ਦੇਖਣ ਤੋਂ ਉਹ ਪੂਰਾ ਗੁਰਸਿੱਖ ਲੱਗਦਾ। ਉਹ ਜਿੱਥੇ ਵੀ ਜਾਂਦਾ, ਉਸ ਦੀ ਈਮਾਨਦਾਰੀ ਦੀ ਚਰਚਾ ਹੁੰਦੀ। ਅਕਾਲੀ ਨੇਤਾਵਾਂ ਨੇ ਸੋਚਿਆ- ਗੁਰਸਿੱਖ ਹੀ ਮਿਹਨਤੀ ਅਤੇ ਈਮਾਨਦਾਰ ਕਰਮਚਾਰੀ ਹੋ ਸਕਦਾ ਹੈ। ਇਸ ਲਈ ਆਪਣੀ ਵਜ਼ਾਰਤ ਹੋਣ ਕਰਕੇ ਉਹਨਾਂ ਨੇ ਉਸ ਨੂੰ ਏ ਕਲਾਸ ਸਟੇਸ਼ਨ ਉੱਤੇ ਬਦਲ ਦਿੱਤਾ। ਉਹ ਅੰਦਰੋਂ ਅੰਦਰੀ ਬੜਾ ਦੁਖੀ ਹੋਇਆ। ਉਹ ਸਾਰੀ ਰਾਤ ਪਤਨੀ ਨਾਲ ਝੂਰਦਾ ਰਿਹਾ ਸੀ- ਬੱਚੇ ਮਸਾਂ ਹੀ ਸਕੂਲ ਜਾਣ ਲੱਗੇ ਸੀ। ਮਸਾਂ ਹੀ ਚਾਰ ਬੰਦੇ ਮੂੰਹ ਮੁਲਾਹਜੇ ਵਾਲੇ ਬਣੇ ਸਨ। ਮਰਕੇ ਸਰਕਾਰੀ ਘਰ ਮਿਲਿਆ ਸੀ, ਨੱਕ ਰਗੜ ਕੇ
ਕਾਂਗਰਸ ਸਰਕਾਰ ਆਈ ਤਾਂ ਉਸ ਨੇ ਉਸ ਨੂੰ ਇਸ ਲਈ ਖੁੱਡੇ ਲਾਈਨ ਲਾ ਦਿੱਤਾ ਕਿ ਉਹ ਅਕਾਲੀਆਂ ਦਾ ਬੰਦਾ ਸੀ। ਉਹ ਸਾਰੀ ਰਾਤ ਦੋ ਪੁੜਾਂ ਵਿਚਕਾਰ ਆਏ ਦਾਣੇ ਵਾਂਗ ਪਿਸਦਾ ਰਿਹਾ ਸੀ।
moral stories in punjabi
ਪਿੰਡ ਦੇ ਵੱਡੇ ਥੜੇ ‘ਚ ਖੰਡ-ਚਰਚਾ ਚੱਲ ਰਹੀ ਸੀ
ਕਹਿੰਦੇ ਆ ਆਪਣੀ ਮੰਡੀ ‘ਚ ਨਮਾ ਅੰਗਰੇਜ਼ੀ ਸਕੂਲ ਖੁਲਿਆ ਨਿੱਕੇ ਜੁਆਕਾਂ ਲਈ, ਬਾਬੇ ਸੁਰੈਣੇ ਨੇ ਸਹਿਜ ਸੁਭਾ ਗੱਲ ਤੋਰੀ।
ਆਹੋ ਬਾਈ ਸਿੰਹਾਂ ਕਮੇਟੀ ਵਾਲਿਆਂ ਹੀ ਖੁਲਾਇਆ, ਪ੍ਰਤਾਪਾ ਬੋਲਿਆ। ਪਰ ਪ੍ਰਤਾਪ ਸਿੰਹਾਂ! ਕਹਿੰਦੇ ਉਹਦੀਆਂ ਫੀਸਾਂ ਬਹੁਤ ਡਬਲ ਐ
ਆਹੋ ਬਾਈ ਤੂੰ ਠੀਕ ਈ ਕਹਿੰਨਾ, ਫਿਰ ਖਰਚੇ ਬੀ ਤਾਂ ਵਿਚੋਂ ਈ ਪੂਰੇ ਕਰਨੇ ਐ। ਜਿਹੜੀਆਂ ਮਾਸਟਰਾਣੀਆਂ ਰੱਖੀਆਂ ਨੇ ਉਨ੍ਹਾਂ ਨੂੰ ਵੀ ਤਨਖਾਹ ਵਿਚੋਂ ਈ ਦਿੰਦੇ ਹੋਣਗੇ।
ਪ੍ਰਤਾਪਿਆ ਗੱਲ ਤਾਂ ਤੇਰੀ ਵੀ ਠੀਕ ਆ ਪਰ ਉਨ੍ਹਾਂ ਨੂੰ ਕਿਹੜੇ ਪੌਂਡ ਦਿੰਦੇ ਆ ਮਸਾਂ ਸੌ, ਡੂਢ ਸੌ ਦਿੰਦੇ ਹੋਣਗੇ।
ਬਾਈ ਕਹਿੰਦੇ ਆ ਉਹ ਤਾਂ ਪੜ੍ਹੀਆਂ ਬੀ ਬਾਲੀਆਂ ਹੁੰਦੀਆਂ।
ਫੇਰ ਉਨ੍ਹਾਂ ਨੂੰ ਕੀ ਲੋੜ ਆ ਡੂਢ ਸੌ ਤੇ ਕੰਮ ਕਰਨ ਦੀ ਵਿੱਚੋਂ ਇਕ ਹੋਰ ਬੋਲਿਆ।
