ਇੱਕ ਬੰਦੇ ਦੀ ਛੋਟੀ ਜਿਹੀ ਦੁਕਾਨ ਸੀ ਤੇ ਉਹ ਬਹੁਤ ਵਧੀਆ ਚੱਲ ਰਹੀ ਸੀ । ਉਹ ਬਹੁਤ ਖੁਸ਼ ਸੀ ਸਾਰੇ ਇਲਾਕੇ ਦੇ ਲੋਕ ਉਸ ਕੋਲ ਹੀ ਆਉਂਦੇ ਸਮਾਨ ਲੈਣ ਲਈ । ਪਰ ਇੱਕ ਦਿਨ ਉਸਦੀ ਦੁਕਾਨ ਅੱਗੇ ਇੱਕ ਬਹੁਤ ਵੱਡਾ ਮੌਲ ਬਣਨਾ ਸ਼ੁਰੂ ਹੋ ਗਿਆ । ਉਹ ਬਹੁਤ ਚਿੰਤਤ ਹੋਇਆ ਕਿ ਹੁਣ ਤਾਂ ਕਿਸੇ ਨੇ ਵੀ ਉਸਦੀ ਦੁਕਾਨ ਤੇ ਨਹੀਂ ਆਉਣਾ , ਹੁਣ ਸਭ ਉਸ ਮੌਲ ਵਿਚ ਹੀ ਜਾਣਗੇ ।ਇਸ ਲਈ ਉਹ ਮੌਲ ਦੇ ਮਾਲਕ ਨੂੰ ਮਨ ਹੀ ਮਨ ਬੁਰਾ ਭਲਾ ਕਹਿਣ ਲੱਗ ਗਿਆ ।
ਉਸਨੇ ਇਹ ਗੱਲ ਆਪਣੇ ਗੁਰੂ ਕੋਲ ਕਰੀ ਤੇ ਉਹਨਾ ਨੂੰ ਇਸ ਵਾਰੇ ਦੱਸਿਆ । ਉਸਦੇ ਗੁਰੂ ਨੇ ਕਿਹਾ ਤੂੰ ਹਰ ਰੋਜ ਆਪਣੀ ਦੁਕਾਨ ਨੂੰ ਦੁਆਵਾਂ ਦੇਇਆ ਕਰ ਤੇ ਫੇਰ ਉਸ ਮੌਲ ਨੂੰ । ਉਹ ਦੁਕਾਨ ਵਾਲਾ ਬਹੁਤ ਹੈਰਾਨ ਹੋਇਆ ਕਿ ਇਹ ਕੀ ਬੋਲ ਰਹੇ ਹੋ , ਜਿਸ ਕਰਕੇ ਮੇਰਾ ਬਿਜਨਸ ਤਬਾਹ ਹੋਣ ਵਾਲਾ ਹੈ ਮੈ ਉਸਨੂੰ ਦੁਆਵਾਂ ਕਿਉਂ ਦੇਵਾ ।
ਉਸਦੇ ਗੁਰੂ ਨੇ ਕਿਹਾ ,”ਤੂੰ ਮੇਰੇ ਤੇ ਯਕੀਨ ਕਰਦਾ ਹੈ ਤਾਂ ਜਿਵੇਂ ਮੈ ਕਹਿ ਰਿਹਾ ਹਾਂ ਤਾਂ ਉਵੇਂ ਹੀ ਕਰ”
ਉਸ ਦੁਕਾਨ ਵਾਲੇ ਨੇ ਉਸ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ , ਉਹ ਹਰ ਸਵੇਰ ਪਹਿਲਾ ਆਪਣੀ ਦੁਕਾਨ ਵੱਲ ਦੇਖ ਕੇ ਦੁਆਵਾਂ ਕਰਦਾ ਤੇ ਫੇਰ ਉਸ ਮੌਲ ਵੱਲ ਦੇਖਕੇ ਦੁਆਵਾਂ ਕਰਦਾ ।
ਇੱਕ ਸਾਲ ਬਾਅਦ ਉਹ ਆਪਣੇ ਗੁਰੂ ਨੂੰ ਮਿਲਿਆ ਤਾਂ ਉਸਨੇ ਦੱਸਿਆ ਕਿ ਉਸਨੇ ਆਪਣੀ ਦੁਕਾਨ ਵੇਚ ਦਿੱਤੀ ਹੈ ।
ਇੱਕ ਮਿੰਟ ਕਹਾਣੀ ਨੂੰ ਅੱਗੇ ਪੜਨ ਤੋਂ ਪਹਿਲਾ ਕੀ ਹੁਣ ਤੁਸੀ ਦੱਸ ਸਕਦੇ ਹੋ ਕਿ ਉਸਨੂੰ ਦੁਕਾਨ ਕਿਉਂ ਵੇਚਣੀ ਪਈ ??
