ਕੈਲਾ ਢਾਈ ਕਿਲਿਆਂ ਦਾ ਮਾਲਕ ਸੀ ਜਿਸ ਨਾਲ ਉਸਦੇ ਪਰਿਵਾਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚਲ ਰਿਹਾ ਸੀ I ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ, ਵੱਡੀ ਧੀ ਗੁਰਮੀਤ ਕਰੀਬ ਅਠਾਰਾਂ ਕੁ ਸਾਲਾਂ ਦੀ ਸੀ ਦੂਜੀ ਦੋ ਕੁ ਸਾਲ ਬਾਅਦ ਪੈਦਾ ਹੋਈ ਸੀ ਤੇ ਸਭ ਤੋਂ ਛੋਟੀ ਦੀ ਉਮਰ 8 ਸਾਲ ਸੀ I ਜੈਲਾ ਨਸ਼ਿਆਂ ਦਾ ਆਦੀ ਸੀ ਤੇ ਕੰਮ ਵੀ ਲਗਨ ਨਾਲ ਨਹੀਂ ਕਰਦਾ ਸੀ, ਨਸ਼ਿਆਂ ਦੀ ਲੱਤ ਪੂਰੀ ਕਰਦਿਆਂ ਉਸਦੇ ਸਿਰ ਕਰਜਾ ਬਹੁਤ ਚੜ੍ਹ ਗਿਆ, ਉਸਦੀ ਘਰਵਾਲੀ ਮਿੰਦੋ ਦੀ ਲੰਮੀ ਬਿਮਾਰੀ ਤੇ ਵੀ ਬਹੁਤ ਪੈਸਾ ਲੱਗ ਗਿਆ ਸੀ I ਹੁਣ ਮਿਆਦ ਪੁੱਗਣ ਤੇ ਬੈਂਕਾਂ ਵਾਲੇ ਵਸੂਲੀ ਵਾਸਤੇ ਉਸਦੇ ਮਗਰ ਗੇੜੇ ਮਾਰ ਰਹੇ ਸਨ ਤੇ ਕ਼ਾਨੂਨ ਦਸ ਕੇ ਉਸਦੀ ਜਮੀਨ ਕੁਰਕ ਕਰਨ ਦੀਆਂ ਗੱਲਾਂ ਕਰਦੇ ਸਨ I
ਰੋਜ ਦੀਆਂ ਤੰਗੀਆਂ ਤਰੁਸ਼ੀਆਂ ਤੋਂ ਹਮੇਸ਼ਾ ਲਈ ਖੈਹੜ੍ਹਾ ਛੁਡਾਉਣ ਵਾਸਤੇ ਕੈਲੇ ਨੇ ਸੋਚਿਆ ਕਿਓਂ ਨਾ ਇਸ ਜਿੰਦਗੀ ਤੋਂ ਹੀ ਕਿਨਾਰਾ ਕਰ ਲਿਆ ਜਾਵੇ I ਅੱਜ ਸਵਖਤੇ ਉੱਠ ਕਿ ਉਸਨੇ ਨੋਟ ਲਿਖ ਕਿ ਆਪਣੇ ਬਿਸਤਰੇ ਤੇ ਰੱਖ ਦਿੱਤਾ ਤੇ ਵਿਹੜੇ ਵਿਚ ਅੰਬ ਦੇ ਬੂਟੇ ਤੇ ਰੱਸਾ ਬੰਨ ਲਿਆ ਜਦੋਂ ਉਹ ਫਾਹਾ ਲੈਣ ਦੀ ਤਿਆਰੀ ਕਰ ਰਿਹਾ ਸੀ ਇਕਦਮ ਆਪਣੇ ਸਾਹਮਣੇ ਵੱਡੀ ਲੜਕੀ ਖੜ੍ਹੀ ਦੇਖਕੇ ਠਠੰਬਰ ਗਿਆ ਤੇ ਓਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ, ਇੰਨੇ ਨੂੰ ਗੁਰਮੀਤ ਬੋਲ ਪਈ ਬਾਪੂ ਤੇਰੇ ਗਲ ਵਿਚ ਆਖਰੀ ਹਾਰ ਮੈਂ ਪਾਓਂਦੀ ਹਾਂ ਤੂੰ ਬਹੁਤ ਵੱਡੀ ਜੰਗ ਜਿੱਤ ਰਿਹਾ ਹੈ ਆਪਣਾ ਡਰਪੋਕ ਪੁਣਾ ਦਿਖਾ ਕਿ ਸਾਨੂ ਧੋਖਾ ਦੇ ਕੇ ਆਪਣੀਆਂ ਜਿੰਮੇਵਾਰੀਆਂ ਦਾ ਖੁੰਢ ਗਲਾਵਾਂ ਅੱਲੜ੍ਹ ਧੀਆਂ ਦੇ ਗਲ ਵਿਚ ਪਾ ਕੇ ਜਾ ਰਿਹਾ ਹੈ, ਇਹ ਤੇ ਚੰਗਾ ਹੋ ਗਿਆ ਮੈਂ ਪੱਕੇ ਪੇਪਰਾਂ ਦੀ ਤਿਆਰੀ ਵਾਸਤੇ ਪਹਿਲੇ ਦਿਨ ਜਲਦੀ ਜਾਗ ਪਈ ਤੇ ਤੇਰੀ ਬਿਮਾਰ ਮਾਨਸਿਕਤਾ ਦੀ ਆਖਰੀ ਕਰਤੂਤ ਵੀ ਆਪਣੇ ਅੱਖੀਂ ਦੇਖ ਲਈ ,ਬਾਪ ਵਾਲੀ ਗੱਲ ਤੇ ਤੂੰ ਜਿਓੰਦੇ ਜੀ ਵੀ ਕਦੀ ਦਿਖਾਈ ਨੀਂ, ਅਸੀਂ ਤਿੰਨੇ ਭੈਣਾਂ ਨਰਕ ਭਰੀ ਜਿੰਦਗੀ ਹੀ ਬਸਰ ਕਰ ਰਹੀਆਂ ਹਾਂ, ਨਾ ਰੱਜ ਕਿ ਸਾਨੂ ਰੋਟੀ ਮਿਲੀ ਹੈ ਨਾ ਸਾਡੀਆਂ ਕਦੀ ਕੋਈ ਰੀਝਾਂ ਪੂਰੀਆਂ ਹੋਈਆਂ ਨੇ I ਜਾਂਦੇ ਜਾਂਦੇ ਕਿਸੇ ਭੁਲੇਖੇ ਵਿਚ ਨਾ ਰਹੀਂ ਮੈਨੂੰ ਸਭ ਪਤਾ ਹੈ ਸਾਡੀ ਮਾਂ ਦੀ ਮੌਤ ਦਾ ਕਾਰਣ ਵੀ ਬਾਪੂ ਤੂੰ ਹੀ ਹੈ, ਪਿਛਲੇ ਸਾਲ ਦਾਦੀ ਨੇ ਆਪਣੇ ਮਰਨ ਤੋਂ ਪਹਿਲਾਂ ਮੈਨੂੰ ਸਭ ਕੁਝ ਦੱਸ ਦਿੱਤਾ ਸੀ ਸਾਡੀ ਮਾਂ ਦੀ ਮੌਤ ਕੁਦਰਤੀ ਨਹੀਂ ਹੋਈ ਸੀ I ਦਾਦੀ ਨੇ ਦੱਸਿਆ ਸੀ ਪੰਜ ਸਾਲ ਬੀਜੀ ਚੰਦਰੀ ਬਿਮਾਰੀ ਨਾਲ ਜੂਝਦੀ ਰਹੀ,ਮਸੀਂ ਮਸੀਂ ਉਹ ਤੰਦਰੁਸਤ ਹੋਈ ਸੀ I ਤੈਨੂੰ ਮੁੰਡੇ ਦੀ ਇੰਨੀ ਲਾਲਸਾ ਸੀ ਕਿ ਉਸਦੇ ਠੀਕ ਹੋਣ ਤੋਂ ਬਾਅਦ ਤੂੰ ਉਸਨੂੰ ਤੰਗ ਪ੍ਰੇਸ਼ਾਨ ਕਰਕੇ ਇਕ ਹੋਰ ਬੱਚੇ ਲਈ ਮਜਬੂਰ ਕੀਤਾ I