ਜੱਟਾ ਵੇ ਜੱਟਾ
ਲੈ ਦੇ ਰੇਸ਼ਮੀ ਦੁਪੱਟਾ
ਨਾਲ ਲੈ ਦੇ ਸੁਟ ਨਸਵਾਰੀ ਵੇ
ਗੋਰੇ ਰੰਗ ਨੇ
ਜੱਟਾਂ ਦੀ ਮੱਤ ਮਾਰੀ ਵੇ।
Kudi vallo Punjabi boliyan
ਫੌਜ ‘ਚ ਭਰਤੀ ਹੋ ਗਿਆ ਢੋਲਾ
ਲੱਗੀ ਸੁਣ ਲੜਾਈ
ਸੁਣ-ਸੁਣ ਕੇ ਚਿੱਤ ਡੋਲੇ ਖਾਂਦਾ
ਡੋਲੇ ਖਾਂਦੀ ਮਾਈ
ਘਰ ਨੂੰ ਆ ਮਾਹੀਆ
ਨਾਰ ਫਿਰੇ ਕੁਮਲਾਈ।
ਮਾਹੀ ਮੇਰੇ ਦਾ ਪੱਕਿਆ ਬਾਜਰਾ
ਤੁਰ ਪਈ ਗੋਪੀਆ ਫੜ ਕੇ
ਸਾਰੇ ਜ਼ੋਰ ਨਾਲ ਮਾਰਿਆ ਗੁਲੇਲਾ
ਸਿਖਰ ਮਣ੍ਹੇ ਤੇ ਚੜ੍ਹਕੇ
ਉਤਰਦੀ ਨੂੰ ਆਈਆਂ ਝਰੀਟਾਂ
ਡਿੱਗ ਪਈ ਖੁੰਗੀ ਨਾਲ ਅੜ ਕੇ
ਚੁੱਕ ਲੈ ਮਾਹੀਆ ਵੇ
ਫੌਜੀ ਸਟੇਚਰ ਧਰ ਕੇ।
ਝਾਵਾਂ-ਝਾਵਾਂ-ਝਾਵਾਂ
ਜੁੱਤੀ ਮੇਰੀ ਮਖਮਲ ਦੀ ।
ਮੈਂ ਅੱਡੀਆਂ ਕੁਚ ਕੇ ਪਾਵਾਂ
ਜਾਂਦਾ ਹੋਇਆ ਦੱਸ ਨਾ ਗਿਆ
ਵੇ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ
ਸੋਹਣੇ ਨੌਕਰ ਦੇ
ਨਿੱਤ ਮੁਕਲਾਵੇ ਜਾਵਾਂ।
ਛੋਲੇ-ਛੋਲੇ-ਛਲੇ
ਇੱਕ ਤੈਨੂੰ ਗੱਲ ਦੱਸਣੀ
ਦੱਸਣੀ ਨਜ਼ਰ ਤੋਂ ਓਹਲੇ
ਦਿਲ ਦਾ ਮਹਿਰਮ ਉਹ
ਜੋ ਭੇਦ ਨਾ ਕਿਸੇ ਕੋਲ ਖੋਲ੍ਹੇ
ਤੇਰੇ ਕੋਲ ਕਰ ਜਿਗਰਾ
ਮੈਂ ਦੁੱਖ ਹਿਜਰਾਂ ਦੇ ਫੋਲੇ
ਨਰਮ ਕੁਆਰੀ ਦਾ
ਦਿਲ ਖਾਵੇ ਡਿੱਕ ਡੋਲੇ।
ਆ ਵੇ ਯਾਰਾ
ਜਾਹ ਵੇ ਯਾਰਾ
ਤੇਰੀਆਂ ਉਡੀਕਾਂ ਬੜੀਆਂ
ਜਿਸ ਦਿਨ ਤੇਰਾ ਦੀਦ ਨਾ ਹੋਵੇ
ਅੱਖੀਆਂ ਉਡੀਕਣ ਖੜ੍ਹੀਆਂ
ਤੂੰ ਮੇਰਾ ਮੈਂ ਤੇਰੀ ਹੋ ਗਈ
ਅੱਖਾਂ ਜਦੋਂ ਦੀਆਂ ਲੜੀਆਂ
ਅੱਧੀ ਰਾਤ ਗਈ
ਹੁਣ ਤਾਂ ਛੱਡਦੇ ਅੜੀਆਂ।
ਸੂਏ ਤੇ ਖੜ੍ਹੀ ਨੂੰ ਛੱਡ ਗਿਆ ਮੈਨੂੰ
ਝਾਕਾਂ ਚਾਰ ਚੁਫੇਰੇ
ਤੂੰ ਤਾਂ ਮੈਨੂੰ ਕਿਤੇ ਨਾ ਦਿਸਦਾ
ਅੱਗ ਲੱਗ ਜਾਂਦੀ ਮੇਰੇ
ਨਾਲੇ ਲੈ ਚੱਲ ਵੇ
ਸੁਫਨੇ ਆਉਣਗੇ ਤੇਰੇ।
ਝਾਵਾਂ! ਝਾਵਾਂ! ਝਾਵਾਂ!
