ਉੱਚੇ ਟਿੱਬੇ ਦੋ ਸਾਧੂ ਨ੍ਹਾਉਂਦੇ
ਮੇਰਾ ਕਾਲਜਾ ਘਿਰਦਾ ਨੀ
ਜੀਜਾ ਸਾਲੀ ਦੇ ਸਾਕ ਨੂੰ ਫਿਰਦਾ ਨੀ।
Jija sali
ਜੀਜਾ ਵੇ ਤੈਥੋਂ ਕੋਈ ਨਾ ਤੀਜਾ
ਚੈਨਾ ਸਿਲਕ ਦੀ ਕੁੜਤੀ ਲਿਆ ਦੇ
ਗੋਲ ਘੇਰੇ ਦਾ ਚੱਲਿਆ ਰਵੀਰਾ
ਆਸ਼ਕ ਲਾਉਂਦੇ ਗੀਜ਼ਾ
ਛੱਡ ਗਈ ਯਾਰ ਖੜ੍ਹੇ
ਅੰਤ ਪਿਆਰਾ ਜੀਜਾ।
ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੀ ਲੱਗਦੀ ਪਿਆਰੀ
ਭੈਣ ਤੇਰੀ ਨਾਲ ਵਿਆਹ ਕਰਵਾ ਲਾਂ
ਤੈਨੂੰ ਬਣਾ ਲਾਂ ਸਾਲੀ
ਆਪਾਂ ਦੋਨੇ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਨੇ ਛੜ ਚੱਕ ਲਈ
ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ
ਡਿੱਗ ਪਈ ਤਾਂ ਡਿੱਗ ਪੈਣ ਦੇ
ਤੈਨੂੰ ਇੱਕ ਦੀਆਂ ਸਮਾ ਹੂੰ ਚਾਲੀ
ਚਾਲ੍ਹੀਆਂ ਨੂੰ ਅੱਗ ਲਾਵਾਂ
ਮੇਰੇ ਯਾਰ ਦੀ ਨਿਸ਼ਾਨੀ ਭਾਰੀ
ਮਿੰਨਤਾਂ ਕਰਦੇ ਦੀ
ਰਾਤ ਗੁਜ਼ਰ ਗਈ ਸਾਰੀ।
ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੀ ਲੱਗਦੀ ਪਿਆਰੀ
ਭੈਣ ਤੇਰੀ ਨਾਲ ਵਿਆਹ ਕਰਵਾ ਲਾਂ
ਤੈਨੂੰ ਬਣਾਲਾਂ ਸਾਲੀ
ਤੇਰੇ ਅੰਗੀਏ ਨੂੰ
ਚਿਪਸ ਲਵਾ ਦਿਆਂ ਕਾਲੀ।
ਲੈ ਨੀ ਸਾਲੀਏ ਕੁੜਤੀ ਲਿਆਂਦੀ
ਦਰਜੀ ਤੋਂ ਸਮਾ ਲੈ
ਉੱਤੋਂ ਚੌੜੀ ਹੇਠਾਂ ਚੌੜੀ
ਲੱਕ ਕੋਲ ਛਾਂਟ ਪਵਾ ਲੈ
ਕੁੜਤੀ ਜੀਜੇ ਦੀ
ਰੀਝਾਂ ਨਾਲ ਹੰਢਾ ਲੈ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਕਾਕੇ।
ਜੀਜਾ ਸਾਲੀ ਦੀ ਲੱਗਗੀ ਦੋਸਤੀ,
ਡਿੱਗਾ ਪਿਆਰ ਹੁਲਾਰਾ ਖਾ ਕੇ।
ਤੇਲ ਬਾਝ ਨਾ ਪੱਕਣ ਗੁਲਗਲੇ,
ਦੇਖ ਰਿਹਾ ਪਰਤਾ ਕੇ।
ਜੀਜਾ ਸਾਲੀ ਨੂੰ………,
ਲੈ ਗਿਆ ਗੱਲੀਂ ਲਾ ਕੇ।
ਸੁਣ ਵੇ ਸਿਪਾਹੀਆ ਵਰਦੀ ਵਾਲਿਆ
ਮੈਂ ਤੇਰੀ ਮਤਵਾਲੀ
ਜੁਗ-ਜੁਗ ਆਵੀਂ ਗਲੀਂ ਅਸਾਡੀ
ਝਾਕੀ ਕਦੇ ਨਾ ਮਾਰੀਂ
ਸੋਲ੍ਹਾਂ ਸਾਲ ਉਮਰ ਹੈ ਮੇਰੀ
ਬੁਰੀ ਨੀਤ ਨਾ ਧਾਰੀਂ
ਭੌਰਾਂ ਵਾਂਗੂੰ ਲੈ ਲੈ ਵਾਸ਼ਨਾ
ਫੁੱਲ ਤੋੜੀਂ ਨਾ ਡਾਲੀ
ਮਾਪਿਆਂ ਕੋਲੋਂ ਡਰਦੀ ਆਖਾਂ
ਇਸ਼ਕ ਦੀ ਬੁਰੀ ਬਿਮਾਰੀ
ਕੈਦ ਕਰਾ ਦੇਉਂਗੀ
ਮੈਂ ਕਰਨਲ ਦੀ ਸਾਲੀ।
ਬੋਹੇ ਬੁਢਲਾਡੇ ਟੁੱਟੀ ਗੱਡੀ
ਖਲਕਤ ਮਰ ਗਈ ਭਾਰੀ
ਪੰਜ ਸੌ ਤਾਂ ਉੱਥੇ ਮਰਿਆ ਬਾਣੀਆ
ਨੌਂ ਸੌ ਮਰੀ ਕਰਾੜੀ
ਚਿੱਟੇ ਦੰਦ ਕੌਡੀਆਂ ਵਰਗੇ
ਦੁੱਖ ਹੋ ਜਾਂਦੇ ਭਾਰੀ
ਜੀਜਾ ਨਾ ਮਿਲਣੀ .
ਰੋਗਣ ਕੀਤੀ ਸਾਲੀ।