ਅੱਸੀ ਰੁਪਏ ਤਨਖ਼ਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ-ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ…ਬਸ, ਕੁਝ ਬਚਦਾ ਨਹੀਂ ਸੀ। ਪਰ ਕਰਜਾ ਇਕ ਮਹੀਨੇ ਤੋਂ ਦੂਜੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ ‘ਤੇ ਵੀ ਖਿੱਚ-ਧੂ ਕੇ ਪੂਰਾ ਪੈ ਜਾਂਦਾ, ਜੇ ਹਾਜਰਾ ਦਾ ਬੁਖ਼ਾਰ ਜੀਅ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੂਮਕੀਆਂ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਨਾਲ ਬਣਵਾਈਆਂ ਸਨ ਝੁਮਕੀਆਂ! ਬੜਾ ਦੁੱਖ ਹੋਇਆ। ਖ਼ੈਰ, ਫੇਰ ਬਣ ਜਾਣਗੀਆਂ।
ਪਰ ਇਹ ਸਭ ਦਿਲ ਨੂੰ ਸਮਝਾਉਣ ਦੀਆਂ ਗੱਲ ਨੇ। ਇਕ-ਇਕ ਕਰਕੇ ਗਈਆਂ, ਦਹੇਜ਼ ਦੀਆਂ ਸਾਰੀਆਂ ਚੀਜ਼ਾਂ, ਮੁੜ ਵਾਪਸ ਨਹੀਂ ਆਈਆਂ। ਜੁਗਨੂੰ, ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ੍ਹ ਗਏ। ਸੋਚਿਆ ਸੀ—ਚਲੋ, ਨੌਕਰੀ ਤਾਂ ਪੱਕੀ ਹੋ ਜਾਏਗੀ…ਹਜ਼ਾਰਾਂ ਜੁਗਨੂੰ ਬਣ ਜਾਣਗੇ। ਹਰ ਮਹੀਨੇ ਜੁਗਨੂੰਆਂ ਦਾ ਹਿਸਾਬ ਲਾਇਆ ਜਾਂਦਾ…ਸੋਨੇ ਦੀ ਕੀਮਤ ਸੀ ਕਿ ਘਟਣ ਦਾ ਨਾਂ ਈ ਨਹੀਂ ਸੀ ਲੈਂਦੀ ਪਈ। ‘ਗਜਬ ਖ਼ੁਦਾ ਦਾ, ਇੱਕੀ ਰੁਪਏ ਤੋਂ ਇਕ ਸੌ ਸੋਲਾਂ ‘ਤੇ ਪਹੁੰਚ ਗਿਐ…ਭਲਾ ਕੀ ਜੁਗਨੂੰ ਬਣਾਵਾ ਲਊ ਕੋਈ?’
ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਵਿਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖ਼ਾਹ ਦੇ ਹਿਸਾਬ ਨਾਲ ਈ ਦਿੱਤਾ ਏ। ਮਕਾਨ ਦਾ ਕਿਰਾਇਆ ਨਾ ਹੋਵੇ, ਨਾ ਸਹੀ…ਰੁੱਖੀ-ਸੁੱਕੀ ਸਭ ਚਲ ਜਾਏਗੀ, ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਏ—ਮੁੱਕ-ਸੁੱਕ ਜਾਏ ਤਾਂ ਫੇਰ!…ਤੇ ਬੁਖ਼ਾਰ ਵਿਚ ਕੰਬਖ਼ਤ ਦੁੱਧ ਵੀ ਸੁੱਕ ਗਿਆ ਸੀ। ਅੰਮਾਂ ਜੀ ਤਾਂ ਇਹੋ ਕਹਿੰਦੇ ਰਹੇ, “ਕੀ ਫੈਸ਼ਨ ਆ ਗਿਐ, ਬੋਤਲ ਨਾਲ ਦੁੱਧ ਪਿਆਉਣ ਦਾ…ਸਾਡੇ ਜ਼ਮਾਨੇ ‘ਚ ਤਿੰਨ-ਤਿੰਨ ਸਾਲ ਪਿਆਓਂਦੇ, ਤਦ ਵੀ ਨੀਂ ਸੀ ਮੁੱਕਦਾ-ਸੁੱਕਦਾ ਹੁੰਦਾ ਦੁੱਧ।”
ਪਰ ਭਲਾਂ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ-ਜੀ ਤੁਹਾਡੇ ਜ਼ਮਾਨੇ ਵਿਚ ਡਾਲਡਾ ਨਹੀਂ ਸੀ ਹੁੰਦਾ ਹੁੰਦਾ…ਛੰਨੇਂ ਭਰ-ਭਰ ਦੁੱਧ-ਛੁਆਰੇ ਉਡਾਉਂਦੇ ਸੌ, ਫੇਰ ਤਿੰਨ ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦੇਂਦੇ ਸੌ।’ ਪਰ ਬੀਬੀ-ਜੀ ਦੇ ਮੂੰਹ ਲੱਗਣਾ, ਆਪਣੀ ਮੌਤ ਨੂੰ ਮਾਸੀ ਕਹਿਣਾ ਸੀ—ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ। ਦਿਨ ਵਿਚ ਕਈ-ਕਈ ਵੇਰ ਬੀਬੀ-ਜੀ ਦੇ ਤਾਅਨੇ ਸੁਣਨੇ ਪੈਂਦੇ। ਚੱਲੋ ਗੱਲ ਮੁੱਕੀ, ਕਹਿ ਲਿਆ, ਸੁਣ ਲਿਆ—ਛੁੱਟੀ ਹੋਈ। ਨਾਲੇ ਬੀਬੀ-ਜੀ ਨੂੰ ਹੋਰ ਕੰਮ ਵੀ ਕਿਹੜਾ ਸੀ, ਸਿਵਾਏ ਆਪਣੇ ਗਠੀਏ ਨੂੰ ਰੋਣ ਦੇ…ਤੇ ਗਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤਾਂ ਨਾਲ ਹੀ ਉਸ ਨੂੰ ਵੀ ਧੂ ਲੈਂਦੇ।
ਜਦੋਂ ਛਾਂਟੀ ਵਾਲੀ ਲਿਸਟ ਵਿਚ ਬਾਕਰ ਮੀਆਂ ਦਾ ਨਾਂ ਵੀ ਨਜ਼ਰ ਆਇਆ ਤਾਂ ਪਹਿਲਾਂ ਤਾਂ ਉਹ ਉਸਨੂੰ ਮਜ਼ਾਕ ਈ ਸਮਝਦੇ ਰਹੇ—ਨੌਂ ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋਇਆ, ਹੋ ਜਾਣਗੇ…ਆਪਣੀ ਸਰਕਾਰ ਏ, ਆਪੁ ਫਿਕਰ ਕਰੇਗੀ। ਖ਼ੈਰ, ਨੋਟਿਸ ਮਿਲਿਆ ਏ ਤਾਂ ਕੀ ਹੋਇਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ ਸੀ। ਜ਼ਰਾ ਜਿੰਨੀ ਭੱਜ-ਨੱਠ ਤੋਂ ਬਾਅਦ ਫੇਰ ਕਿਸੇ ਸਕੂਲ ਵਿਚ ਲਾ ਦਿੱਤਾ ਜਾਂਦਾ ਸੀ। ਇਕ ਵਾਰੀ ਛੇ ਮਹੀਨੇ ਕਿਤੇ ਜਗ੍ਹਾ ਖ਼ਾਲੀ ਨਾ ਹੋਈ ਤਾਂ ਰਜਿਸਟਰਾਰ ਦੇ ਦਫ਼ਤਰ ਵਿਚ ਲਾ ਦਿੱਤਾ ਗਿਆ ਸੀ…ਮਤਲਬ ਤਾਂ ਤਨਖ਼ਾਹ ਤੀਕ ਸੀ, ਜਦ ਤੀਕ ਮਿਲਦੀ ਰਹੀ ਖ਼ਿਆਲ ਈ ਨਹੀਂ ਆਇਆ ਕਿ ਅਜੇ ਕੱਚੇ ਨੇ ਕਿ ਪੱਕੇ…।
