ਨੌਕਰ ਨੂੰ ਧੀ ਦੇਈਂ ਨਾ ਬਾਬਲਾ,
ਹਾਲੀ ਪੁੱਤ ਬਥੇਰੇ।
ਨੌਕਰ ਨੇ ਤਾਂ ਚੱਕਿਆ ਬਿਸਤਰਾ,
ਹੋ ਗਿਆ ਗੱਡੀ ਦੇ ਨੇੜੇ।
ਮੈਂ ਤੈਨੂੰ ਵਰਜ ਰਹੀ,
ਦੇਈਂ ਨਾ ਬਾਬਲਾ ਫੇਰੇ।
Kudi vallo Boliyan
ਨੌਕਰ ਨੂੰ ਤਾਂ ਨਾਰ ਪਿਆਰੀ,
ਜਿਉਂ ਵਾਹਣਾਂ ਨੂੰ ਪਾਣੀ।
ਲੱਗੀ ਦੋਸਤੀ ਚੱਕੀਆਂ ਸ਼ਰਮਾਂ,
ਰੋਟੀ ਕੱਠਿਆਂ ਖਾਣੀ।
ਭਿੱਜ ਗਈ ਬਾਹਰ ਖੜ੍ਹੀ,
ਤੈਂ ਛੱਤਰੀ ਨਾ ਤਾਣੀ।
ਮੈਸ੍ਹ ਤਾਂ ਤੇਰੀ ਸੰਗਲ ਤੁੜਾ ਗੀ,
ਕੱਟਾ ਤੁੜਾ ਗਿਆ ਕੀਲਾ।
ਦਾੜ੍ਹੀ ਨਾਲੋਂ ਮੁੱਛਾਂ ਵਧੀਆਂ,
ਜਿਉਂ ਛੱਪੜੀ ਵਿੱਚ ਤੀਲਾ।
ਪੇਕਿਆਂ ਨੂੰ ਜਾਵੇਂਗੀ,
ਕਰ ਮਿੱਤਰਾਂ ਦਾ ਹੀਲਾ।
ਆ ਵੇ ਯਾਰਾ,
ਜਾ ਵੇ ਯਾਰਾ,
ਤੇਰੀਆਂ ਉਡੀਕਾਂ ਬੜੀਆਂ।
ਜਿਸ ਦਿਨ ਤੇਰਾ ਦੀਦ ਨਾ ਹੋਵੇ,
ਅੱਖੀਆਂ ਉਡੀਕਣ ਖੜ੍ਹੀਆਂ।
ਤੂੰ ਮੇਰਾ ਮੈਂ ਤੇਰੀ ਹੋ ਗਈ,
ਅੱਖਾਂ ਜਦ ਦੀਆਂ ਲੜੀਆਂ।
ਅੱਧੀ ਰਾਤ ਗਈ,
ਹੁਣ ਤੇ ਛੱਡਦੇ ਅੜੀਆਂ।
ਯਾਰ ਮੇਰੇ ਨੇ ਭੇਜੀ ਸ਼ੀਰਨੀ,
ਕਾਗਜ਼ ਤੇ ਕਸਤੂਰੀ।
ਜੇ ਖੋਲ੍ਹਾਂ ਤਾਂ ਖੁਸ਼ਕ ਬਥੇਰੀ,
ਜੇ ਤੋਲਾਂ ਤੇ ਪੂਰੀ।
ਪਾਣੀ ਦੇ ਵਿੱਚ ਵਗਣ ਬੇੜੀਆਂ,
ਲੰਘਣਾ ਪਊ ਜ਼ਰੂਰੀ।
ਵੇ ਆਸ਼ਕ ਤੂੰ ਬਣ ਗਿਆ,
ਕੀ ਪਾ ਦੇਂਗਾ ਪੂਰੀ।
ਸੱਤ ਰੰਗੀ ਬੋਸਕੀ ਦਾ ਸੂਟ ਸਮਾ ਦੇ,
ਸੂਟ ਸਮਾ ਦੇ ਮੋਰ ਘੁੱਗੀਆਂ ਪਵਾ ਦੇ,
ਰੁੱਤ ਗਿੱਧਿਆਂ ਦੀ ਆਈ ਮੁੰਡਿਆ।
ਬੋਰ ਝਾਂਜਰਾਂ ਦੇ ਪਾਉਂਦੇ ਨੇ,
ਦੁਹਾਈ ਮੁੰਡਿਆ।
ਦਿਲ ਮੇਰੇ ਨੂੰ ਡੋਬ ਨੇ ਪੈਂਦੇ,
ਵੱਢ-ਵੱਢ ਖਾਣ ਜੁਦਾਈਆਂ।
ਮਾਹੀ ਨਾ ਆਇਆ,
