ਮਾਏ ਨੀ ਤੈਂ ਵਰ ਕੀ ਸਹੇੜਿਆ,
ਪੁੱਠੇ ਤਵੇ ਤੋਂ ਕਾਲਾ।
ਆਉਣ ਜੁ ਸਈਆਂ ਮਾਰਨ ਮਿਹਣੇ,
ਔਹ ਤੇਰੇ ਘਰ ਵਾਲਾ।
ਮਿਹਣੇ ਸੁਣ ਕੇ ਇਉਂ ਹੋ ਜਾਂਦੀ,
ਜਿਉਂ ਆਹਰਨ ਵਿਚ ਫਾਲਾ।
ਸਿਖਰੋਂ ਟੁੱਟ ਗਈ ਵੇ,
ਖਾ ਕੇ ਪੀਂਘ ਹੁਲਾਰਾ।
Kudi vallo Punjabi boliyan
ਨੀ ਕਿਹੜੇ ਯਾਰ ਤੋਂ ਅੰਗੀਆ ਸਮਾਇਆ
ਟਿੱਚ ਗੁਦਾਮ ਲਵਾ ਕੇ
ਪਿੰਡ ਦੇ ਮੁੰਡੇ ਮਾਰਨ ਗੇੜੇ
ਚਿੱਟੇ ਚਾਦਰੇ ਪਾ ਕੇ
ਚੱਕ ਲਈ ਮੁੰਡਿਆਂ ਨੇ
ਵਿੱਚ ਖਾੜੇ ਦੇ ਆ ਕੇ।
ਪੂਹਲਾ ਪੂਹਲੀ ਕੋਲੋ ਕੋਲੀਂ
ਗੰਗਾ ਕੋਲ ਨਥਾਣਾ
ਚੰਦ ਭਾਨ ਦੇ ਕੁੱਤੇ ਭੌਂਕਦੇ
ਲੁੱਟ ਲਿਆ ਦਬੜੀਖਾਨਾ
ਅਕਲੀਏ ਦੇ ਮੁੰਡੇ ਲੁੱਟੇ
ਵਿੱਚੇ ਲੁੱਟ ਲਿਆ ਠਾਣਾ
ਚਿੱਠੀਆਂ ਮੈਂ ਪਾਵਾਂ
ਪੜ੍ਹ ਮੁੰਡਿਆ ਅਨਜਾਣਾ।
ਡਬਰਡੀਨ ਦੀ ਕੁੜਤੀ ਸਮਾ ਦੇ
ਫੋਟੋ ਦਾ ਗਰਾਰਾ
ਤੁਰਦੀ ਦਾ ਲੱਕ ਝੂਟੇ ਖਾਂਦਾ
ਜਿਉਂ ਬੋਤਲ ਵਿੱਚ ਪਾਰਾ
ਚੰਨ ਵਾਂਗੂੰ ਛਿਪ ਜੇਂਗਾ ।
ਦਾਤਣ ਵਰਗਿਆ ਯਾਰਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸੋਰੀ।
ਮੈਂ ਤਾਂ ਤੈਨੂੰ ਮੋਹ ਲਿਆ ਸੱਜਣਾ,
ਪਰ ਤੈਂ ਮੈਂ ਨੀ ਜੋਹੀ।
ਹੀਜ ਪਿਆਜ ਟੋਹ ਲਿਆ ਤੇਰਾ,
ਤੈਂ, ਨਾ ਜਾਚੀ, ਨਾ ਟੋਹੀ।
ਮੋਹ ਲੈ ਮਿੱਤਰਾ ਵੇ…..