ਪਰ ਏਸ ਵਾਰੀ ਅਜਿਹਾ ਪੱਕਾ ਜਵਾਬ ਮਿਲਿਆ ਕਿ ਡੇਢ ਸਾਲ ਦੀ ਭੱਜ-ਨੱਠ ਪਿੱਛੋਂ ਈ ਪਤਾ ਲੱਗਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ—ਤੇ ਬਹਾਲੀ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। ਨੌਂ ਸਾਲ ਪੱਕਿਆਂ ਨਾ ਹੋਣਾ ਈ ਨਿਕੰਮੇਪਨ ਦਾ ਸਬੂਤ ਸੀ। ਵੈਸੇ ਤਾਂ ਉਸ ਨਾਲੋਂ ਪਿੱਛੋਂ ਲੱਗੇ, ਦੋਵੇਂ ਹੱਥੀਂ ਰੋਟੀਆਂ ਮਰੋੜ ਰਹੇ ਸੀ ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ…ਤੇ ਇਹਨਾਂ ਸੁਸਤੀ ਤੇ ਲਾਪ੍ਰਵਾਹੀ ਕਾਰਨ ਇਸ ਨੂੰ ਕੋਈ ਮਹੱਤਵ ਈ ਨਹੀਂ ਸੀ ਦਿੱਤਾ।
ਇਹ ਡੇਢ ਸਾਲ ਕਿੰਜ ਬੀਤਿਆ, ਜਾਂ ਹਾਜਰਾ ਬੀ ਜਾਣਦੀ ਸੀ, ਜਾਂ ਬਾਕਰ ਮੀਆਂ ਜਾਂ ਕੁਛ-ਕੁਛ ਅੰਮਾਂ ਜੀ…ਪਰ ਉਹਨਾਂ ਨੂੰ ਤਾਂ ਗਿਆਰਾਂ ਰੁਪਏ ਪੈਂਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਨਹੀਂ ਸੀ ਹੋਈ—ਮਰਨ ਵਾਲੇ ਨੇ ਮਰ ਕੇ ਵੀ ਏਨਾ ਸਹਾਰਾ ਤਾਂ ਛੱਡਿਆ ਈ ਸੀ।
ਕੇਹੀਆਂ ਝੁਮਕੀਆਂ ਤੇ ਕੇਹਾ ਗੁਲੂਬੰਦ…ਇਕ-ਇਕ ਕਰ ਕੇ ਖੁਰ ਗਏ ਸਨ—ਪਹਿਲਾਂ ਗਹਿਣੇ ਰੱਖੇ ਗਏ, ਫੇਰ ਵਿਕ ਗਏ। ਅਫ਼ਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਵਿਚ ਛੇ ਮਹੀਨੇ ਦੋ ਇਕ ਟਿਊਸ਼ਨਾਂ ਮਿਲ ਜਾਂਦੀਆਂ…ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦੀ ਮੀਆਂ ਜੀ, ਇਕ ਦੋ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿਝ ਜਾਂਦੇ।
ਹਾਜਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਵਿਚ ਕਾਫੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਹੋਈ ਤਾਂ ਸਾਰਾ ਪੜ੍ਹਿਆ-ਗੁਣਿਆ ਬਾਲ-ਬੱਚਿਆਂ ਦੀ ਦੇਖ-ਭਾਲ ਵਿਚ ਨਾਸਾਂ ਥਾਂਈਂ ਬਾਹਰ ਨਿਕਲ ਗਿਆ। ਵਰ੍ਹਿਆਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ ‘ਸਹੇਲੀ’ ਦਾ ਕੋਈ ਪੁਰਾਣਾ ਅੰਕ, ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ, ਦੁਬਾਰਾ ਪੜ੍ਹ ਲੈਂਦੀ। ਹਾਜਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ। ਜ਼ਨਾਨੇ ਪਰਚੇ ਲਗਾਤਾਰ ਉਸ ਦੇ ਨਾਂ ਆਉਂਦੇ ਰਹਿੰਦੇ ਸਨ। ਸ਼ਾਦੀ ਪਿੱਛੋਂ ਲਾਪ੍ਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ-ਵਗ਼ੈਰਾ ਸਭ ਛੁੱਟ ਗਏ।
ਜਦੋਂ ਗੁਆਂਢਣ ਨੇ ਹਾਜਰਾ ਬੀ ਨੂੰ ਨੇੜੇ ਦੇ ਸਕੂਲ ਵਿਚ ਨੌਕਰੀ ਕਰ ਲੈਣ ਦੀ ਰਾਏ ਦਿੱਤੀ ਤਾਂ ਬੀ ਅੰਮਾਂ ਨੇ ਉਸ ਦੀਆਂ ਸੱਤ ਪੁਸ਼ਤਾਂ ਦੀਆਂ ਕਬਰਾਂ ਵਿਚ ਕੀੜੇ ਪਾ ਦਿੱਤੇ। ਪੜ੍ਹੀਆਂ-ਲਿਖੀਆਂ ਔਰਤਾਂ ਦੇ ਚਾਲ-ਚਲਨ ਬਾਰੇ ਏਨੇ ਕਿੱਸੇ ਸੁਣਾਏ ਕਿ ਹਾਜਰਾ ਨੇ ਕੰਨਾਂ ਉੱਤੇ ਹੱਥ ਧਰ ਲਏ—’ਤੋਬਾ ਮੇਰੀ ਮੈਂ ਕਦੋਂ ਕਰ ਰਹੀ ਆਂ ਨੌਕਰੀ।’ “ਇਹ ਸਾਰੀਆਂ ਮੋਈਆਂ ਮਾਸਟਰਨੀਆਂ, ਮਾਸਟਰਾਂ ਨਾਲ ਫਸੀਆਂ ਹੁੰਦੀਐਂ। ਸਕੂਲ ਦਾ ਤਾਂ ਬਹਾਨਾ ਹੁੰਦੈ। ਘਰੇ ਕੁੰਡੀ ਨਹੀਂ ਲੱਗਦੀ ਤਾਂ ਸਕੂਲ ਗੁਲ਼ ਖਿਆਉਣ ਜਾ ਵੜਦੀਐਂ।” ਉਹ ਕਹਿੰਦੇ ਹੁੰਦੇ ਸਨ।
ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ ‘ਤੇ ਮਜ਼ਬੂਰ ਕਰ ਦੇਂਦੀ ਏ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ-ਗੁਆਂਢ ਨੇ ਤੇ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ ‘ਤੇ ਹੀ ਬੰਦ ਕਰ ਦਿੱਤੇ ਤਾਂ ਹਾਜਰਾ ਨੂੰ ਗੁਆਂਢਣ ਦੀ ਗੱਲ ‘ਤੇ ਗੌਰ ਕਰਨਾ ਪਿਆ।
“ਓਹ ਹੋਰ ਕੋਈ ਉੱਲੂ ਕੇ ਪੱਠੇ ਹੋਣਗੇ ਜਿਹੜੇ ਜ਼ਨਾਨੀ ਦੀ ਕਮਾਈ ਖਾਂਦੇ ਹੋਣਗੇ।” ਪੁੱਛਣ ‘ਤੇ ਬਾਕਰ ਮੀਆਂ ਨੇ ਕਿਹਾ ਸੀ, “ਅਜੇ ਏਨਾ ਦਮ ਹੈ…ਜਦ ਮਰ ਜਾਵਾਂਗਾ, ਤਦ ਜੋ ਜੀਅ ‘ਚ ਆਏ ਕਰ ਲਵੀਂ!”
