ਢੇਰ-ਢੇਰ-ਢੇਰ
ਦਾਰੂ ਦਾ ਬਹਾਨਾ ਲਾ ਕੇ
ਮੁੰਡਾ ਦੱਸ ਤਖਤੇ ਕਿਉਂ ਭੇੜੇ
ਮੈਂ ਕਿਹੜਾ ਨਿਆਣੀ ਸੀ
ਮੈਂ ਜਾਣਾ ਢੰਗ ਬਥੇਰੇ
ਨਿਕਲ ਫਰੰਟ ਗਈ
ਆਈ ਨਾ ਹੱਥਾਂ ਵਿੱਚ ਮੇਰੇ
ਜਾਂ
ਪਾਟੀ ਜੀ ਕੱਛ ਵਾਲਾ
ਸੌ ਸੌ ਮਾਰਦਾ ਗੇੜੇ।
Kudi vallo Punjabi boliyan
ਰੜਕੇ-ਰੜਕੇ-ਰੜਕੇ
ਮਿੱਤਰਾਂ ਨੇ ਅੰਬ ਤੜਕੇ
ਸੰਤੀ ਆ ਗਈ ਕੌਲੀ ਫੜਕੇ
ਆਉਂਦੀ ਨੂੰ ਖਾ ਵੀ ਗਏ
ਉਹ ਮੁੜਗੀ ਢਿੱਲੇ ਜੇ ਬੁੱਲ੍ਹ ਕਰਕੇ
ਸੰਤੀਏ ਨਾ ਮੁੜ ਨੀ
ਤੈਨੂੰ ਦੇਊਂਗਾ ਬਾਜਰਾ ਮਲਕੇ
ਬਾਜਰੇ ਦਾ ਕੀ ਖਾਣਾ
ਮੈਨੂੰ ਦੇ ਦੇ ਪੰਜੀਰੀ ਕਰਕੇ
ਹੌਕਾ ਮਿੱਤਰਾਂ ਦਾ
ਬਹਿ ਗਈ ਕਾਲਜਾ ਫੜਕੇ ।
ਕੀ ਸੁਰਮਿਆਂ ਨੂੰ ਮਾਣ ਹੈਂ ਕਰਦਾ
ਹੈ ਰੰਗ ਤੇਰਾ ਕਾਲਾ
ਫਿਰਦਾ ਮੁੱਲ ਵਿਕਦਾ
ਵੱਡੇ ਦਮਾਕਾਂ ਵਾਲਾ
ਕਾਂਟੇ ਕਰਾਏ ਕੋਠੇ ਚੜ੍ਹਦੀ ਨੇ ਪਾਏ
ਉੱਤੇ ਲੈ ਕੇ ਡੋਰੀਆ ਕਾਲਾ
ਮੇਰੇ ਉੱਤੇ ਜਿੰਦ ਵਾਰਦਾ
ਮੁੰਡਾ ਬਿਜਲੀ ਮਹਿਕਮੇ ਵਾਲਾ।
ਕਾਲਜ ਦੇ ਮੁੰਡੇ ਬੜੇ ਸ਼ੁਕੀਨੀ
ਜੀ. ਟੀ. ਰੋਡ ਤੇ ਖੜ੍ਹਦੇ
ਜਾਂਦੀ ਕੁੜੀ ਨੂੰ ਕੁਛ ਨਾ ਆਖਦੇ
ਆਉਂਦੀ ਨੂੰ ਬਾਹੋਂ ਫੜਦੇ
ਵੇਲਾ ਆਥਣ ਦਾ
ਬਹਿਜਾ ਬਹਿਜਾ ਕਰਦੇ।
ਆਰੀ! ਆਰੀ! ਆਰੀ!
