ਰਾਈ! ਰਾਈ! ਰਾਈ!
ਅੱਖੀਆਂ ‘ਚ ਨੀਂਦ ਨਾ ਪਵੇ,
ਦਾਰੂ ਇਸ਼ਕ ਦੀ ਯਾਰ ਨੇ ਪਿਲਾਈ।
ਵੱਢ ਵੱਢ ਮੰਜਾ ਖਾਂਵਦਾ,
ਹੁਣ ਫੜ ਕੇ ਬੈਠ ਜਾ ਬਾਹੀ।
ਉਮਰ ਨਿਆਣੀ ਵਿਚ ਮੈਂ,
ਐਵੇਂ ਭੁੱਲ ਕੇ ਤੇਰੇ ਨਾਲ ਲਾਈ।
ਹੌਂਕਿਆਂ ‘ਚ ਮੈਂ ਰੁਲ ਗਈ,
ਜਿੰਦ ਸੁੱਕ ਕੇ ਤਬੀਤ ਬਣਾਈ।
ਵੇ ਇਕ ਵਾਰੀ ਫੜ ਮਿੱਤਰਾ,
ਜਿਹੜੀ ਛੱਡ ਗਿਆ ਨਰਮ ਕਲਾਈ।
Kudi vallo Boliyan
ਆਓ ਕੁੜੀਓ ਥੋਨੂੰ ਵੀਰ ਦਿਖਾਵਾਂ
ਵੀਰ ਦਿਖਾਵਾਂ ਮੇਰੇ
ਚਿੱਟੇ ਕੁੜਤੇ ਨਾਭੀ ਚਾਦਰੇ
ਮੋਢੇ ਰਫਲ ਸਜਾਈ
ਨਾ ਨੀ ਕਿਸੇ ਦੇ ਮੋੜੇ ਮੁੜਦੇ
ਨਾ ਹੀ ਕਿਸੇ ਤੋਂ ਡਰਦੇ
ਵਿੱਚ ਦਰਿਆਵਾਂ ਦੇ ,
ਕਾਗਜ਼ ਬਣ ਕੇ ਤਰਦੇ।
ਰਤੀਆ ਰਤਨਗੜ੍ਹ ਕੋਲੋਂ ਕੋਲੀ
ਵਿੱਚ ਮੁਗਲਾਂ ਦਾ ਠਾਣਾ
ਉੱਥੋਂ ਦੇ ਲੋਕੀ ਬੋਲੀ ਹੋਰ ਬੋਲਦੇ
ਮੈਂ ਨਿਆਣੀ ਕੀ ਜਾਣਾ
ਜਦੋਂ ਮੈਂ ਹੋਈ ਬੋਲਣ ਜੋਗੀ
ਉੱਥੋਂ ਦਾ ਬਦਲ ਗਿਆ ਠਾਣਾ
ਹਿੱਕ ਨਾਲ ਜਾ ਲੱਗਦੀ
ਪਾ ਕੇ ਗੁਲਾਬੀ ਬਾਣਾ।
ਟੇਢੀ ਪਗੜੀ ਬੰਨ੍ਹੇਂ ਮੁੰਡਿਆ
ਖੜ੍ਹੇਂ ਮੋੜ ਤੇ ਆ ਕੇ
ਇੱਕ ਚਿੱਤ ਕਰਦਾ ਵਿਆਹ ਕਰਵਾਵਾਂ
ਇੱਕ ਚਿੱਤ ਲਾਵਾਂ ਯਾਰੀ
ਤੇਰੇ ਰੂਪ ਦੀਆਂ
ਸਿਫਤਾਂ ਕਰਾਂ ਕਮਾਰੀ।
ਚਿੱਟਾ ਕੁੜਤਾ ਪਾਉਣੈ ਮੁੰਡਿਆ
ਟੇਢਾ ਚਾਕ ਖਾ ਕੇ ।
ਡੱਬੀਦਾਰ ਤੂੰ ਬੰਨ੍ਹੇ ਚਾਦਰਾ
ਕੁੜਤੇ ਨਾਲ ਮਿਲਾ ਕੇ
ਪਿਆਜੀ ਰੰਗ ਦੀ ਪੱਗੜੀ ਬੰਨ੍ਹਦੈਂ
ਰੰਗ ਦੇ ਨਾਲ ਮਿਲਾ ਕੇ
ਕੁੜੀਆਂ ਤੈਂ ਪੱਟੀਆਂ
ਤੁਰਦੈਂ ਹੁਲਾਰੇ ਖਾ ਕੇ।
ਝਾਵਾਂ! ਝਾਵਾਂ! ਝਾਵਾਂ!