“ਹੁਣ ਤਾਂ ਜੇਵਰ ਵੀ ਨਹੀਂ ਰਹੇ। ਸਾਰੇ ਇਕ ਇਕ ਕਰਕੇ ਵਿਕ ਗਏ ਨੇ।”
“ਵਿਕ ਗਏ ਤਾਂ ਕੀ ਹੋਇਆ। ਕਿਹਾ ਤਾਂ ਹੈ ਪੈਸੇ ਆਉਣ ਦੇ ਪਹਿਲਾਂ ਤੇਰੇ ਜੇਵਰ ਬਣਵਾਵਾਂਗਾ। ਮਰੀ ਕਿਉਂ ਜਾਂਨੀਂ ਐਂ।”
“ਊਂ-ਹ ਆ ਚੁੱਕਿਆ ਹੁਣ ਪੈਸਾ। ਸਾਲ ਵਿਚ ਤਿੰਨ ਚਾਰ ਸੌ ਦੀ ਕਮਾਈ ਵਿਚ ਕਿੰਜ ਗੁਜਾਰਾ ਹੋ ਸਕਦੈ।”
“ਦੇਖ ਬਈ, ਜੇ ਇੰਜ ਆਵਾਰਾਗਰਦੀ ਕਰਨ ਦਾ ਈ ਮੂਡ ਐ ਤਾਂ ਤਲਾਕ ਲੈ-ਲੈ ਤੇ ਮੌਜਾਂ ਕਰ। ਮੈਂ ਦੁਨੀਆਂ ਦੀਆਂ ਲਾਹਣਤਾਂ ਨਹੀਂ ਸੁਣ ਸਕਦਾ।” ਬਾਕਰ ਮੀਆਂ ਨੇ ਹਿਰਖ ਕੇ ਕਿਹਾ ਤੇ ਫੇਰ ਹਾਜਰਾ ਬੀ ਦੀ ਹਿੰਮਤ ਮੁੱਕ ਗਈ।
ਇਕ ਤਾਂ ਘਰੇ ਤੰਗੀ ਉਪਰੋਂ ਸਾਰਿਆਂ ਦਾ ਮਿਜਾਜ਼ ਚਿੜਚਿੜਾ। ਅੰਮਾਂ ਜੀ ਦੀ ਤਾਂ ਸਮਝ ‘ਚ ਈ ਨਹੀਂ ਸੀ ਆਉਂਦਾ।
“ਓ ਬਈ, ਸਾਡੀ ਤਾਂ ਆਪਣੇ ਗਿਆਰਾਂ ਰੁਪਏ ਵਿਚ ਵਧੀਆ ਸਰੀ ਜਾਂਦੀ ਐ। ਮੈਂ ਪੁੱਛਦੀ ਆਂ, ਬਹੂ ਤੋਂ ਕਿਉਂ ਨੀ ਘਰ ਚੱਲਦਾ?” ਉਹ ਬੁੜਬੁੜ ਕਰਦੀ। ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ, ਨਾ ਵੱਲ। ਪਾਈ-ਪਾਈ ਦਾ ਹਿਸਾਬ ਲਿਖਦੀ ਆਂ—ਪਰ ਫੇਰ ਵੀ ਇਹੋ ਰਟਦੇ ਰਹਿੰਦੇ ਨੇ…
“ਓ ਬਈ, ਏਨੇ ਰੁਪਈਆਂ ‘ਚ ਤਾਂ ਖਾਨਦਾਨ ਪਲ ਜਾਂਦੇ ਐ। ਤੁਹਾਡੇ ਤਾਂ ਬਰਕਤ ਈ ਨਹੀਂ…ਬਹੂ, ਭਲਾ ਅਸੀਂ ਕਿੰਜ ਗੁਜਾਰਾ ਕਰ ਲੈਨੇਂ ਆਂ…”
“ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦੈ, ਨਾ ਖਾਣੇ ਦਾ ਧੇਲਾ। ਨਾ ਭੰਗੀ-ਮਾਸ਼ਕੀ ਦਾ ਖਰਚ। ਰਹਿ ਗਈ ਅਫ਼ੀਮ ਦੀ ਲਤ ਤਾਂ…”
ਲਤ ਸ਼ਬਦ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾਂ ਜੀ ਦਾ ਪਠਾਨੀ ਖ਼ੂਨ ਉਬਾਲ ਖਾ ਗਿਆ।
“ਮੇਰਾ ਰਹਿਣਾ ਵੀ ਰੜਕਦੈ। ਹਾਂ ਕਿਰਾਇਆ ਵੀ ਲੈ ਲਿਆ ਕਰ, ਇਸ ਚੂਹੇ ਦੀ ਖੱਡ ਦਾ। ਦੋ ਰੋਟੀਆਂ ਖਾਂਦੀ ਆਂ। ਹਿਸਾਬ ਲਾ ਕੇ ਲੈ-ਲਿਆ ਕਰ, ਆਪਣੇ ਸਾਰੇ ਪੈਸੇ। ਕੀ ਸਮਝਿਆ ਐ? ਅਜੇ ਦਮ ਹੈ ਏਨਾ ਕਿਸੇ ਦੇ ਭਾਂਡੇ ਮਾਂਜ ਕੇ ਏਨਾ ਤਾਂ ਮਿਲ ਜਾਇਆ ਕਰੂ। ਹੱਡ-ਪੈਰ ਰਹਿ ਗਏ ਤਾਂ ਸੜਕ ਦੇ ਸੁੱਟਵਾ ਦੇਈਂ। ਅੱਲਾ ਦੇ ਨਾਂਅ ਦੇ ਦੋ ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਈ ਜਾਊ…ਵੈਸੇ ਸੁਣ ਲੈ—ਮੈਂ ਆਪਣੇ ਮੁੰਡੇ ਦੇ ਘਰ ਰਹਿੰਦੀ ਆਂ ਕਿਸੇ ਮਾਲਜਾਦੀ ਦੇ ਘਰ ਰੋਟੀਆਂ ਨੀ ਤੋੜ ਰਹੀ।”
ਹਾਜਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ ‘ਮੈਂ ਤਾਂ ਹਿਸਾਬ ਦੱਸਿਆ ਸੀ। ਮੇਰਾ ਖ਼ੁਦਾ ਨਾ ਕਰੇ, ਮੇਰਾ ਇਹ ਮਤਲਬ ਥੋੜ੍ਹਾ ਈ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਓ।’ ਪਰ ਉਹ ਕਦ ਸੁਣਨ ਵਾਲੀ ਸੀ। ਇਕ ਵਾਰੀ ਛਿੜ ਪਈ ਤਾਂ ਰੁਕਣ ਦਾ ਨਾਂ ਨਹੀਂ…ਖ਼ੁਦ ਆਪਣੀਆਂ, ਆਪਣੇ ਖ਼ਾਨਦਾਨ ਦੀਆਂ ਸੱਤ ਪੁਸ਼ਤਾਂ ਨੂੰ ਯਾਦ ਕਰ-ਕਰ ਕੇ ਰੋਂਦੀ-ਪਿੱਟਦੀ ਰਹੀ। ਬਾਕਰ ਮੀਆਂ ਰਾਤ ਨੂੰ ਥੱਕੇ-ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਆਏ, ਅੰਮਾਂ ਜੀ ਦਾ ਰਿਕਾਰਡ ਫੇਰ ਸ਼ੁਰੂ ਹੋ ਗਿਆ। ਅੱਧੀ ਰਾਤ ਤਕ ਚੱਕੀ ਚੱਲਦੀ ਰਹੀ। ਹਾਜਰਾ ਨੇ ਵੀ, ਸੜਦੀ-ਭੁੱਜਦੀ ਨੇ, ਮੀਆਂ ਨੂੰ ਨਿਖੱਟੂ ਕਹਿ ਦਿੱਤਾ। ਤੇ ਬਾਕਰ ਮੀਆਂ ਨੇ ਹਿਸਾਬ-ਕਿਤਾਬ ਲਾ ਕੇ ਹਾਜਰਾ ਨੂੰ ਮੂਰਖ ਸਿੱਧ ਕਰ ਦਿੱਤਾ। ਤੇ ਅੰਮਾਂ ਜੀ ਨੇ ਉਹਨਾਂ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ…ਪਰ ਕਿਸੇ ਦੇ ਕਾਲਜੇ ਵਿਚ ਠੰਡਕ ਨਾ ਪੈ ਸਕੀ।
ਹਾਜ਼ਰਾ ਬੀ ਸਾਰੀ ਰਾਤ ਰੋਂਦੀ ਰਹੀ।
ਅੰਮਾਂ ਜੀ ਬੁੜਬੁੜ ਕਰਦੀ ਰਹੀ।
ਤੇ ਬਾਕਰ ਮੀਆਂ ਠੰਡੇ ਹਊਕੇ ਭਰਦੇ-ਛੱਡਦੇ ਰਹੇ।