ਬਾਗ ਬਣੂੰਗੀ ਰੋਹੀ।
ਜਰਦੀ-ਜਰਦੀ-ਜਰਦੀ
ਮਰਦੀ ਮਰ ਜਾਊਂਗੀ
ਜੇ ਨਾ ਮਿਲਿਆ ਹਮਦਰਦੀ
ਆਣ ਬਚਾ ਲੈ ਵੇ
ਜਿੰਦ ਜਾਂਦੀ ਹੌਕਿਆਂ ਵਿੱਚ ਖਰਦੀ
ਮਿੱਤਰਾ ਹਾਣ ਦਿਆ
ਤੇਰੇ ਨਾਂ ਦੀ ਆਰਤੀ ਕਰਦੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਮਾਪੇ ਭਗਤਾਂ ਨੇ,
ਕੁੜੀਆਂ ਪੜ੍ਹਨ ਸਕੂਲੀਂ ਲਾਈਆਂ।
ਧੁੰਮਾਂ ਪਾਉਂਦੀਆਂ ਨੇ,
ਜਿਸ ਮੈਦਾਨੇ ਧਾਈਆਂ।
ਕਲਪਨਾ ਚਾਵਲਾ ਨੇ,
ਅੰਬਰੀਂ ਪੀਘਾਂ ਪਾਈਆਂ।
ਕੀਲਾ-ਕੀਲਾ-ਕੀਲਾ
ਹਿਜਰ ਤੇਰੇ ਦਾ ਮਾਰਿਆ ਗੱਭਰੂ
ਸੁੱਕ ਕੇ ਹੋ ਗਿਆ ਤੀਲਾ
ਬਈ ਖਾ ਕੇ ਮਹੁਰਾ ਮਰ ਜਾਊਗਾ
ਜੱਟੀਏ ਜੱਟ ਅਣਖੀਲਾ
ਭਲਕੇ ਉੱਡਜੇਂਗੀ
ਕਰ ਮਿੱਤਰਾਂ ਦਾ ਹੀਲਾ।
ਢੋਈਆਂ-ਢੋਈਆਂ-ਢੋਈਆਂ
ਤੇਰੇ ਨਾਲ ਲੱਗੀਆਂ ਤੋਂ
ਸਾਰਾ ਪਿੰਡ ਕਰੇ ਬਦਖੋਈਆਂ
ਭਾਣਾ ਬੀਤ ਗਿਆ
ਗੱਲਾਂ ਜੱਗ ਤੋਂ ਤੇਰਵੀਆਂ ਹੋਈਆਂ
ਧਰ’ਤਾ ਵਿਆਹ· ਮਿੱਤਰਾ
ਕੋਈ ਨਾ ਸੁਣੇ ਅਰਜੋਈਆਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਂ।
ਨੈਣਾਂ ਵਿੱਚ ਨੀਂਦ ਨਾ ਪਵੇ,
ਦਾਰੂ ਇਸ਼ਕ ਦੀ ਯਾਰ ਪਿਲਾਈ।
ਉਮਰ ਨਿਆਣੀ ਸੀ,
ਭੁੱਲ ਕੇ ਯਾਰ ਨਾਲ ਲਾਈ।
ਇੱਕ ਵਾਰੀ ਫੜ ਮਿੱਤਰਾ….
ਮੇਰੀ ਨਰਮ ਕਲਾਈ।
ਤਾਵੇ-ਤਾਵੇ-ਤਾਵੇ
ਲੁੱਦੇਆਣੇ ਟੇਸ਼ਨ ਤੇ
ਮੇਲ ਘੁਮਿਆਰਾਂ ਦਾ ਜਾਵੇ
ਗਧੇ ਤੋਂ ਘੁਮਿਆਰੀ ਡਿੱਗ ਪਈ
ਮੇਰਾ ਹਾਸਾ ਨਿੱਕਲਦਾ ਜਾਵੇ
ਕੁੜਤੀ ਸਵਾ ਦੇ ਮੁੰਡਿਆ
ਜਿਹੜੀ ਸੌ ਦੀ ਸਵਾ ਗਜ਼ ਆਵੇ
ਡੰਡੀਆਂ ਕਰਾ ਦੇ ਮੁੰਡਿਆ
ਜੀਹਦੇ ਵਿੱਚੋਂ ਦੀ ਮੁਲਕ ਲੰਘ ਜਾਵੇ
ਸੋਨੇ ਦਾ ਭਾਅ ਸੁਣਕੇ
ਮੁੰਡਾ ਅਗਲੇ ਅੰਦਰ ਨੂੰ ਜਾਵੇ
ਅੰਦਰੋਂ ਮੈਂ ਝਿੜਕਿਆ
ਮੁੰਡਾ ਅੱਖੀਆਂ ਪੂੰਝਦਾ ਆਵੇ
ਆਵਦੀ ਨਾਰ ਬਿਨਾਂ
ਦਰੀਆਂ ਕੌਣ ਵਿਛਾਵੇ।
ਬਾਰਾਂ ਵਰ੍ਹਿਆਂ ਦੀ ਹੋ ਗਈ ਰਕਾਨੇ
ਸਾਲ ਤੇਰਵਾਂ ਚੜ੍ਹਿਆ
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਪੌੜੀ ਚੜ੍ਹਦੀ ਦਾ
ਲੱਕ ਗੱਭਰੂ ਨੇ ਫੜਿਆ।