ਮਾਂ ਦਾ ਦਰਜਾ ਸਭ ਤੋਂ ਉੱਚਾ ਏ ਇਨਸਾਨ ਦੀ ਜਿੰਦਗੀ ਵਿੱਚ, ਮਾਂ ਝਿੜਕ ਤਾਂ ਲੈਂਦੀ ਏ ਪਰ ਝਿੜਕਣ ਨਹੀ ਦੇਂਦੀ ਕਿਸੇ ਹੋਰ ਨੂੰ , ਕਿਉਂਕਿ ਉਸਦੀ ਝਿੜਕ ਵਿੱਚ ਵੀ ਪਿਆਰ ਪਰੋਇਆ ਹੁੰਦਾ ਏ , ਮਾਂ ਕਦੀ ਸੁਪਨੇ ਵਿੱਚ ਵੀ ਬੁਰਾ ਨਹੀ ਚਾਹੁੰਦੀ ਆਪਣੇ ਬੱਚੇ ਦਾ । ਖ਼ੁਦ ਭੁੱਖ ਪਿਆਸ ਬਰਦਾਸ਼ਤ ਕਰ ਲੈਂਦੀ ਏ ਉਹ,ਪਰ ਬੱਚੇ ਦੀ ਭੁੱਖ ਬਰਦਾਸ਼ਤ ਨਹੀ ਕਰਦੀ ।ਇਹੀ ਕਾਰਨ ਹੁੰਦੇ ਨੇ ਕਿ ਮਾਂ ਦਾ ਕਿਹਾ ਨਹੀ ਮੋੜਿਆ ਜਾਂਦਾ , ਓਹਦੇ ਵਜੂਦ ਦਾ ਹਿੱਸਾ ਜੁ ਰਹੇ ਹੁੰਦੇ ਆਂ ਅਸੀਂ ਕਦੇ । ਬੇਸ਼ੱਕ ਨਾੜੂਆ ਕੱਟ ਦੇਣ ਬਾਅਦ ਸਰੀਰਕ ਤੌਰ ਤੇ ਅਲੱਗ ਹੋ ਜਾਂਦੇ ਆਂ ਮਾਂ ਤੋਂ,ਪਰ ਇੱਕ ਅਦਿੱਖ, ਦੈਵੀ ਜੋੜ ਹਮੇਸ਼ਾਂ ਰਹਿੰਦਾ ਏ ਮਾਂ ਦਾ,ਆਪਣੇ ਬੱਚਿਆਂ ਨਾਲ । ਕਈ ਵਾਰ ਪਰਦੇਸੀ ਹੋਏ ਬੱਚਿਆਂ ਦੀਆਂ ਮਾਂਵਾਂ ਆਪਣੇ ਆਪ ਬੁੱਝ ਲੈਂਦੀਆਂ ਨੇ ਕਿ ਉਹਦਾ ਲਖਤੇ ਜਿਗਰ ਕਿਸੇ ਪਰੇਸ਼ਾਨੀ ਵਿੱਚ ਏ ।
ਕਹਿੰਦੇ , ਜਦੋਂ ਕੰਵਰ ਦਲੀਪ ਦਹਾਕਿਆਂ ਦੀ ਜਲਾਵਤਨੀ ਭੋਗ ਕੇ ਆਪਣੀ ਮਾਂ , ਮਹਾਰਾਣੀ ਜਿੰਦਾਂ ਨੂੰ ਗਲ ਲੱਗ ਮਿਲਿਆ ਸੀ ਤਾਂ ਉਹਦੀ ਮਾਂ ਅੱਖਾਂ ਤੋਂ ਅੰਨ੍ਹੀਂ ਹੋ ਚੁੱਕੀ ਸੀ , ਪਰ ਆਪਣੇ ਲਾਲ ਨੂੰ ਸੀਨੇ ਨਾਲ ਲਾ ਕੇ ਉਹਦੀਆਂ ਛਾਤੀਆਂ ਤੋਂ, ਬੁੱਢੀ ਉਮਰੇ ਦੁੱਧ ਸਿੰਮ ਪਿਆ ਸੀ । ਕੈਸਾ ਰਿਸ਼ਤਾ ਏ ਇਹ , ਸ਼ਾਇਦ ਰੱਬ ਤੋ ਬਾਦ ਦੂਜਾ , ਜਾਂ ਉਹਦੇ ਬਰਾਬਰ ਦਾ ਈ ।
