ਮੈਂ ਤੇ ਜਠਾਣੀ ਦੋਵੇਂ ਤੀਰਥਾਂ ਨੂੰ ਚੱਲੀਆਂ,
ਜੇਠ ਖੜ੍ਹਾ ਪੁੱਛੇ,
ਦੋਵੇਂ ਕਲੀਆਂ ਕਿਉਂ ਚੱਲੀਆਂ।
ਟੈਮ ਗੱਡੀ ਦਾ ਹੋਣ ਲੱਗਿਆ,
ਨੀ ਜੇਠ ਮਾਰ ਕੇ,
ਦੁਹੱਥੜਾ ਰੋਣ ਲੱਗਿਆ।
Jeth Bhabi
ਮੇਰੇ ਜੇਠ ਦਾ ਮੁੰਡਾ,
ਨੀ ਬੜਾ ਸ਼ੌਂਕੀ।
ਕੱਲ੍ਹ ਮੇਲੇ ਨੀ ਗਿਆ,
ਲਿਆਇਆ ਕੱਜਲ ਦੀ ਡੱਬੀ।
ਕਹਿੰਦਾ ਪਾ ਚਾਚੀ,
ਨੀ ਅੱਖ ਮਿਲਾ ਚਾਚੀ।
ਪੀ ਕੇ ਸ਼ਰਾਬ ਜੇਠ ਬੋਲਦਾ ਮੰਦਾ,
ਖਾਲੀ ਬੋਤਲਾਂ ਕੌਲਿਆਂ,
ਦੇ ਨਾਲ ਫੋੜ੍ਹਦਾ ਨੀ।
ਸਾਡੇ ਬਿਨਾਂ ਪੁੱਛੇ,
ਬੈਠਕ ਨੂੰ ਖੋਲ੍ਹਦਾ ਨੀ।
ਜੇਠ ਕੁਲਿਹਣਾ ਟੁੱਟ ਪੈਣਾ,
ਮੈਨੂੰ ਗਾਲ਼ ਬਿਨਾਂ ਨਾ ਬੋਲੇ।
ਮਾਰ ਦਿੰਦਾ ਉਹ ਜਾਨੋਂ ਮੈਨੂੰ,
ਜੇ ਨਾ ਲੁਕਦੀ ਸੰਦੂਕਾਂ ਉਹਲੇ।
ਵੀਰ ਹੋਊਗਾ ਤੇਰਾ ਵੇ,
ਦੱਸ ਕੀ ਲੱਗਦਾ ਉਹ ਮੇਰਾ ਵੇ।
ਮੇਰੀ ਜਾਣਦੀ ਜੁੱਤੀ,
ਰਿਹਾ ਕੋਲ ਤੂੰ ਖੜ੍ਹਾ,
ਵੇ ਮੈਂ ਜੇਠ ਨੇ ਕੁੱਟੀ।
ਜੇ ਤੂੰ ਕੋਲ ਨਾ ਹੁੰਦਾ,
ਮੈਂ ਵੀ ਮਾਰਦੀ ਜੁੱਤੀ।
ਆਪਦੇ ਬਾਰ ਨੂੰ ਤਖਤ ਲਵਾ ਲਏ
ਮੇਰੇ ਬਾਰ ਨੂੰ ਸਰੀਏ
ਜੇਠ ਜੀ ਦੀ ਵਾਰੀ
ਦੂਰ ਖੜ੍ਹੇ ਗੱਲ ਕਰੀਏ।
ਆਪਣੇ ਬਾਰ ਨੂੰ ਤਖਤੇ ਲਵਾ ਲਏ
ਮੇਰੇ ਬਾਰ ਨੂੰ ਖਿੜਕੀ
ਜਾ ਮੈਂ ਨਿਆਣੀ ਸੀ
ਤਾਹੀਂ ਜੇਠ ਨੇ ਝਿੜਕੀ
ਜੇਠ ਜਠਾਣੀ ਘਿਉ ਖਾ ਜਾਂਦੇ
ਤੈਨੂੰ ਦਿੰਦੇ ਚਹੇੜੂ
ਮੱਝੀਆਂ ਨਾ ਛੇੜੀ
ਆਪੇ ਜੇਠ ਜੀ ਛੇੜੂ।
ਜੇਠ ਜਠਾਣੀ ਅੰਦਰ ਪੈਂਦੇ
ਤੇਰਾ ਮੰਜਾ ਦਰ ਵਿੱਚ ਵੇ
ਕੀ ਲੋਹੜਾ ਆ ਗਿਆ
ਘਰ ਵਿੱਚ ਵੇ।
ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ
ਮੈਨੂੰ ਕਹਿੰਦਾ ਕੁੱਤੀ ,
ਜੇਠ ਨੂੰ ਅੱਗ ਲੱਗਜੇ
ਸਣੇ ਪਜਾਮੇ ਜੁੱਤੀ।
ਇੱਕ ਤੇਲ ਦੀ ਕੁੱਪੀ
ਇੱਕ ਘਿਓ ਦੀ ਕੁੱਪੀ
ਰਿਹਾ ਕੋਲ ਤੂੰ ਖੜ੍ਹਾ
ਵੇ ਮੈਂ ਜੇਠ ਨੇ ਕੁੱਟੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮਿਆਣਾ
ਮਾਏ ਨਾ ਤੋਰੀਂ,
ਕੰਤ ਸੁਣੀਂਦਾ ਨਿਆਣਾ।
ਜੇਠ ਮੇਰਾ ਬੱਕਰਾ,
ਤਾੜਦਾ ਰਹੇ ਮਰ ਜਾਣਾ।
ਗੱਭਰੂ ਹੋ ਜੂੰ-ਗਾ……
ਮੰਨ ਲੈ, ਰੱਬ ਦਾ ਭਾਣਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਘਾਰੇ।
ਜ਼ਿੰਦਗੀ ਸੰਜੋਗਾਂ ਦੀ,
ਵਿਜੋਗੀ ਭਟਕਦੇ ਅੰਬਰ ਵਿੱਚ ਤਾਰੇ।
ਖਿੱਚ ਅਰਮਾਨਾਂ ਦੀ,
ਫਿਰਦੇ ਭਟਕਦੇ ਸਾਰੇ।
ਜੇਠ ਸੁਲਤਾਨ ਬਣਿਆ……….,
ਦਿਓਰ ਚਾਰਦੇ ਬੱਕਰੀਆਂ ਸਾਰੇ।
- 1
- 2