ਸਰਕਾਰੀ ਨੌਕਰੀ ਕਿਹੜਾ ਸੌਖੀ ਮਿਲਦੀ ਐ। ਬਾਈ ਸਿੰਹਾਂ ਅਕਸਰ ਚੌਦਾਂ ਸਾਲ ਖੂਹ ਚ ਪਾ ਕੇ ਘਰ ਕਿਮੇਂ ਬਹਿ ਜਾਣ ਨਾਲ ਰੋਟੀ ਦਾ ਬੀ ਤਾਂ ਮਸਲਾ ਹੋਇਆ ਨਾ ਪ੍ਰਤਾਪੇ ਨੇ ਸਰਕਾਰ ਦੀ ਰੁਜ਼ਗਾਰ ਨੀਤੀ ਤੇ ਵਿਅੰਗ ਕਸਦਿਆਂ ਕਿਹਾ।
ਆਹੋ ਬਾਈ ਜਿਹੜੇ ਘਰਦਿਆਂ ਨੇ ਐਨੇ ਵਰੇ ਪੜ੍ਹਾਤੀਆਂ ਉਨ੍ਹਾਂ ਵੀ ਤਾਂ ਟੁੱਕ ਚਾਹੀਦੈ ਈ ਆ ਨਾ ਹੁਣ ਫਿਰ ਬੁੱਢੇ ਵਾਰੇ। ਉਹ ਵੀ ਕੀ ਕਰਨ ਵਿਚਾਰੇ। ਚੱਲ ਜੇ ਘੱਟ ਮਿਲਦੇ ਤਾਂ ਘੱਟ ਹੀ ਸਹੀ ਅਗਲਾ ਕਹਿੰਦਾ ਘਰ ਬੈਠਣ ਨਾਲੋਂ ਤਾਂ ਚੰਗਾ ਈ ਆ।
ਨਾ ਬਾਬਾ ਫੇਰ ਕਿਹੜਾ ਉਹ ਜੁਆਕਾਂ ਨੂੰ ਐਮ.ਏ. ਕਰਾ ਦਿੰਦੀਆਂ ਬਹਿ ਕੇ ਈ ਤਾਂ ਮੁੜ ਆਉਂਦੀਆਂ। ਉਹ ਕਿਹੜਾ ਉੱਥੇ ਜੁਆਕਾਂ ਨੂੰ ਪੜ੍ਹਾਉਂਦੀਆਂ ਨੇ। ਆਪਣੇ ਈ ਸੂਈ ਸਲਾਈ ਦੇ ਕੰਮ ਕਰਕੇ ਆ ਜਾਂਦੀਆਂ। ਕੋਲ ਬੈਠੇ ਮਾਸਟਰ (ਸਰਕਾਰੀ) ਤੋਂ ਬਾਬੇ ਦੀ ਗੱਲ ਸੁਣ ਕੇ ਰਿਹਾ ਨਾ ਗਿਆ। ਆਹੋ ਬਈ ਮਾਸਟਰਾ! ਜਦੋਂ ਤੁਸੀਂ ਸੱਤ ਸੌ ਵਾਲੇ ਨੀ ਕੱਖ ਪੱਲੇ ਪਾਉਂਦੇ ਜੁਆਕਾਂ ਦੇ ਤੇ ਉਹ ਵਿਚਾਰੀਆਂ ਡੂਢ ਸੌ ਵਾਲੀਆਂ ਕੀ ਕਰਨ ਬਾਬੇ ਸੁਰੈਣੇ ਨੇ ਟੇਢੀ ਜਿਹੀ ਅੱਖ ਨਾਲ ਮਾਸਟਰ ਵੱਲ ਝਾਕਦਿਆਂ ਕਿਹਾ।
ਕਾਫੀ ਦੇਰ ਤੋਂ ਕੋਈ ਬਸ ਨਹੀਂ ਸੀ ਆਈ। ਜਿਹੜੀਆਂ ਇੱਕ ਦੋ ਆਈਆਂ ਵੀ ਉਹ ਇਸ ਅੱਡੇ ‘ਤੇ ਨਹੀਂ ਸਨ ਰੁਕੀਆਂ। ਹਰ ਕੋਈ ਬੜਾ ਬੇਕਰਾਰ ਜਿਹਾ ਸੀ। ਭਾਂਤ-ਭਾਂਤ ਦੀਆਂ ਗੱਲਾਂ ਹੋ ਰਹੀਆਂ ਸਨ। ਰਾਜਨੀਤੀ ਬਾਰੇ, ਸਾਧਾਂ-ਸੰਤਾਂ, ਹਕੀਮਾਂ ਤੇ ਡਾਕਟਰਾਂ ਬਾਰੇ, ਪਾੜਿਆਂ ਤੇ ਪਾੜ੍ਹੀਆਂ ਦੀਆਂ ਖਰਮਸਤੀਆਂ ਬਾਰੇ । ਇਨ੍ਹਾਂ ਗੱਲਾਂ ਵਿੱਚੋਂ ਮੁਸਾਫਰਾਂ ਨੂੰ ਅਨੋਖਾ ਸੁਆਦ ਆ ਰਿਹਾ ਸੀ। ਸੱਜੇ ਪਾਸੇ ਬੈਠੇ ਭਈਏ ਆਪਣੀ ਬੋਲੀ ਵਿਚ ਪਤਾ ਨਹੀਂ ਕੀ ਗੱਲਾਂ ਕਰ ਰਹੇ ਸਨ। ਹਰ ਸਵਾਰੀ ਬੜੀ ਉਤਸੁਕਤਾ ਨਾਲ ਖਾਲੀ ਸੜਕ ਵਲ ਝਾਕ ਰਹੀ ਸੀ।
ਇਕ ਬਸ ਆਉਂਦੀ ਦਿਸੀ। ਸਾਰਿਆਂ ਦੇ ਚਿਹਰਿਆਂ ਉਪਰ ਮਿੱਠੀ ਖੁਸ਼ੀ ਤੇ ਤਸੱਲੀ ਦੀ ਲਹਿਰ ਫੈਲ ਗਈ। ਸਾਰਿਆਂ ਨੇ ਆਪਣਾ ਸਮਾਨ ਚੁੱਕਿਆ ਤੇ ਚੜ੍ਹਨ ਲਈ ਤਿਆਰ ਹੋ ਗਏ | ਸਵਾਰੀਆਂ ਬਸ ਉਪਰ ਟੁੱਟ ਪਈਆਂ, ਭਈਏ ਪਿਛਲੀ ਤਾਕੀ ਵਲ ਅਹੁਲੇ।
ਉਏ ਤੁਸੀਂ ਉਤੇ ਚੜ੍ਹ ਜਾਓ, ਅੰਦਰ ਸਵਾਰੀਆਂ ਚੜਨ ਦਿਓ, ਚਲੋ ਚਲੋ ਉਤੇ, ਵਿਚ ਹੈਨੀ ਥਾਂ। ਕੰਡਕਟਰ ਨੇ ਬਸ ਚੋਂ ਉਤਰਦਿਆਂ ਹੱਥ ਦੇ ਇਸ਼ਾਰੇ ਨਾਲ ਕਿਹਾ। ਗੈਰ ਸਵਾਰੀਆਂ ਉਪਰ ਚੜ੍ਹਨ ਲੱਗੀਆਂ।
ਮ੍ਰਿਤਕ ਦੇ ਰਿਸ਼ਤੇਦਾਰ , ਮਿੱਤਰ ਤੇ ਸ਼ੁਭਚਿੰਤਕ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਅਤੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਸ਼ੋਕ ਸਮਾਗਮ ਵਿਚ ਆਏ ਹੋਏ ਹਨ। ਇਕ ਪ੍ਰਚਾਰਕ ਮਾਈਕ ਅੱਗੇ ਖੜੋ ਕੇ ਸੰਗਤ ਨੂੰ ਦੱਸ ਰਿਹਾ ਹੈ।
ਸੰਸਾਰ ਵਿਚ ਜੋ ਕੁੱਝ ਸਾਨੂੰ ਦਿਸ ਰਿਹਾ ਹੈ ਇਹ ਸਭ ਬੱਦਲ ਦੀ ਛਾਂ ਵਾਂਗੂੰ ਨਾਸ਼ਵਾਨ ਹੈ। ਜੋ ਚੀਜ਼ ਪੈਦਾ ਹੋਈ ਹੈ ਉਸ ਨੇ ਅੱਜ ਜਾਂ ਕੱਲ ਨੂੰ ਜ਼ਰੂਰ ਖਤਮ ਹੋਣਾ ਹੈ।
ਪ੍ਰਚਾਰਕ, ਰੁਪਈਏ ਦੇਣ ਆ ਰਹੀ ਸੰਗਤ ਨੂੰ ਚੋਰ ਅੱਖ ਨਾਲ ਵਿਚੋ ਵਿਚੀ ਦੇਖੀ ਜਾਂਦਾ ਹੈ ਤੇ ਭਾਸ਼ਨ ਦੀ ਲੜੀ ਜਾਰੀ ਹੈ
ਜਦੋਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁਨੀਆਂ ਦੀ ਹਰ ਸ਼ੈਅ ਨਾਸ਼ਵਾਨ ਹੈ ਫਿਰ ਅਸੀਂ ਮਾਇਆ ਦੀ ਫਾਹੀ ਵਿਚ ਫਸ ਕੇ ਰੱਬ ਦੇ ਨਾਂ ਨੂੰ ਕਿਉਂ ਭੁਲਾ ਦਿੱਤਾ ਹੈ। ਇਹ ਮਾਇਆ ਖੋਟੀ ਰਾਸ ਹੈ। ਇਸ ਨੇ ਕਈ ਘਰ ਤਬਾਹ ਕਰ ਦਿੱਤੇ ਹਨ। ਇਸ ਨੇ ਸਾਰੇ ਸੰਸਾਰ ਨੂੰ ਆਪਣੇ ਜਾਲ ਵਿਚ ਜਕੜ ਰੱਖਿਆ ਹੈ। ਪੰਡਾਲ ਵਿਚ ਸ਼ਨਾਟਾ ਛਾ ਗਿਆ ਹੈ। ਹਰ ਇਕ ਮੌਤ ਦੇ ਪੰਜੇ ਤੋਂ ਡਰ ਰਿਹਾ ਹੈ ਜਿਵੇਂ ਮੌਤ ਸਾਹਮਣੇ ਖੜੀ ਦਿਸ ਰਹੀ ਹੋਵੇ।
ਪਿਆਰੀ ਸਾਧ ਸੰਗਤ ਜੀ! ਇਹ ਸਰੀਰ ਅਤੇ ਮਾਇਆ ਸਾਡੇ ਨਾਲ ਨਹੀਂ ਜਾਂਦੇ। ਇਹਨਾਂ ਦੋਹਾਂ ਤੇ ਮਾਣ ਕਰਨਾ ਵਿਅਰਥ ਹੈ। ਅੰਤ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਡਾ ਸਾਥ ਨਹੀਂ ਦਿੰਦਾ। ਪਰਮਾਤਮਾ ਦਾ ਸਿਮਰਨ ਹੀ ਸਾਡਾ ਸੱਚਾ ਸਾਖੀ ਹੈ। ਪਰ ਅੱਜ ਦਾ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੈ। ਇਸ ਪਿੱਛੇ ਪਾਗਲ ਹੋਇਆ ਵਾਹਿਗੁਰੂ ਦਾ ਨਾਮ ਭੁਲਾ ਬੈਠਾ ਹੈ।
ਸੰਗਤ ਵੱਲੋਂ ਮਾਇਆ ਆਉਣ ਕਰਕੇ ਪ੍ਰਚਾਰਕ ਦਿੱਤੇ ਵਕਤ ਤੋਂ ਵੱਧ ਸਮਾਂ ਲੈਣ ਦੀ ਕੋਸ਼ਿਸ਼ ਵਿਚ ਹੈ। ਸਟੇਜ ਸਕੱਤਰ ਉਸ ਦਾ ਪਜਾਮਾ ਖਿੱਚਦਾ ਹੈ। ਅਖੀਰ ਉਹਦੇ ਗਿੱਟੇ ਤੇ ਚੂਚੀਆਂ ਵੱਢ ਕੇ ਉਸ ਨੂੰ ਭਾਸ਼ਨ ਬੰਦ ਕਰਨ ਤੇ ਮਜ਼ਬੂਰ ਕਰ ਦਿੱਤਾ ਜਾਂਦਾ ਹੈ।
ਸ਼ੋਕ ਸਮਾਚਾਰ ਤੋਂ ਬਾਅਦ ਮਾਇਆ ਦਾ ਲਾਲਚ ਨਾ ਕਰੋ’ ਦਾ ਪ੍ਰਚਾਰ ਕਰਨ ਵਾਲਾ ਲੜ ਝਗੜ ਕੇ ਘਰ ਵਾਲਿਆਂ ਤੋਂ ਹੋਰ ਵਧੇਰੇ ਭੇਟਾ ਮੰਗ ਰਿਹਾ ਹੈ।
ਕਾਗਜ
ਜੀ.ਟੀ. ਰੋਡ ਤੇ ਸਕੂਟਰ ਆਪਣੀ ਪੂਰੀ ਰਫਤਾਰ ਨਾਲ ਜਾ ਰਿਹਾ ਸੀ। ਅਗਲੇ ਚੌਂਕ ਤੇ ਟ੍ਰੈਫਿਕ ਇੰਚਾਰਜ ਖੜ੍ਹਾ ਸੀ। ਉਸ ਦੂਰੋਂ ਹੀ ਮੈਨੂੰ ਦੇਖਕੇ ਹੱਥ ਨਾਲ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਮੈਂ ਇਕ ਦਮ ਸਕੂਟਰ ਠੱਲ ਲਿਆ। ਸਕੂਟਰ ਰੁਕਦੇ ਸਾਰ ਹੀ ਉਸ ਮੇਰੇ ਤੇ ਸੁਆਲਾਂ ਦੀ ਝੜੀ ਹੀ ਲਾ ਦਿੱਤੀ।
‘‘ਤੇਰਾ ਡਰਾਈਵਿੰਗ ਲਾਈਸੈਂਸ ਹੈ?’
ਜੀ ਹੈ!” ਮੈਂ ਜੇਬ ਚੋਂ ਕਾਪੀ ਕੱਢਦੇ ਹੋਏ ਕਿਹਾ।
ਸਕੂਟਰ ਦੇ ਕਾਗਜ਼ ਪੱਤਰ ਕਿੱਥੇ ਨੇ?”
“ਕਾਗਜ਼ ਤਾਂ ਹੈ ਨੀਂ, ਅਚਾਨਕ ਮੇਰੇ ਮੂੰਹੋਂ ਨਿਕਲ ਗਿਆ।
‘‘ਹੈ ਨੀ ਤਾਂ ਸਕੂਟਰ ਪਾਸੇ ਲਾ ਕੇ ਖੜ੍ਹਾਦੇ, ਹੁਣੇ ਦੱਸਦਾਂ ਕਾਗਜ਼ ਕਿਮੇਂ ਬਣਦੇ ਐ, ਚੋਰੀ ਦਾ ਮਾਲ ਜੁ ਹੋਇਆ….
“ਨਹੀਂ ਜਨਾਬ! ਚੋਰੀ ਦਾ ਨੀ ਇਹਦੇ ਕਾਗਜ਼ ਪੱਤਰ ਰਜਿਸਟਰੇਸ਼ਨ ਵਾਸਤੇ ਕਚਹਿਰੀ `ਚ ਗਏ ਹੋਏ ਨੇ। ਮੈਂ ਫਟਾ ਫਟ ਦਸਾਂ ਦਾ ਨੋਟ ਇੰਸਪੈਕਟਰ ਵੱਲ ਵਧਾਉਂਦੇ ਹੋਏ, ਸਫਾਈ ਪੇਸ਼ ਕਰਦੇ ਕਿਹਾ।
ਨੋਟ ਨੂੰ ਝਮੁੱਟ ਜਿਹੀ ਮਾਰ ਕੇ ਫੜਦੇ ਉਸ ਢਿੱਲੇ ਜਿਹੇ ਪੈਦੇ ਕਿਹਾ
“ਇਹ ਵੀ ਤਾਂ ਕਾਗਜ਼ ਹੀ ਨੇ।”
ਠਰਕੀ
ਬੱਸ ਖਚਾਖਚ ਭਰੀ ਹੋਈ ਸੀ। ਪਰ ਕੰਡਕਟਰ ਫਿਰ ਵੀ ਸਵਾਰੀਆਂ ਬੱਸ ਵਿਚ ਚੜ੍ਹਾਈ ਜਾ ਰਿਹਾ ਸੀ। ਬੱਸ ਦੀ ਅਗਲੀ ਤਾਕੀ ਵਿਚ ਭੀੜ ਕੁਝ ਘੱਟ ਸੀ। ਉਥੇ ਕੁੱਝ ਲੜਕੇ ਖੜੇ ਹੋਏ ਸਨ। ਉਹਨਾਂ ਵਿੱਚੋਂ ਇਕ ਨੇ ਇੰਜਣ ਦੇ ਬੋਨਟ ਤੇ ਬੈਠਣ ਲਈ ਡਰਾਈਵਰ ਨੂੰ ਬੇਨਤੀ ਕੀਤੀ।
