ਬੀਰਇੰਦਰ, ਜਿਸ ਨੂੰ ਅਸੀਂ ਸਾਰੇ ਵੀਰਾ ਆਖਦੇ, ਬੰਗਲਾ ਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ। ਵਿਧਵਾ ਮਾਂ ਦਾ ਇਕੱਲਾ ਪੁੱਤ, ਬੇਜੀ ਲਈ ਬਹੁਤ ਔਖਾ ਵੇਲਾ ਸੀ। ਉਹ ਸਾਰਾ ਵੇਲਾ ਪਾਠ ਕਰ ਕੇ ਅਰਦਾਸਾਂ ਕਰਦੇ ਰਹਿੰਦੇ। ਰੱਬ ਨੂੰ ਧਿਆਉਂਦੇ, ਸੁੱਖਣਾ ਸੁੱਖਦੇ, ਵੀਰੇ ਦੀ ਖੈਰ ਮੰਗਦੇ ਰਹਿੰਦੇ। ਪੰਜਾਂ ਭੈਣਾਂ ਦਾ ਇਕੱਲਾ ਭਰਾ ਸੀ। ਮੈਂ ਸਭ ਤੋਂ ਵੱਡੀ ਸੀ। ਬਾਪੂ ਜੀ ਦੀ ਮੌਤ ਤੋਂ ਮਗਰੋਂ ਮੈਂ ਹੀ ਉਸ ਨੂੰ ਬਹੁਤ ਸੰਭਾਲਿਆ ਸੀ, ਕਿਉਂਕਿ ਬੇਜੀ ਪਹਿਲਾਂ ਬਹੁਤ ਬਿਮਾਰ ਹੋ ਗਏ ਸਨ, ਮਗਰੋਂ ਸਭ ਕੁਝ ਛੱਡ ਛੁਡਾ ਕੇ ਕੇ ਰੱਬ ਵਾਲੇ ਪਾਸੇ ਲੱਗ ਗਏ ਸਨ।
ਮੇਰੇ ਨਾਲ ਵੀਰੇ ਦਾ ਮੋਹ ਦਾ ਰਿਸ਼ਤਾ ਅਜਿਹਾ ਹੋ ਗਿਆ ਕਿ ਉਸ ਦੇ ਦੂਰ ਬੈਠੇ ਦੀ ਵੀ ਮੈਨੂੰ ਖਬਰ ਸੂਰਤ ਰਹਿੰਦੀ। ਕਦੇ ਉਹ ਬਿਮਾਰ ਹੁੰਦਾ, ਮੈਂ ਪਹੁੰਚ ਜਾਂਦੀ ਤਾਂ ਉਹ ਹੈਰਾਨ ਹੰਦਾ ਕਿ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ।
ਬੇਜੀ ਉਸ ਨੂੰ ਫੌਜ ਵਿੱਚ ਨਹੀਂ ਸੀ ਜਾਣ ਦੇਣਾ ਚਾਹੁੰਦੇ, ਪਰ ਉਹ ਜ਼ਿੱਦ ਕਰ ਕੇ ਚਲਿਆ ਗਿਆ। ਸਾਨੂੰ ਇੱਕ ਤਸੱਲੀ ਸੀ ਕਿ ਉਸ ਨਾਲ ਉਸ ਦੀ ਪਲਟਨ ਵਿੱਚ ਉਸ ਦੇ ਭਰਾਵਾਂ ਵਰਗਾ ਮੇਜਰ ਗੁਰਦੀਪ ਸੀ। ਕਈ ਵਾਰੀ ਵੀਰਾ ਘਰ ਫੋਨ ਕਰਨੋ ਜਾਂ ਖ਼ਤ ਲਿਖਣੋ ਖੁੰਜ ਜਾਂਦਾ ਤਾਂ ਮੈਂ ਗੁਰਦੀਪ ਨੂੰ ਪੁੱਛਦੀ, ਵੀਰੇ ਦਾ ਕੀ ਹਾਲ ਹੈ।