ਮਾਹੀ ਪਰਦੇਸ ਗਿਆ,
ਕਿਹੜੇ ਦਰਦੀ ਨੂੰ ਹਾਲ ਸੁਣਾਵਾਂ।
ਸੱਸੇ ਮੇਰੀ ਮਾਰੇ ਬੋਲੀਆਂ,
ਘੁੰਡ ਕੱਢ ਕੇ ਕੀਰਨੇ ਪਾਵਾਂ।
ਪਤਾ ਨਾ ਟਿਕਾਣਾ ਦੱਸਿਆ,
ਵੇ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ।
ਮੁੜਿਆ ਲਾਮਾਂ ਤੋਂ,
ਆ ਜਾ ਕਟਾ ਕੇ ਨਾਮਾਂ।
ਕੋਰਾ ਕਾਗਜ਼ ਨੀਲੀ ਸਿਆਹੀ
ਗੂੜ੍ਹੇ ਅੱਖਰ ਪਾਵਾਂ
ਨਹੀਂ ਤਾਂ ਗੱਭਰੂਆ ਆ ਜਾ ਘਰ ਨੂੰ
ਲੈ ਆ ਕਟਾ ਕੇ ਨਾਮਾ ।
ਭਰੀ ਜਵਾਨੀ ਇਉਂ ਢਲ ਜਾਂਦੀ
ਜਿਉਂ ਬਿਰਛਾਂ ਦੀਆਂ ਛਾਵਾਂ
ਏਸ ਜਵਾਨੀ ਨੂੰ ।
ਕਿਹੜੇ ਖੂਹ ਵਿੱਚ ਪਾਵਾਂ
ਜਾਂ .
ਸੱਸੀਏ ਮੋੜ ਪੁੱਤ ਨੂੰ
ਹੱਥ ਜੋੜ ਵਾਸਤੇ ਪਾਵਾਂ
ਚੈਕਦਾਰ ਤੇਰਾ ਕੁੜਤਾ ਮੁੰਡਿਆ
ਕਿਸ ਦਰਜੀ ਨੇ ਸੀਤਾ
ਮੋਢੇ ਉੱਤੇ ਸਿੱਧੀਆਂ ਧਾਰੀਆਂ
ਛਾਤੀ ਉੱਪਰ ਫੀਤਾ
ਸੋਹਣਾ ਤੂੰ ਲੱਗਦਾ
ਕਿਉਂ ਫਿਰਦਾ ਚੁੱਪ ਕੀਤਾ।
ਰਾਤੀਂ ਤਾਂ ਮੈਥੋਂ ਪੜ੍ਹਿਆ ਨਾ ਜਾਂਦਾ
ਚੜ੍ਹਿਆ ਮਾਘ ਮਹੀਨਾ
ਰਾਤੀਂ ਆ ਮੁੰਡਿਆ
ਬਣ ਕੇ ਕਬੂਤਰ ਚੀਨਾ
ਜਾਂ
ਆ ਕੇ ਠੰਢ ਪਾ ਜਾ
ਸੜਦਾ ਸਾਡਾ ਸੀਨਾ।
ਗੋਲ ਗੋਲ ਮੈਂ ਟੋਏ ਪੁੱਟਾਂ
ਨਿੱਤ ਸ਼ਰਾਬਾਂ ਕੱਢਦੀ
ਪਹਿਲਾ ਪਿਆਲਾ ਤੇਰਾ ਆਸ਼ਕਾ
ਫੇਰ ਬੋਤਲਾਂ ਭਰਦੀ
ਪੈਰ ਸ਼ੁਕੀਨੀ ਦਾ
ਤੇਰੀ ਸੇਜ ਤੇ ਧਰਦੀ।
ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਕੈਂਠਾ ਪਾਲਸ਼ ਕੀਤਾ
ਮੈਂ ਤਾਂ ਤੈਨੂੰ ਖੜ੍ਹੀ ਉਡੀਕਾਂ
ਤੂੰ ਲੰਘ ਗਿਆ ਚੁੱਪ ਕੀਤਾ
ਜੋੜੀ ਨਾ ਬਣਦੀ
ਪਾਪ ਜਿਨ੍ਹਾਂ ਦਾ ਕੀਤਾ।
ਅੱਕ ਦੀ ਨਾ ਕਰਦਾ
ਢੱਕ ਦੀ ਨਾ ਕਰਦਾ
ਦਾਤਣ ਕਰਦਾ ਮੋੜ੍ਹੇ ਦੀ
ਤੈਨੂੰ ਚੜ੍ਹੀ ਐ ਜਵਾਨੀ ਲੋਹੜੇ ਦੀ।