ਸੱਸੇ ਨੀ ਸਮਝਾ ਲੈ ਪੁੱਤ ਨੂੰ
ਘਰ ਨੀ ਬਿਗਾਨੇ ਜਾਵੇ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਵੇ
ਨਾਰ ਬਿਗਾਨੀ ਤੋਂ
ਨਿੱਤ ਨੀ ਖੌਸੜੇ ਖਾਵੇ
ਜਾਂ
ਨੀ ਸਮਝਾ ਸੱਸੀਏ
ਮੈਥੋਂ ਜਰਿਆ ਨਾ ਜਾਵੇ
Nooh sass
ਸੱਸੜੀਏ ਸਮਝਾ ਲੈ ਪੁੱਤ ਨੂੰ
ਨਾ ਰਾਤ ਨੂੰ ਆਵੇ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਵੇ
ਘਰ ਦੀ ਨਾਰ ਪਟੋਲੇ ਵਰਗੀ
ਨਿੱਤ ਝਿਊਰੀ ਦੇ ਜਾਵੇ
ਵਰਜ ਨਮੋਹੇ ਨੂੰ
ਸ਼ਰਮ ਰਤਾ ਨਾ ਆਵੇ।
ਆਲੇ-ਆਲੇ-ਆਲੇ
ਬੁੜ੍ਹੀ ਦੀ ਮੌਜ ਬੜੀ
ਸੁੱਥਣ ਭਾਲਦੀ ਨਾਲੇ
ਰੰਗ ਰਹਿੰਦਾ ਸਾੜ੍ਹੀ ਦਾ
ਰੋਜ਼ ਨਵਾਂ ਰੰਗ ਭਾਲੇ
ਰਕਾਬੀ ਨਾਲੋਂ ਜੁੱਤੀ ਚੰਗੀ ਐ
ਰਕਾਬੀ ਦੇ ਮੂਹਰੇ ਹਾਲੇ
ਪਾਲਸ਼ ਨਿੱਤ ਭਾਲਦੀ
ਪੌਂਚੇ ਕਰੇ ਤੰਬੀਆਂ ਦੇ ਕਾਲੇ
ਪਿੰਡ ਹੁਣ ਛੱਡ ਮੁੰਡਿਆ
ਤੂੰ ਘਰ ਪਾ ਲੈ ਬਰਨਾਲੇ
ਫਿਰ ਨੀ ਜਵਾਨੀ ਲੱਭਣੀ
ਬੁੜ੍ਹਿਆਂ ਨੂੰ ਦੇਸ਼ ਨਿਕਾਲੇ।
ਤੜਕੇ ਉੱਠ ਕੇ ਦੁੱਧ ਰਿੜਕਦੂੰ
ਨਵੀਂ ਬਣਾ ਮਧਾਣੀ
ਤੜਕੇ ਉੱਠ ਕੇ ਅੰਗਣ ਸੰਭਰਦੂੰ
ਤੂੰ ਕੀ ਕੰਮਾਂ ਤੋਂ ਲੈਣਾ
ਨੂੰਹੇਂ ਹੋ ਤਕੜੀ
ਮੰਨ ਬਾਬੇ ਦਾ ਕਹਿਣਾ
ਦਿਨ ਚੜ੍ਹੇ ਬੂੜਾ ਚੱਲਿਆ ਖੇਤ ਨੂੰ
ਖੇਤ ਨੱਕਾ ਕਰ ਆਵੇ ।
ਘਰੇ ਆ ਕੇ ਬੁੜ੍ਹਾ ਬੋਲ ਮਾਰਦਾ
ਨੂੰਹ ਤੋਂ ਕੁੰਡਾ ਖੁਲ੍ਹਾਵੇ
ਨੂੰਹ ਵਾਲੀ ਤਾਂ ਛੱਡ ਸਕੀਰੀ
ਬੁੱਢੜਾ ਆਖ ਸੁਣਾਵੇ
ਬੁੜ੍ਹੇ ਦਾ ਸਵਾਲ ਸੁਣਕੇ
ਨੂੰਹ ਨੂੰ ਪਸੀਨਾ ਆਵੇ
ਸਹੁਰਾ ਮੇਰਾ ਬੜਾ ਸ਼ੁਕੀਨੀ
