ਸੱਪ ਤਾਂ ਮੇਰੇ ਕਾਹਤੋਂ ਲੜਜੇ,
ਮੈਂ ਮਾਪਿਆਂ ਨੂੰ ਪਿਆਰੀ।
ਮਾਂ ਤਾਂ ਮੇਰੀ ਦਾਜ ਜੋੜਦੀ,
ਸਣੇ ਬਾਗ ਫੁਲਕਾਰੀ।
ਹਟ ਕੇ ਬਹਿ ਮਿੱਤਰਾ,
ਸਭ ਨੂੰ ਜਵਾਨੀ ਪਿਆਰੀ।
Kudi vallo Boliyan
ਸਾਉਣ ਦੇ ਮਹੀਨੇ
ਜੀਅ ਨਾ ਕਰਦਾ ਸਹੁਰੇ ਜਾਣ ਨੂੰ
ਮੁੰਡਾ ਫਿਰੇ ਨੀ
ਗੱਡੀ ਜੋੜ ਕੇ ਲਿਜਾਣ ਨੂੰ।
ਮੈਲਾ ਕੁੜਤਾ ਸਾਬਣ ਥੋੜ੍ਹੀ,
ਬਹਿ ਪਟੜੇ ਤੇ ਧੋਵਾਂ।
ਪਾਸਾ ਮਾਰ ਕੇ ਲੰਘ ਗਿਆ ਕੋਲ ਦੀ,
ਛੰਮ ਛੰਮ ਅੱਖੀਆਂ ਰੋਵਾਂ।
ਬਾਹੋਂ ਫੜਕੇ ਪੁੱਛਣ ਲੱਗੀ,
ਕਦੋਂ ਕਰੇਂਗਾ ਮੋੜੇ।
ਵੇ ਆਪਣੇ ਪਿਆਰਾਂ ਦੇ,
ਮੌਤੋਂ ਬੁਰੇ ਵਿਛੋੜੇ।
ਕਾਲਜ ਦੇ ਵਿੱਚ ਪੜ੍ਹਦਾ ਮੁੰਡਿਆ,
ਖਾਨੈਂ ਸ਼ਹਿਰ ਦੇ ਮੇਵੇ।
ਆਉਂਦੀ ਜਾਂਦੀ ਨੂੰ ਨਿੱਤ ਵੇ ਛੇੜਦਾ,
ਮਨ ਵਿਚ ਬਹਿ ਗਿਆ ਮੇਰੇ।
ਖੜ੍ਹ ਕੇ ਗੱਲ ਸੁਣ ਜਾ
ਨਾਲ ਚੱਲੂੰਗੀ ਤੇਰੇ।
ਝਾਵਾਂ-ਝਾਵਾਂ-ਝਾਵਾਂ,
ਮਿੱਤਰਾਂ ਦੇ ਫੁਲਕੇ ਨੂੰ।
ਨੀ ਮੈਂ ਖੰਡ ਦਾ ਪੜੇਥਣ ਲਾਵਾਂ,
ਜਿੱਥੋਂ ਯਾਰਾ ਤੂੰ ਲੰਘਦਾ,
ਪੈੜ ਚੁੰਮ ਕੇ ਹਿੱਕ ਨਾਲ ਲਾਵਾਂ।
ਮੁੜ ਕੇ ਤਾਂ ਦੇਖ ਮਿੱਤਰਾ,
ਤੇਰੇ ਮਗਰ ਮੇਲ੍ਹਦੀ ਆਵਾਂ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੂੜਾ।
ਉਥੋਂ ਦੀ ਇਕ ਨਾਰ ਸੁਣੀਂਦੀ,
ਕਰਦੀ ਗੋਹਾ ਕੂੜਾ।
ਆਉਂਦੇ ਜਾਂਦੇ ਨੂੰ ਦੁੱਧ ਪਿਲਾਉਂਦੀ,
ਡਾਹੁੰਦੀ ਪਲੰਘ ਪੰਘੂੜਾ।
