ਤੇਰੀ ਮੇਰੀ ਲੱਗੀ ਦੋਸਤੀ
ਲੱਗੀ ਤੂਤ ਦੀ ਛਾਵੇਂ
ਪਹਿਲਾਂ ਤੂਤ ਦੇ ਪੱਤੇ ਝੜਗੇ
ਫੇਰ ਢਲੇ ਪਰਛਾਵੇਂ
ਐਡੀ ਤੂੰ ਮਰਜੇਂ
ਮਿੱਤਰਾਂ ਨੂੰ ਤਰਸਾਵੇਂ।
Munde vallo
ਉੱਚੀਆਂ ਚਰ੍ਹੀਆਂ ਸੰਘਣੇ ਬਾਜਰੇ
ਦਿੱਤੀਆਂ ਬਹੁਤ ਦੁਹਾਈਆਂ
ਲੈ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ
ਚਿੜੀਆਂ ਖੂਬ ਉਡਾਈਆਂ
ਆਹ ਚੱਕ ਵੇ ਮਿੱਤਰਾ
ਵੰਗਾਂ ਮੇਚ ਨਾ ਆਈਆਂ।
ਆਰੀ! ਆਰੀ! ਆਰੀ!
ਸਹੁੰ ਬਖਤੌਰੇ ਦੀ,
ਨੀ ਤੂੰ ਲਗਦੀ ਜਾਨ ਤੋਂ ਪਿਆਰੀ।
ਕੰਨਾਂ ਨੂੰ ਘੜਾ ਦੂੰ ਡੰਡੀਆਂ,
ਲੈ ਦੇਊਂ ਕੁੜਤੀ ਸੂਫ ਦੀ ਕਾਲੀ।
ਤੇਰਾ ਮੈਂ ਗੁਲਾਮ ਬਣ ਜੂੰ,
ਊਂ ਪਿੰਡ ‘ਚ ਮੇਰੀ ਸਰਦਾਰੀ।
ਲਾ ਕੇ ਵੇਖ ਜ਼ਰਾ,
ਜ਼ੈਲਦਾਰ ਨਾਲ ਯਾਰੀ।
ਸਾਡੇ ਵਿਹੜੇ ਆ ਮੁੰਡਿਆ
ਸਾਨੂੰ ਤੇਰੀ ਵੰਝਲੀ ਦਾ ਚਾਅ ਮੁੰਡਿਆ
ਜੇ ਕੁੜੀਏ ਤੂੰ ਵੰਝਲੀ ਸੁਣਨੀ
ਰੱਤੜਾ ਪਲੰਘ ਡਹਾ ਕੁੜੀਏ
ਸਾਡੀ ਵੰਝਲੀ ਦੀ ਕੀਮਤ
ਪਾ ਕੁੜੀਏ
ਰਾਇਆ-ਰਾਇਆ-ਰਾਇਆ
ਟੁੱਟ ਪੈਣੇ ਕਾਰੀਗਰ ਨੇ
ਟਿੱਬੀ ਢਾਹ ਕੇ ਚੁਬਾਰਾ ਪਾਇਆ
ਚੁਬਾਰੇ ਵਿੱਚ ਮੈਂ ਕੱਤਦੀ
ਕਿਸੇ ਯੁਕਤੀ ਨੇ ਰੋੜ ਚਲਾਇਆ
ਮਰ ਜੇਂ ਔਤ ਦਿਆ
ਮੇਰੇ ਵਿੰਗ ਵਾਲੇ ਵਿੱਚ ਪਾਇਆ
ਬਾਪੂ ਕੋਲੇ ਖਬਰ ਗਈ
ਧੀਏ ਕੌਣ ਚੁਬਾਰੇ ਵਿੱਚ ਆਇਆ
ਇੱਕ ਬਾਪੂ ਮੈਂ ਬੋਲਾਂ
ਦੂਜੀ ਗੁੱਝ ਚਰਖੇ ਦੀ ਬੋਲੇ
ਜਾਨ ਲੁਕੋ ਮਿੱਤਰਾ
ਹੋ ਚਰਖੇ ਦੇ ਓਹਲੇ।
ਪਤਲਿਆ ਗੱਭਰੂਆ ਵੱਢਦਾ ਬੇਰੀਆਂ
ਚਿਣ ਚਿਣ ਲਾਉਣਾ ਝਾਫੇ
ਹਾਕ ਨਾ ਮਾਰੀਂ ਮੇਰੇ ਸੁਣਦੇ ਮਾਪੇ
ਸੈਣ ਨਾ ਮਾਰੀਂ ਮੈਂ ਆਜੂੰ ਆਪੇ
ਚਿੱਟੇ ਦੰਦਾਂ ਤੇ ਫਿਰਗੀ ਬਰੇਤੀ
ਡੂੰਘੇ ਪੈ ਗਏ ਘਾਸੇ
ਲੌਂਗ ਕਰਾ ਮਿੱਤਰਾ
ਮਛਲੀ ਪਾਉਣਗੇ ਮਾਪੇ ।
ਸੱਪ ਤਾਂ ਮੇਰੇ ਕਾਹਤੋਂ ਲੜਜੇ
ਮੈਂ ਮਾਪਿਆਂ ਨੂੰ ਪਿਆਰੀ
ਮਾਂ ਤਾਂ ਮੇਰੀ ਦਾਜ ਜੋੜਦੀ
ਸਣੇ ਬਾਗ ਫੁਲਕਾਰੀ
ਹਟ ਕੇ ਬਹਿ ਮਿੱਤਰਾ
ਸਭ ਨੂੰ ਜਵਾਨੀ ਪਿਆਰੀ
ਗਹਿਣਾ! ਗਹਿਣਾ! ਗਹਿਣਾ!