ਵਿਚ ਵਿਚ ਨਸੀਮ ਡਰਾਵਨੇ ਸੁਪਨੇ ਦੇਖ ਕੇ ਰੋਂਦਾ ਰਿਹਾ। ਤੇ ਕਈ ਮਹੀਨਿਆਂ ਦੀ ਝਿਕ-ਝਿਕ ਪਿੱਛੋਂ ਇਹ ਫ਼ੈਸਲਾ ਹੋਇਆ ਕਿ ਜੇ ਹਾਜਰਾ ਬੀ ਕੱਚੇ ਤੌਰ ਤੇ ਕੰਮ ਕਰਨ ਲੱਗ ਜਾਏ ਤਾਂ ਏਨਾ ਜ਼ਿਆਦਾ ਹਰਜ਼ ਵੀ ਨਹੀਂ। ਜਿਵੇਂ ਹੀ ਬਾਕਰ ਮੀਆਂ ਨੂੰ ਨੌਕਰੀ ਮਿਲੇਗੀ, ਉਹ ਨੌਕਰੀ ਛੱਡ ਦਏਗੀ।
“ਹਾਂ ਬਈ ਹੁਣ ਮੈਂ ਬੋਰਡ ਦੀ ਮੀਟਿੰਗ ਵਿਚ ਅਰਜੀ ਦੇਣ ਦਾ ਫ਼ੈਸਲਾ ਕਰ ਲਿਐ। ਮੈਂ ਖ਼ੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ, ਦੇਖਦਾਂ ਕੀ ਜਵਾਬ ਦਿੰਦੇ ਐ।”
“ਕੋਈ ਮੈਨੂੰ ਸ਼ੌਕ ਏ, ਮਨਹੂਸ ਨੌਕਰੀ ਦਾ…ਤੁਹਾਨੂੰ ਨੌਕਰੀ ਮਿਲ ਜਾਏ ਤਾਂ ਮੈਂ ਕਰਾਂਗੀ ਕਿਉਂ?” ਹਾਜਰਾ ਬੀ ਨੇ ਵਿਸ਼ਵਾਸ ਦਿਵਾਇਆ।
“ਓ ਬਈ ਮੈਂ ਕੌਣ ਹੁੰਨੀਂ ਆਂ ਰਾਏ ਦੇਣ ਆਲੀ, ਕਿਸਮਤ ‘ਚ ਜੋ ਲਿਖਿਐ—ਉਹ ਤਾਂ ਹੋਊਗਾ ਈ ਹੋਊਗਾ।” ਅੰਮਾਂ ਜੀ ਨੇ ਵੀ ਰਜ਼ਾਮੰਦੀ ਜਾਹਰ ਕੀਤੀ ਸੀ।
ਤੇ ਹਾਜਰਾ ਬੀ ਨੇ ਸਿਰਫ ਬਵੰਜਾ ਰੁਪਏ ‘ਤੇ ਸਕੂਲ ਵਿਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਤਜ਼ੁਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਵਿਚ ਗਿਆਨ ਨਾਲੋਂ ਵੱਧ ਧਮੁੱਕਿਆਂ ਤੇ ਚਪੇੜਾਂ ਦੀ ਲੋੜ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੀਕ ਗਲ਼ਾ ਪਾੜ-ਪਾੜ ਕੇ ਬੱਚਿਆਂ ਨੂੰ ਤਾੜਨਾ-ਝਾੜਨਾ, ਉਹਨਾਂ ਦੀ ਮਾਰ-ਕੁਟਾਈ ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾਅ ਕੇ ਅਮਨ ਬਹਾਲ ਕਰਨਾ। ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਲਈ ਹਰ ਵੇਲੇ ਉਹਨਾਂ ਦੇ ਸਾਰੇ ਖ਼ਾਨਦਾਨ ਲਈ ਸਾੜ੍ਹੀਆਂ, ਬਲਾਊਜ਼ਾਂ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜ਼ਾਈਆਂ ਦੇ ਨਗੰਦੇ ਪਾਉਣਾ। ਹਾਜਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਏਨੀਆਂ ਸਾੜ੍ਹੀਆਂ ਕਢਵਾਈਆਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਹਾਜਰਾ ਬੀ ਨੂੰ ਆਪਣੇ ਕੰਮ ਉੱਤੇ ਨਾਜ਼ ਸੀ, ਅੱਜ ਉਹੀ ਕੰਮ ਗਲ਼ੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਨਹੀਂ ਸੀ। ਵੈਸੇ ਇਹ ਆਮਦਾਨ ਦਾ ਕੋਈ ਪੱਕਾ ਸਾਧਨ ਨਹੀਂ ਸੀ ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ…ਘੱਟੋਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ ਸੀ। ਕਦੀ ਕਦੀ ਸਾੜ੍ਹੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਲਈ ਆ ਜਾਂਦੇ ਸੀ।
ਸਾਰਿਆਂ ਨੂੰ ਹੀ ਹਾਜਰਾ ਬੀ ਦੇ ਘਰ ਦਾ ਹਾਲ ਪਤਾ ਸੀ…ਤੇ ਕੁਝ ਨਾ ਕੁਝ ਦਿੰਦੇ ਦਿਵਾਂਦੇ ਹੀ ਰਹਿੰਦੇ ਸਨ ਪਰ ਇਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਲਈ ਦਿੱਤੇ ਤਾਂ ਹਾਜਰਾ ਬੀ ਨੂੰ ਗੁੱਸਾ ਆ ਗਿਆ। ਜੀਅ ਚਾਹਿਆ ਕਹਿ ਦਏ, ‘ਮਾਸਟਰਨੀ ਆਂ ਕੋਈ ਮੰਗਤੀ ਨਹੀਂ।’ ਪਰ ਕੁਝ ਸੋਚ ਕੇ ਗੁੱਸਾ ਪੀ ਗਈ…ਕੀ ਫਾਇਦਾ, ਵਿਗਾੜ ਕੇ। ਮਸਾਂ ਦੋ ਰੋਟੀਆਂ ਦਾ ਸਹਾਰਾ ਹੋਇਆ ਏ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਏ। ਪਰ ਘਰ ਆ ਕੇ ਕੱਪੜੇ ਜਮਾਂਦਾਰਨੀ ਨੂੰ ਦੇ ਦਿੱਤੇ। ਅੰਮਾਂ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ—
“ਚੰਗੇ ਭਲੇ ਕੱਪੜੇ ਜਮਾਂਦਾਰਨੀ ਨੂੰ ਦੇ ਦਿੱਤੇ ਜਾਂਦੇ ਆ। ਇਸਦੇ ਪਿਓ ਦੇ ਘਰ ਵੀ ਕੀ ਇੰਜ ਹੀ ਲੰਗਰ ਵੰਡੀਂਦਾ ਸੀ? ਏਸੇ ਲਈ ਤਾਂ ਕਹਿੰਦੀ ਹਾਂ ਬੇਟਾ, ਤੇਰੀ ਕਮਾਈ ਵਿਚ ਬਰਕਤ ਕਿਉਂ ਨਹੀਂ…”
ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ ਬਾਕਰ ਮੀਆਂ ਦਾ ਅਜੀਬ ਹਾਲ ਸੀ…ਨਾ ਛੱਡਿਆ ਜਾਂਦਾ ਸੀ ਨਾ ਨਿਗਲਿਆ—ਵੱਸ ‘ਚ ਹੁੰਦਾ ਤਾਂ ਪਤਨੀ ਨੂੰ ਇਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ-ਮਜ਼ਾਕ ਵਿਚ ਮਿਹਣੇ ਮਾਰਦੇ ਸੀ—
“ਬਾਕਰ ਬਈ ਐਸ਼ ਨੇ ਤੇਰੇ ਤਾਂ ਘਰਵਾਲੀ ਕਮਾ ਕੇ ਲਿਆਉਂਦੀ ਏ, ਬੈਠ ਕੇ ਆਰਾਮ ਨਾਲ ਖਾਂਦਾ ਏਂ। ਏਥੇ ਸਾਡੀ ਬੇਗ਼ਮ ਦਾ ਉਹ ਨਖ਼ਰਾ ਏ ਕਿ ਮਾਸ਼ਾ ਅੱਲ੍ਹਾ! ਹਿੱਲ ਕੇ ਪਾਣੀ ਨਹੀਂ ਪੀਂਦੀ, ਆਏ ਦਿਨ ਜੇਵਰ ਤੇ ਕੱਪੜੇ ਦੀ ਫਰਮਾਇਸ਼।”
“ਯਾਰ ਸੱਚੀ ਗੱਲ ਤਾਂ ਇਹ ਐ ਕਿ ਆਪਾਂ ਨੂੰ ਵੀ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ ਔਰਤਾਂ ਦਾ ਕੰਮ ਤਾਂ ਇਹੀ ਐ ਕਿ ਮਰਦ ਦਾ ਦਿਲ ਖੁਸ਼ ਕਰਨ। ਜੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਐ, ਸਾਲਾ ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜੇਵਰ ਕੱਪੜੇ ਲਈ ਤਰਸਾਏ।” ਦੂਜੇ ਸਾਹਬ ਨੇ ਫੁਰਮਾਇਆ।
“ਤੇਰਾ ਈ ਜਿਗਰਾ ਏ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਏਂ। ਯਾਰ ਸੌਂਹ ਖ਼ੁਦਾ ਦੀ ਮੈਂ ਤਾਂ ਖ਼ੁਦਕਸ਼ੀ ਕਰ ਲਵਾਂ ਇੰਜ ਤੀਵੀਂ ਦੇ ਟੁਕੜਿਆਂ ‘ਤੇ ਮੈਂ ਤਾਂ ਨਾ ਜਿਊਂਦਾ ਰਹਿ ਸਕਾਂ।”
“ਓਇ ਇਹ ਬੋਰਡ ਦੇ ਮੈਂਬਰ! ਸਾਲੇ ਪਰਲੇ ਦਰਜ਼ੇ ਦੇ ਹਰਾਮਜਾਦੇ ਹੁੰਦੇ ਨੇ। ਇਹ ਸਕੂਲ ਤਾਂ ਨਾਂਅ ਦੇ ਨੇ ਸਾਲੇ ਚਕਲੇ ਨੇ ਚਕਲੇ, ਬੁਰਾ ਨਾ ਮੰਨੀ ਤੇਰੀ ਬੀਵੀ ਤਾਂ ਖ਼ੈਰ ਸ਼ਰੀਫ ਏ। ਇਹ ਸਾਲੀਆਂ ਮਾਸਟਰਨੀਆਂ ਅੱਵਲ ਨੰਬਰ ਦੀਆਂ ਉਹ ਹੁੰਦੀਆਂ ਨੇ। ਇਹ ਸਾਰੀਆਂ ਮੈਂਬਰਾਂ ਦੇ ਘਰੀਂ ਤੁਰੀਆਂ ਫਿਰਦੀਆਂ ਨੇ।”
“ਲਾਹੌਲ ਵਲਾ ਕੁਵੱਤ। ਓਇ ਯਾਰ ਇਹਨਾਂ ਮਾਸਟਰਨੀਆਂ ਨੂੰ ਦੇਖ ਕੇ ਤਾਂ ਕੈ ਆਉਂਦੀ ਏ। ਸਾਲੀਆਂ ਸਾਰੀਆਂ ਕਾਣੀਆਂ-ਮੀਣੀਆਂ, ਭੈੜੀਆਂ ਸ਼ਕਲਾਂ…ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ। ਇਸ਼ਕ ਵੀ ਲੜਾਉਂਦੇ ਨੇ ਤਾਂ ਕਿਆ ਥਰਡ ਕਲਾਸ ਮਾਲ ਨਾਲ। ਯਾਰ ਸਾਡੇ ਮੁਹੱਲੇ ਵਿਚ ਇਕ ਸਾਲੀ ਮਾਸਟਰਨੀ ਸੀ…ਜੀਅ ਭਰ ਕੇ ਬਦਸੂਰਤ। ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ, ਬੁਰਕੇ ਵਿਚੋਂ ਨਿਕਲੀਆਂ ਹੁੰਦੀਆਂ। ਜਦੋਂ ਮੇਰੇ ਘਰ ਸਾਹਮਣਿਓਂ ਲੰਘਦੀ ਮੈਂ ਮੁੰਡਿਆਂ ਨੂੰ ਕਹਿੰਦਾ, ‘ਲਾ ਦਿਓ ਸਾਲੀ ਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ, ਲੰਗੜੇ ਕਾਂ ਵਾਂਗਰ ਫੁਦਕ-ਫੁਦਕ ਕੇ ਦੌੜਦੀ ਸੀ। ਬੜੀ ਸੱਚੀ-ਸੁੱਚੀ ਬਣਦੀ ਸੀ। ਸਾਲੀ ਦਾ ਢਿੱਡ ਹੋ ਗਿਆ, ਕੱਢ ਦਿੱਤੀ ਗਈ ਮੁਹੱਲੇ ਵਿਚੋਂ ਜੁੱਤੀਆਂ ਮਾਰ-ਮਾਰ ਕੇ।”
ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨ੍ਹਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਟਾਲਦੇ ਰਹਿੰਦੇ, ਸੁਣੀ-ਅਣਸੁਣੀ ਕਰ ਛੱਡਦੇ। ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦੇ। ਆਉਂਦਿਆਂ ਨੂੰ ਅੰਮਾਂ ਜੀ ਦੋ ਚਾਰ ਸੁਣਾ ਦੇਂਦੀ।
“ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਤੇ ਬੇਗ਼ਮ ਸਾਹਿਬਾ ਤੁਰਦੀ ਹੋਈ। ਮੈਂ ਕਹਿੰਦੀ ਆਂ ਐਨੀ ਸਵੇਰੇ ਸਵੇਰੇ ਸਕੂਲ ‘ਚ ਕੀ ਹੁੰਦੈ। ਮੀਆਂ ਮੈਂ ਬੁੱਢੀ ਠੇਰੀ ਕਬਰ ‘ਚ ਪੈਰ ਲਟਕਾਈ ਬੈਠੀ ਆਂ। ਅੱਜ ਮਰੀ, ਕਲ੍ਹ ਦੂਜਾ ਦਿਨ। ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦੈ…ਕਿੰਜ ਬੀਤੇਗੀ, ਇਹਨਾਂ ਬੱਚਿਆ ‘ਤੇ ਕੀ ਅਸਰ ਪਏਗਾ ਕਿ ਮਾਂ ਦਾ ਪੈਰ ਘੜੀ ਭਰ ਲਈ ਵੀ ਘਰੇ ਨਹੀਂ ਟਿਕਦਾ।”