ਡਰਾਈਵਰ ਨੇ ਨਾਂਹ ਵਿਚ ਸਿਰ ਹਿਲਾਉਂਦੇ ਕਿਹਾ- “ਦਿਸਦਾ ਨਹੀਂ ਤੈਨੂੰ ਇੱਥੇ ਕੀ ਲਿਖਆ: ਪੈਰ ਰੱਖਣਾ ਤੇ ਬੈਠਣਾ ਮਨ੍ਹਾ ਹੈ।
ਲੜਕਾ ਵਿਚਾਰਾ ਚੁੱਪ ਚਾਪ ਖੜੇ ਦਾ ਖੜ੍ਹਾ ਹੀ ਰਹਿ ਗਿਆ। ਥੋੜੀ ਦੂਰ ਕੁੜੀਆਂ ਨੇ ਬੱਸ ਖੜੀ ਕਰਨ ਲਈ ਹੱਥ ਦਿੱਤਾ। ਡਰਾਈਵਰ ਨੇ ਜਾਂ ਬਰੇਕ ਲਾਈ ਤੇ ਸਾਰੀਆਂ ਦੀਆਂ ਸਾਰੀਆਂ ਕੁੜੀਆਂ ਅਗਲੀ ਤਾਕੀ ਰਾਹੀਂ ਚੜਾ ਲਈਆਂ। ਉਹਨਾਂ ਵਿੱਚੋਂ ਇਕ ਨੇ ਇੰਜਣ ਦੇ ਬੋਨਟ ਤੇ ਬੈਠਣ ਦੀ ਇੱਛਾ ਪ੍ਰਗਟ ਕੀਤੀ।
‘‘ਬੈਠ ਜਾ ਬੀਬਾ, ਇਹਦਾ ਕੀ ਘੱਸਦਾ ਏ। ਡਰਾਈਵਰ ਨੇ ਮੁੱਛਾਂ ਵਿੱਚੋਂ ਮਿੰਨਾਂ ਜਿਹਾ ਮੁਸਕਰਾਉਂਦੇ ਹੋਏ ਕਿਹਾ।
“ਸੱਚ ਬੋਲਣਾ ਇਕ ਮਨੁੱਖੀ ਗੁਣ ਹੈ, ਬੱਚਿਓ! ਇਸ ਲਈ ਸਾਨੂੰ ਸਾਰਿਆਂ ਨੂੰ ਸੱਚ ਬੋਲਣਾ ਚਾਹੀਦਾ ਹੈ। ਮਾਸਟਰ ਜੀ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ।
ਇੰਨੇ ਨੂੰ ਸਕੂਲ ਦੇ ਮੈਦਾਨ ਵਿਚ ਜੀਪ ਆ ਕੇ ਰੁਕੀ। ਜੀਪ ਦੇਖ ਮਾਸਟਰ ਜੀ ਇਕਦਮ ਬੋਲੇ
“ਓਏ! ਡੀ.ਓ. ਸਾਹਿਬ ਆਏ ਨੇ, ਜੇ ਥੋਡੇ ਤੋਂ ਕਿਸੇ ਨੂੰ ਗਾਈਡਾਂ ਬਾਰੇ ਪੁੱਛਿਆ ਤਾਂ ਤੁਸੀਂ ਕਹਿਓ ਕਿ ਇਹ ਤਾਂ ਅਸੀਂ ਆਪਣੀ ਮਰਜੀ ਨਾਲ ਲਈਆਂ ਨੇ ਕਿਤੇ ਸੱਚ ਦੱਸ ਕੇ ਸਾਡੀ ਨਾ ਛੁੱਟੀ ਕਰਵਾ ਦਿਉ।
ਮਾਸਟਰ ਜੀ ਦੀ ਸਿੱਖਿਆ ਵਿਦਿਆਰਥੀਆਂ ਦੀ ਸਮਝ ਵਿਚ ਨਹੀਂ ਆਈ ਸੀ।
ਨਖਲਿਸਤਾਨ ਦੀ ਸੰਸਦ ਦਾ ਸਮਾਗਮ ਚਲ ਰਿਹਾ ਸੀ। ਅੱਜ ਦੇਸ਼ ਦੇ ਚਾਚਾ ਦੇ ਜਨਮ ਦਿਨ ਵੀ ਸਮਾਗਮ ਬਲਾਉਣਾ ਪਿਆ ਸੀ। ਕਾਨੂੰਨ ਬਹੁਤ ਸਾਰੇ ਵਿਚਾਰ ਅਧੀਨ ਪਏ ਸਨ। ਵਕਤ ਬੜਾ ਘੱਟ ਸੀ।
ਵਕਤ ਨਾ ਮਿਲਣ ਕਰਕੇ ਦੋ ਵਿਰੋਧੀ ਪਾਰਟੀਆਂ ਦੇ ਵਿਧਾਇਕ ਸਦਨ ਵਿੱਚੋਂ ਵਾਕ ਆਊਟ ਕਰ ਗਏ ਸਨ।
ਬਕਵਾਸ?
ਆਨਰੇਬਲ ਮੈਂਬਰਜ਼, ਰਾਜ ਮੰਤਰੀ ਨੇ ਬਕਵਾਸ ਦਾ ਸ਼ਬਦ ਵਰਤਿਆ ਏ।
ਹੈ, ਬਕਵਾਸ ਦਾ ਸ਼ਬਦ ਵਰਤਿਆ ਏ?
ਸਾਨੂੰ ਬਕਵਾਸ ਕਿਹਾ ਏ?
ਕੀ ਆਪੋਜੀਸ਼ਨ ਬਕਵਾਸ ਏ?
