ਪਹਿਲੀ ਵਾਰ ਤੂੰ ਆਈ ਮੁਕਲਾਵੇ,
ਪਾ ਕੇ ਸੂਹਾ ਬਾਣਾ।
ਲਾਟ ਵਾਂਗ ਤੂੰ ਭਖ ਭਖ ਉਠਦੀ,
ਗੱਭਰੂ ਮੰਨ ਗਏ ਭਾਣਾ।
ਮਾਲਕ ਤੇਰਾ ਕਾਲ ਕਲੋਟਾ,
ਨਾਲੇ ਅੱਖੋਂ ਕਾਣਾ।
ਸਹੁਰੀਂ ਨਹੀਂ ਵਸਣਾ,
ਤੂੰ ਪੇਕੀਂ ਉਠ ਜਾਣਾ।
Pindan vicho Pind
ਛਮ ਛਮ ਛਮ ਛਮ ਪੈਣ ਫੁਹਾਰਾਂ,
ਮੌਸਮੀ ਰੰਗ ਨਿਆਰੇ।
ਆਉ ਕੁੜੀਉ ਗਿੱਧਾ ਪਾਈਏ,
ਸੌਣ ਸੈਨਤਾਂ ਮਾਰੇ।
ਫੇਰ ਕਦ ਨੱਚਣਾ ਨੀ…..
ਹੁਣ ਨੱਚਦੇ ਨੇ ਸਾਰੇ।
ਸੌਣ ਮਹੀਨਾ ਘਾਹ ਹੋ ਗਿਆ,
ਰਜੀਆਂ ਮੱਝਾਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ
ਆ ਵੇ ਨਾਜਰਾ,ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਖਾਲੀ ਮੁੜ ਜਾ ਵੇ, ਸਾਡੇ ਨਹੀਂ ਇਰਾਦੇ,
ਖਾਲੀ ਮੁੜ ਜਾ ਵੇ
ਗਿੱਧਾ ਗਿੱਧਾ ਕਰੇਂ ਮੁਟਿਆਰੇ
ਗਿੱਧਾ ਪਊ ਬਥੇਰਾ
ਘੁੰਡ ਚੱਕ ਕੇ ਤੂੰ ਵੇਖ ਰਕਾਨੇ
ਭਰਿਆ ਪਿਆ ਬਨੇਰਾ
ਜੇ ਤੈਨੂੰ ਧੁੱਪ ਲੱਗਦੀ
ਲੈ ਲੈ ਚਾਦਰਾ ਮੇਰਾ
ਜਾਂ
ਆ ਜਾ ਵੇ ਮਿੱਤਰਾ
ਲਾ ਲੈ ਦਿਲ ਵਿੱਚ ਡੇਰਾ।
ਛੜੇ ਮੁੰਡਿਆਂ ਦਾ ਨਹੀਂ ਭਰਵਾਸਾ,
ਮੈਂ ਏਸੇ ਮਾਰੇ ਘੁੰਡ ਕੱਢਦੀ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਪੁਲ।
ਭੈਣ ਮੇਰੀ ਕਲੀ ਚੰਬੇ ਦੀ,
ਜੀਜਾ ਗੁਲਾਬ ਦਾ ਫੁੱਲ।
ਭਾਬੀ, ਭਾਬੀ, ਕਰਦਾ ਭਾਬੀਏ,
ਪਦਾਂ ਤੇਰੀ ਬਾਣੀ।
ਨਿੱਕੀ ਜਹੀ ਗੱਲ ਬਣਾ ਲਈ ਵੱਡੀ,
ਤੰਦ ਦੀ ਬਣ ਗੀਤਾਣੀ।
ਆ ਭਾਬੀ ਘਰ ਬਾਰ ਸਾਂਭ ਲੈ,
ਰੱਖੂ ਬਣਾ ਕੇ ਰਾਣੀ।
ਮਰਦੇ ਦੇਵਰ ਦੇਪਾ ਦੇ
ਮੁੰਹ ਵਿੱਚ ਪਾਣੀ।
ਸੌਣ ਮਹੀਨੇ ਪਿੱਪਲੀਂ ਪੀਂਘਾਂ,
ਸਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ
ਚੜ੍ਹ ਘਟਾ ਜਦ ਆਈਆਂ।
ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ,
ਨੀ ਰੰਗ ਦੇ
ਸਾਉਣ ਮਹੀਨਾ ਦਿਨ ਗਿੱਧੇ ਦੇ
ਸਈਆਂ ਝੂਟਣ ਆਈਆਂ
ਸੰਤੋ ਬੰਤੋ ਦੋ ਮੁਟਿਆਰਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਲੰਬੜਦਾਰਾਂ ਦੀ ਬਚਨੀ ਦਾ ਤਾਂ
ਚਾਅ ਚੱਕਿਆ ਨਾ ਜਾਵੇ ।
ਝੂਟਾ ਦੇ ਦਿਓ ਨੀ
ਮੇਰਾ ਲੱਕ ਹੁਲਾਰੇ ਖਾਵੇ।
ਤੇਰੇ ਨਾਮ ਦੀ ਫੇਰਦੀ ਮਾਲਾ,
ਮਿਲ ਜਾ ਰੱਬ ਬਣ ਕੇ।
ਬਾਬਲ ਮੇਰੇ ਬਾਗ ਲਵਾਇਆ,
ਵਿਚ ਬਹਾਇਆ ਮਾਲੀ।
ਬੂਟੇ ਬੂਟੇ ਪਾਣੀ ਦਿੰਦਾ
ਚਮਕੇ ਡਾਲੀ ਡਾਲੀ।
ਕਿਸ਼ਨੋ ਆਈ ਬਲਾਕਾਂ ਵਾਲੀ,
ਬਿਸ਼ਨੋ ਝਾਂਜਰਾਂ ਵਾਲੀ
ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ।