ਸੱਸ ਮੇਰੀ ਦੇ ਕਾਕਾ ਹੋਇਆ
ਨਾਂ ਧਰਿਆ ਗੁਰਦਿੱਤਾ
ਪੰਜੀਰੀ ਖਾਵਾਂਗੇ
ਵਹਿਗੁਰੂ ਨੇ ਦਿੱਤਾ।
Nooh sass
ਧਾਵੇ! ਧਾਵੇ! ਧਾਵੇ!
ਅਸੀਂ ਗੱਡੀ ਉਹ ਚੜਨੀ,
ਜਿਹੜੀ ਬੀਕਾਨੇਰ ਨੂੰ ਜਾਵੇ।
ਉਥੇ ਕੀ ਵਿਕਦਾ ?
ਉਥੇ ਮੇਰੀ ਸੱਸ ਵਿਕਦੀ,
ਮੇਰੀ ਨਣਦ ਵਿਕਣ ਨਾ ਜਾਵੇ।
ਨਣਦ ਵਿਕ ਲੈਣ ਦੇ,
ਤੇਰੇ ਕੰਨਾਂ ਨੂੰ ਕਰਾਦੂ ਵਾਲੇ।
ਭਾਬੀ ਦੀ ਕੁੜਤੀ ਤੇ,
ਤੋਤਾ ਚਾਂਗਰਾਂ ਮਾਰੇ।
ਰਾਈ! ਰਾਈ! ਰਾਈ!
ਬੱਚੇ ਬੁੱਢੇ ਭੁੱਖੇ ਮਰ ਗੇ,
ਏਹ ਕਾਹਨੂੰ ਦੱਦ ਲਾਈ।
ਪੰਜ ਤੇਰੇ ਪੁੱਤ ਮਰ ਜਾਵਣ,
ਛੇਵਾਂ ਮਰੇ ਜਵਾਈ।
ਰਹਿੰਦਾ ਖੂੰਹਦਾ ਬੁੱਢੜਾ ਮਰ ਜੇ,
ਜੀਹਦੇ ਲੜ ਤੂੰ ਲਾਈ।
ਗਾਲ੍ਹ ਭਰਾਵਾਂ ਦੀ,
ਕੀਹਨੇ ਦੇਣ ਸਿਖਾਈ।
ਰਾਈ! ਰਾਈ! ਰਾਈ!
ਪਿੰਡ ਵਿੱਚ ਸਹੁਰਿਆਂ ਦੇ,
ਮੱਕੀ ਗੁੱਡਣ ਲਾਈ।
ਮੱਕੀ ਗੁੱਡਦੀ ਦੇ ਪੈਗੇ ਛਾਲੇ,
ਮੁੜ ਕੇ ਘਰ ਨੂੰ ਆਈ।
ਘਰ ਆਈ ਸੱਸ ਦੇਵੇ ਗਾਲਾਂ,
ਖਾਲੀ ਕਾਹਤੋਂ ਆਈ।
ਦਰ ਘਰ ਸੌਹਰਿਆਂ ਦੇ,
ਕੈਦ ਕੱਟਣ ਨੂੰ ਆਈ।
ਅੱਟੀਆਂ-ਅੱਟੀਆਂ-ਅੱਟੀਆਂ
ਤੇਰਾ ਮੇਰਾ ਇੱਕ ਮਨ ਸੀ
ਤੇਰੀ ਮਾਂ ਨੇ ਦਰਾਤਾਂ ਰੱਖੀਆਂ
ਤੈਨੂੰ ਦੇਵੇ ਦੁੱਧ ਲੱਸੀਆਂ
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ
ਤੇਰੇ ਵਿੱਚੋਂ ਮਾਰੇ ਵਾਸ਼ਨਾ
ਪੱਲੇ ਲੌਂਗ ਲੈਚੀਆਂ ਰੱਖੀਆਂ
ਤੇਰੇ ਫਿਕਰਾਂ `ਚ
ਰੋਜ਼ ਘਟਾਂ ਤਿੰਨ ਰੱਤੀਆਂ।
ਆ ਵੇ ਯਾਰਾ, ਬਹਿ ਵੇ ਯਾਰਾ,
ਦਿਲ ਦਾ ਹਾਲ ਸੁਣਾਵਾਂ।
ਸੱਸ ਕੁਪੱਤੀ ਮਾਰੇ ਮਿਹਣੇ,
ਵਿਹੁ ਖਾ ਕੇ ਮਰ ਜਾਵਾਂ।
ਕੰਤ ਮੇਰੇ ਨੇ, ਕਰਤੀ ਬਾਲਣ,
ਕੀਹਨੂੰ ਆਖ ਸੁਣਾਵਾਂ।
ਕੁੰਜੀਆਂ ਹਿਜਰ ਦੀਆਂ,
ਕਿਸ ਜਿੰਦਰੇ ਨੂੰ ਲਾਵਾਂ।
ਹੋਰ ਤੇ ਹੋਰ ਤੇ ਨੀ,
ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨੀ,
ਸੱਸ ਲੜਦੀ…….
ਸੱਸ ਮੇਰੀ ਨੇ ਜੌੜੇ ਜੰਮੇ,
ਇਕ ਅੰਨਾ ਇੱਕ ਕਾਣਾ,
ਨੀ ਕਹਿੰਦੇ ਕੌਡੀ ਖੇਡਣ ਜਾਣਾ,
ਨੀ ਕਹਿੰਦੇ …….,
ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਬਾਈ,
ਕਿਹੜਾ ਉਹਨਾਂ ਨੂੰ ਚੁੱਪ ਕਰਾਵੇ,
ਕਿਹੜਾ ਦੇਵੇ ਦਵਾਈ,
ਸੌਂ ਜੋ ਚੁੱਪ ਕਰ ਕੇ,
ਮਾਣੋ ਬਿੱਲੀ ਆਈ,
ਸੌ ਜੋ ….
ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾਂ,
ਸੱਸ ਨੂੰ ਦੇ ਤੀ ਘੜੀ,
ਵੇ ਮਾਂ ਤੇਰੀ ਟਾਇਮ ਦੇਖ ਕੇ ਲੜੀ,
ਵੇ ਮਾਂ …….
ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਉਏ ਨੂੰਹ ਸੱਸ ਦੀ ਲੜਾਈ ਪਾ ਜਾਣਗੇ,
ਉਏ ਨੂੰਹ ……..,
ਸੱਸ ਮੇਰੀ ਤੁਰਦੀ ਆ ਮੋਰਨੀ ਦੀ ਚਾਲ
ਗੋਰਾ ਗੋਰਾ ਰੰਗ ਫੜੇ ਹੱਥ ਚ ਰੁਮਾਲ
ਮੇਰੀ ਸੱਸ ਦੀਆਂ ਸਿਫ਼ਤਾਂ ਲੱਖਾਂ ਨੀ
ਮੈਂ ਕਿਹੜੀ ਕਿਹੜੀ ਦੱਸਾਂ ਨੀ
ਮੈਂਨੂੰ ਦੱਸਦੀ ਨੂੰ ਲੱਗਦੀ ਆ ਸੰਗ ਕੁੜੀਓ
ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਨੀਂ ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