ਬੰਗਲਾ ਦੇਸ਼ ਦੀ ਲੜਾਈ ਜ਼ੋਰਾਂ ‘ਤੇ ਸੀ। ਦਸਾਂ ਦਿਨਾਂ ਤੋਂ ਵੀਰੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਕਿਸੇ ਤਾਰ ਦਾ, ਕਿਸੇ ਖ਼ਤ ਦਾ ਕੋਈ ਜਵਾਬ ਨਹੀਂ ਸੀ ਆ ਰਿਹਾ। ਬੇਜੀ ਪਾਠ ਤਾਂ ਕਰਦੇ ਹੀ ਸਨ, ਹੁਣ ਵਿੱਚ ਵਿੱਚ ਰੋ ਵੀ ਪੈਂਦੇ ਸਨ। ਉਹ ਸੋਚਦੇ ਸਨ, ਘਰ ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਪਤਾ ਲੈਣ ਭੇਜ ਦਿੰਦੀ। ਧੀਆਂ ਵਾਲਾ ਘਰ ਹੈ, ਛੱਡ ਕੇ ਮੈਂ ਆਪ ਵੀ ਨਹੀਂ ਜਾ ਸਕਦੀ।
ਫੇਰ ਇੱਕ ਦਿਨ ਖਬਰ ਆਈ ਕਿ ਲੜਾਈ ਖਤਮ ਹੋ ਗਈ ਹੈ। ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਤੀਸਰੇ ਦਿਨ ਹੀ ਵੀਰਾ ਤੇ ਗੁਰਦੀਪ ਪਟਿਆਲੇ ਪਹੁੰਚ ਗਏ। ਬੇਜੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ।
ਚਾਹ ਪੀਂਦਿਆਂ ਮੈਂ ਵੀਰੇ ਅਤੇ ਗੁਰਦੀਪ ਨੂੰ ਦੱਸਿਆ ਕਿ ਮੈਨੂੰ ਇੱਕ ਰਾਤ ਸੁਪਨਾ ਆਇਆ ਸੀ ਕਿ ਵੀਰਾ ਕਿਧਰੇ ਖੋ ਗਿਆ ਹੈ। ਮੈਂ ਉੱਚੀ-ਉੱਚੀ ਰੋ ਕੇ ਹਾਕਾਂ ਮਾਰੀਆਂ। ਮੈਂ ਬੜੀ ਡਰ ਗਈ ਸੀ। ਫਿਰ ਨਿੱਕਾ ਜਿਹਾ ਵੀਰਾ ਇੱਕ ਦਰੱਖਤ ਤੋਂ ਬੋਲਿਆ, ”ਭੈਣ ਜੀ ਕਿਉਂ ਲੱਭਦੇ ਫਿਰਦੇ ਹੋ, ਮੈਂ ਇਥੇ ਦਰੱਖਤ ਉਪਰ ਬੈਠਾ ਹਾਂ।” ਤੇ ਉਹ ਹੱਸ ਪਿਆ। ਮੇਰੀ ਜਾਗ ਖੁੱਲ੍ਹੀ ਤਾਂ ਸੁਪਨਾ ਮੈਨੂੰ ਯਾਦ ਸੀ। ਮੈਨੂੰ ਅੱਜ ਵੀ ਉਹਦੇ ਖੋ ਜਾਣ ਦੀ ਘਬਰਾਹਟ ਸੀ।