ਸਾਗ ਸਰ੍ਹੋਂ ਦਾ ਲਿਆਵੇ
ਵੱਡੀ ਨੂੰ ਕਹਿੰਦਾ ਚੀਰੀਂ ਨੂੰਹੇ
ਛੋਟੀ ਤੋਂ ਹਲਦੀ ਪਵਾਵੇ
ਬੱਕਰੀ ਚੱਕ ਸੁੱਟੀ
ਨੂੰਹ ਦਾ ਮੰਜਾ ਨਾ ਥਿਆਵੇ।
ਨੀ ਦੋ ਕਿੱਕਰ ਦੇ ਡੰਡੇ
ਨੀ ਦੋ ਬੇਰੀ ਦੇ ਡੰਡੇ
ਕਿੱਧਰ ਗਏ ਨੀ ਸੱਸੇ
ਆਪਣੇ ਰੌਣਕੀ ਬੰਦੇ
ਨੌਕਰ ਉੱਠਗੇ ਨੀ ਨੂੰਹੇਂ
ਆਪਣੇ ਰੌਣਕੀ ਬੰਦੇ
ਜਾਂ
ਕਦੋਂ ਆਉਣਗੇ ਸੱਸੇ
ਆਪਣੇ ਰੌਣਕੀ ਬੰਦੇ
ਜਾਂ
ਛੁੱਟੀ ਆਉਣਗੇ ਨੂੰਹੇਂ
ਆਪਣੇ ਰੌਣਕੀ ਬੰਦੇ।
ਸੱਸੇ ਨੀ ਪਰਧਾਨੇ
ਬੁਰੜ-ਬੁੜ ਕੀ ਕਰਦੀ
ਦੰਦ ਉਖੜ ਗਏ, ਧੌਲੇ ਆ ਗਏ ਤੇਰੇ
ਬਦੀਆਂ ਤੋਂ ਨਾ ਡਰਦੀ
ਹੁਣ ਤੂੰ ਬੇਦਾਵੇ
ਮੈਂ ਮਾਲਕਣ ਘਰ ਦੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਸੱਸ ਮੇਰੀ ਗੁੱਤ ਪੱਟ ਗੀ,
ਸਾਰੇ ਪਿੰਡ ਨੇ ਲਾਹਣਤਾਂ ਪਾਈਆਂ।
ਚੋਵਾਂ ਨਾ ਦੁੱਧ ਰਿੜਕਾਂ,
ਭਾਵੇਂ ਖੁੱਲ੍ਹ ਜਾਣ ਮੱਝੀਆਂ ਗਾਈਆਂ।
ਮਹੀਨਾ ਲੰਘ ਗਿਆ ਵੇ……….,
ਜੋੜ ਮੰਜੀਆਂ ਨਾ ਡਾਹੀਆਂ।
ਆਰੇ! ਆਰੇ! ਆਰੇ!
ਸੱਸ ਮੇਰੀ ਬੜੀ ਔਤਰੀ,
ਨੀ ਉਹ ਧੁਖਦੀ ਤੇ ਫੂਕਾਂ ਮਾਰੇ।
ਮਾਹੀ ਕੋਲ ਲਾਵੇ ਲੂਤੀਆਂ,
ਚੜ੍ਹ ਕੇ ਨਿੱਤ ਚੁਬਾਰੇ।
ਕਹਿੰਦੀ ਇਹ ਨਾ ਘੁੰਡ ਕੱਢਦੀ,
ਇਹਨੂੰ ਗੱਭਰੂ ਕਰਨ ਇਸ਼ਾਰੇ।
ਸਸੇ ਸੰਭਲ ਜਾ ਨੀ,
ਦਿਨੇ ਦਿਖਾ ਦੂੰ ਤਾਰੇ।
ਸੱਸ ਮੇਰੀ ਨੇ ਮੁੰਡੇ ਜੰਮੇ
ਜੰਮ-ਜੰਮ ਭਰੀ ਰਸੋਈ
ਸਾਰੇ ਮਾਂ ਵਰਗੇ
ਪਿਓ ਤੇ ਗਿਆ ਨਾ ਕੋਈ।
ਸੱਸ ਮੇਰੀ ਦੇ ਮੁੰਡਾ ਹੋਇਆ
ਲੋਕੀਂ ਦੇਣ ਵਧਾਈ
ਨੀ ਸ਼ਰੀਕ ਜੰਮਿਆ
ਜਾਨ ਮੁੱਠੀ ਵਿੱਚ ਆਈ।