ਮਿੱਤਰਾ ਹਾਣਦਿਆਂ,
ਤੈਨੂੰ ਦੱਸ ਮੈਂ ਕਿਵੇਂ ਬੁਲਾਵਾਂ।
ਵੇ ਦਿਲ ਮੇਰਾ ਵੇਖ ਫੋਲ ਕੇ,
ਕਿਵੇਂ ਲੱਗੀਆਂ ਦੇ ਦਰਦ ਸੁਣਾਵਾਂ।
ਮੁੰਡਿਆਂ ਬੇ ਦਰਦਾ,
ਮੈਂ ਬਣਜਾਂ ਤੇਰਾ ਪਰਛਾਵਾਂ।
ਪੱਲੇ ਪਾ ਕੇ ਹੌਕਿਆਂ ਨੂੰ,
ਅੱਥਰੂ ਹਾਸਿਆਂ ਦੇ ਹੇਠ ਲੁਕਾਵਾਂ।
ਵੇ ਖਤ ਇਕ ਵਾਰੀ ਲਿਖ ਦੇ
ਆਹ ਫੜ ਲੈ ਸਰਨਾਵਾਂ।
ਚਾਂਦੀ-ਚਾਂਦੀ-ਚਾਂਦੀ
ਅੱਖ ਪੁੱਟ ਕੇ ਝਾਕ ਮੁੰਡਿਆ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਜਾਂਦੀ ਜਾਣ ਦੇ ਬੀਬੀ
ਆਪਦੀ ਮੜਕ ਵਿੱਚ ਜਾਂਦੀ
ਆਉਂਦੀ ਨੂੰ ਪੁੱਛ ਲਊਂਗਾ
ਖੰਡ ਦੇ ਖੇਡਣੇ ਖਾਂਦੀ
ਵਿਆਹ ਕਰਵਾ ਕੁੜੀਏ
ਸਾਥੋਂ ਜਰੀ ਨਾ ਜਾਂਦੀ।
ਨਿਆਣੀ ਤਾਂ ਮੈਂ ਕਾਹਨੂੰ ਗੱਭਰੂਆ
ਬਾਰਾਂ ਸਾਲ ਦੀ ਨਾਰੀ
ਭਰ ਕੇ ਥੱਬਾ ਸਿੱਟ ਲਈ ਗੱਡੀ ਵਿੱਚ
ਕੌਲ ਕਰੂੰਗੀ ਪੂਰੇ
ਐਥੋਂ ਮੁੜ ਜਾ ਵੇ
ਕਰ ਦੇਊਂ ਹੌਂਸਲੇ ਪੂਰੇ।
ਝਾਵਾਂ! ਝਾਵਾਂ! ਝਾਵਾਂ!
ਮਿੱਤਰਾਂ ਦੇ ਦਰ ਅੱਗਿਓਂ,
ਨੀਵੀਂ ਪਾ ਕੇ ਗੁਜ਼ਰਦੀ ਜਾਵਾਂ।
ਮਿੱਤਰਾਂ ਦਾ ਰੁਮਾਲ ਡਿੱਗਿਆ,
ਮੈਂ ਚੁੱਕ ਕੇ ਜੇਬ ਵਿਚ ਪਾਵਾਂ।
ਧਰਤੀ ਨਾ ਪੱਬ ਝਲਦੀ,
ਛਾਲਾਂ ਮਾਰਦੀ ਘਰਾਂ ਨੂੰ ਜਾਵਾਂ।
ਨਿਸ਼ਾਨੀ ਮਿੱਤਰਾਂ ਦੀ…
ਚੁੰਮ ਕੇ ਕਾਲਜੇ ਲਾਵਾਂ।
ਝਾਵਾਂ! ਝਾਵਾਂ! ਝਾਵਾਂ!
ਗੱਡੀ ਚੜ੍ਹਦੇ ਨੂੰ,
ਹੱਥੀਂ ਕਢਿਆ ਰੁਮਾਲ ਫੜਾਵਾਂ।
ਜੱਗ ਭਾਵੇਂ ਰਹੇ ਦੇਖਦਾ,
ਤੇਰਾ ਦਿਲ ਤੇ ਲਿਖ ਲਿਆ ਲਾਵਾਂ।
ਧੂੜ ਤੇਰੇ ਚਰਨਾਂ ਦੀ,
ਮੈਂ ਚੁੱਕ ਕੇ ਮੱਥੇ ਨਾਲ ਲਾਵਾਂ।
ਜਿਥੋਂ ਜਿਥੋਂ ਤੂੰ ਲੰਘਿਆ,
ਉਹ ਮਹਿਕ ਗਈਆਂ ਨੇ ਰਾਹਾਂ।
ਸੱਦ ਪਟਵਾਰੀ ਨੂੰ …..
ਜਿੰਦ ਮਿੱਤਰਾਂ ਦੇ ਨਾਂ ਲਾਵਾਂ।