ਜਦ ਕਿ ਡਾਕਟਰਾਂ ਨੇ ਸਪਸ਼ਟ ਐਲਾਨ ਕੀਤਾ ਹੋਇਆ ਸੀ ਕਿ ਹੋਰ ਬੱਚਾ ਕਰਨਾ ਸਿੱਧਾ ਜਾਨ ਨੂੰ ਖ਼ਤਰਾ ਹੈ,ਪਰ ਤੂੰ ਕੋਈ ਪ੍ਰਵਾਹ ਨੀਂ ਕੀਤੀ,ਉਤੋਂ ਤੂੰ ਟੈਸਟ ਕਰਵਾ ਲਿਆ ਕਿ ਮੁੰਡਾ ਹੈ ,ਫਿਰ ਤੇ ਤੂੰ ਅੰਨਾ ਹੋ ਗਿਆ ਤੈਨੂੰ ਰੱਬ ਭੁੱਲ ਗਿਆ, ਤੂੰ ਮਾਂ ਦੀ ਹਾਲਤ ਬਾਰੇ ਸੋਚਣਾ ਹੀ ਛੱਡ ਦਿੱਤਾ I ਅੰਤ ਬੱਚੀ ਲਵਲੀਨ ਨੂੰ ਜਨਮ ਦੇ ਕੇ ਮਾਂ ਰੱਬ ਨੂੰ ਪਿਆਰੀ ਹੋ ਗਈ, ਪਰ ਤੇਰੀ ਸੋਚ ਨੂੰ ਰੱਬ ਨੇ ਵੀ ਮੰਜੂਰ ਨਹੀਂ ਕੀਤਾ ਤੇਰੀ ਇੱਛਾ ਫਿਰ ਵੀ ਪੂਰੀ ਨਹੀਂ ਹੋਈ, ਬੇਜਾਨ ਮਸ਼ੀਨਾਂ ਤੇ ਲੋੜ ਤੋਂ ਵੱਧ ਭਰੋਸਾ ਕਰਨ ਵਾਲੇ ਦੇ ਘਰ ਫਿਰ ਵੀ ਮੁੰਡਾ ਨੀਂ ਹੋਇਆ I ਜੈਲਾ ਇਕਦਮ ਅੱਭੜਵਾਹੇ ਜਾਗ ਪਿਆ, ਉਸਨੂੰ ਬਹੁਤ ਭੈੜਾ ਸੁਪਨਾ ਆ ਰਿਹਾ ਸੀ ਜਿਸਤੋਂ ਉਹ ਬਹੁਤ ਜਿਆਦਾ ਡਰ ਗਿਆ ਕਿਉਂਕਿ ਉਸਦੀ ਅਸਲੀਅਤ ਦੇ ਬਹੁਤ ਨੇੜੇ ਤੇੜੇ ਸੀ I
ਉਸ ਦਿਨ ਤੋਂ ਉਸਨੇ ਫੈਸਲਾ ਕਰ ਲਿਆ ਕਿ ਉਹ ਜਿੰਦਗੀ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਕਰੇਗਾ, ਨਸ਼ੇ ਛੱਡ ਕੇ ਹੱਡ ਭੰਨਵੀਂ ਮਿਹਨਤ ਕਰੇਗਾ ਤੇ ਆਪਣਿਆਂ ਬੱਚਿਆਂ ਵਿਚ ਧੀਆਂ ਪੁੱਤਾਂ ਵਾਲਾ ਕੋਈ ਫਰਕ ਨਹੀਂ ਰੱਖੇਗਾ I ਤੇ ਓਨਾ ਨੂੰ ਵਧੀਆ ਸਹੂਲਤਾਂ ਦੇ ਕੇ ਬੀਤੀ ਹੋਈ ਜਿੰਦਗੀ ਦਾ ਪਰਛਾਵਾਂ ਓਨਾ ਦੇ ਮਨਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ I
ਹਰਪ੍ਰੀਤ ਸਿੰਘ ਗਿੱਲ, ਝਿੰਗੜ ਕਲਾਂ ( ਕੈਲਗਰੀ )