ਲਿਖ-ਲਿਖ ਚਿੱਠੀਆਂ ਪਾਈਆਂ।
ਪਹਿਲੀ ਵਾਰ ਮੈਂ ਸਹੁਰੇ ਗਈ ਸਾਂ
ਮੱਥੇ ਲੱਗ ਗਿਆ ਤਾਰਾ
ਸਹੁਰਾ ਪਿੰਡ ਤਾਂ ਐਂ ਲੱਗਦਾ ਨੀ
ਜਿਵੇਂ ਦੋ ਪਿੰਡਾਂ ਦਾ ਵਾੜਾ
ਨੀ ਸਹੁਰੇ ਮੇਰੇ ਦੀ ਗੱਲ ਕੀ ਦੱਸਾਂ
ਨੀ ਉਹ ਐਡਾ ਲੰਮਾ, ਐਡਾ ਲੰਮਾ
ਜਿਉਂ ਬਿਜਲੀ ਦਾ ਖੰਭਾ ,
ਨੀ ਅੱਸੀ ਮੀਟਰ ਦੀ ਪੈਂਟ ਸਵਾਉਂਦਾ
ਹਾਲੇ ਵੀ ਗਿੱਟਿਉਂ ਨੰਗਾ
ਨੀ ਜੇਠ ਮੇਰੇ ਦੀ ਗੱਲ ਕੀ ਦੱਸਾਂ
ਉਹਦੀਆਂ ਐਡੀਆਂ ਮੁੱਛਾਂ
ਉਹ ਕਰਦਾ ਦੋ-ਦੋ ਗੁੱਤਾਂ
ਨੀ ਦਿਉਰ ਮੇਰੇ ਦੀ ਗੱਲ ਕੀ ਦੱਸਾਂ
ਉਹ ਕਾਕੇ ਦਾ ਵੀ ਕਾਕਾ
ਨਣਦ ਮੇਰੀ ਨੇ ਚਰਖਾ ਡਾਹਿਆ
ਮੈਂ ਵੱਟੇ ਸੀ ਧਾਗੇ
ਜੀਹਦੇ ਨਾਲ ਮੈਂ ਵਿਆਹੀ
ਸੁੱਤਾ ਪਿਆ ਨਾ ਜਾਗੇ ।
ਵੇ ਜਰਗਾ-ਜਰਦਾ ਕਰਦੈ ਮੁੰਡਿਆ
ਕੀ ਜਰਦੇ ਦਾ ਖਾਣਾ
ਦੰਦਾਂ ਤੇਰਿਆਂ ਦੀ ਪੀਠ ਗਾਲ ਤੀ
ਬੁੱਲ੍ਹਾਂ ਦਾ ਨਜ਼ਾਰਾ
ਤੇਰੇ ਜਰਦੇ ਨੇ
ਘਰ ਵੇ ਗਾਲ ਤਾ ਸਾਰਾ।
ਕਾਲੀ ਕੁੜਤੀ ਸਿਲਮ ਸਿਤਾਰਾ
ਵਿਆਹ ਸ਼ਾਦੀ ਨੂੰ ਪਾਵਾਂ
ਜਿਹੜੀਆਂ ਗੱਲਾਂ ਨੂੰ ਕਰਦਾ ਗੱਭਰੂਆ
ਮੈਂ ਚਿੱਤ ਤੇ ਨਾ ਲਿਆਵਾਂ
ਤੇਰੇ ਵਰਗੇ ਦੀ
ਗੱਲੀਂ ਰਾਤ ਲੰਘਾਵਾਂ।
ਸੁਣ ਵੇ ਮੁੰਡਿਆ ਬਾਗ ਲਵਾਵਾਂ
ਵਿੱਚ ਲਵਾਵਾਂ ਆੜੂ
ਵੇ ਪਾਣੀ ਆਲੀਆਂ ਵੱਡੀਆਂ ਕਣਕਾਂ
ਛੋਲੇ ਛੱਡੇ ਮਾਰੂ
ਪੁੱਛਦੇ ਯਾਰ ਖੜ੍ਹੇ
ਕੀ ਮੁਕਲਾਵਾ ਤਾਰੂ।
ਨੀ ਤੇਰੇ ਤੇ ਕੁੜੀਏ ਜ਼ੋਰ ਜੁਆਨੀ
ਮੈਂ ਨੀ ਉਮਰ ਦਾ ਨਿਆਣਾ
ਨੀ ਕੋਈ ਦਿਨਾਂ ਨੂੰ ਚੜ੍ਹ ਜੂ ਜੁਆਨੀ
ਬੀਤੂ ਗੁਰੂ ਦਾ ਭਾਣਾ
ਹਿੱਕ ਨਾਲ ਜਾ ਲੱਗਦੀ
ਪਾ ਕੇ ਗੁਲਾਬੀ ਬਾਣਾ।