ਪੈਰਾਂ ਵਿਚ ਪਾ ਕੇ ਝਾਂਜਰਾਂ,
ਵਿਹੜੇ ਯਾਰ ਦੇ ਅੱਡੀ ਜਦ ਮਾਰੀ।
ਲੱਕ ਸੀ ਵਲੇਵਾਂ ਖਾ ਗਿਆ।
ਚੁੰਨੀ ਅੰਬਰਾਂ ਨੂੰ ਮਾਰਗੀ ਉਡਾਰੀ।
ਸਹੁੰ ਖਾ ਕੇ ਤੂੰ ਭੁੱਲ ਗਿਆ,
ਤੈਨੂੰ ਆਈ ਹਾਂ ਮਿਲਣ ਦੀ ਮਾਰੀ।
ਭੱਜ ਜਾ ਪਿੱਠ ਕਰਕੇ
ਜੇ ਤੈਥੋਂ ਨਿਭਦੀ ਨਹੀਂ ਯਾਰੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਆਸੀ।
ਬੀਕਾਨੇਰ ਤੋਂ ਲਿਆਂਦੀ ਬੋਤੀ,
ਦੇ ਕੇ ਰੋਕ ਪਚਾਸੀ।
ਬਰਨਾਲੇ ਤੋਂ ਲਿਆਂਦੀ ਝਾਂਜਰ,
ਜਗਰਾਵਾਂ ਤੋਂ ਕਾਠੀ।
ਵਿਚ ਤ੍ਰਿੰਝਣਾਂ ਫਿਰੇ ਮਟਕਦੀ,
ਕੁੜੀਆਂ ਵਿਚ ਸਰਦਾਰੀ।
ਪਿੰਡ ਦੇ ਗੱਭਰੂ ਆਹਾਂ ਭਰਦੇ,
ਦਿਲ ਤੇ ਚੱਲਦੀ ਆਰੀ।
ਆਪੇ ਲੈ ਜਾਣਗੇ
ਲੱਗੂ ਜਿਨ੍ਹਾਂ ਨੂੰ ਪਿਆਰੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੱਤੀ।
ਮੱਤੀ ਦੇ ਵਿੱਚ ਲੜਨ ਸੌਕਣਾਂ,
ਪਾ ਇੱਕੀ ਦੇ ਕੱਤੀ।
ਇਕ ਤਾਂ ਮੋੜਿਆਂ ਵੀ ਮੁੜ ਜਾਵੇ,
ਦੂਜੀ ਬਹੁਤੀ ਤੱਤੀ।
ਤੱਤੀ ਦਾ ਉਹ ਰੋਗ ਹਟਾਵੇ,
ਕੰਨੀਂ ਜੋ ਪਾਵੇ ਨੱਤੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਧਿਆਨੀ।
ਧਿਆਨੀ ਦਾ ਇਕ ਗੱਭਰੂ ਸੁਣੀਂਦਾ,
ਤੋਰ ਤੁਰੇ ਮਸਤਾਨੀ।
ਹਰਾ ਮੂੰਗੀਆ ਬੰਨ੍ਹਦਾ ਸਾਫਾ,
ਬਣਿਆ ਫਿਰਦਾ ਜਾਨੀ।
ਭਾੜੇ ਦੇ ਹੱਥ ਬਹਿ ਕੇ ਬੰਦਿਆ,
ਮੌਜ ਬਥੇਰੀ ਮਾਣੀ।
ਰੱਜ ਕੇ ਜਿਓਂ ਲੈ ਵੇ
ਦੋ ਦਿਨ ਦੀ ਜ਼ਿੰਦਗਾਨੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਚਾਵਾ।
ਚਾਵੇ ਦਾ ਇਕ ਅਮਲੀ ਸੁਣੀਂਦਾ,
ਛਕੇ ਫੀਮ ਦਾ ਮਾਵਾ।
ਛੋਗੇ ਉਹਨੂੰ ਜਿਹੜੀ ਵਿਆਹੀ,
ਉਹਨੂੰ ਉਮਰਾਂ ਦਾ ਪਛਤਾਵਾ।
ਮਰ ਜੇ ਅਮਲੀ ਜੇ
ਰੱਬ ਦਾ ਸ਼ੁਕਰ ਮਨਾਵਾਂ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾਂ ਰੂੜਾ
ਉੱਥੋਂ ਦੀ ਇੱਕ ਨਾਰ ਸੁਣੀਂਦੀ
ਕਰਦੀ ਗੋਹਾ ਕੂੜਾ
ਆਉਂਦੇ ਜਾਂਦੇ ਨੂੰ ਦੁੱਧ ਪਿਲਾਉਂਦੀ
ਡਾਹੁੰਦੀ ਪਲੰਘ ਪੰਘੂੜਾ
ਬਾਂਹ ਛੱਡ ਵੇ ਮਿੱਤਰਾ
ਟੁੱਟ ਗਿਆ ਕੱਚ ਦਾ ਚੂੜਾ।
ਆ ਵਣਜਾਰਿਆ ਬਹਿ ਵਣਜਾਰਿਆ
ਆਈਂ ਹਮਾਰੇ ਘਰ ਵੇ
ਚਾਰ ਕੁ ਕੁੜੀਆਂ ਕਰ ਲੂ ਕੱਠੀਆਂ
ਕਿਉਂ ਫਿਰਦਾ ਏਂ ਦਰ ਦਰ ਵੇ
ਝਿੜਕਾਂ ਰੋਜ਼ ਦੀਆਂ
ਮੈਂ ਜਾਊਂ-ਗੀ ਮਰ ਵੇ।
ਜੇ ਮੁੰਡਿਆਂ ਤੂੰ ਵਿਆਹ ਵੇ ਕਰਾਉਣਾ
ਬਹਿ ਜਾ ਖੇਤ ਦਾ ਰਾਖਾ
ਆਉਂਦੀ ਜਾਂਦੀ ਨੂੰ ਕੁੱਝ ਨਾ ਆਖੀਏ
ਦੂਰੋਂ ਲੈ ਲਈਏ ਝਾਕਾ
ਜੇ ਤੈਂ ਇਉਂ ਕਰਨੀ
ਵਿਆਹ ਕਰਵਾ ਲੈ ਕਾਕਾ।