ਬਕਵਾਸ ਨਹੀਂ, ਤੁਸੀਂ ਮਹਾਂ ਬਕਵਾਸ ਹੋ।
ਇਹ ਹਰਾਮਖੋਰ ਸਾਨੂੰ ਬਕਵਾਸ ਕਹਿੰਦੇ ਨੇ।
ਇਹ ਸਦਨ ਦੀ ਤੌਹੀਨ ਏ।
ਇਹ ਅਪਮਾਨ ਏ।
ਰਾਜ ਮੰਤਰੀ ਇਹ ਸ਼ਬਦ ਵਾਪਸ ਲਵੇ।
ਸਪੀਕਰ ਇਹ ਸ਼ਬਦ ਸਦਨ ਦੀ ਕਾਰਵਾਈ ਰਿਕਾਰਡ ਵਿੱਚੋਂ ਬਾਹਰ ਕੱਢੇ।
ਤੁਸੀਂ ਜਿੰਨਾਂ ਮਰਜ਼ੀ ਭੌਕੀ ਜਾਵੋ ਇਹ ਸ਼ਬਦ ਵਾਪਸ ਨਹੀਂ ਹੋਵੇਗਾ।
ਅਸੀਂ ਮੁੱਕੇ ਮਾਰ-ਮਾਰ ਕੇ ਕੁਰਸੀਆਂ ਤੋੜ ਦਿਆਂਗੇ।
ਟੋਪੀਆਂ ਉਛਾਲ ਦਿਆਂਗੇ।
ਪੇਪਰ ਪਾੜ ਦਿਆਂਗੇ।
ਤੇ ਫਿਰ ਇੱਕ ਘੰਟਾ ਵੀਹ ਮਿੰਟ ਰੌਲਾ ਪੈਂਦਾ ਰਿਹਾ- ਤੂੰ-ਤੂੰ, ਮੈਂ-ਮੈਂ ਹੁੰਦੀ ਰਹੀ- ਇੱਕ ਦੂਜੇ ਨੂੰ ਚੋਣਵੇਂ ਸ਼ਬਦਾਂ ਵਿਚ ਗਾਲਾਂ ਕੱਢੀਆਂ ਜਾਂਦੀਆਂ ਰਹੀਆਂ। ਸਦਨ ਦੀ ਕਾਰਵਾਈ ਰੁਕੀ ਰਹੀ।
ਸਪੀਕਰ ਨੇ ਸਦਨ ਦਾ ਸਮਾਗਮ ਇਕ ਘੰਟੇ ਲਈ ਉਠਾ ਦਿੱਤਾ। ਆਪਣੇ ਚੈਂਬਰ ਵਿਚ ਵਿਰੋਧੀ ਆਗੂਆਂ ਨੂੰ ਬੁਲਾਇਆ।
ਘੰਟੇ ਬਾਅਦ ਕਾਰਵਾਈ ਫੇਰ ਸ਼ੁਰੂ ਹੋਈ ਆਰਡੀਨੈਂਸ ਉਤੇ ਵਿਚਾਰ ਕਰਨ ਤੋਂ ਪਹਿਲਾਂ ਰਾਜ ਮੰਤਰੀ ਨੇ ਆਪਣਾ ਸਪਸ਼ਟੀਕਰਣ ਦਿੱਤਾ।
ਬਕਵਾਸ ਸ਼ਬਦ ਮੈਂ ਸਦਨ ਦੇ ਕਿਸੇ ਆਨਰੇਬਲ ਮੈਂਬਰ ਬਾਰੇ ਨਹੀਂ ਸੀ ਵਰਤਿਆ। ਇਹ ਕਈ ਪ੍ਰਾਂਤਾਂ ਵਿਚ ਚਲ ਰਹੇ ਕਿਸਾਨ ਅੰਦੋਲਨ ਬਾਰੇ….।
ਸਾਡੇ ਕਿਸਾਨ ਆਗੂਆਂ ਨੂੰ ਬਕਵਾਸ ਕਿਹਾ।
ਖੰਡ ਦਾ ਮੁੱਲ 20 ਰੁਪਏ ਕਿਲੋ ਅਤੇ ਗੰਨੇ ਦਾ ਮੁੱਲ 20 ਰੁਪਏ ਕੁਇੰਟਲ।
ਸ਼ੇਮ!ਸ਼ੇਮ!
ਭੁੱਖੇ ਮਰਦੇ ਕਿਸਾਨ ਜੇ ਹੜਤਾਲ ਕਰਦੇ ਹਨ, ਤਾਂ ਤੁਸੀਂ ਬਕਵਾਸ ਕਹਿੰਦੇ ਹੋ। ‘
ਕਾਥੋਂ ਪਰ ਸੰਗੀਨ ਕੰਦਾਲੇ, ਹੋਠਾਂ ਪਰ ਬੇਬਾਕ ਤਰਾਨੇ।
ਦਹਿਕਾਨੋਂ ਕੇ ਦਲ ਨਿਕਲੇ ਹੋਂ ਆਪਨੀ ਬਿਗੜੀ ਆਪ ਬਨਾਨੇ।
– ਬੰਦ ਕਰ ਬਕਵਾਸ ਏਨੀ ਗੰਭੀਰ ਸਮੱਸਿਆ ਏ ਤੇ ਤੈਨੂੰ ਸ਼ੇਅਰ ਸੁਝਦੇ ਨੇ।
– ਸਪੀਕਰ, ਬਕਵਾਸ ਵਰਗਾ ਗੰਦਾ ਤੇ ਬਾਸਟਰਡ ਸ਼ਬਦ ਸਦਨ ਦੀ ਕਾਰਵਾਈ ਵਿੱਚੋਂ ਬਾਹਰ ਨਹੀਂ ਕੱਢ ਰਿਹਾ- ਸਾਰਾ ਦਲ ਵਾਕ ਆਊਟ ਕਰਦਾ ਹੈ।
– ਜਾਉ, ਤੁਸੀਂ ਚਲੇ ਜਾਉ।
– ਕਿਉਂ ਅਸੀਂ ਕਿਉਂ ਜਾਈਏ? ਤੇਰੇ ਪਿਉ ਦੇ ਘਰ ਬੈਠੇ ਹਾਂ?
– ਆਰਡਰ-ਅਰਡਰ। ਆਨਰੇਬਲ ਮੈਂਬਰਜ਼
ਰਾਜ ਮੰਤਰੀ ਨੇ ਸਦਨ ਦੇ ਪਵਿੱਤਰ ਨੇਮਾਂ ਦਾ ਸਤਿਕਾਰ ਕਰਦਿਆਂ ਹੋਇਆ ਆਪਣੇ ਮੂੰਹੋਂ ਨਿਕਲੇ ਬਕਵਾਸ ਸ਼ਬਦ ਨੂੰ ਵਾਪਸ ਲੈ ਲਿਆ।
ਇਹ ਸ਼ਬਦ ਉਨ੍ਹਾਂ ਜਾਣ ਬੁਝ ਕੇ ਨਹੀਂ ਸੀ ਵਰਤਿਆ- ਇਹ ਤਾਂ ਸਲਿਪ ਆਫ਼ ਦੀ ਟੰਗ ਹੀ ਸੀ। (ਤਾੜੀਆਂ)
ਕੀ ਨਾਨਸੈਂਸ ਹੈ?
(ਤਾੜੀਆਂ ਵੱਜੀ ਜਾ ਰਹੀਆਂ ਹਨ)
…ਟਰਨ…ਟਰਨਟਰਨ…ਟ..ਰ..ਨ
….ਹੈਲੋ?