ਬਾਂਹ ਛੱਡ ਵੇ ਮਿੱਤਰਾ,
ਟੁੱਟ ਗਿਆ ਕੱਚ ਦਾ ਚੂੜਾ।
ਸੁਣ ਵੇ ਸੁਨਿਆਰਿਆ ਗੱਲ ਸੁਣਾਵਾਂ,
ਐਥੇ ਲਾ ਫੁਹਾਰਾ।
ਪਹਿਲਾਂ ਤਾਂ ਮੇਰਾ ਲੌਂਗ ਤੂੰ ਘੜ ਦੇ,
ਲੌਂਗ ਬੁਰਜੀਆਂ ਵਾਲਾ।
ਫੇਰ ਤਾਂ ਮੇਰੀ ਘੜ ਦੇ ਤੀਲੀ,
ਨਾਭਾ ਤੇ ਪਟਿਆਲਾ।
ਏਸ ਤੋਂ ਬਾਅਦ ਮੇਰੀ ਘੜ ਦੇ ਮਛਲੀ,
ਕੱਲਰ ਪਵੇ ਚਮਕਾਰਾ।
ਚੰਦ ਵਾਂਗੂੰ ਛਿਪ ਜੇਂਗਾ,
ਦਾਤਣ ਵਰਗਿਆ ਯਾਰਾ।
ਆ ਵਣਜਾਰਿਆ ਬਹਿ ਵਣਜਾਰਿਆ,
ਆਈਂ ਹਮਾਰੇ ਘਰ ਵੇ।
ਚਾਰ ਕੁ ਕੁੜੀਆਂ ਕਰ ਲੂੰ ਕੰਠੀਆਂ,
ਕਿਉਂ ਫਿਰਦਾ ਏਂ ਦਰ ਦਰ ਵੇ।
ਝਿੜਕਾਂ ਰੋਜ਼ ਦੀਆਂ,
ਮੈਂ ਜਾਊਂਗੀ ਮਰ ਵੇ।
ਜੇ ਮੁੰਡਿਆ ਤੂੰ ਵਿਆਹ ਵੇ ਕਰਾਉਣਾ,
ਬਹਿ ਜਾ ਖੇਤ ਦਾ ਰਾਖਾ।
ਆਉਂਦੀ ਜਾਂਦੀ ਨੂੰ ਕੁਝ ਨਾ ਆਖੀਏ,
ਦੂਰੋਂ ਲੈ ਲਈਏ ਝਾਕਾ।
ਜੇ ਤੈਂ ਇਉਂ ਕਰਨੀ,
ਵਿਆਹ ਕਰਵਾ ਲੈ ਕਾਕਾ।
ਮਾਏ ਤੂੰ ਮੇਰਾ ਦੇਹ ਮੁਕਲਾਵਾ,
ਬਾਰ ਬਾਰ ਸਮਝਾਵਾਂ।
ਚੁੱਲ੍ਹੇ ਚੌਂਤਰੇ ਸਾਰੇ ਢਹਿ ਗਏ।
ਸੁੰਨੀਆਂ ਪਈਆਂ ਸਬਾਤਾਂ,
ਮੇਰੇ ਯਾਰ ਦੀਆਂ,
ਕੌਣ ਕਟਾਊ ਰਾਤਾਂ।
ਗਨੇਰੀਆਂ-ਗਨੇਰੀਆਂ-ਗਨੇਰੀਆਂ
ਕਾਲੀ ਪੱਗ ਨਾ ਬੰਨ੍ਹ ਕੇ
ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ।
ਨੌਕਰ ਨੂੰ ਧੀ ਦੇਈਂ ਨਾ ਬਾਬਲਾ,
ਹਾਲੀ ਪੁੱਤਰ ਬਥੇਰੇ।
ਨੌਕਰ ਨੇ ਤਾਂ ਮੋਢੇ ਧਰ ਲੀ ਲੋਈ,
ਤੀਵੀਂ ਨੌਕਰ ਦੀ,
ਰੰਡੀਆਂ ਬਰੋਬਰ ਹੋਈ।