ਗੁਰਦੀਪ ਬੋਲਿਆ, ”ਕਮਾਲ ਐ ਭੈਣ ਜੀ, ਤੁਹਾਨੂੰ ਕੀ ਦੱਸੀਏ। ਅੱਗੇ ਰਾਤ ਵੇਲੇ ਲੜਾਈ ਥੰਮ੍ਹ ਜਾਂਦੀ ਹੁੰਦੀ ਸੀ, ਪਰ ਉਸ ਦਿਨ ਰਾਤ ਤੱਕ ਚਲਦੀ ਰਹੀ। ਸਾਡੇ ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਸਨ। ਮੈਂ ਤੇ ਵੀਰਾ ਭੱਜ ਕੇ ਇੱਕ ਰੁਖ ਉਤੇ ਚੜ੍ਹ ਗਏ। ਮੈਂ ਵੀਰੇ ਨੂੰ ਆਖਿਆ ਕਿ ਵੀਰੇ ਮਰੀਂ ਨਾ, ਨਹੀਂ ਤਾਂ ਮੈਂ ਭੈਣ ਜੀ ਨੂੰ ਕੀ ਜਵਾਬ ਦਿਆਂਗਾ।” ਮੈਂ ਹੈਰਾਨ ਹੋ ਕੇ ਗੁਰਦੀਪ ਦੀ ਗੱਲ ਸੁਣ ਸਹੀ ਸੀ।
ਇਸ ਤੋਂ ਮਗਰੋਂ ਵੀਰਾ ਦੱਸਣ ਲੱਗਿਆ, ”ਇੱਕ ਹੋਰ ਗੱਲ ਹੋਈ। ਲੜਾਈ ਬੜੀ ਘਮਸਾਨ ਦੀ ਹੋ ਰਹੀ ਸੀ। ਅਗਾਂਹ ਵਧਦੇ ਵਧਦੇ ਦੋਵਾਂ ਪਾਸਿਆਂ ਦੇ ਫੌਜੀ ਆਪੋ ਵਿੱਚ ਭਿੜਨ ਤੱਕ ਆਣ ਪਹੁੰਚੇ। ਬਿਲਕੁਲ ਮੇਰੇ ਐਨ ਸਾਹਮਣੇ ਜਿਹੜਾ ਪਾਕਿਸਤਾਨੀ ਬੰਦਾ ਪਿਸਤੌਲ ਚਲਾਉਣ ਲੱਗਿਆ ਸੀ, ਅਚਾਨਕ ਉਸ ਨੇ ਪਿਸਤੌਲ ਹੇਠਾਂ ਕਰ ਲਿਆ। ਉਸ ਦਾ ਧਿਆਨ ਮੇਰੀ ਜੇਬ ‘ਤੇ ਲੱਗੇ ਕੈਪਟਨ ਬੀ ਐਸ ਟਿਵਾਣਾ ਵਾਲੇ ਫੀਤੇ ਉਤੇ ਸੀ। ਉਸੇ ਵੇਲੇ ਮੈਂ ਉਸ ਦੇ ਵੱਲ ਧਿਆਨ ਨਾਲ ਵੇਖਿਆ, ਉਸ ਦੀ ਜੇਬ ਉਪਰਲੇ ਫੀਤੇ ਉਤੇ ਕਰਨਲ ਏ ਐੱਸ ਟਿਵਾਣਾ ਲਿਖਿਆ ਹੋਇਆ ਸੀ। ਮੈਂ ਆਪਣੀ ਏ ਕੇ ਸੰਤਾਲੀ ਰਾਈਫਲ ਦਾ ਮੂੰਹ ਹੇਠਾਂ ਕਰ ਲਿਆ। ਉਹ ਐਨ ਮੇਰੇ ਨੇੜੇ ਆ ਗਿਆ ਸੀ। ਉਸ ਦੇ ਪੈਰ ਵਿੱਚ ਗੋਲੀ ਵੱਜੀ ਹੋਈ ਸੀ, ਜਿਸ ਕਰ ਕੇ ਉਸ ਦਾ ਬੂਟ ਫਟ ਗਿਆ ਸੀ ਤੇ ਪੈਰ ਵਿੱਚੋਂ ਲਹੂ ਵਗ ਰਿਹਾ ਸੀ। ਮੈਂ ਆਪਣੇ ਬੂਟ ਖੋਲ੍ਹ ਕੇ ਉਸ ਵੱਲ ਕਰਦਿਆਂ ਆਖਿਆ; ਸਰ, ਤੁਸੀਂ ਇਹ ਪਾ ਲਵੋ। ਨਾਲ ਹੀ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਦਿੱਤਾ ਅਤੇ ਆਖਿਆ ਕਿ ਇਸ ਨੂੰ ਘੁੱਟ ਕੇ ਜ਼ਖਮ ਉਤੇ ਬੰਨ੍ਹ ਲਓ। ਉਸ ਨੇ ਰੁਮਾਲ ਬੰਨ੍ਹ ਲਿਆ ਤੇ ਬੂਟ ਪਾ ਲਏ। ਇਸ ਵੇਲੇ ਤੱਕ ਲੜਾਈ ਥਮ ਗਈ ਤੇ ਫੌਜੀ ਆਪਣੇ ਆਪਣੇ ਟਿਕਾਣਿਆਂ ਵੱਲ ਮੁੜ ਰਹੇ ਸਨ। ਉਸ ਨੇ ਆਪਣਾ ਪਿਸਟਲ ਮੈਨੂੰ ਦਿੰਦਿਆਂ ਆਖਿਆ ਕਿ ਇਹ ਤੂੰ ਰੱਖ ਲੈ। “ਸਰ ਤੁਹਾਨੂੰ ਲੋੜ ਪਵੇਗੀ” ਮੈਂ ਆਖਿਆ ਸੀ। ਕਰਨਲ ਨੇ ਕਿਹਾ ਸੀ ਕਿ ਕੋਈ ਨਹੀਂ, ਇਹ ਤੂੰ ਮੇਰੀ ਨਿਸ਼ਾਨੀ ਰੱਖ ਲੈ, ਆਪਾਂ ਕਦੇ ਫਿਰ ਅਮਨ ਵੇਲੇ ਮਿਲਾਂਗੇ।”
“ਫੇਰ ਭੈਣ ਜੀ ਵੀਰੇ ਦੀ ਸੀ ਓ ਵੱਲੋਂ ਐਕਸਪਲਾਂਨੇਸ਼ਨ ਹੋਈ ਕਿ ਤੂੰ ਦੁਸ਼ਮਣ ਨੂੰ ਬੂਟ ਕਿਉਂ ਦਿੱਤੇ ਤੇ ਵੀਰੇ ਨੇ ਭੋਲੇ-ਭਾਅ ਆਖਿਆ ਸੀ ਕਿ ਉਹ ਦੇ ਨਾਲ ਮੇਰੀ ਕਾਹਦੀ ਦੁਸ਼ਮਣੀ ਸੀ?” ਗੁਰਦੀਪ ਨੇ ਦੱਸਿਆ।
ਅੱਜ ਜਦੋਂ ਵੀਰਾ ਨਹੀਂ ਰਿਹਾ ਅਤੇ ਉਹ ਕਰਨਲ ਏ ਐੱਸ ਟਿਵਾਣਾ ਵੀ ਨਹੀਂ ਰਿਹਾ ਤਾਂ ਇਹ ਦੁੱਖ ਵੀ ਲੱਗਦਾ ਹੈ ਕਿ ਅਮਨ ਵੇਲੇ ਮਿਲਣ ਦੀ ਇੱਛਾ ਨਾ ਸਿਰਫ ਦੋ ਟਿਵਾਣਿਆਂ ਦੀ ਸੀ, ਨਾ ਸਿਰਫ ਦੋ ਫੌਜੀਆਂ ਦੀ ਸੀ, ਸਗੋਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਸੀ ਅਤੇ ਹੈ ਵੀ।
“ਜੇ ਲੜਾਈ ਕੋਈ ਵੀ ਨਹੀਂ ਚਾਹੁੰਦਾ, ਫੇਰ ਹੁੰਦੀਆਂ ਕਿਉਂ ਨੇ?” ਬੇਜੀ ਨੇ ਪੁੱਛਿਆ।
“ਲੜਾਈਆਂ ਸਰਕਾਰਾਂ ਕਰਵਾਉਂਦੀਆਂ ਨੇ, ਕਿਉਂਕਿ ਉਨ੍ਹਾਂ ਦੇ ਪੁੱਤ ਨਾ ਲੜਾਈਆਂ ਵਿੱਚ ਜਾਂਦੇ ਨੇ, ਨਾ ਲੜਾਈਆਂ ਵਿੱਚ ਮਰਦੇ ਨੇ ।” ਮੇਰਾ ਜਵਾਬ ਸੀ।
ਇਹ ਗੱਲ ਮੈਂ ਪਾਕਿਸਤਾਨੀ ਲੇਖਿਕਾ ਅਫਜ਼ਲ ਤੌਸੀਫ ਨੂੰ ਵੀ ਦੱਸੀ ਸੀ।
ਦਲੀਪ ਕੌਰ ਟਿਵਾਣਾ