ਖੱਬੇ ਹੱਥ ਤੇ ਘੜੀ ਜੋ ਬੰਨ੍ਹੀ
ਸੁਣ ਪੜ੍ਹਦੀਏ ਮੁਟਿਆਰੇ
ਸੱਜੇ ਹੱਥ ਵਿੱਚ ਫੜ ਕੇ ਕਿਤਾਬਾਂ
ਨਾਲ ਪਾੜ੍ਹਿਆਂ ਜਾਵੇਂ
ਨੀ ਮੁੰਡੇ ਤੈਨੂੰ ਖੜ੍ਹੇ ਉਡੀਕਣ
ਤੂੰ ਚੋਗਾ ਨਾ ਪਾਵੇਂ
ਇੱਕ ਚਿੱਤ ਕਰਦਾ ਲੈ ਕੇ ਲਾਵਾਂ
ਦਿਨੇ ਦਿਖਾ ਦਿਆਂ ਤਾਰੇ
ਮੇਰੀ ਬੋਲੀ ਦਾ
ਮੋੜ ਕਰੀਂ ਮੁਟਿਆਰੇ।
Munde vallo
ਆਰੀ-ਆਰੀ-ਆਰੀ
ਲੰਘਿਆ ਮੈਂ ਬੀਹੀ ਦੇ ਵਿੱਚੋਂ
ਜਦੋਂ ਤੂੰ ਖੋਲ੍ਹੀ ਸੀ ਬਾਰੀ
ਬਾਪੂ ਤੇਰੇ ਨੇ
ਮੇਰੇ ਵੱਗਵੀਂ ਗੰਧਲੀ ਮਾਰੀ
ਉਦੋਂ ਤੋਂ ਸ਼ਰਾਬ ਛੱਡ ਤੀ
ਨਾਲੇ ਛੱਡ ਤੀ ਮੁਨਾਉਣੀ ਦਾੜ੍ਹੀ
ਅੰਦਰੇ ਸੜਜੇਂਗੀ
ਇਹ ਚਸਕੇ ਦੀ ਮਾਰੀ।
ਆ ਜਾ ਸਾਹਿਬਾਂ
ਬਹਿ ਜਾਂ ਸਾਹਿਬਾਂ
ਪੀ ਲੈ ਠੰਡਾ ਪਾਣੀ
ਬੁੱਲ੍ਹ ਤਾਂ ਤੇਰੇ ਪਾਨੇਂ ਪਤਲੇ
ਠੋਡੀ ਸੁਰਮੇਦਾਨੀ
ਮੋਹ ਲੀ ਮਿਰਜੇ ਨੇ
ਸਹਿਬਾਂ ਉਮਰ ਦੀ ਨਿਆਣੀ।
ਤਾਰੇ-ਤਾਰੇ-ਤਾਰੇ
ਰੰਨਾਂ ਬਾਝੋਂ ਛੜਿਆਂ ਨੂੰ
ਦਿਨ ਕੱਟਣੇ ਹੋ ਗਏ ਭਾਰੇ
ਆਪ ਪਈ ਐਸ਼ ਕਰਦੀ
ਸਾਨੂੰ ਲਾਉਂਦੀ ਝੂਠੇ ਲਾਰੇ
ਇਹਨਾਂ ਛੜਿਆਂ ਨੂੰ
ਨਾ ਝਿੜਵੀਂ ਮੁਟਿਆਰੇ
ਸੁਣ ਨੀ ਕੁੜੀਏ ਕਾਂਟਿਆਂ ਵਾਲੀਏ
ਕੀ ਕਾਂਟਿਆਂ ਦਾ ਕਹਿਣਾ
ਨਾਲ ਛੜੇ ਦੇ ਕਰ ਲੈ ਪਿਆਰ ਤੂੰ
ਮੰਨ ਲੈ ਛੜੇ ਦਾ ਕਹਿਣਾ
ਪਰੀਏ ਰੂਪ ਦੀਏ
ਰੂਪ ਸਦਾ ਨੀ ਰਹਿਣਾ
ਜਾਂ
ਇਹਨਾਂ ਛੜਿਆਂ ਨੇ
ਬਾਰ-ਬਾਰ ਨੀ ਕਹਿਣਾ।
ਛੜੇ-ਛੜੇ ਨਾ ਆਖੋ ਲੋਕੋ
ਛੜੇ ਵਖਤ ਨੂੰ ਫੜੇ
ਅੱਧੀ ਰਾਤੀਂ ਪੀਸਣ ਲੱਗੇ
ਪੰਜ ਸੇਰ ਛੋਲੇ ਦਲੇ
ਛਾਣ ਕੇ ਆਟਾ ਗੁੰਨ੍ਹਣ ਲੱਗੇ