ਆਓ ਹੁਣ ਅਸਲੀਅਤ ਦੇਖੀਏ ਤੇ ਫੇਰ ਆਪਣੇ ਨਜਰੀਏ ਨੂੰ ਅਸਲੀਅਤ ਨਾਲ ਮਿਲਾ ਕੇ ਦੇਖੀਏ ।
ਉਸ ਦੁਕਾਨ ਵਾਲੇ ਨੇ ਦੱਸਿਆ ,”ਉਸਨੇ ਦੁਕਾਨ ਵੇਚ ਦਿੱਤੀ ਹੈ , ਕਿਉਕਿ ਹੁਣ ਉਹ ਉਸ ਮੌਲ ਦਾ ਮਾਲਿਕ ਬਣ ਗਿਆ ਹੈ । ਸ਼ੁਰੂ ਵਿੱਚ ਜਦੋਂ ਮੌਲ ਦੇ ਮਾਲਿਕ ਨੇ ਮੈਨੂੰ ਹਰ ਰੋਜ ਉਸਦੇ ਮੌਲ ਲਈ ਦੁਆਵਾਂ ਕਰਦੇ ਦੇਖਿਆ ਤਾਂ ਮੇਰੀ ਉਸ ਨਾਲ ਦੋਸਤੀ ਹੋ ਗਈ । ਉਸਨੇ ਮੈਨੂੰ ਮੌਲ ਵਿੱਚ ਇਸ ਸ਼ਰਤ ਤੇ 50 ਪ੍ਰਤੀਸ਼ਤ ਦਾ ਮਾਲਕ ਬਣਾ ਲਿਆ ਕਿ ਉਹ ਪੈਸੇ ਖਰਚ ਕਰੇਗਾ ਤੇ ਮੈ ਉਸ ਮੌਲ ਨੂੰ ਚਲਾਵਾਂਗਾ ਕਿਉਂਕਿ ਮੇਰੇ ਕੋਲ ਇਸ ਫੀਲਡ ਦਾ ਤਜਰਬਾ ਹੈ । ਪਰ ਫੇਰ ਉਸਨੂੰ ਅਚਾਨਕ ਕਿਸੇ ਹੋਰ ਸ਼ਹਿਰ ਸ਼ਿਫਟ ਹੋਣਾ ਪੈ ਗਿਆ । ਇਸ ਲਈ ਹੁਣ ਮੈਨੂੰ ਉਹ ਆਪਣੇ ਹਿੱਸੇ ਦੇ 50 ਪ੍ਰਤੀਸ਼ਤ ਦੇ ਸ਼ੇਅਰ ਵੀ ਵੇਚ ਗਿਆ ਹੈ , ਜਿੰਨਾ ਦੀਆਂ ਕਿਸ਼ਤਾਂ ਮੈ ਹੁਣ ਹੌਲੀ ਹੌਲੀ ਬਹੁਤ ਆਰਾਮ ਨਾਲ ਭਰ ਰਿਹਾ ਹਾਂ ਤੇ ਹੁਣ ਮੇਰੀ ਜਿੰਦਗੀ ਪਹਿਲਾ ਨਾਲੋ ਬਹੁਤ ਖੁਸ਼ ਹੈ ।ਧੰਨਵਾਦ ਗੁਰੂ ਜੀ।”
ਗੁਰੂ ਨੇ ਜਵਾਬ ਦਿੱਤਾ , “ਜਦੋ ਤੁਸੀ ਦੂਜਿਆ ਲਈ ਚੰਗਾ ਸੋਚਣਾ ਸ਼ੁਰੂ ਕਰਦੇ ਹੋ ਤਾਂ ਉਸਤੋਂ ਕਈ ਗੁਣਾ ਚੰਗਾ ਤੁਹਾਡੇ ਕੋਲ ਵਾਪਸ ਜਰੂਰ ਆਉਂਦਾ ਹੈ । ਇਹ ਕੁਦਰਤ ਦਾ ਅਸੂਲ ਹੈ ,ਇਸ ਲਈ ਮੇਰਾ ਧੰਨਵਾਦ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਬੇਟਾ । ਸਦਾ ਖੁਸ਼ ਰਹੋ ।”
ਪੰਜਾਬੀ ਅਨੁਵਾਦ : ਜਗਮੀਤ ਸਿੰਘ ਹਠੂਰ