…..ਕੌਣ? ਮਧੁ ਜੀ ਬੋਲ ਰਹੇ
…ਹਾਂ, ਮੈਂ ਮਧੂ ਹੀ ਬੋਲ ਰਹੀ ਆਂ, ਸੁਸ਼ਮਾ ਦੱਸ ਕੀ ਗੱਲ ਏ?
…ਤੁਸੀਂ ਅਜ ਆਫਿਸ ਨਹੀਂ ਗਏ? ਕੀ ਸਰਵਿਸ ਛੱਡ ਦਿੱਤੀ ਜੇ?
..ਨਹੀਂ ਤਾਂ…ਕਿਉਂ?
…ਅਕਸਰ ਤੁਹਾਨੂੰ ਘਰ ਹੀ ਵੇਖੀਦਾ ਏ, ਸ਼ਾਇਦ ਲੰਬੀ ਛੁੱਟੀ ਤੇ ਹੋਵੋਗੇ?
….ਨਹੀਂ, ਛੁੱਟੀ ਤੇ ਤਾਂ ਨਹੀਂ ਆਂ, ਆਫਿਸ ਹੀ ਲੇਟ ਜਾਈਦਾ ਏ, ਛੁੱਟੀ ਤਾਂ ਜਿੰਨੀ ਚਾਹਵਾਂ ਮਿਲ ਜਾਂਦੀ ਹੈ।
…ਉਹ ਕਿਸ ਤਰ੍ਹਾਂ?
….ਬਸ ਬੁੱਢੇ ਅਫਸਰ ਦਾ ਦਿਲ ਪਰਚਾਉਣਾ, ਉਸ ਦੀ ਕਿਸੇ ਬੇਢੰਗੀ ਗੱਲ ਤੇ ਹੱਸ ਕੇ ਪਰ ਜ਼ਰਾ ਅਦਾ ਨਾਲ ਤੇ ਲੋ-ਕਟ ਬਲਾਊਜ਼ ਪਾ ਕੇ ਅੱਧਾ ਪੌਣਾ ਘੰਟਾ ਸਾਹਮਣੇ ਬੈਠਣ ਤੇ ਲੇ ਟ ਕਵਰ ਹੋ ਜਾਂਦੀ ਏ ਤੇ ਛੁੱਟੀ ਵੀ ਜਦੋਂ ਮਰਜ਼ੀ।
…ਤੇ ਤਨਖਾਹ
…ਅਕਾਊਟੈਂਟ ਆਪਣੇ ਦੂਸਰੇ ਸਾਥੀਆਂ ਤੋਂ ਅੱਖ ਬਚਾਕੇ ਹੱਥ ਮਿਲਾਣ ਤੇ ਨਸ਼ਿਆਇਆ ਰਹਿੰਦਾ ਏ ਤਨਖਾਹ ਘਰ ਆ ਜਾਂਦੀ ਏ।
…ਪਰ ਐਨੀ ਛੁੱਟੀ?
…ਆਪਣੀ ਸੀਟ ਤੋਂ ਉਠਦਿਆਂ ਬੈਠਦਿਆਂ ਇੰਚਾਰਜ ਨਾਲ ਬਸ ਕਦੇ ਕਦੇ ਜ਼ਰਾ ਖਹਿਕੇ ਲੰਘ ਜਾਈਦਾ ਏ, ਛੁੱਟੀ ਐਂਟਰ ਨਹੀਂ ਹੁੰਦੀ।
ਫ਼ਰਜ
ਉਏ ਮੀਤਿਆ ਉਸ ਫੱਟੇ ਤੇ ਕੀ ਲਿਖਿਆ ਸੜਕ ਵਾਲੇ ਖੇਤ? ਬੰਤੇ ਨੇ ਅੱਠਵੀਂ ’ਚ ਪੜ੍ਹਦੇ ਆਪਣੇ ਮੀਤੇ ਨੂੰ ਚਾਅ ਨਾਲ ਪੁੱਛਿਆ।
ਉਹ ਤਾਂ ਬਾਪੂ ਸਰਕਾਰ ਦਾ ਲਿਖਿਆ ਬਈ ਹਰ ਗੈਰ ਕਾਨੂੰਨੀ ਘਟਨਾ ਦੀ ਰਿਪੋਰਟ ਪੁਲੀਸ ਕੋਲ ਦਰਜ਼ ਕਰਾ ਕੇ ਚੰਗੇ ਨਾਗਰਿਕ ਦਾ ਫਰਜ ਪਾਲੋ। ਪੁਲੀਸ ਦੀ ਮਦਦ ਕਰੋ। ਪੁਲੀਸ ਤੁਹਾਡੀ ਆਪਣੀ ਹੈ। ਖੇਤ ਮੱਥੇ ਸੜਕ ਦੇ ਬੋਰਡ ਤੋਂ ਪੜਿਆ ਸੰਦੇਸ਼ ਮੀਤੇ ਨੇ ਅਨਪੜ੍ਹ ਬਾਪ ਨੂੰ ਹੱਬ ਹੁਬਾ ਕੇ ਦੱਸਿਆ।
ਠੀਕ ਕਹਿੰਦੀ ਏ ਸਰਕਾਰ ਤਾਂ ਫਿਰ ? ਸੋਚਦਾ ਉਹ ਆਪਣਾ ਮੈਰੇ ਵਾਲੇ ਖੇਤ ਨੂੰ ਤੁਰ ਗਿਆ। ਆਪਣੇ ਨੀਵੇਂ ਪੱਤੇ `ਚ ਜਦੋਂ ਉਸ ਨੇ ਕਰਤਾਰਾ ਲੰਬੜ ਵੱਢਿਆ ਪਿਆ ਵੇਖਿਆ ਤੇ ਕੰਬਦੇ ਦੇ ਮੂੰਹੋਂ ਸੁਭਾਵਕ ਨਿਕਲ ਗਿਆ
ਉਹੋ ਨਿਧਾਨੇ ਕਿਆਂ ਨਾਲ ਦੁਸ਼ਮਣੀ ਸੀ ਵਿਚਾਰੇ ਦੀ। ਫਿਰ ਉਹ ਖੇਤੋਂ ਹੀ ਪੁਲੀਸ ਚੌਕੀ ਵੱਲ ਦੌੜ ਪਿਆ ਤੇ ਚੌਂਕ ਚੈੱਕ ਕੇ ਸਾਰੀ ਗੱਲ ਉਹਨੇ ਥਾਣੇਦਾਰ ਨੂੰ ਦੱਸ ਦਿੱਤੀ।