ਬਾਕਰ ਮੀਆਂ ਦਾ ਖ਼ੂਨ ਉਬਾਲੇ ਖਾਣ ਲੱਗਦਾ।
“ਅੱਜ ਆ ਜਾਏ ਹਰਾਮਜ਼ਾਦੀ, ਮਜ਼ਾ ਨਾ ਚਖ਼ਾ ਦਿੱਤਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ।”
ਸਕੂਲ ਟਈਮ ਤੋਂ ਬਾਅਦ ਵੱਡੀ ਮਾਸਟਰਨੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਜਾਂ ਲਾਇਬਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ। ਜਾਂ ਇਮਤਿਹਾਨਾ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ। ਹਾਜਰਾ ਬੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ…
‘ਸੱਲੂ ਭੁੱਖਾ ਹੋਏਗਾ। ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋਏਗਾ ਕਿ ਨਹੀਂ। ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਏ, ਖੱਟੀ ਹੋ ਗਈ ਲੱਗਦੀ ਸੀ। ਕਹਿਣਾ ਭੁੱਲ ਗਈ। ਸੁੱਟ ਦੇਂਦੀ ਤਾਂ ਚੰਗਾ ਹੁੰਦਾ। ਕੱਲ੍ਹ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਈ ਨਹੀਂ ਮਿਲਿਆ। ਪਤਾ ਨਹੀਂ ਕੀ ਗਵਾਅ ਆਇਆ ਹੋਏਗਾ। ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਏ। ਅੱਜ ਸੱਲੂ ਲਈ ਮਟਰ ਲੈਂਦੀ ਜਾਵਾਂਗੀ। ਦੁੱਧ, ਨਿਰਾ ਪਾਣੀ ਪਾਉਂਦਾ ਏ ਕੰਮਬਖਤ। ਕਿੰਨਾ ਕਮਜ਼ੋਰ ਹੁੰਦਾ ਜਾ ਰਿਹੈ ਮੇਰਾ ਲਾਲ। ਪਤਾ ਨਹੀਂ ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ ਜਾਂ ਨਹੀਂ। ਸਾਰੀਆਂ ਕਮੀਜ਼ਾਂ ਫਟ ਗਈਆਂ ਨੇ। ਐਤਕੀਂ ਤਨਖ਼ਾਹ ਮਿਲੀ ਤਾਂ ਦੋ ਕਮੀਜ਼ਾਂ ਦਾ ਕੱਪੜਾ ਲੈ ਲਵਾਂਗੀ। ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਵਿਚ ਘੁਲੇ ਜਾ ਰਹੇ ਨੇ।’ ਤੇ ਉਸਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ ਜਦੋਂ ਉਹ ਨਵੀਂ-ਨਵੀਂ ਵਿਆਹੀ ਆਈ ਸੀ। ‘ਕੱਪੜਿਆਂ ਦਾ ਕਿੰਨਾਂ ਸ਼ੌਕ ਸੀ! ਸੂਟਾਂ ਨਾਲ ਅਲਮਾਰੀ ਭਰੀ ਪਈ ਸੀ। ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆਂ ਏਂ—ਇੱਥੇ ਘਰ ਬਾਰ ਈ ਬੁੱਢਾ ਹੋ ਗਿਆ ਈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਿਲ ਨਾਲ ਤੀਹ ਸਾਲ ਦੇ ਹੋਣਗੇ’…“ਹਾਜ਼ਰਾ ਬੀ ਇਹ ਲਿਸਟ ਤਾਂ ਸ਼ੁਰੂ ਤੋਂ ਈ ਗਲਤ ਐ।” ਵੱਡੀ ਮਾਸਟਰਨੀ ਜੀ ਨੇ ਸੋਚਾਂ ਵਿਚੋਂ ਬਾਹਰ ਖਿੱਚ ਲਿਆਂਦਾ।
“ਜੀ?”
“ਇਹ ਦੇਖੋ…ਇਹ ਤਾਂ ਤੀਸਰੀ ਕਲਾਸ ਦੇ ਨੰਬਰ ਨੇ। ਇਹ ਕਿੰਜ ਤੂੰ ਪਹਿਲੀ ਵਿਚ ਚੜ੍ਹਾ ਦਿੱਤੇ। ਕੰਮ ਵਿਚ ਤੇਰਾ ਧਿਆਨ ਬਿਲਕੁਲ ਨਹੀਂ, ਕੁਝ ਦਿਨਾਂ ਦੀ ਮੈਂ ਦੇਖ ਰਹੀ ਆਂ। ਤੇਰੀ ਕਲਾਸ ਵਿਚ ਵੀ ਰੌਲਾ ਪੈਂਦਾ ਰਹਿੰਦਾ ਏ।”
“ਮੈਂ ਹੁਣੇ ਦੂਜੀ ਲਿਸਟ ਬਣਾ ਦੇਨੀ ਆਂ ਜੀ।” ਹਾਜ਼ਰਾ ਬੀ ਨੇ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਉੱਤੇ ਝੁਕ ਗਈ।
ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾਂ ਬਣਾ ਦੇਂਦੀ ਹੈ ਜਿੰਨਾਂ ਜ਼ਰੂਰਤ ਤੋਂ ਵਧ ਵਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜਰਾ ਬੀ ਨੂੰ ਦੇਖਿਆ ਤਾਂ ਇਕ ਇਕ ਕਰਕੇ ਸਾਰੇ ਜ਼ਖ਼ਮਾਂ ਦੇ ਮੂੰਹ ਖੁੱਲ੍ਹ ਗਏ।
“ਕਿੱਥੋਂ ਤਸ਼ਰੀਫ ਲਿਆ ਰਹੇ ਓ ਏਨੀ ਦੇਰ ਨਾਲ?”