ਭਰ-ਭਰ ਵੰਡ ਮੁੱਠੀਆਂ,
ਗੋਰੇ ਰੰਗ ਨੇ ਸਦਾ ਨਹੀਂ ਰਹਿਣਾ।
ਹੱਸ ਕੇ ਬੋਲ ਬੱਲੀਏ,
ਮੁੱਲ ਲੈ ਲੀਂ ਜੋ ਲੈਣਾ।
ਬੁੱਢੀ ਹੋਈ ਤਰਸੇਂਗੀ,
ਤੈਨੂੰ ਫੇਰ ਕਿਸੇ ਨੀ ਕਹਿਣਾ।
ਜੋਰ ਜੁਆਨੀ ਦਾ,
ਸਦਾ ਨੀ ਕਿਸੇ ਤੇ ਰਹਿਣਾ।
ਇਹ ਗੱਲ ਤੇਰੀ ਮਾੜੀ ਕੁੜੀਏ
ਤੇਲ ਪੱਟਾਂ ਤੇ ਮਲਦੀ
ਜੇ ਨੀ ਕਿਸੇ ਨੇ ਫੜ ਕੇ ਢਾਹ ਲਈ
ਫੇਰ ਫਿਰੇਂਗੀ ਲੜਦੀ
ਵਿੱਚ ਦਰਵਾਜ਼ੇ ਦੇ
ਅੱਧੀ ਰਾਤ ਕੀ ਕਰਦੀ।
ਰਾਇਆ, ਰਾਇਆ, ਰਾਇਆ,
ਸੁਰਮਾ ਪੰਜ ਰੱਤੀਆਂ,
ਡਾਕ ਗੱਡੀ ਵਿਚ ਆਇਆ।
ਮੁੰਡੇ ਪੱਟਣ ਨੂੰ,
ਤੂੰ ਐ ਵੈਰਨੇ ਪਾਇਆ।
ਲਹਿੰਗਾ ਮਲਮਲ ਦਾ,
ਜਾਣ ਕੇ ਹਵਾ ‘ਚ ਉਡਾਇਆ।
ਨਖਰੇ ਨਾ ਕਰ ਨੀ,
ਕੋਈ ਲੈ ਜੂ ਅੰਮਾਂ ਦਾ ਜਾਇਆ।
ਕੁੜੀਏ ਕਦਰ ਕਰੀਂ।
ਮੁੜ ਕੇ ਕੋਈ ਨੀ ਆਇਆ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਣੀ।
ਓਥੋਂ ਦੀ ਇਕ ਨਾਰ ਸੁਣੀਂਦੀ,
ਖੂਹ ਤੋਂ ਭਰਦੀ ਪਾਣੀ।
ਪਾਣੀ ਭਰਦੀ ਨੂੰ ਪਈ ਛੇੜੇ,
ਇੱਕ ਮੁੰਡਿਆਂ ਦੀ ਢਾਣੀ।
ਛੇੜਨ ਦੀ ਇਹ ਆਦਤ ਯਾਰੋ,
ਹੈ ਗੀ ਬੜੀ ਪੁਰਾਣੀ।
ਅੰਗ ਦੀ ਪਤਲੀ ਦਾ,
ਨਰਮ ਸੁਭਾਅ ਨਾ ਜਾਣੀ।
ਆਰੀ! ਆਰੀ! ਆਰੀ!
ਵੈਲੀਆਂ ਦੀਆਂ ਟੋਲੀਆਂ ਨੇ,
ਬੋਤਲਾਂ ਮੰਗਾਲੀਆਂ ਚਾਲੀ।
ਚਾਲੀਆਂ ‘ਚੋਂ ਇਕ ਬਚਗੀ,
ਚੁੱਕ ਕੇ ਮਹਿਲ ਨਾਲ ਮਾਰੀ।
ਗਿੱਲਾਂ ਵਾਲੇ ਬਚਨੇ ਨੇ,
ਪੈਰ ਜੋੜ ਕੇ ਗੰਡਾਸ਼ੀ ਮਾਰੀ।
ਕਹਿੰਦਾ ਦੱਸ ਬੱਲੀਏ,
ਤੇਰੀ ਕੈ ਮੁੰਡਿਆਂ ਨਾਲ ਯਾਰੀ ?
ਕਹਿੰਦੀ ਨਾ ਪੁੱਛ ਵੇ,
ਤੇਰੀ ਪੱਟੀ ਜਾਊ ਸਰਦਾਰੀ।