ਦੇਖ ਕੰਜਰ ਦਾ ਡਰਾਮਾ ਮਾਰ ਕੇ ਖਸਮ ਆਪ ਆ ਗਿਆ ਸਾਨੂੰ ਚਾਰਨ ਹੋਰ ਕਿਸੇ ਨੂੰ ਨੀ ਪਹਿਲਾਂ ਪਤਾ ਲੱਗਿਆ-ਕਰੋ ਇਹਨੂੰ ਪਿਛਲੀ ਕੋਠੀ ’ਚ ਬੰਦ।’ ਥਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਚਾੜਿਆ। ਉਹ ਖੜਾ ਕੰਬ ਗਿਆ।
ਦੋ ਸਿਪਾਹੀਆਂ ਉਹਨੂੰ ਪੱਗ ਨਾਲ ਨੂੜ ਕੇ ਕੋਠੀ ’ਚ ਬੰਦ ਕਰ ਦਿੱਤਾ। ਉਥੇ ਪਿਆ ਉਹ ਸੋਚ ਰਿਹਾ ਸੀ, ਉਸ ਬੋਰਡ ਬਾਰੇ, ਆਪਣੀ ਪੁਲੀਸ ਬਾਰੇ ਤੇ ਚੰਗੇ ਨਾਗਰਿਕ ਦੇ ਕਰਤਵ ਬਾਰੇ।
ਮੈਂ ਸੁਣਿਐਂ, ਕਿ ਇੰਗਲੈਂਡ ਵਿਚ ਲੋਕ ਖਾਣ-ਪੀਣ ਦੇ ਮਾਮਲੇ ਵਿਚ ਬਰੈੱਡ, ਬਿਸਕੁਟ, ਕੇਕ, ਮੱਖਣ ਆਦਿ ‘ਤੇ ਜ਼ਿਆਦਾ ਨਿਰਭਰ ਕਰਦੇ।
ਹਾਂ, ਤੁਹਾਡੀ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ।
‘‘ਯਾਰ, ਜੇ ਸਾਡੀ ਇਹ ਬੇਕਰੀ ਉਥੇ ਹੋਵੇ ਤਾਂ, ਵਿਕਰੀ ਖੂਬ ਹੋਵੇ। ਫਿਰ ਤਾਂ।”
ਜੇ ਤੁਹਾਡੀ ਉਥੇ ਕੋਈ ਬੇਕਰੀ ਹੋਵੇ, ਤਾਂ ਜੁਰਮਾਨੇ ਵੀ ਤੁਹਾਨੂੰ ਬਾਕੀ ਬੇਕਰੀਆਂ ਵਾਲਿਆਂ ਨਾਲੋਂ ਜਿਆਦਾ ਹੋਣ।
“ਕਿਉਂ?”
‘ਤੁਸੀਂ ਸਫ਼ਾਈ ਵਲ ਤਾਂ ਕੋਈ ਧਿਆਨ ਨਹੀਂ ਦੇਦੇ, ਤੇ ਗੱਲਾਂ ਕਰਦੇ ਓ ਇੰਗਲੈਂਡ ਵਿਚ ਬੇਕਰੀ ਖੋਲ੍ਹਣ ਦੀਆਂ।’
ਕਣਕ ਵੱਲ ਦੇਖ ਸਾਰਾ ਪਰਿਵਾਰ ਵੀ ਖੁਸ਼ ਸੀ। ਰੂਹ ਖੁਸ਼ ਹੋ ਜਾਂਦੀ ਸੀ ਝੂਮਦੀ ਹੋਈ ਫਸਲ ਵਲ ਦੇਖ। ਇਸ ਫ਼ਸਲ ‘ਤੇ ਉਸਨੇ ਘਰ ਦੇ ਸਾਰੇ ਜੀਆਂ ਨੂੰ ਉਹਨਾਂ ਦੀ ਮਨ-ਮਰਜ਼ੀ ਦੇ ਕੱਪੜੇ ਲੈ ਦੇਣ ਦਾ ਲਾਰਾ ਲਾਇਆ ਹੋਇਆ ਸੀ। ਸਾਰੇ ਪਰਿਵਾਰ ਨੇ ਚਾਈਂ ਚਾਈਂ ਵਾਢੀ ਕੀਤੀ, ਗਹਾਈ ਕੀਤੀ ਤੇ ਦਾਣੇ ਕੱਢੇ। ਪਰ ਖਾਦ ਤੇ ਦੁਆਈਆਂ ਦੇ ਦਾਣੇ ਕੱਟ ਕਟਾ, ਹੱਟੀਆਂ ਦੇ ਉਧਾਰ ਦਾ ਹਿਸਾਬ ਲਾ ਕੇ ਜਦੋਂ ਦੇਖਿਆ ਤਾਂ ਮਸਾਂ ਖਾਣ ਜੋਗੇ ਦਾਣੇ ਹੀ ਬਚਦੇ ਲੱਗੇ।
ਤੇ ਇਸ ਵਾਰ ਫਿਰ ਉਹ ਜਦੋਂ ਦੁਕਾਨ ‘ਤੇ ਗਿਆ ਤਾਂ ਉਸ ਸਾਰੇ ਜੀਆਂ ਲਈ ਸਸਤੇ ਕਪੜੇ ਪੜਵਾ ਲਏ। ਮਨ ਮਰਜ਼ੀ ਦੇ ਕੱਪੜੇ ਲੈਕੇ ਦੇਣ ਦਾ ਲਾਰਾ ਮੁੜ ਅਗਲੀ ਫਸਲ ‘ਤੇ ਜਾ ਪਿਆ ਸੀ।