“ਜਹੱਨੁਮ ‘ਚੋਂ।” ਹਾਜਰਾ ਬੀ ਨੇ ਚਿੜ ਕੇ ਕਿਹਾ।
“ਓ ਬਈ ਤੂੰ ਕੌਣ ਹੁੰਦਾ ਏਂ ਪੁੱਛਣ ਵਾਲਾ…ਕਮਾਊ ਬੀਵੀ ਐ, ਕੋਈ ਮਜ਼ਾਕ ਥੋੜ੍ਹਾ ਈ ਐ। ਪੇਟ ਨੂੰ ਟੁੱਕੜ ਦੇਂਦੀ ਐ। ਜਦੋਂ ਜੀਅ ਕਰੂ ਆਊਗੀ, ਜਦੋਂ ਜੀਅ ਚਾਹੂਗਾ ਜਾਊਗੀ।” ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾਂ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲੁਅਈ ਸੀ! ਸੋ ਅੱਗ ਉੱਤੇ ਤੇਲ ਛਿੜਕਿਆ ਗਿਆ।
“ਮੈਂ ਪੁੱਛ ਰਿਹਾਂ, ਕਿੱਥੇ ਲਾਈ ਏਨੀ ਦੇਰ?” ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ।
“ਸਲੀਮ…ਓਇ ਸੱਲੂ…ਬੇਟਾ!” ਹਾਜਰਾ ਬੀ ਨੇ ਚਾਹਿਆ ਕੁਝ ਨਾ ਸੁਣੇ। ਕੁਝ ਨਾ ਦੇਖੇ। ਨਹੀਂ ਤਾਂ ਉਸਦੇ ਅੰਦਰੋਂ ਇਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਏਨਾਤ ਨੂੰ ਭਸਮ ਕਰ ਦਏਗਾ।
“ਮੈਂ ਕੀ ਪੁੱਛ ਰਿਹਾਂ…ਤੇਰੇ ਕੰਨ ‘ਤੇ ਜੂੰ ਈ ਨਹੀਂ ਸਰਕ ਰਹੀ। ਹਰਾਮਜਾਤੀ…ਉੱਲੂ ਦੀ ਪੱਠੀ।” ਬਾਕਰ ਮੀਆਂ ਨੇ ਹਿਰਖ ਕੇ ਉਠਦਿਆਂ ਹੋਇਆਂ ਸੱਪ ਵਾਂਗ ਫੁਕਾਰ ਕੇ ਕਿਹਾ।
ਹਾਜਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਵਿਚ ਦੇਖਿਆ ਤੇ ਸਹਿਮ ਗਈ। ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ।
“ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ।”
“ਕਮਾਈ ਦੀ ਬੱਚੀ…ਇਹ ਏਨੀ ਸ਼ਾਮ ਤਕ ਕਮਾਈ ਹੋ ਰਹੀ ਸੀ?”
“ਕਹੋ ਤਾਂ ਕੱਲ੍ਹ ਤੋਂ ਨਹੀਂ ਜਾਵਾਂਗੀ।” ਹਾਜਰਾ ਬੀ ਨੇ ਚਿੜਾਉਣ ਖਾਤਰ ਮੁਸਕਰਾ ਕੇ ਕਿਹਾ। “ਇੱਜ਼ਤ ਦਾ ਏਨਾ ਈ ਖ਼ਿਆਲ ਏ ਤਾਂ ਖ਼ੁਦ ਕਿਉਂ ਨਹੀਂ ਕਮਾਂਦੇ..ਇਹ ਖ਼ੂਬ ਏ, ਸਾਰਾ ਦਿਨ ਕੰਮਬਖ਼ਤ ਦਿਮਾਗ਼ ਖਪਾਂਦੇ ਆਓ ਤੇ ਉੱਪਰੋਂ ਗਾਲ੍ਹਾਂ ਸੁਣੋ। ਘਰੇ ਬੈਠੇ ਆਕੜਦੇ ਓ…ਔਰਤ ਹੋ ਕੇ ਮੈਂ ਕਮਾਵਾਂ, ਮਜ਼ੇ ਨਾਲ ਤੂਸ ਲੈਂਦੇ ਓ, ਉਪਰੋਂ ਗੁਰਰਾਉਂਦੇ।” ਹਾਜਰਾ ਬੀ ਜਾਣਦੀ ਸੀ ਉਹ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ। ਉਹ ਲੱਖ ਪੁੱਛਦੀ, “ਲੂਣ ਮਿਰਚ ਠੀਕ ਹੈ?” “ਅੰ?” ਉਹ ਤ੍ਰਭਕ ਕੇ ਕਹਿੰਦੇ, “ਹਾਂ-ਹਾਂ ਸਭ ਠੀਕ ਐ।” ਤੇ ਫੇਰ ਆਪਣੀਆਂ ਸੋਚਾਂ ਦੇ ਜਾਲ ਵਿਚ ਉਲਝ ਜਾਂਦੇ; ਗਵਾਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕੋਈ ਬਾਕਰ ਮੀਆਂ ਦਾ ਕੀਮਾਂ ਕਰਕੇ ਕੁੱਤਿਆਂ ਨੂੰ ਪਾ ਦਵੇ।
ਗਾਲ੍ਹਾਂ-ਦੁਪੜਾਂ, ਜੂਤ-ਪਤਾਨ ਹਰ ਰੋਜ਼ ਆਪਣੀ ਪੀਂਘ ਚੜ੍ਹਾਉਂਦੇ ਰਹੇ ਤੇ ਉੱਤੋਂ ਅੰਮਾਂ ਜੀ ਦੇ ਤੇਲ ਦਾ ਛਿੱਟਾ…ਹੋਰ ਕੁਝ ਨਹੀਂ, ਬਸ ਇਹੀ।
“ਹਾਂ ਬਈ—ਭਲਾਅ ਮੀਆਂ, ਪੈਰ ਦਾ ਪਹਿਰਾਵਾ। ਨੀਂ ਅਸੀਂ ਤਾਂ ਕਦੇ ਆਪਣੇ ਖ਼ਸਮ ਅੱਗੇ ਮੂੰਹ ਨੀ ਸੀ ਖੋਲ੍ਹਿਆ। ਹਾਂ ਬਈ, ਨਿਕੰਮਾਂ ਮੀਆਂ ਤੇ ਪਾਂ ਖਾਧਾ ਕੁੱਤਾ ਕਿਸੇ ਨੂੰ ਨੀ ਭਾਉਂਦਾ।”
ਫੇਰ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖ਼ਮਾਂ ਉੱਤੇ ਖਰੀਂਢ ਲਿਆ ਦੇਂਦੀ। ਨਵੀਂ ਪਾਈ, ਚੁੱਪਚਾਪ, ਮੂੰਹ ਚੱਲਦੇ ਰਹਿੰਦੇ—ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਉੱਤੇ ਪਏ ਕੁੜ੍ਹਦੇ ਤੇ ਲੰਮੇਂ ਹਊਕੇ ਭਰਦੇ ਰਹਿੰਦੇ।
“ਉੱਠੋ ਬਿਸਤਰਾ ਵਿਛਾਅ ਦਿਆਂ।” ਉਹ ਨਰਮੀਂ ਨਾਲ ਕਹਿੰਦੀ।
“ਰਹਿਣ ਦੇਅ।” ਰੁੱਖਾ ਜਿਹਾ ਜਵਾਬ ਮਿਲਦਾ।
“ਹੁਣ ਇਹਨਾਂ ਨਖਰਿਆਂ ਦਾ ਕੀ ਲਾਭ।” ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਤਾਂ ਜਿਵੇਂ ਸੁਪਨਾ ਬਣ ਕੇ ਰਹਿ ਗਈਆਂ ਸਨ।
“ਇਕ ਵਾਰੀ ਕਹਿ ਦਿੱਤਾ…ਰਹਿਣ ਦੇਅ।” ਬਾਕਰ ਮੀਆਂ ਗਰਜਦੇ ਤੇ ਹਾਜਰਾ ਬੀ ਆਪਣੀ ਪੰਗੂੜੀ ਵਰਗੀ ਮੰਜੀ ਉੱਤੇ ਲੇਟ ਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਵਿਚ ਗਵਾਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ।
ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇਕ ਦੂਜੇ ਨਾਲ ਪਿਆਰ ਨਾਲ ਨਹੀਂ ਸੀ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ ਸਨ। ਹੂੰ-ਹਾਂ ਦੇ ਸਿਵਾਏ ਗੱਲ ਬਾਤ ਹੀ ਬੰਦ ਹੋ ਗਈ ਸੀ। ਉਹ ਸਮਝਦੀ ਸੀ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ। ਸੱਸ ਦੇ ਮਿਹਣੇ ਘੱਟ ਹੋ ਜਾਣਗੇ। ਮੀਆਂ ਦਾ ਪਿਆਰ ਤਾਂ ਮਿਲੇਗਾ। ਮੀਆਂ ਕਮਾਅ ਕੇ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਵਿਚ ਆਪਣਾ ਪਿਆਰ ਦੇਂਦੀ ਹੈ। ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫ਼ਰਜ਼ ਨਹੀਂ ਬਣਦਾ ਕਿ ਉਹ ਘੱਟੋਘੱਟ ਉਸਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ। ਆਖ਼ਰ ਉਸਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਕੱਟਣ ਤੋਂ ਬਚਾਅ ਰਹੀ ਹੈ। ਬਜਾਏ ਸ਼ਾਬਾਸ਼ੀ ਦੇਣ ਦੇ ਮੁਹੱਲੇ ਦੀਆਂ ਜ਼ਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਨਾਲ ਦੇਖਦੀਆਂ ਨੇ ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਆਣੀਆਂ ਹੋਣ। ਕੀ ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦੇਂਦੀ ਤਾਂ ਪਵਿੱਤਰਤਾ ਵਧ ਜਾਂਦੀ? ਮੁਹੱਲੇ ਦੇ ਮਰਦਾਂ ਨੂੰ ਤਾਂ ਉਸਦਾ ਅਹਿਸਾਨ-ਮੰਦ ਹੋਣਾ ਚਾਹੀਦਾ ਸੀ ਕਿ ਉਹ ਉਹਨਾਂ ਦੀ ਨਸਲ ਦੇ ਇਕ ਆਦਮੀ ਦੇ ਫ਼ਰਜ਼ਾਂ ਨੂੰ ਨਿਭਾਅ ਰਹੀ ਹੈ। ਇਕ ਕਮਾਉਣ ਵਾਲਾ ਮਰਦ ਫਰੂਨ, ਤੇ ਕਮਾਉਣ ਵਾਲੀ ਬੀਵੀ ਮੁਜਰਮ! ਖ਼ੈਰ ਉਸਨੂੰ ਦੁਨੀਆਂ ਨਾਲ ਨਹੀਂ, ਬਾਕਰ ਮੀਆਂ ਨਾਲ ਸ਼ਿਕਾਇਤ ਸੀ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਨਾਲ ਛਾਤੀ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਲਈ ਉਸਦੀ ਥੱਕੀ-ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ੍ਹ ਉਹ ਸਾਰਾ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਵਾਰ ਲਈ ਸਮਾਂ ਨਹੀਂ ਮਿਲਦਾ, ਖ਼ੁਦ ਉਸਦਾ ਦਿਲ ਚਾਹੁੰਦਾ ਸੀ, ਹਰ ਦਿਨ ਐਤਵਾਰ ਹੋਵੇ ਤੇ ਹੁਣ ਜਦੋਂ ਕਿ ਜ਼ਿੰਦਗੀ ਇਕ ਪੱਕਾ ਐਤਵਾਰ ਬਣ ਗਈ ਸੀ, ਉਸਦਾ ਦਮ ਘੁਟਦਾ ਜਾ ਰਿਹਾ ਸੀ। ਕੀ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ? ਕੀ ਉਹ ਮੀਆਂ ਦੀ ਜ਼ਿੰਦਗੀ ਵਿਚ ਹੀ ਬੇਵਾ ਹੋ ਗਈ ਹੈ?
ਖ਼ੁਦਾ ਨੇ ਜਿਵੇਂ ਸੁਣ ਲਈ, ਇਕ ਪ੍ਰਛਾਵਾਂ ਜਿਹਾ ਆਪਣੇ ਉਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ, ਤੜਪ ਕੇ ਹਾਜਰਾ ਨੇ ਉਹਨਾਂ ਦੀ ਬਾਂਹ ਫੜ੍ਹ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਵਿਚ ਆ ਗਏ। ਸਾਰੀ ਗਰੀਬੀ, ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ! ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਏਨੀਆਂ ਨੁਕੀਲੀਆਂ ਤਾਂ ਕਦੀ ਨਹੀਂ ਸੀ ਹੁੰਦੀਆਂ! ਜਿਵੇਂ ਸਦੀਆਂ ਬਾਅਦ ਉਹ ਉਹਨਾਂ ਨਾਲ ਮਿਲ ਰਹੀ ਹੋਵੇ। ਕਿੰਨਾਂ ਹੁਸੀਨ ਸੀ ਇਹ ਜਿਸਮ ਸ਼ਾਦੀ ਵਾਲੀ ਰਾਤ!
ਉਹ ਉਸਦੀਆਂ ਬਾਹਾਂ ਵਿਚ ਗੂੜ੍ਹੀ ਨੀਂਦ ਸੌਂ ਗਏ ਸਨ ਜਿਵੇਂ ਵਰ੍ਹਿਆਂ ਦੇ ਜਾਗ ਰਹੇ ਹੋਣ। ਹੁਣ ਉਹ ਇਸੇ ਤਰ੍ਹਾਂ ਸੰਵਿਆਂ ਕਰਨਗੇ। ਕੱਲ੍ਹ ਤੋਂ ਉਹ ਆਪਣੀ ਖੱਲ ਲਾਹ ਕੇ ਉਹਨਾਂ ਦੇ ਕਦਮਾਂ ਹੇਠ ਵਿਛਾਅ ਦਏਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਵਿਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ-ਭਰੇ ਹੱਥਾਂ ਨੂੰ ਕੀ ਹੋ ਗਿਆ ਏ। ਜਿਵੇਂ ਬਾਂਸ ਦੀਆਂ ਤੀਲੀਆਂ ਹੋਣ! ਚੁੱਪਚਾਪ ਉਹ ਉਹਨਾਂ ਦੀ ਇਕ ਇਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ ਕਿ ਕਿਤੇ ਉਹ ਜਾਗ ਨਾ ਪੈਣ। ਉਸਦੀ ਬਾਂਹ ਸੁੰਨ ਹੋ ਗਈ, ਪਰ ਉਹ ਹਿੱਲੀ ਨਹੀਂ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ!
ਉਸਨੇ ਸੁਪਨੇ ਵਿਚ ਦੇਖਿਆ—ਬਾਕਰ ਮੀਆਂ ਨੂੰ ਨੌਕਰੀ ਮਿਲ ਗਈ ਹੈ। ਉਹ ਸਕੂਲ ਜਾ ਰਹੇ ਨੇ। ਉਸਨੇ ਸੁਪਨੇ ਵਿਚ ਹੀ ਗਿਲੋਰੀ ਮੂੰਹ ਵਿਚ ਪਾਈ ਤਾਂ ਉਹਨਾਂ ਪੌਲੇ ਜਿਹੇ ਉਸਦੀ ਉਂਗਲ ਦੰਦਾਂ ਹੇਠ ਨੱਪ ਲਈ। ਸਾਰੀ ਦੇਹ ਵਿਚ ਕੁਤਕੁਤੀਆਂ ਹੋਣ ਲੱਗੀ ਪਈਆਂ ਤੇ ਹਾਜਰਾ ਦੀ ਅੱਖ ਖੁੱਲ੍ਹ ਗਈ। ਕੋਈ ਉਸਨੂੰ ਝੰਜੋੜ ਕੇ ਉਠਾ ਰਿਹਾ ਸੀ।
“ਉੱਠ ਕਰਮਾਂ ਸੜੀਏ, ਤੇਰਾ ਮੀਆਂ ਪੂਰਾ ਹੋ ਗਿਆ।” ਅੰਮਾਂ ਬੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ, “ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ।”
ਲੇਖਕ ਇਸਮਤ ਚੁਗ਼ਤਾਈ
ਅਨੁਵਾਦ: ਮਹਿੰਦਰ ਬੇਦੀ, ਜੈਤੋ