ਆਟਾ ਲੇਸ ਨਾ ਫੜੇ
ਬਾਝੋਂ ਨਾਰਾਂ ਦੇ
ਛੜੇ ਮਰੇ ਕਿ ਮਰੇ।
ਝੂਲ-ਝੂਲ ਕੇ ਤੁਰਦੀ ਕੁੜੀਏ
ਅੱਲੜੀ ’ਚ ਲਏਂ ਹੁਲਾਰੇ
ਬੁੱਲ੍ਹ ਤਾਂ ਤੇਰੇ ਵਾਂਗ ਸੰਤਰੇ
ਗੱਲਾਂ ਸ਼ੱਕਰਪਾਰੇ
ਸੇਲ੍ਹੀ ਤੇਰੀ ਕਾਲੇ ਨਾਗ ਦੀ
ਬਿਨ ਛੇੜਿਆਂ ਡੰਗ ਮਾਰੇ
ਨੈਣ ਤਾਂ ਤੇਰੇ ਵਾਂਗ ਮਿਰਗ ਦੇ
ਲੱਗਣ ਸਾਨੂੰ ਪਿਆਰੇ
ਰਹਿੰਦੇ ਖੂੰਹਦਿਆਂ ਨੂੰ ਪੱਟ ਜਾਂਦੇ
ਤੇਰੇ ਕੰਨਾਂ ਦੇ ਵਾਲੇ
ਨਿੱਤ ਦੇ ਸਵਾਲੀ ਨੂੰ
ਨਾ ਝਿੜਕਾਂ ਮੁਟਿਆਰੇ।
ਮਾਰ ਤਿਤਲੀ ਉਡਾਰੀ
ਨੀ ਤੂੰ ਉਡਿਆਈ ਸਾਰੀ
ਤੇਰੀ ਰਹਿਣੀ ਨੀ ਮੜਕ
ਬਿੱਲੋ ਅੱਜ ਵਰਗੀ
ਕਰ ਦੇਣਗੇ ਜੱਟਾਂ ਦੇ
ਪੁੱਤ ਗਜ ਵਰਗੀ ।
ਇੱਕ ਕੁੜੀ ਤੂੰ ਕਵਾਰੀ
ਦੂਜੀ ਕਜਲੇ ਦੀ ਧਾਰੀ
ਤੀਜਾ ਲੌਂਗ ਲਿਸ਼ਕਾਰੇ
ਮਾਰ ਮਾਰ ਪੱਟਦਾ
ਨੀ ਤੈਂ ਜਿਊਣ ਜੋਗਾ
ਛੱਡਿਆ ਨਾ ਪੁੱਤ ਜੱਟ ਦਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਟਪਿਆਲਾ।
ਗਾਜਰ ਵਰਗੀ ਦੇਖ ਕੁੜੀ ਦੇ,
ਗੱਲ੍ਹ ਤੇ ਟਿਮਕਣਾ ਕਾਲਾ।
ਸੂਹਾ ਹੱਥ ਰੁਮਾਲ ਕੁੜੀ ਦੇ,
ਕੱਜਲਾ ਧਾਰੀਆਂ ਵਾਲਾ।
ਵਿਆਹ ਕੇ ਲੈ ਜੂਗਾ……..,
ਵੱਡਿਆਂ ਨਸੀਬਾਂ ਵਾਲਾ।
ਜੇ ਜੱਟੀਏ ਤੂੰ ਬਹੁਤਾ ਬੋਲੀ
ਭੈਨੂੰ ਭੇਜਦੂੰ ਪੇਕੇ
ਜੱਟਾਂ ਨੇ ਦਾਰੂ ਪੀਣੀ ਐਂ
ਪੀਣੀ ਐਂ ਬਹਿ ਕੇ ਠੇਕੇ ।
ਵੇ ਵਣਜਾਰਿਆ ਵੰਗਾਂ ਵਾਲਿਆ
ਭੀੜੀ ਵੰਗ ਚੜ੍ਹਾਵੀਂ ਨਾ
ਮੈਂ ਮਰਜੂੰਗੀ ਡਰ ਕੇ
ਮੇਰਾ ਨਰਮ ਕਾਲਜਾ ਵੇ ਹਾਣੀਆਂ
ਧੱਕ-ਧੱਕ ਧੱਕ ਧੜਕੇ ।