ਇਨਸਾਨ ਜਿੰਦਗੀ ਦੇ ਸਫਰ ਵਿੱਚ ਠੋਕਰਾਂ ਖਾਂਦਾ ਏ, ਜਖਮੀ ਹੁੰਦਾ ਏ, ਜ਼ਲੀਲ ਹੁੰਦਾ ਏ ਤਾਂ ਮਾਂ ਨੂੰ ਯਾਦ ਕਰਦਾ ਏ , ਸਾਰੀ ਦੁਨੀਆਂ ਜਦ ਓਹਨੂੰ ਓਪਰੀ ਲੱਗਦੀ ਏ ਤਾਂ ਮਾਂ ਦੀ ਗੋਦ ਵਿੱਚ ਸਿਰ ਰੱਖ ਰੋਣਾ ਚਾਹੁੰਦਾ ਏ ਇਨਸਾਨ । ਤੇ ਜਦ ਮਾਂ ਕੋਲ ਨਾ ਹੋਵੇ , ਜਾਂ ਰਹੇ ਈ ਨਾ , ਤਾਂ ਫਿਰ ਆਪਣੇ ਆਪ ਨਾਲ ਰੂਬਰੂ ਹੁੰਦਾ ਏ , ਇਕਾਂਤ ਵਿੱਚ ਬੈਠ ਕੇ ਵਾਰਤਾਲਾਪ ਕਰਦਾ ਏ ਖ਼ੁਦ ਨਾਲ , ਸਿਰਹਾਣੇ ਤੇ ਸਿਰ ਰੱਖ ਕੇ , ਜਾਂ ਕਈ ਵਾਰੀ ਕੰਧ ਦਾ ਸਹਾਰਾ ਲੈ ਕੇ ।ਇਹੀ ਵਕਤ ਹੁੰਦਾ ਏ ਜਦੋਂ ਅਸੀਂ ਖ਼ੁਦ ਦੀ ਮਾਂ ਬਣ ਕੇ ਖ਼ੁਦ ਨੂੰ ਵਰਾ ਸਕਦੇ ਆਂ, ਹੰਝੂ ਪੂੰਝ ਸਕਦੇ ਆਂ, ਦਿਲਾਸਾ ਦੇ ਸਕਦੇ ਆਂ , ਮਰਹਮ ਲਾ ਸਕਦੇ ਆਂ ਉਹਨਾਂ ਜ਼ਖ਼ਮਾਂ ਤੇ , ਜੋ ਦੁਨੀਆਂ ਨੂੰ ਨਹੀ ਵਿਖਾ ਸਕਦੇ, ਚਾਹ ਕੇ ਵੀ ਨਹੀਂ।
ਬਦਕਿਸਮਤੀ ਹੁੰਦੀ ਏ ਇਨਸਾਨ ਦੀ , ਜਦੋਂ ਖ਼ੁਦ ਨੂੰ ਕੋਸਦਾ ਏ, ਲਾਹਨਤਾਂ ਪਾ ਕੇ ਆਪਣੇ ਟੁੱਟੇ ਹੋਏ ਮਨੋਬਲ ਨੂੰ ਚੂਰ ਚੂਰ ਕਰ ਬਹਿੰਦਾ ਏ ।
ਗੀਤ ਸੁਣਿਆ ਹੋਵੇਗਾ ਨਾ, “ਦਿਲ ਤੋ ਬੱਚਾ ਹੈ ਜੀ….
ਦਿਲ ਜਾਂ ਮਨ ਨੂੰ ਬੱਚੇ ਵਾਂਗ ਵਰਾਉਣਾ ਤੇ ਕਿਸੇ ਗਲਤ ਕੰਮ ਤੋ ਪਿਆਰ ਨਾਲ ਮੋੜਨਾ ਆ ਜਾਣਾ , ਮਾਨੋ ਕ੍ਰਾਂਤੀ ਏ ਜੀਵਨ ਚ । ਖ਼ੁਦ ਨੂੰ ਪਿਆਰ ਤੇ ਸਤਿਕਾਰ ਦੇਣ ਬਿਨਾਂ ਦੂਜਿਆਂ ਨੂੰ ਸਤਿਕਾਰ ਦੇਣਾ ਅਸੰਭਵ ਏ ।
ਘਰਿ ਸੁਖਿ ਵਸਿਆ
ਬਾਹਰਿ ਸੁਖੁ ਪਾਇਆ ।
ਝਰਨੇ ਵਾਂਗ ਵਹਿਣ ਲਈ ਅੰਦਰੋਂ ਲਬਾਲਬ ਭਰਨਾ ਜ਼ਰੂਰੀ ਏ । ਆਪਣੀ ਪਿੱਠ ਆਪ ਹੀ ਥਾਪੜਨੀ , ਜ਼ਰੂਰੀ ਏ । ਸਾਰੀ ਦੁਨੀਆਂ ਵੀ ਬੇਸ਼ੱਕ ਕਰੂਪ ਕਹੇ , ਪਰ ਮਾਂ ਵਾਂਗ ਮਨ ਨੂੰ ਕਹਿਣਾ ਜ਼ਰੂਰੀ ਏ ਕਿ ਤੇਰੇ ਵਰਗਾ ਕੋਈ ਹੈ ਈ ਨਹੀ । ਮਿੱਟੀ ਹੋਇਆ ਮਨ ਫਿਰ ਤੋ ਮਹਿਕ ਉੱਠਦਾ ਏ, ਜੀਵਤ ਹੋ ਜਾਂਦਾ ਏ , ਤੁਹਾਡੇ ਖ਼ੁਦ ਦੇ ਥਾਪੜੇ ਨੂੰ ਈ ਰੱਬੀ ਅਸੀਸ ਸਮਝਕੇ ।
ਦਵਿੰਦਰ ਸਿੰਘ ਜੌਹਲ