਕ ਵਿੱਚ ਜਾਂਦੀ
ਆਉਂਦੀ ਨੂੰ ਪੁੱਛ ਲਊਂਗਾ
ਖੰਡ ਦੇ ਖੇਡਣੇ ਖਾਂਦੀ
ਵਿਆਹ ਕਰਵਾ ਕੁੜੀਏ
ਸਾਥੋਂ ਜਰੀ ਨਾ ਜਾਂਦੀ।
ਗਿੱਧਾ ਗਿੱਧਾ ਕਰਦੀ ਮੇਲਣੇ,
ਗਿੱਧਾ ਪਉ ਵਥੇਰਾ,
ਨੀ ਅੱਖ ਚੁੱਕ ਕੇ ਝਾਕ ਸਾਹਮਣੇ,
ਭਰਿਆ ਪਿਆ ਬਨੇਰਾ,
ਨੀ ਜੇ ਤੈਨੂੰ ਧੁੱਪ ਲੱਗਦੀ,
ਤਾਂਣ ਚਾਦਰਾ ਮੇਰਾ,
ਨੀ ਜੇ ……,